…ਤੇ ਮਹਿੰਗੀ ਪਈ ਸਾਨੂੰ ਲਾਕਡਾਊਨ ’ਚ ਹੋਈ ਹੋਮ ਡਲਿਵਰੀ
ਸਿਆਣੇ ਕਹਿੰਦੇ ਹਨ ਕਿ ਇਲਾਜ ਨਾਲੋਂ ਪ੍ਰਹੇਜ਼ ਚੰਗਾ ਹੁੰਦਾ। ਕੋਰੋਨਾ ਜਿਹੀ ਭਿਆਨਕ ਬਿਮਾਰੀ ਤੋਂ ਦੇਸ਼ਵਾਸੀਆਂ ਨੂੰ ਬਚਾਉਣ ਲਈ ਸਭ ਤੋਂ ਕਾਰਗਰ ਅਤੇ ਸੌਖਾ ਤਰੀਕਾ ਉਨ੍ਹਾਂ ਨੂੰ ਘਰਾਂ ਵਿਚ ਠਹਿਰਾਉਣਾ ਅਤੇ ਆਪਸੀ ਮੇਲ-ਮਿਲਾਪ ਨੂੰ ਘਟਾਉਣਾ ਮੰਨਿਆ ਗਿਆ। ਆਪੋ-ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੇਠਲੀ ਅਤੇ ਉੱਪਰਲੀ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਪੂਰੇ ਦੇਸ਼ ਵਿਚ ਲਾਕਡਾਊਨ ਰਹੇਗਾ ਅਤੇ ਕੋਈ ਵੀ ਬਿਨਾ ਕਿਸੇ ਠੋਸ ਕਾਰਨ ਦੇ ਬੂਹੇ ਤੋਂ ਬਾਹਰ ਪੈਰ ਨਹੀਂ ਧਰੇਗਾ। ਜੇਕਰ ਕੋਈ ਅਜਿਹਾ ਕਰਦਾ ਮਿਲ ਗਿਆ ਤਾਂ ਮੌਕੇ ਅਨੁਸਾਰ ਉਸ ਨੂੰ ਖਰਚਾ-ਪਾਣੀ (ਦਬਕਿਆਂ ਤੇ ਡੰਡਿਆਂ ਨਾਲ) ਜ਼ਰੂਰ ਦਿੱਤਾ ਜਾਵੇਗਾ।
ਸਰਕਾਰ ਦੇ ਇਸ ਸਖ਼ਤ ਫ਼ੈਸਲੇ ਦੇ ਖ਼ਿਲਾਫ਼ ਜਾਣ ਦੀ ਅਸੀਂ ਭੋਰਾ ਹਿੰਮਤ ਨਹੀਂ ਕੀਤੀ ਅਤੇ ਘਰ ਵਿਚ ਰਹਿਣ ਨੂੰ ਹੀ ਆਪਣਾ ਧੰਨ ਭਾਗ ਸਮਝਿਆ। ਜਿੱਥੋਂ ਤੱਕ ਪ੍ਰਸ਼ਾਦੇ ਜਾਂ ਚਾਹ-ਪਾਣੀ ਦੇ ਸਾਮਾਨ ਦਾ ਸਵਾਲ ਸੀ ਇਸ ਦੇ ਹੱਲ ਲਈ ਕਿਹਾ ਗਿਆ ਕਿ ਇਹ ‘ਸਭੀ ਜਨ’ ਕੋ ਘਰ ਬੈਠਿਆਂ (ਹੋਮ ਡਲਿਵਰੀ ਦੇ ਰੂਪ ਵਿਚ) ਹੀ ਮਿਲਦਾ ਰਹੇਗਾ। ਉਨ੍ਹਾਂ ਸਭੀ ਜਨਾਂ ਵਿਚ ਅਸੀਂ ਵੀ ਆਪਣੇ-ਆਪ ਨੂੰ ਸ਼ਾਮਲ ਕਰ ਲਿਆ ਅਤੇ ਸਰਕਾਰ ਅਤੇ ਪ੍ਰਸ਼ਾਸਨ ਦਾ ਅਗਾਊਂ ਧੰਨਵਾਦ ਕਰਦੇ ਹੋਏ ‘ਦੱੜ ਵੱਟ ਜ਼ਮਾਨਾ ਘੱਟ ਭਲੇ ਦਿਨ ਆਉਣਗੇ’ ਦੀ ਆਸ ਨਾਲ ਆਪਣੀ ਤਸ਼ਰੀਫ਼ ਆਪਣੇ ਘਰ ਦੇ ਵਿਚ ਹੀ ਰੱਖਣ ਲੱਗ ਪਏ।
