ਵਿਦਿਆਰਥੀਆਂ ਨੂੰ ਜਦੋਂ ਉਮੀਦ ਮੁਤਾਬਿਕ ਨਤੀਜੇ ਹਾਸਲ ਨਹੀਂ ਹੁੰਦੇ ਤਾਂ ਕਈ ਵਾਰ ਉਹ ਡੂੰਘੀ ਨਿਰਾਸ਼ਾ ਵਿੱਚ ਡੁੱਬ ਜਾਂਦੇ ਹਨ। ਇਸ ਤਰ੍ਹਾਂ ਦੀ ਮਾਨਸਿਕ ਹਾਲਤ ਵਿੱਚੋਂ ਸੈਂਕੜੇ ਵਿਦਿਆਰਥੀ ਗੁਜ਼ਰ ਰਹੇ ਹਨ। ਖਾਸ ਤੌਰ ’ਤੇ ਇਨ੍ਹਾਂ ਦਿਨਾਂ ਵਿੱਚ ਜਦੋਂ ਨਤੀਜੇ ਨਿੱਕਲਦੇ ਹਨ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਵੱਡੀ ਗਿਣਤੀ ਵਿੱਚ ਅਸਫ਼ਲ ਵਿਦਿਆਰਥੀ ਖੁਦਕੁਸ਼ੀ ਵਰਗਾ ਕਦਮ ਵੀ ਚੁੱਕ ਲੈਂਦੇ ਹਨ।
ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਵਰਤਾਰਾ ਭਾਰਤ ਵਿੱਚ ਸਭ ਤੋਂ ਜ਼ਿਆਦਾ ਹੈ। ਸੂਝਵਾਨ ਮਾਪੇ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਸਫ਼ਲਤਾ ਦੀ ਪ੍ਰੇਰਨਾ ਦੇ ਨਾਲ-ਨਾਲ ਅਸਫ਼ਲਤਾ ਨੂੰ ਸਹਿਣ ਕਰਨ ਲਈ ਸਹਿਜ਼ ਅਤੇ ਸੰਜਮ ਦਾ ਪਾਠ ਵੀ ਪੜ੍ਹਾਉਂਦੇ ਹਨ। ਵਿਦਿਆਰਥੀਆਂ ਨੂੰ ਇਹ ਗੱਲ ਸਮਝਾਉਣੀ ਬਹੁਤ ਜ਼ਰੂਰੀ ਹੈ ਕਿ ਅਸਫ਼ਲਤਾਵਾਂ ਤਾਂ ਸਫ਼ਲਤਾ ਦੀ ਪੌੜੀ ਹੁੰਦੀਆਂ ਹਨ। ਹਾਰਾਂ ਤੋਂ ਬਾਅਦ ਹੀ ਜਿੱਤ ਹੁੰਦੀ ਹੈ। ਹਾਰ ਤੋਂ ਬਾਅਦ ਮਾਯੂਸ ਅਤੇ ਉਦਾਸ ਹੋਣਾ ਅਤੇ ਹਾਰ ਦੇ ਡਰੋਂ ਨਾ ਖੇਡਣਾ ਵੀ ਤੁਹਾਡੀ ਸ਼ਖਸੀਅਤ ਦੀ ਇੱਕ ਵੱਡੀ ਕਮਜ਼ੋਰੀ ਹੁੰਦੀ ਹੈ।
ਹਿਮਾਲਿਆ ਦੀ ਚੋਟੀ | Success
