ਬਲੈਕਮੇਲਿੰਗ ਦੇ ਜਾਲ ਤੋਂ ਬਚਣ ਲਈ ਆਪਣੇ ਡਰ ਦਾ ਸਾਹਮਣਾ ਕਰੋ

ਬਲੈਕਮੇਲਿੰਗ ਦੇ ਜਾਲ ਤੋਂ ਬਚਣ ਲਈ ਆਪਣੇ ਡਰ ਦਾ ਸਾਹਮਣਾ ਕਰੋ

ਮਨੁੱਖ ਗਲਤੀਆਂ ਦਾ ਪੁਤਲਾ ਹੈ ਅਤੇ ਜਾਣੇ-ਅਣਜਾਣੇ, ਸਿੱਧੇ-ਅਸਿੱਧੇ ਰੂਪ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਪਰੰਤੂ ਉਹਨਾਂ ਗਲਤੀਆਂ ਦੀ ਆੜ ਵਿੱਚ ਦੂਜੇ ਵਿਅਕਤੀ ਦੁਆਰਾ ਤੁਹਾਨੂੰ ਆਪਣੇ ਹਿੱਤ ਪੂਰਨ ਲਈ ਜ਼ਬਰਦਸਤੀ ਮਜ਼ਬੂਰ ਕਰਨਾ ਬਲੈਕਮੇਲਿੰਗ ਦੇ ਸਿਰਲੇਖ ਅਧੀਨ ਆਉਂਦਾ ਹੈ। ਸਮਾਜ ਦੇ ਵੱਖੋ-ਵੱਖਰੇ ਕੋਨਿਆਂ ਵਿੱਚ ਆਨਲਾਈਨ ਅਤੇ ਆਫਲਾਈਨ, ਸਿੱਧੇ-ਅਸਿੱਧੇ ਢੰਗਾਂ ਨਾਲ ਬਲੈਕਮੇਲਿੰਗ ਦਾ ਧੰਦਾ ਵਧ-ਫੁੱਲ ਰਿਹਾ ਹੈ ਅਤੇ ਨਾ ਜਾਣੇ ਕਿੰਨੇ ਹੀ ਇਸ ਗੋਰਖਧੰਦੇ ਦਾ ਸ਼ਿਕਾਰ ਹੋਏ ਪੀੜਤ ਲੋਕ ਘੁਟਣ ਭਰੀ, ਡਰਾਉਣੀ, ਬੇਬਸ ਤੇ ਅੰਦਰੋਂ-ਅੰਦਰੀ ਘਿਨੌਣੀ ਜ਼ਿੰਦਗੀ ਜੀਅ ਰਹੇ ਹਨ।
ਬਲੈਕਮੇਲਿੰਗ ਜ਼ਬਰਦਸਤੀ ਦਾ ਇੱਕ ਢੰਗ ਹੈ ਜਿਸ ਵਿੱਚ ਕਿਸੇ ਵਿਅਕਤੀ ਜਾਂ ਲੋਕਾਂ ਦੇ ਵਰਗ ਨੂੰ ਉਨ੍ਹਾਂ ਬਾਰੇ ਪੂਰੀ ਤਰ੍ਹਾਂ ਸੱਚੀ ਜਾਂ ਗਲਤ ਜਾਣਕਾਰੀ ਨੂੰ ਜਾਰੀ ਕਰਨ, ਜਨਤਕ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਜਦੋਂ ਤੱਕ ਕਿ ਬਲੈਕਮੇਲਰ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ। ਇਹ ਆਮ ਤੌਰ ’ਤੇ ਹਾਨੀਕਾਰਕ ਜਾਣਕਾਰੀ ਹੁੰਦੀ ਹੈ ਜਿਸ ਦਾ ਪੀੜਤ ਦੇ ਮਾਨਸਿਕ, ਵਿਅਕਤੀਗਤ, ਸਮਾਜਿਕ ਜੀਵਨ, ਆਰਥਿਕਤਾ, ਰੁਜ਼ਗਾਰ ਆਦਿ ’ਤੇ ਮਾੜਾ ਪ੍ਰਭਾਵ ਪੈਣ ਦਾ ਖਦਸ਼ਾ ਹੁੰਦਾ ਹੈ, ਉਸਨੂੰ ਨੁਕਸਾਨਿਆ ਜਾ ਸਕਦਾ ਹੈ ਅਤੇ ਕਈ ਹਾਲਤਾਂ ਵਿੱਚ ਉਸ ਉੱਪਰ ਅਪਰਾਧਿਕ ਮਾਮਲਾ ਬਣਨ ਅਤੇ ਸਜ਼ਾ ਦਾ ਮੁੱਢ ਬਣ ਸਕਦੀ ਹੈ।