ਸਮਾਂ ਆਪਣੀ ਚਾਲੇ ਚੱਲਣ ਲੱਗ ਪਿਆ। ਇਸ ਸਮੇਂ ਦੌਰਾਨ ਭਾਵੇਂ ਪੜ੍ਹਨ-ਲਿਖਣ ਦੀਆਂ ਗਤੀਵਿਧੀਆਂ ਜਾਰੀ ਸਨ ਪਰ ਬਾਹਰੀ ਤੋਰਾ-ਫੇਰਾ ਸੁੰਘੜ ਗਿਆ ਸੀ। ਦਿਨ ਤੇ ਰਾਤ ਘਰ ਵਿਚ ਰਹਿਣ ਨਾਲ ਛਕਣ-ਛਕਾਉਣ ਦਾ ਸਿਲਸਲਾ ਵਧਣ ਲੱਗਾ। ਪਰਿਵਾਰ ਦਾ ਹਰੇਕ ਜੀਅ ਆਪਣੇ-ਆਪਣੇ ਸੁਆਦ ਅਨੁਸਾਰ ਫ਼ਰਮਾਇਸ਼ਾਂ ਕਰਨ ਲੱਗ ਪਿਆ। ਇੰਝ ਲੱਗ ਰਿਹਾ ਸੀ ਜਿਵੇਂ ਸਾਰਿਆਂ (ਮੇਰੇ ਸਮੇਤ) ਨੇ ਆਪਣੇ ਜੀਵਨ ਦਾ ਉਦੇਸ਼ ‘ਖਾਣ ਲਈ ਜੀਣਾ’ ਹੀ ਬਣਾ ਲਿਆ ਹੋਵੇ। ਇਸ ਉਦੇਸ਼ ਦੀ ਪੂਰਤੀ ਲਈ ਸ੍ਰੀਮਤੀ ਨੂੰ ਆਪਣਾ ਵਧੇਰਾ ਸਮਾਂ ਕਿਚਨ ਵਿਚ ਹੀ ਕੁਰਬਾਨ ਕਰਨਾ ਪੈਂਦਾ ਸੀ। ਉਸ ਦੀ ਇਹ ਕੁਰਬਾਨੀ ਵੀ ਸਾਡੇ ਘਰੇਲੂ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਲਿਖੀ ਜਾਵੇਗੀ।
ਆਮ ਕਹਾਵਤ ਹੈ ਕਿ ‘ਖਾਧਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ’। ਇਹ ਕਹਾਵਤ ਸਾਡੇ ਰਸੋਈ-ਭੰਡਾਰ ’ਤੇ ਵੀ ਪੂਰਨ ਰੂਪ ਵਿਚ ਲਾਗੂ ਹੋਣ ਲੱਗ ਪਈ। ਡੱਬਿਆਂ/ਪੀਪਿਆਂ ਵਿਚ ਪਈ ਰਸਦ ਤੇਜੀ ਨਾਲ ਆਪਣੇ ਧਰਾਤਲ ਵੱਲ ਵਧਣ ਲੱਗੀ। ਇਸ ਤੋਂ ਪਹਿਲਾਂ ਕਿ ਇਹ ਆਪਣਾ ਆਧਾਰ ਹੀ ਗਵਾ ਲਏ ਅਤੇ ਲੰਗਰ ਮਸਤਾਨਾ ਹੋ ਜਾਵੇ ਅਸੀਂ ਆਪਣੇ ਫ਼ਰਜ਼ ਨੂੰ ਪਹਿਚਾਣਨਾ ਸ਼ੁਰੂ ਕਰ ਦਿੱਤਾ। ਇਸ ਪਹਿਚਾਣ ਦੇ ਤਹਿਤ ਅਸੀਂ ਮਹਾਂਨਗਰ ਦੇ ਇੱਕ-ਦੋ ਨਾਮੀ ਦੁਕਾਨਦਾਰਾਂ ਨੂੰ ਰਾਸ਼ਨ ਦੀ ਖਰੀਦ ਲਈ ਫ਼ੋਨ ਘੁਮਾਅ ਦਿੱਤਾ। ਉਨ੍ਹਾਂ ਦੁਕਾਨਦਾਰਾਂ ਦਾ ਸਿੱਕੇਬੰਦ ਜਵਾਬ ਸੀ ਕਿ ਲਾਕਡਾਊਨ ਦੇ ਕਾਰਨ ਤੁਸੀਂ ਦੁਕਾਨ ’ਤੇ ਹਾਜ਼ਰੀ ਤਾਂ ਨਹੀਂ ਲਵਾ ਸਕਦੇ ਹਾਂ ਜੋ ਕੁੱਝ ਚਾਹੀਦਾ ਉਸ ਦੀ ਹੋਮ ਡਲਿਵਰੀ ਜ਼ਰੂਰ ਕਰ ਦਿੱਤੀ ਜਾਵੇਗੀ। ‘‘ਹੋਮ ਦੀ ਇਸ ਡਲਿਵਰੀ ਨਾਲ ਕੋਈ ਬਿੱਲ ਵਿਚ ਫਰਕ (ਵਾਧੇ ਦਾ) ਤਾਂ ਨਹੀਂ ਜੀ ਪੈਂਦਾ?’’ ਅਸੀਂ ਆਪਣੀ ਸ਼ੰਕਾ ਦੀ ਨਵਿਰਤੀ ਕਰਨੀ ਚਾਹੀ।
‘‘ਸਾਡੇ ਬਿੱਲ ’ਚ ਤਾਂ ਕੋਈ ਫਰਕ ਨਹੀਂ ਪੈਣਾ ਜੀ, ਜਿਹੜਾ ਲੈ ਕੇ ਆਵੇਗਾ (ਹੋਮ ਡਲਿਵਰੀ ਵਾਲਾ) ਉਹ ਜ਼ਰੂਰ ਥੋੜ੍ਹਾ-ਬਹੁਤਾ ਉੱਪਰ ਲਵੇਗਾ।’’ ਤੇ ਜਦੋਂ ਥੋੜ੍ਹੇ-ਬਹੁਤੇ ਦਾ ਵਿਸਥਾਰ ਲਿਆ ਤਾਂ ਉਹ ਬਹੁਤਾ ਹੀ ਨਿੱਕਲਿਆ। ਇਸ ਤਰ੍ਹਾਂ ਇਹ ਹੋਮ ਡਲਿਵਰੀ ਸਾਨੂੰ ਰਗੜਾ ਲਾਉਣ ਵਾਲੀ ਲੱਗੀ ਅਤੇ ਇਸ ਵੱਲੋਂ ਅਸੀਂ ਮੂੰਹ ਮੋੜ ਲਿਆ।
ਹੋਮ ਡਲਿਵਰੀ ਤੋਂ ਭਾਵੇਂ ਅਸੀਂ ਮੂੰਹ ਮੋੜ ਲਿਆ ਸੀ ਪਰ ਆਪਣੇ ਫ਼ਰਜ਼ ਤੋਂ ਮੂੰਹ ਨਾ ਮੋੜ ਸਕੇ। ਇਸ ਫ਼ਰਜ਼ ਨੂੰ ਨਿਭਾਉਂਦੇ ਹੋਏ ਅਸੀਂ ਇੱਕ ਹੋਰ ਜਾਣੇ-ਪਹਿਚਾਣੇ ਕਰਿਆਨਾ ਕਾਰੋਬਾਰੀ ਦਾ ਮੋਬਾਇਲ ਫ਼ੋਨ ਖੜਕਾ ਦਿੱਤਾ ਜਿਹੜਾ ਉਸ ਦੇ ਫ਼ਰਜੰਦ ਨੇ ਉਠਾ ਲਿਆ। ਜਦੋਂ ਉਸ ਨਾਲ ਰਾਸ਼ਨ ਦੀ ਬਾਤ ਪਾਈ ਤਾਂ ਉਸ ਨੇ ਹੁੰਗਾਰਾ ਵੀ ‘ਹੋਮ ਡਲਿਵਰੀ’ ਵਿਚ ਹੀ ਭਰਿਆ ਪਰ ਉਸ ਦਾ ਹੋਮ ਡਲਿਵਰੀ ਦਾ ਖ਼ਰਚਾ ਪਹਿਲੇ ਦੀ ਨਿਸਬਤ ਕੁੱਝ ਘੱਟ ਸੀ। ਉਸ ਨੂੰ ਸਹਿਮਤੀ ਦਿੰਦਿਆਂ ਰਾਸ਼ਨ ਦੀ ਸੂਚੀ ਉਸ ਦੇ ਮੋਬਾਇਲ ’ਤੇ ਪਾ ਦਿੱਤੀ।
