ਸਾਡੇ ਨਾਲ ਸ਼ਾਮਲ

Follow us

26.7 C
Chandigarh
Saturday, February 28, 2026
More
    Home ਸੂਬੇ ਪੰਜਾਬ ਆਬਕਾਰੀ ਕੇਸ ’ਚ...

    ਆਬਕਾਰੀ ਕੇਸ ’ਚ ਕੇਜਰੀਵਾਲ ਨੂੰ ਰਾਹਤ, ਮਾਨ ਦਾ ਵੱਡਾ ਬਿਆਨ

    Kejriwal Excise Case Relief
    ਆਬਕਾਰੀ ਕੇਸ ’ਚ ਕੇਜਰੀਵਾਲ ਨੂੰ ਰਾਹਤ, ਮਾਨ ਦਾ ਵੱਡਾ ਬਿਆਨ

    ਅਰਵਿੰਦ ਕੇਜਰੀਵਾਲ ਵਿਰੁੱਧ ਕੇਸ ਰੱਦ ਕਰਨ ਦੇ ਅਦਾਲਤ ਦੇ ਫੈਸਲੇ ਨੇ ਕੇਂਦਰ ਸਰਕਾਰ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਪਰਦਾਫਾਸ਼ ਕੀਤਾ : ਭਗਵੰਤ ਸਿੰਘ ਮਾਨ

    • ਭਾਰਤੀ ਰਾਜਨੀਤੀ ’ਚ ਇਤਿਹਾਸਕ ਦਿਨ ਕਿਉਂਕਿ ਸੱਚਾਈ ਦੀ ਜਿੱਤ ਹੋਈ: ਭਗਵੰਤ ਸਿੰਘ ਮਾਨ
    • ਭਾਜਪਾ ਨੇ ਦਿੱਲੀ ਚੋਣਾਂ ਜਿੱਤਣ ਲਈ ‘ਆਪ’ ਦੀ ਸਮੁੱਚੀ ਉੱਚ-ਪੱਧਰੀ ਲੀਡਰਸ਼ਿਪ ਨੂੰ ਜ਼ੇਲ੍ਹ ’ਚ ਡੱਕ ਦਿੱਤਾ, ਪਰ ਅੱਜ ਨਿਆਂ ਦੀ ਜਿੱਤ ਹੋਈ : ਭਗਵੰਤ ਸਿੰਘ ਮਾਨ
    • ਭਾਰਤ ਨੂੰ ਵੰਡ ਦੀ ਨੀਤੀ ’ਤੇ ਚਲਦੀ ਡਬਲ ਜਾਂ ਟਰਿਪਲ ਇੰਜਣ ਵਾਲੀ ਰਾਜਨੀਤੀ ਦੀ ਨਹੀਂ, ਸਗੋਂ ਦੇਸ਼ ਭਗਤੀ ਦੇ ਇੰਜਣ ਦੀ ਲੋੜ : ਭਗਵੰਤ ਸਿੰਘ ਮਾਨ

    ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸੀਨੀਅਰ ‘ਆਪ’ ਨੇਤਾ ਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਹੋਰਾਂ ਵਿਰੁੱਧ ਆਬਕਾਰੀ ਨੀਤੀ ਮਾਮਲੇ ਵਿੱਚ ਅਦਾਲਤ ਵੱਲੋਂ ਦੋਸ਼ਾਂ ਨੂੰ ਰੱਦ ਕੀਤੇ ਜਾਣ ਨਾਲ ਪਾਰਟੀ ਦੇ ਸਟੈਂਡ ’ਤੇ ਦਿ੍ਰੜ ਮੋਹਰ ਲੱਗੀ ਹੈ, ਜਿਸ ਵਿੱਚ ਪਾਰਟੀ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੇ ਹੋਰ ਕੇਂਦਰੀ ਏਜੰਸੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰ ਸਰਕਾਰ ਦੀਆਂ ਕਠਪੁਤਲੀਆਂ ਬਣ ਕੇ ਕੰਮ ਕਰ ਰਹੀਆਂ ਹਨ।