ਨਕਾਰਾਤਮਕ ਸੋਚ ਵਾਲੀ ਸ਼ਖਸੀਅਤ ਜਾਂ ਤਾਂ ਅਸਫ਼ਲ ਹੋਣ ਦੇ ਡਰ ਕਾਰਨ ਖੇਡਦੀ ਹੀ ਨਹੀਂ ਅਤੇ ਜਾਂ ਫਿਰ ਹਾਰ ਤੋਂ ਬਚਣ ਲਈ ਖੇਡਦੀ ਹੈ। ਨਤੀਜੇ ਵਜੋਂ ਹਾਰ ਹੋਣੀ ਨਿਸ਼ਚਿਤ ਹੁੰਦੀ ਹੈ। ਉਦਾਹਰਨ ਦੇ ਤੌਰ ’ਤੇ ਕਦੇ ਕੋਈ ਬੱਚਾ ਪਹਿਲੇ ਦਿਨ ਹੀ ਦੌੜਨ ਨਹੀਂ ਲੱਗਦਾ। ਪਹਿਲਾਂ ਉਹ ਰਿੜ੍ਹਨ ਲੱਗਦਾ ਹੈ, ਫਿਰ ਤੁਰਨਾ ਸਿੱਖਦਾ ਹੈ ਤੇ ਕਦਮ-ਕਦਮ ’ਤੇ ਡਿੱਗਦਾ ਹੈ। ਫਿਰ ਉਹੀ ਬੱਚਾ ਉਨ੍ਹਾਂ ਹੀ ਪੈਰਾਂ ਨਾਲ ਹਿਮਾਲਿਆ ਦੀ ਚੋਟੀ ਸਰ ਕਰ ਲੈਂਦਾ ਹੈ। ਹਾਰਾਂ ਤੇ ਅਸਫ਼ਲਤਾਵਾਂ ਤੋਂ ਘਬਰਾਉਣ ਵਾਲੇ ਲੋਕ ਸਫ਼ਲ ਨਹੀਂ ਹੋ ਸਕਦੇ।
ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਨਾਂਅ ਮਿਲਦੇ ਹਨ ਜਿਨ੍ਹਾਂ ਨੇ ਅਨੇਕਾਂ ਅਸਫ਼ਲਤਾਵਾਂ ਤੋਂ ਬਾਅਦ ਜਿੱਤ ਦਾ ਪਰਚਮ ਲਹਿਰਾਇਆ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਹੇ ਵਿਸਟਨ ਚਰਚਿਲ ਆਪਣੀ ਹੀ ਪਾਰਟੀ ਦੇ ਲੋਕਾਂ ਹੱਥੋਂ ਨੁੱਕਰੇ ਲੱਗੇ ਰਹੇ ਅਤੇ ਇਸ ਸਥਿਤੀ ਵਿੱਚ ਉਨ੍ਹਾਂ 1929-1939 ਤੱਕ ਤਕੜਾ ਸੰਘਰਸ਼ ਕੀਤਾ ਅਤੇ ਡਰ ਕੇ ਮੈਦਾਨ ਛੱਡਣ ਬਾਰੇ ਨਾ ਸੋਚਿਆ। ਅੰਤ ਵਿੱਚ ਉਨ੍ਹਾਂ ਦੀ ਜਿੱਤ ਹੋਈ ਅਤੇ ਉਹ ਪ੍ਰਧਾਨ ਮੰਤਰੀ ਬਣੇ। ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਖੋਜਾਂ ਕਰਨ ਵਾਲੇ ਸ਼ਖਸ ਥਾਮਸ ਐਡੀਸਨ ਨੂੰ ਸਕੂਲ ਵਿੱਚ ਅਧਿਆਪਕਾਂ ਵੱਲੋਂ ਨਾਲਾਇਕ ਵਿਦਿਆਰਥੀ ਮੰਨਿਆ ਜਾਂਦਾ ਸੀ। ਬੱਲਬ ਦੀ ਖੋਜ ਉੱਪਰ ਕੰਮ ਕਰਦੇ ਹੋਏ ਥਾਮਸ ਐਡੀਸਨ ਤਕਰੀਬਨ ਹਜ਼ਾਰ ਵਾਰੀ ਅਸਫ਼ਲ ਹੋਇਆ।
ਇਹ ਵੀ ਪੜ੍ਹੋ : ਫਸਲਾਂ ਬਰਬਾਦ ਹੋਣ ’ਤੇ ਹੌਸਲਾ ਨਾ ਹਾਰਨ ਕਿਸਾਨ, ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ
ਚੀਨ ਦੇ ਪ੍ਰਸਿੱਧ ਵਿਚਾਰਕ ਕਨਫਿਊਸ਼ੀਅਸ ਦੀ ਇਹ ਟਿੱਪਣੀ ‘ਮਨੁੱਖ ਦਾ ਮਹਾਨ ਗੌਰਵ ਕਦੇ ਵੀ ਡਿੱਗਣ ਵਿੱਚ ਨਹੀਂ ਹੈ ਸਗੋਂ ਹਰ ਵਾਰ ਉੱਠ ਖੜ੍ਹਨ ਵਿੱਚ ਹੈ’ ਮਿੱਕੀ ਮਾਊਸ ਅਤੇ ਡੋਨਾਲਡ ਡੱਕ ਦੇ ਰਚੇਤਾ ਅਤੇ ਡਿਜ਼ਨੀਲੈਂਡ ਦੇ ਸੰਸਥਾਪਕ ਵਾਲਟ ਡਿਜ਼ਨੀ ਸਮੇਤ ਅਨੇਕਾਂ ਲੋਕਾਂ ’ਤੇ ਪੂਰੀ ਢੁੱਕਦੀ ਹੈ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਹਾਰ ਮੰਨਣ ਤੋਂ ਇਨਕਾਰ ਕੀਤਾ। ਡਿਜ਼ਨੀਲੈਂਡ ਦੀ ਸਥਾਪਨਾ ਤੋਂ ਪਹਿਲਾਂ ਵਾਲਟ ਡਿਜ਼ਨੀ ਬਹੁਤ ਵਾਰ ਅਸਫ਼ਲ ਹੋਇਆ ਸੀ ਪਰ ਹਾਰ ਨਾ ਮੰਨਣ ਦੀ ਜ਼ਿੱਦ, ਜਿੱਤ ਲਈ ਤੀਬਰ ਇੱਛਾ-ਸ਼ਕਤੀ ਅਤੇ ਅਟੱਲ ਲਗਨ ਦੀ ਆਦਤ ਨੇ ਉਸ ਨੂੰ ਮੰਜ਼ਿਲ ਤੱਕ ਪਹੁੰਚਾ ਦਿੱਤਾ।
ਯੂਨੀਵਰਸਿਟੀ ਆਫ ਕੈਲੀਫੋਰਨੀਆ | Success
ਹਾਲੀਵੁੱਡ ਵਿੱਚ ਫਰੈਡ ਐਸਟਰ ਨੂੰ ਆਪਣੇ ਪਹਿਲੇ ਸਕਰੀਨ ਟੈਸਟ ਵਿੱਚ ਅਸਫ਼ਲਤਾ ਦਾ ਸਾਹਮਣਾ ਕਰਨਾ ਪਿਆ ਸੀ। ‘ਲਿੰਕਨ’ ਫ਼ਿਲਮ ਲਈ ਆਸਕਰ ਐਵਾਰਡ ਜਿੱਤਣ ਵਾਲੇ ਸਟੀਵਨ ਸਪੀਬਰਗ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ ਵੱਲੋਂ ਸਿਨੇਮਾ ਆਰਟਸ ਦੇ ਕੋਰਸ ਲਈ ਦੋ ਵਾਰ ਫੇਲ੍ਹ ਹੋਣਾ ਪਿਆ ਸੀ। ਜਾਪਾਨੀ ੳੱੁਦਮੀ ਸੋਯਚਿਰੋ ਹੌਂਡਾ ਨੂੰ ਮੁੱਢਲੇ ਦੌਰ ਵਿੱਚ ਜਾਪਾਨੀ ਕਾਰੋਬਾਰੀ ਭਾਈਚਾਰੇ ਵੱਲੋਂ ਤੋੜ-ਵਿਛੋੜਾ ਕਰਕੇ ਭਾਈਚਾਰੇ ਤੋਂ ਕੱਢ ਦਿੱਤਾ ਗਿਆ ਸੀ, ਪਰ ਉਸੇ ਹੌਂਡਾ ਦੀ ਮਿਹਨਤ ਅਤੇ ਦਿ੍ਰੜ ਇਰਾਦੇ ਨੇ ਆਟੋਮੋਬਾਇਲ ਦੇ ਖੇਤਰ ਵਿੱਚ ਅਜਿਹੀ ਕ੍ਰਾਂਤੀ ਲਿਆਂਦੀ ਕਿ ਸਾਰੇ ਜਾਪਾਨੀ ਉਸ ਉੱਪਰ ਮਾਣ ਕਰਨ ਲੱਗੇ।
