28 ਨਵੇਂ ਮੰਤਰੀਆਂ ‘ਚ 12 ਸਿੰਧੀਆ ਹਮਾਇਤੀ
- ਮੱਧ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਨੇ ਨਵੇਂ ਮੰਤਰੀਆਂ ਨੂੰ ਚੁਕਵਾਈ ਸਹੁੰ
- 28 ਮੰਤਰੀਆਂ ਨੇ ਸਹੁੰ ਚੁੱਕੀ, ਜਿਸ ‘ਚ 20 ਕੈਬਨਿਟ ਮੰਤਰੀ, 8 ਰਾਜ ਮੰਤਰੀ ਸ਼ਾਮਲ ਹਨ
ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ‘ਚ ਭਾਜਪਾ ਦੀ ਸਰਕਾਰ ਦਾ ਅੱਜ ਮੰਤਰੀ ਮੰਡਲ ਵਿਸਥਾਰ ਹੋਇਆ। ਮੱਧ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਨੇ ਰਾਜ ਭਵਨ ‘ਚ ਕੁੱਲ 28 ਮੰਤਰੀਆਂ ਨੂੰ ਸਹੁੰ ਚੁਕਾਈ।
ਕਾਂਗਰਸ ਦੀ ਕਮਲਨਾਥ ਸਰਕਾਰ ਡਿੱਗਣ ਤੋਂ ਬਾਅਦ ਜਦੋਂ ਸ਼ਿਵਰਾਜ ਸਿੰਘ ਚੌਹਾਨ ਨੇ 23 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਉਦੋਂ ਤੋਂ ਕੁਝ ਹੀ ਮੰਤਰੀਆਂ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਗਿਆ ਸੀ।
ਵੀਰਵਾਰ ਨੂੰ ਕੁੱਲ 28 ਮੰਤਰੀਆਂ ਨੇ ਸਹੁੰ ਚੁੱਕੀ, ਜਿਸ ‘ਚ 20 ਕੈਬਨਿਟ ਮੰਤਰੀ, 8 ਰਾਜ ਮੰਤਰੀ ਸ਼ਾਮਲ ਹਨ। ਇਨ੍ਹਾਂ ‘ਚ ਗੋਪਾਲ ਭਾਰਗਵ, ਵਿਜੈ ਸ਼ਾਹ, ਧਸ਼ੋਧਰਾ ਰਾਜੇ ਸਿੰਧੀਆ ਸਮੇਤ ਕਈ ਵੱਡੇ ਆਗੂ ਸ਼ਾਮਲ ਰਹੇ।
ਇਹ ਨਵੀਂ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਮੰਤਰੀ ਮੰਡਲ ਵਿਸਥਾਰ ਹੈ, ਜਿਸ ‘ਚ ਕਾਂਗਰਸ ਤੋਂ ਭਾਜਪਾ ‘ਚ ਸ਼ਾਮਲ ਹੋਏ ਜੋਤੀਰਾਇਆਦਿੱਤਿਆ ਸਿੰਧੀਆ ਦੇ ਹਮਾਇਤੀਆਂ ਦੀ ਛਾਪ ਦਿਖੀ। ਇਸ ਮੌਕੇ ਸ੍ਰੀ ਚੌਹਾਨ ਤੇ ਸ੍ਰੀ ਸਿੰਧੀਆ ਤੋਂ ਇਲਾਵਾ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਭਾਜਪਾ ਦੇ ਸੀਨੀਅਰ ਆਗੂ ਵਿਨੈ ਸਹਸਤਰਬੁੱਧੇ, ਪ੍ਰਦੇਸ਼ ਪ੍ਰਧਾਨ ਵਿਸ਼ਣੂਦੱਤ ਸ਼ਰਮਾ ਤੇ ਹੋਰ ਆਗੂ ਤੇ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
ਹੁਣ ਰਾਜ ਮੰਤਰੀ ਮੰਡਲ ‘ਚ ਕੁੱਲ ਮੰਤਰੀਆਂ ਦੀ ਗਿਣਤੀ 33 ਹੋ ਗਈ ਹੈ, ਜਿਨ੍ਹਾਂ ‘ਚ 25 ਕੈਬਨਿਟ ਤੇ ਅੱਠ ਰਾਜ ਮੰਤਰੀ ਸ਼ਾਮਲ ਹਨ। 230 ਮੈਂਬਰੀ ਵਿਧਾਨ ਸਭਾ ‘ਚ ਤੈਅ ਮਾਪਦੰਡਾਂ ਅਨੁਸਾਰ ਵੱਧ ਤੋਂ ਵੱਧ 35 ਮੰਤਰੀ ਸ਼ਾਮਲ ਹੋ ਸਕਦੇ ਹਨ। ਜਿਨ੍ਹਾਂ ‘ਚ ਮੁੱਖ ਮੰਤਰੀ ਵੀ ਸ਼ਾਮਲ ਹਨ। ਇਸ ਤਰ੍ਹਾਂ ਹੁਣ ਮੰਤਰੀ ਮੰਡਲ ‘ਚ ਸਿਰਫ਼ ਇੱਕ ਸੀਟ ਖਾਲੀ ਹੈ। ਕੈਬਨਿਟ ਵਿਸਥਾਰ ਤੋਂ ਪਹਿਲਾਂ ਸ਼ਿਵਰਾਜ ਨੇ ਦਿੱਲੀ ਆ ਕੇ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