    ਇੱਕ ਵੀਡੀਓ ਸੰਦੇਸ਼ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਇਹ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਅਦਾਲਤ ਨੇ ਅਰਵਿੰਦ ਕੇਜਰੀਵਾਲ ਤੇ 23 ਹੋਰਾਂ ਨੂੰ ਬਰੀ ਕਰ ਦਿੱਤਾ ਹੈ ਜਿਨ੍ਹਾਂ ਖ਼ਿਲਾਫ਼ ਸੀਬੀਆਈ ਨੇ ਗਲਤ ਤਰੀਕੇ ਨਾਲ ਕੇਸ ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਵਿਰੁੱਧ ਇਹ ਕੇਸ ਕੇਂਦਰ ਸਰਕਾਰ ਵੱਲੋਂ ਆਮ ਆਦਮੀ ਪਾਰਟੀ, ਜੋ ਆਪਣੇ ਚੰਗੇ ਕੰਮਾਂ ਨਾਲ ਦੇਸ਼ ਭਰ ’ਚ ਆਪਣਾ ਆਧਾਰ ਫੈਲ ਰਹੀ ਹੈ, ਨੂੰ ਰੋਕਣ ਦੀ ਨਿਰਾਸ਼ਾਜਨਕ ਕੋਸ਼ਿਸ਼ ਸੀ। ਉਨ੍ਹਾਂ ਕਿਹਾ ਕਿ ਅਦਾਲਤ ਦਾ ਇਹ ਹੁਕਮ ਇਸ ਗੱਲ ਦਾ ਪ੍ਰਮਾਣ ਹੈ ਕਿ ਹਨੇਰੀ ਰਾਤ, ਭਾਵੇਂ ਉਹ ਕਿੰਨੀ ਵੀ ਲੰਬੀ ਕਿਉਂ ਨਾ ਹੋਵੇ, ਖਤਮ ਜ਼ਰੂਰ ਹੁੰਦੀ ਹੈ ਤੇ ਸਦਾ ਸੱਚਾਈ ਤੇ ਰੌਸ਼ਨੀ ਦੀ ਜਿੱਤ ਹੁੰਦੀ ਹੈ।

    ਅਰਵਿੰਦ ਕੇਜਰੀਵਾਲ ਅਤੇ ਪਾਰਟੀ ਲਈ ਅਰਦਾਸ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਮ ਲੋਕਾਂ ਦੀਆਂ ਅਰਦਾਸਾਂ/ਪ੍ਰਾਰਥਨਾਵਾਂ ਦਾ ਹੀ ਚਮਤਕਾਰ ਹੈ ਜੋ ਇਹ ਇਮਾਨਦਾਰ ਆਗੂਆਂ ਅੱਜ ਬਾ-ਇੱਜ਼ਤ ਬਰੀ ਹੋ ਗਏ ਹਨ। ਅਦਾਲਤ ਦੇ ਹੁਕਮ ਨੇ ਸੀਬੀਆਈ ਦੇ ਕੰਮਕਾਜ ’ਤੇ ਗੰਭੀਰ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ, ਜੋ ਆਪਣੇ ਆਕਾਵਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ। ਇਸਨੇ ਲੋਕਤੰਤਰ ਦੀ ਆਵਾਜ ਨੂੰ ਦਬਾਉਣ ਲਈ ਕੇਂਦਰ ’ਚ ਸੱਤਾਧਾਰੀ ਲੋਕਾਂ ਦੁਆਰਾ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਪਰਦਾਫਾਸ਼ ਕੀਤਾ ਹੈ।