ਕੁੱਝ ਕੁ ਘੰਟਿਆਂ ਵਿਚ ਇਹ ਡਲਿਵਰੀ ਇੱਕ ਗੱਤੇ ਦੇ ਬੰਦ ਡੱਬੇ ਵਿਚ ਸਾਡੇ ਘਰ ਪਹੁੰਚ ਗਈ। ਡਲਿਵਰੀ ਮੈਨ ਨੂੰ ਬਿੱਲ ਦੀ ਮਾਇਆ ਪਲੱਸ ਆਵਾਜਾਈ ਭੱਤਾ ਦੇ ਕੇ ਵਾਪਸ ਤੋਰ ਦਿੱਤਾ। ਉਹ ਖ਼ੁਸ਼ ਸੀ ਕਿ ਉਸ ਦੇ ਗੇੜੇ ਦਾ ਮੁੱਲ ਪੈ ਗਿਆ। ਅਸੀਂ ਖ਼ੁਸ਼ ਸੀ ਕਿ ਲਾਕਡਾਊਨ/ਕਰਫ਼ਿਊ ਦੇ ਬਾਕੀ ਦਿਨ ਸਾਡਾ ਲੋਹ-ਲੰਗਰ ਤਪਦਾ ਰਹੇਗਾ ਅਤੇ ਟੱਬਰ ਦਾ ਹਰੇਕ ਮੈਂਬਰ ਆਪਣੀ ਇੱਛਾ ਅਤੇ ਸੁਆਦ ਅਨੁਸਾਰ ਛਕਦਾ ਰਹੇਗਾ।
ਕੁੱਝ ਕੁ ਸਮੇਂ ਬਾਅਦ ਜਦੋਂ ਅਸੀਂ ਹੋਮ ਡਲਿਵਰੀ ਵਾਲੇ ਡੱਬੇ ਨੂੰ ਖੋਲ੍ਹ ਕੇ ਬਿੱਲ ਨਾਲ ਸਾਮਾਨ ਦਾ ਮਿਲਾਨ ਕਰਨ ਲੱਗੇ ਤਾਂ ਸਾਨੂੰ ‘ਇੱਕ ਜ਼ੋਰ ਕਾ ਝਟਕਾ ਧੀਰੇ ਸੇ’ ਲੱਗਣ ਲੱਗਾ’। ਇਸ ਝਟਕੇ ਦੀ ਵਜ੍ਹਾ ਇਹ ਸੀ ਕਿ ਬਿੱਲ ਵਿਚ ਹਰੇਕ ਚੀਜ ਦੇ ਠੋਕਵੇਂ (ਪਿ੍ਰੰਟ ਅਨੁਸਾਰੀ) ਰੇਟ ਲੱਗੇ ਹੋਏ ਸਨ। ਹੋਰ ਤਾਂ ਹੋਰ ਕੁੱਝ ਚੀਜ਼ਾਂ ਸਿਰਫ਼ ਬਿੱਲ ਵਿਚ ਹੀ ਬੋਲਦੀਆਂ ਸਨ ਪਰ ਡੱਬੇ ਵਿਚ ਉਨ੍ਹਾਂ ਦੀ ਹਾਜ਼ਰੀ ਜਾਂ ਤਾਂ ਬਿਲਕੁਲ ਨਹੀਂ ਸੀ ਜਾਂ ਫਿਰ ਨਾ-ਮਾਤਰ ਹੀ ਸੀ।
ਦੁਖ਼ੀ ਮਨ ਨਾਲ ਜਦੋਂ ਅਸੀਂ ਉਸ ਦੁਕਾਨਦਾਰ ਦੇ ਮੋਬਾਇਲ ’ਤੇ ਮਹਿੰਗੀ ਅਤੇ ਅਧੂਰੀ ਹੋਮ ਡਲਿਵਰੀ ਦਾ ਰੋਣਾ ਰੋਇਆ ਤਾਂ ਉਸ ਨੇ ਕਿਹਾ ਕਿ- ‘ਰਹਿ ਗਈਆਂ ਚੀਜਾਂ ਤਾਂ ਭਾਵੇਂ ਜਦੋਂ ਮਰਜੀ ਆ ਕੇ ਲੈ ਜਾਓ ਪਰ ਰੇਟਾਂ ਦਾ ਕੁੱਝ ਨਹੀਂ ਹੋ ਸਕਦਾ ਕਿਉਂਕਿ ਅੱਜ-ਕੱਲ੍ਹ ਲਾਕਡਾਊਨ ਚੱਲ ਰਿਹਾ ਹੈ।’
ਰਮੇਸ਼ ਬੱਗਾ ਚੋਹਲਾ
ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
ਮੋ. 94631-32719
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