ਜੇਕਰ ਤੁਹਾਨੂੰ ਕੋਈ ਬਲੈਕਮੇਲ ਕਰ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਡਰ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿਉਂਕਿ ਕਈ ਵਾਰ ਸਾਡਾ ਡਰ ਅਸਲ ਵਿੱਚ ਉਸ ਬਲੈਕਮੇਲਿੰਗ ਤੋਂ ਵੱਡਾ ਹੋ ਨਿੱਬੜਦਾ ਹੈ ਅਤੇ ਦਿਨ-ਬ-ਦਿਨ ਤੁਹਾਨੂੰ ਮਾਨਸਿਕ ਤਣਾਅ ਦੀ ਅਜਿਹੀ ਉਲਝਣ ਵਿੱਚ ਫਸਾ ਛੱਡਦਾ ਹੈ ਕਿ ਉਸ ਤੋਂ ਬਾਹਰ ਆਉਣਾ ਤੁਹਾਡੇ ਲਈ ਹੋਰ ਔਖਾ ਹੁੰਦਾ ਜਾਂਦਾ ਹੈ। ਬਲੈਕਮੇਲਿੰਗ ਕਰਨ ਵਾਲੇ ਬਲੈਕਮੇਲਰ ਲੋਕਾਂ ਨੂੰ ਮਜ਼ੂਬਰ ਕਰਕੇ ਉਨ੍ਹਾਂ ਤੋਂ ਪੈਸੇ, ਸੰਸਾਧਨ ਅਤੇ ਰੁਤਬੇ ਹੰਢਾ ਰਹੇ ਹਨ ਅਤੇ ਔਰਤਾਂ ਦੇ ਮਾਮਲੇ ਵਿੱਚ ਤਾਂ ਬਲੈਕਮੇਲਰਾਂ ਦੁਆਰਾ ਹੋਰ ਨਿੱਜੀ ਮੁਫ਼ਾਦਾਂ ਦੇ ਨਾਲ-ਨਾਲ ਸਰੀਰਕ ਸ਼ੋਸ਼ਣ ਆਮ ਵਰਤਾਰਾ ਹੈ। ਬਲੈਕਮੇਲਰਾਂ ਦੁਆਰਾ ਹੱਦੋਂ ਵੱਧ ਪੀੜਤ ਕਰਨ ’ਤੇ ਕਈ ਵਾਰ ਮਜ਼ਬੂਰ ਵਿਅਕਤੀ ਦੀ ਮਾਨਸਿਕ ਮਨੋਦਸ਼ਾ ਅਜਿਹੀ ਸਥਿਤੀ ਵਿੱਚ ਜਾ ਰਹਿੰਦੀ ਹੈ ਕਿ ਉਹ ਆਪਣੇ ਡਰ ਦਾ ਮੁਕਾਬਲਾ ਨਹੀਂ ਕਰ ਪਾਉਂਦਾ ਤੇ ਖੁਦਕੁਸ਼ੀ ਕਰ ਲੈਂਦਾ ਹੈ।
ਜਦੋਂ ਤੱਕ ਬਲੈਕਮੇਲਰ ਦੀ ਮੰਗ ਪੂਰੀ ਕਰਦੇ ਰਹੋਗੇ ਤਾਂ ਉਦੋਂ ਤੱਕ ਉਹ ਚੁੱਪ ਰਹੇਗਾ ਤੇ ਉਸ ਤੋਂ ਬਾਅਦ ਫੇਰ ਸਮੱਸਿਆ ਦਾ ਪਰਨਾਲਾ ਤਾਂ ਉੱਥੇ ਦਾ ਉੱਥੇ ਹੀ ਹੈ। ਸਮੇਂ ਨਾਲ ਬਲੈਕਮੇਲਰ ਦੀ ਲਾਲਸਾ ਵਧਣ ਦੀ ਸੰਭਾਵਨਾ ਜ਼ਿਆਦਾ ਹੈ ਅਤੇ ਤੁਸੀਂ ਸਹਿਮ ਦੇ ਅਜਿਹੇ ਤਣਾਅਪੂਰਨ ਮਾਹੌਲ ਵਿੱਚ ਮਾਨਸਿਕ ਰੋਗੀ ਦੀ ਸਥਿਤੀ ਵਿੱਚ ਵੀ ਜਾ ਸਕਦੇ ਹੋ। ਭਾਰਤੀ ਦੰਡ ਸੰਹਿਤਾ, 1860 ਦੀ ਧਾਰਾ 384 ਤਹਿਤ ਬਲੈਕਮੇਲਿੰਗ ਇੱਕ ਗੰਭੀਰ ਅਪਰਾਧ ਹੈ। ਜੇਕਰ ਕੋਈ ਬਲੈਕਮੇਲ ਕਰਦਾ ਹੈ ਤਾਂ ਜ਼ਰੂਰੀ ਹੋਣ ’ਤੇ ਉਸ ਸਬੰਧੀ ਪੁਲਿਸ ਨੂੰ ਦਰਖਾਸਤ ਦਿੱਤੀ ਜਾ ਸਕਦੀ ਹੈ। ਬਲੈਕਮੇਲਰ ਦੀਆਂ ਨਜਾਇਜ਼ ਮੰਗਾਂ ਮੰਨ ਕੇ, ਚੁੱਪ ਰਹਿ ਕੇ, ਸ਼ੋਸ਼ਣ ਸਹਿ ਕੇ ਉਸਦੇ ਨਾਪਾਕ ਇਰਾਦਿਆਂ ਨੂੰ ਮਜ਼ਬੂਤੀ ਨਹੀਂ ਦੇਣੀ ਚਾਹੀਦੀ। ਉਤਾਰ-ਚੜ੍ਹਾਅ ਜ਼ਿੰਦਗੀ ਦਾ ਹਿੱਸਾ ਹਨ, ਚੰਗੀਆਂ-ਮਾੜੀਆਂ ਇਨਸਾਨਾਂ ਨਾਲ ਹੀ ਹੁੰਦੀਆਂ ਹਨ।

ਬਲੈਕਮੇਲਿੰਗ ਦਾ ਸ਼ਿਕਾਰ ਹੋਣ ਤੋਂ ਬਿਹਤਰ ਹੈ ਕਿ ਆਪਣੇ ਵਿੱਚ ਹਿੰਮਤ ਜੁਟਾਓ ਅਤੇ ਆਪਣੇ ਡਰ ਅਤੇ ਆਪਣੀ ਵਿਰੋਧੀ ਸਥਿਤੀ ਦਾ ਸਾਹਮਣਾ ਕਰੋ। ਬਲੈਕਮੇਲਿੰਗ ਦਾ ਆਧਾਰ ਤੁਹਾਡੇ ਸੰਬੰਧੀ ਜਾਣਕਾਰੀ ਜਨਤਕ ਹੋਣ ’ਤੇ ਕਾਨੂੰਨ, ਪਰਿਵਾਰ ਜਾਂ ਸਮਾਜ ਦੀ ਨਜ਼ਰ ਵਿੱਚ ਸ਼ਰਮਿੰਦਾ ਜਾਂ ਦੋਸ਼ੀ ਸਾਬਿਤ ਹੋ ਸਕਦੇ ਹੋ, ਸੱਚੀ ਜਾਂ ਝੂਠੀ ਸਜ਼ਾ ਮਿਲ ਸਕਦੀ ਹੈ ਪਰੰਤੂ ਤੁਸੀਂ ਆਤਮਿਕ ਤੌਰ ’ਤੇ ਜ਼ਰੂਰ ਦਿ੍ਰੜ ਹੋਵੋਗੇ ਅਤੇ ਬਲੈਕਮੇਲਿੰਗ ਦੀ ਗਮਗੀਨ ਕੋਠੜੀ, ਅਪਰਾਧਬੋਧ ਵਿੱਚੋਂ ਜ਼ਰੂਰ ਬਾਹਰ ਨਿੱਕਲੋਗੇ। ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ’ਤੇ ਜਿਊਣ ਦਾ ਮਾਦਾ ਰੱਖੋ ਤੇ ਜ਼ਿੰਦਗੀ ਨੂੰ ਕਿਸੇ ਵੀ ਮੋੜ ’ਤੇ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦੇ ਹੋ ਕਿਉਂਕਿ ਰੋਜ਼ਾਨਾ ਚੜ੍ਹਦਾ ਸੂਰਜ ਸਾਨੂੰ ਇਹੋ ਸਿੱਖਿਆ ਦਿੰਦਾ ਹੈ ਕਿ ਰੋਜ਼ ਨਵਾਂ ਦਿਨ, ਜ਼ਿੰਦਗੀ ਨੂੰ ਨਵੀਂ ਸ਼ੁਰੂਆਤ ਦੇਣ ਦਾ ਸਮਾਂ ਹੈ।
ਬਰੜ੍ਹਵਾਲ (ਧੂਰੀ)
ਮੋ. 92560-66000
ਗੋਬਿੰਦਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