    ਦਿੱਲੀ ’ਚ ਹੋਏ ਰਾਜਨੀਤਿਕ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦਿੱਲੀ ’ਚ ਸਿਰਫ ਚੋਣਾਂ ਜਿੱਤਣ ਲਈ, ਆਮ ਆਦਮੀ ਪਾਰਟੀ ਦੀ ਸਾਰੀ ਦੀ ਸਾਰੀ ਉੱਚ-ਪੱਧਰੀ ਲੀਡਰਸ਼ਿਪ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਲਾਖਾਂ ਪਿੱਛੇ ਸੁੱਟ ਦਿੱਤਾ ਸੀ। ਅਦਾਲਤ ਦੇ ਅੱਜ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਇਮਾਨਦਾਰ ਆਦਮੀ ਹਨ ਜੋ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ ਕਿਉਂਕਿ ਉਹ ਸਿਰਫ਼ ਸੱਚ ਦੇ ਰਾਹ ’ਤੇ ਚੱਲਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਦਾ ਹਰ ਵਲੰਟੀਅਰ ਸਿਰਫ ਲੋਕਾਂ ਦੀ ਸੇਵਾ ਲਈ ਹੀ ਰਾਜਨੀਤੀ ’ਚ ਆਇਆ ਹੈ, ਕਿਉਂਕਿ ਜੇ ਪੈਸੇ ਪੱਖੋਂ ਦੇਖੀਏ ਤਾਂ ਉਹ ਪਹਿਲਾਂ ਹੀ ਆਪਣੇ-ਆਪਣੇ ਖੇਤਰਾਂ ’ਚ ਚੰਗੀ ਕਮਾਈ ਕਰ ਰਹੇ ਸਨ।

    ਰਵਾਇਤੀ ਸਿਆਸੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ ਤੋਂ ਈਰਖਾ ਕਰਦੀਆਂ ਹਨ ਕਿਉਂਕਿ ਅਸੀਂ ਹਮੇਸ਼ਾ ਆਮ ਆਦਮੀ ਦੀ ਭਲਾਈ ਦਾ ਏਜੰਡਾ ਲੈ ਕੇ ਚੱਲਦੇ ਹਾਂ । ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਤੇ ਭਾਜਪਾ ਆਪਣੇ ਸੱਤਾ ਦੇ ਦਿਨਾਂ ਦੌਰਾਨ ਰੋਟੇਸਨ ਦੇ ਆਧਾਰ ’ਤੇ ਸੱਤਾ ਦਾ ਆਨੰਦ ਮਾਣਦਿਆਂ ਅਤੇ ਇੱਕ ਦੂਜੇ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਦਿਆਂ ਦੋਸਤਾਨਾ ਮੈਚ ਖੇਡਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਸਦਾ ਸੱਤਾ ਦੀ ਕੁਰਸੀ ਦੀ ਖੇਡ ਖੇਡਦੀਆਂ ਰਹੀਆਂ ਹਨ, ਜਿਨ੍ਹਾਂ ਨੇ ਆਪਣੀ-ਆਪਣੀ ਵਾਰੀ ਅਨੁਸਾਰ ਦੇਸ਼ ਤੇ ਇਸਦੇ ਲੋਕਾਂ ਨੂੰ ਰੱਜ਼ ਕੇ ਲੁੱਟਿਆ।

    ਉਨ੍ਹਾਂ ਅੱਗੇ ਕਿਹਾ ਕਿ ਇਹ ਗੰਦਾ ਨਾਟਕ ਉਦੋਂ ਬੰਦ ਹੋ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਨੇ ਦੇਸ਼ ਦੀ ਰਾਜਨੀਤੀ ਦੇ ਕੇਂਦਰ ’ਚ ਕਦਮ ਰੱਖਿਆ, ਜੋ ਇਹ ਪਾਰਟੀਆਂ ਕਦੇ ਨਹੀਂ ਚਾਹੁੰਦੀਆਂ ਸਨ ਕਿ ਅਜਿਹਾ ਹੋਵੇ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਭਿ੍ਰਸ਼ਟਾਚਾਰ ਅਤੇ ਇਨ੍ਹਾਂ ਪਾਰਟੀਆਂ ਦੇ ਘਿਨਾਉਣੇ ਕਾਰਨਾਮਿਆਂ ਵਿਰੁੱਧ ਆਵਾਜ ਉਠਾਉਂਦਾ ਹੈ, ਉਸ ਨੂੰ ਇਨ੍ਹਾਂ ਦੀ ਬਦਲਾਖ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਿਨਾਂ ਕਿਸੇ ਕਾਰਨ ਜੇਲ੍ਹਾਂ ’ਚ ਡੱਕ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਭਿ੍ਰਸ਼ਟਾਚਾਰੀ ਲੋਕ, ਜਿਨ੍ਹਾਂ ਦੀਆਂ ਜੜ੍ਹਾਂ ਅਤੇ ਹਰ ਪਾਸੇ ਫੈਲੀਆਂ ਹੋਈਆਂ ਹਨ, ਇਮਾਨਦਾਰ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ’ਤੇ ਝੂਠੇ ਕੇਸ ਪਾਉਂਦੇ ਹਨ।

    ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਲੋਕਾਂ ਤੋਂ ਵੋਟਾਂ ਮੰਗਣ ਦੀ ਬਜਾਏ ਵੋਟਾਂ ਦਾ ਆਪਣਾ ਡੇਟਾਬੇਸ ਬਣਾ ਕੇ ਲੋਕਤੰਤਰ ਨੂੰ ਢਾਹ ਲਾਉਣ ਦੀ ਇੱਕ ਚਾਲ ਹੈ। ਜਨਤਾ ਅੱਗੇ ਹੱਥ ਜੋੜ ਕੇ ਉਨ੍ਹਾਂ ਤੋਂ ਵੋਟਾਂ ਮੰਗਣ ਦੀ ਬਜਾਏ, ਕੇਂਦਰ ਸਰਕਾਰ ਨੇ ਇਹ ਰਣਨੀਤੀ ਤਿਆਰ ਕੀਤੀ ਹੈ ਜਿੱਥੇ ਇਹਨਾਂ ਵੋਟਰਾਂ ਨੂੰ ਵਰਤੋਂ ਕਿਸੇ ਵੀ ਸੂਬੇ ’ਚ ਆਪਣੀ ਪਾਰਟੀ ਦੀ ਜਿੱਤ ਲਈ ਹੇਰਾਫੇਰੀ ਕਰਨ ਲਈ ਕੀਤੀ ਜਾਂਦੀ ਹੈ। ਇਹ ਦੇਸ਼, ਇਸਦੇ ਲੋਕਾਂ ਤੇ ਇੱਥੋਂ ਤੱਕ ਕਿ ਲੋਕਤੰਤਰ ਲਈ ਵੀ ਬੇਹੱਦ ਘਾਤਕ ਹੈ। ਭਾਰਤੀ ਆਜਾਦੀ ਸੰਗਰਾਮ ਦੇ ਨਾਇਕ ਕੇਂਦਰ ਦੇ ਇਸ ਵਤੀਰੇ ਤੋਂ ਨਾਰਾਜ ਹੋਏ ਹੋਣਗੇ।’ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਧੀ ਚੁਣੌਤੀ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, ‘ਜੇ ਤੁਸੀਂ ਰਾਜ ਕਰਨਾ ਚਾਹੁੰਦੇ ਹੋ ਤਾਂ ਠੀਕ ਹੈ।