ਵਿਗਿਆਨ ਦੀ ਦੁਨੀਆਂ ਵਿੱਚ ਕ੍ਰਾਂਤੀ ਲਿਆਉਣ ਵਾਲੇ ਨਿਊਟਨ ਨੂੰ ਸਕੂਲ ’ਚੋਂ ਇਸ ਕਰਕੇ ਹਟਾ ਲਿਆ ਗਿਆ ਸੀ ਕਿ ਉਹ ਹੁਸ਼ਿਆਰ ਵਿਦਿਆਰਥੀ ਨਹੀਂ ਸੀ। ਭਾਰਤ ਵਿੱਚ ਰਿਲਾਇੰਸ ਕੰਪਨੀ ਦੇ ਸੰਸਥਾਪਕ ਧੀਰੂ ਭਾਈ ਅੰਬਾਨੀ ਨੇ 1959 ਵਿੱਚ ਸਿਰਫ਼ 15,000 ਰੁਪਏ ਨਾਲ ਵਪਾਰ ਸ਼ੁਰੂ ਕੀਤਾ ਸੀ ਅਤੇ ਅੱਜ ਇਸ ਪਰਿਵਾਰ ਕੋਲ ਹਿੰਦੁਸਤਾਨ ਵਿੱਚ ਸਭ ਤੋਂ ਵੱਧ ਪੂੰਜੀ ਹੈ। ਇਸੇ ਤਰ੍ਹਾਂ 1894 ਵਿੱਚ ਪੈਦਾ ਹੋਇਆ ਘਣਦਾਸ ਬਿਰਲਾ ਵੀ ਉਨ੍ਹਾਂ ਲੋਕਾਂ ਵਿੱਚੋਂ ਸੀ ਜੋ ਆਪਣੀ ਮਿਹਨਤ, ਆਤਮ-ਵਿਸ਼ਵਾਸ਼ ਅਤੇ ਦਿ੍ਰੜ ਇਰਾਦੇ ਨਾਲ ਜ਼ੀਰੋ ਤੋਂ ਹੀਰੋ ਬਣਿਆ ਸੀ। ਅਸਫ਼ਲਤਾ ਤਾਂ ਸਫ਼ਲਤਾ ਲਈ ਇੱਕ ਸਬਕ ਹੁੰਦਾ ਹੈ। ਅਸਫ਼ਲ ਹੋਣ ਲਈ ਸਫ਼ਲਤਾ ਦੀ ਇੱਛਾ ਅਸਫ਼ਲਤਾ ਦੇ ਡਰ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਜ਼ਿਆਦਾਤਰ ਮਹਾਨ ਲੋਕਾਂ ਨੇ ਆਪਣੀ ਸਭ ਤੋਂ ਵੱਡੀ ਸਫ਼ਲਤਾ ਆਪਣੀ ਸਭ ਤੋਂ ਵੱਡੀ ਅਸਫ਼ਲਤਾ ਤੋਂ ਇੱਕ ਕਦਮ ਅੱਗੇ ਹਾਸਲ ਕੀਤੀ ਹੈ।
ਹਾਰ ਦੀ ਸੰਭਾਵਨਾ ਨਾ ਹੋਵੇ ਤਾਂ ਜਿੱਤ ਦਾ ਕੋਈ ਅਰਥ ਨਹੀਂ | Success
ਸਫ਼ਲ (Success) ਲੋਕ ਜਿੱਤ ਦੇ ਵਿਸ਼ਵਾਸ ਨਾਲ ਸੰਘਰਸ਼ ਕਰਦੇ ਹਨ। ਉਹ ਸੰਘਰਸ਼ ਕਰਦੇ ਹਨ, ਮੰਜ਼ਿਲ ਵੱਲ ਵਧਦੇ ਰਹਿੰਦੇ ਹਨ, ਡਿੱਗ ਵੀ ਪੈਂਦੇ ਹਨ ਪਰ ਹੋਰ ਹੌਂਸਲੇ ਨਾਲ ਉੱਠ ਕੇ ਫਿਰ ਤੁਰ ਪੈਂਦੇ ਹਨ। ਉਹ ਮੈਦਾਨ ਛੱਡਣ ਤੋਂ ਨਾਂਹ ਕਰ ਦਿੰਦੇ ਹਨ। ਉਹ ਹਰ ਹਾਲਾਤ ਵਿੱਚ ਜਿੱਤਣਾ ਚਾਹੁੰਦੇ ਹਨ ਪਰ ਜੇ ਹਾਰ ਦੀ ਸੰਭਾਵਨਾ ਨਾ ਹੋਵੇ ਤਾਂ ਜਿੱਤ ਦਾ ਕੋਈ ਅਰਥ ਨਹੀਂ ਹੈ। ਵਾਰ-ਵਾਰ ਅਸਫ਼ਲ ਤੋਂ ਬਾਅਦ ਵੀ ਉਤਸ਼ਾਹ ਨਾ ਖੋਣਾ ਹੀ ਸਫ਼ਲਤਾ ਹੈ। ਸਫ਼ਲਤਾ ਦੀ ਚਾਹਤ ਰੱਖਣ ਵਾਲੇ ਲੋਕ ਤਾਂ ਹਾਰਾਂ ਅਤੇ ਅਸਫ਼ਲਤਾਵਾਂ ਨੂੰ ਜਿੱਤ ਦੀ ਪੌੜੀ ਦੇ ਡੰਡੇ ਸਮਝਦੇ ਹਨ।
ਇਹ ਵੀ ਪੜ੍ਹੋ : ਫਸਲਾਂ ਬਰਬਾਦ ਹੋਣ ’ਤੇ ਹੌਸਲਾ ਨਾ ਹਾਰਨ ਕਿਸਾਨ, ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ
ਸਾਨੂੰ ਹਾਰਾਂ ਤੋਂ ਅਤੇ ਅਸਫ਼ਲਤਾਵਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਜੇ ਕੋਈ ਦੁਕਾਨ ਖੋਲ੍ਹੀ ਹੈ, ਕੋਈ ਵਪਾਰ ਸ਼ੁਰੂ ਕੀਤਾ ਹੈ, ਕੋਈ ਕੰਪਨੀ ਖੋਲ੍ਹ ਕੇ ਕੰਮ ਸ਼ੁਰੂ ਕੀਤਾ ਹੈ। ਹੁੰਗਾਰਾ ਤੁਹਾਡੀ ਆਸ ਮੁਤਾਬਿਕ ਨਹੀਂ ਤਾਂ ਵੀ ਘਬਰਾਉਣ ਦੀ ਜ਼ਰੂਰਤ ਨਹੀਂ। ਮਾਯੂਸ ਹੋਣ ਦੀ ਜ਼ਰੂਰਤ ਨਹੀਂ। ਜਿੱਤਣ (Success) ਦੇ ਵਿਸ਼ਵਾਸ ਨਾਲ ਜ਼ਿੰਦਗੀ ਦੀ ਹਰ ਖੇਡ ਖੇਡਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਅਹਿਸਾਸ ਸਾਨੂੰ ਆਪਣੇ ਬੱਚਿਆਂ ਤੇ ਨੌਜਵਾਨਾਂ ਵਿੱਚ ਜਗਾਉਣੇ ਚਾਹੀਦੇ ਹਨ। ਕਈ ਵਾਰ ਕਈ ਕਾਰਨਾਂ ਕਰਕੇ ਮਨ-ਇੱਛਤ ਨਤੀਜੇ ਨਹੀਂ ਨਿੱਕਲਦੇ। ਇਸ ਦਾ ਮਤਲਬ ਇਹ ਨਹੀਂ ਕਿ ਦਿਲ ਛੱਡ ਕੇ ਬੈਠ ਜਾਣਾ ਚਾਹੀਦਾ ਹੈ। ਜੇ ਸਫ਼ਲ ਨਹੀਂ ਹੋ ਸਕੇ ਤਾਂ ਕੋਈ ਗੱਲ ਨਹੀਂ ਹੋਰ ਹਿੰਮਤ ਨਾਲ ਮੁੜ ਤੁਰੋ ਅਤੇ ਜਿੱਤਣ ਲਈ ਤੁਰੋ, ਮੰਜ਼ਿਲ ’ਤੇ ਪਹੁੰਚਣ ਲਈ ਤੁਰੋ।
ਡਾ. ਵਨੀਤ ਕੁਮਾਰ ਸਿੰਗਲਾ
ਬੁਢਲਾਡਾ, ਮਾਨਸਾ