    ਪਰ ਇਸ ਲਈ ਤੁਹਾਨੂੰ ਆਪਣੇ ਕੰਮ ਨਾਲ ਲੋਕਾਂ ਦਾ ਦਿਲ ਜਿੱਤਣਾ ਚਾਹੀਦਾ ਹੈ ਨਾ ਕਿ ਅਜਿਹੀਆਂ ਸੌੜੀਆਂ ਚਾਲਾਂ ਚੱਲਣੀਆਂ ਚਾਹੀਦੀਆਂ ਹਨ। ਦੇਸ਼ ’ਚ ਸਿੱਖਿਆ, ਸੜਕਾਂ, ਬਿਜਲੀ, ਸਿਹਤ ਖੇਤਰ, ਰੁਜਗਾਰ ਤੇ ਹੋਰ ਖੇਤਰਾਂ ’ਚ ਸੁਧਾਰ ਕਰਨ ਦੀ ਬਜਾਏ, ਭਾਜਪਾ ਨਫਰਤ ਅਤੇ ਵੰਡ ਦੇ ਆਪਣੇ ਏਜੰਡੇ ਨੂੰ ਉਤਸ਼ਾਹਿਤ ਕਰ ਰਹੀ ਹੈ। ਇਹ ਲੋਕਤੰਤਰੀ ਢਾਂਚੇ ਰਾਹੀਂ ਚੁਣੇ ਗਏ ਤਾਨਾਸ਼ਾਹ ਆਪਣੇ ਸਿਆਸੀ ਵਿਰੋਧੀਆਂ ’ਚ ਅਸਹਿਮਤੀ ਤੇ ਲਾਲਚ ਰਾਹੀਂ ਚੋਣ ਚਿੰਨ੍ਹਾਂ ਨੂੰ ਫ੍ਰੀਜ ਕਰਦੇ ਹਨ ਅਤੇ ਫਿਰ ਚੋਣਾਂ ’ਚ ਹੇਰਾਫੇਰੀ ਕਰਦੇ ਹਨ। ਨਿਸ਼ਾਨਾ ਸਾਧਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, “ਹਰ ਦੇਸ਼ ਭਗਤ ਚਾਹੁੰਦਾ ਹੈ।

    ਕਿ ਉਨ੍ਹਾਂ ਦਾ ਦੇਸ਼ ਮੋਹਰੀ ਬਣੇ ਤੇ ਮੋਦੀ-ਸ਼ਾਹ ਦੀ ਜੋੜੀ ਦੀਆਂ ਹੇਰਾਫੇਰੀਆਂ ਦਾ ਗਵਾਹ ਨਾ ਬਣੇ। ਕੇਂਦਰ ਵੱਲੋਂ ਦੇਸ਼ ਨੂੰ ਚਲਾਉਣ ਦੇ ਤਰੀਕਿਆਂ ਬਾਰੇ ਹਰ ਇਮਾਨਦਾਰ ਦੇਸ਼ ਵਾਸੀ ਵੱਲੋਂ ਇਤਰਾਜ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਦੇਸ਼ ਨੂੰ ਸੰਪਰਦਾਇਕ ਲੀਹਾਂ ’ਤੇ ਵੰਡਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਦੇ ਹੱਕ ਵਿੱਚ ਨਹੀਂ ਹੈ।’ ਭਗਵੰਤ ਸਿੰਘ ਮਾਨ ਨੇ ਕਿਹਾ, “ਇੱਕ ਗੁਲਦਸਤੇ ਵਿੱਚ ਕਈ ਤਰ੍ਹਾਂ ਦੇ ਫੁੱਲ ਹੁੰਦੇ ਹਨ ਜੋ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਉਹ ਇਸਨੂੰ ਦੇਖਣਾ ਪਸੰਦ ਕਰਦੇ ਹਨ। ਫੁੱਲਾਂ ਦੀ ਕਿਸਮ ਹਰ ਵਿਅਕਤੀਆਂ ਦੀਆਂ ਅੱਖਾਂ ਨੂੰ ਸਕੂਲ ਦਿੰਦੀ ਹੈ ਅਤੇ ਲੋਕ ਉਹਨਾਂ ਨੂੰ ਦੇਖਣ ਲਈ ਇਕੱਠੇ ਹੁੰਦੇ ਹਨ।

    ਪਰ ਜੇਕਰ ਸਿਰਫ ਇੱਕ ਕਿਸਮ ਦਾ ਫੁੱਲ ਹੋਵੇ ਤਾਂ ਇਕਸਾਰਤਾ ਪੈਦਾ ਹੁੰਦੀ ਹੈ। ਇਸੇ ਤਰ੍ਹਾਂ, ਦੇਸ਼ ਦੀ ਤਰੱਕੀ ਲਈ ਸਮਾਜ ’ਚ ਹਰ ਧਰਮ ਦੀ ਸਦਭਾਵਨਾਪੂਰਨ ਅਤੇ ਸ਼ਾਂਤੀਪੂਰਨ ਸਹਿ-ਹੋਂਦ ਬੇਹੱਦ ਅਹਿਮ ਹੈ।’ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, “ਅਰਵਿੰਦ ਕੇਜਰੀਵਾਲ ਇੱਕ ਅਜਿਹੇ ਵਿਅਕਤੀ ਹਨ ਜਿਹਨਾਂ ਨੇ ਸਖਤ ਮਿਹਨਤ ਅਤੇ ਲਗਨ ਨਾਲ ਦਿੱਲੀ ਦੀ ਨੁਹਾਰ ਬਦਲ ਦਿੱਤੀ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ’ਚ ਸੱਤਾ ਸੰਭਾਲੀ, ਤਾਂ ਸਾਲਾਨਾ ਬਜਟ 30,000 ਕਰੋੜ ਰੁਪਏ ਸੀ ਤੇ ਆਮ ਆਦਮੀ ਅਧੀਨ ਦਿਲੀ ਦਾ ਆਖਰੀ ਬਜਟ 66,000 ਕਰੋੜ ਰੁਪਏ ਸੀ।

    ਲੋਕਾਂ ਨੂੰ ਮੁਫਤ ਬਿਜਲੀ, ਵਿਸ਼ਵ ਪੱਧਰੀ ਸਕੂਲ, ਮੁਹੱਲਾ ਕਲੀਨਿਕ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ’ਤੇ ਇੱਕ-ਇੱਕ ਪੈਸਾ ਪੂਰੀ ਸਮਝਦਾਰੀ ਨਾਲ ਖਰਚ ਕੀਤਾ ਗਿਆ।’ ਭਗਵੰਤ ਸਿੰਘ ਮਾਨ ਨੇ ਕਿਹਾ, “ਅਰਵਿੰਦ ਕੇਜਰੀਵਾਲ ਦੇਸ਼ ਲਈ ਰੋਏ ਸਨ ਕਿਉਂਕਿ ਦੇਸ਼ ਦੀ ਹਾਲਤ ਹਰ ਗੁਜਰਦੇ ਦਿਨ ਨਾਲ ਬਦਤਰ ਹੁੰਦੀ ਜਾ ਰਹੀ ਹੈ। ਇੱਕ ਇਮਾਨਦਾਰ ਆਦਮੀ ਨਾਲ ਅਜਿਹਾ ਸਲੂਕ ਵਾਜਬ ਨਹੀਂ ਹੈ। ਅੱਜ ਭਾਰਤ ਨੂੰ ਪ੍ਰਚਲਿਤ ਮੁਸ਼ਕਲਾਂ ਤੋਂ ਬਾਹਰ ਕੱਢਣ ਲਈ ਸਿਰਫ ਦੇਸ਼ ਭਗਤੀ ਦੇ ਇੰਜਣ ਦੀ ਲੋੜ ਹੈ। ਸੱਤਾ ਵਿੱਚ ਬੈਠੇ ਲੋਕ ਦੇਸ਼ ਵਿੱਚ ਡਬਲ ਇੰਜਣ ਜਾਂ ਟਿ੍ਰਪਲ ਇੰਜਣ ਸਰਕਾਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਨ੍ਹਾਂ ਦੀ ਬਿਲਕੁੱਲ ਵੀ ਜ਼ਰੂਰਤ ਨਹੀਂ ਹੈ।’