ਪ੍ਰੀਖਿਆ ’ਤੇ ਚਰਚਾ | Examination
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜਦੋਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ‘ਮੇਰੇ ਪਿਆਰੇ ਪਰਿਵਾਰ ਵਾਲਿਓ’ ਕਹਿੰਦੇ ਹਨ ਤਾਂ ਇਸ ਦੇ ਮਾਇਨੇ ਵੱਡੇ ਹਨ। ਇਸ ਸੰਬੋਧਨ ਦੇ ਪ੍ਰਗਟੀਕਰਨ ਦਾ ਹੀ ਇੱਕ ਉਦਾਹਰਨ ਹੈ ‘ਪ੍ਰੀਖਿਆ ’ਤੇ ਚਰਚਾ’। ਪ੍ਰੀਖਿਆ ਕਾਰਨ ਪਿਛਲੇ ਕਈ ਦਹਾਕਿਆਂ ’ਚ ਵਿਦਿਆਰਥੀਆਂ ਦੀ ਮਨੋਸਥਿਤੀ ਗੰਭੀਰ ਤੌਰ ’ਤੇ ਪ੍ਰਭਾਵਿਤ ਹੁੰਦੀ ਰਹੀ ਹੈ। ਮਾਤਾ-ਪਿਤਾ, ਪਰਿਵਾਰ ਤੇ ਸਮਾਜਿਕ ਤੱਤਾਂ ਦੇ ਦਬਾਅ ਦੀ ਸਥਿਤੀ ’ਚ ਵਿਦਿਆਰਥੀਆਂ ਲਈ ਪ੍ਰੀਖਿਆ ਸਿਰਫ਼ ਪ੍ਰੀਖਿਆ ਨਹੀਂ ਰਹਿ ਗਈ ਹੈ, ਸਗੋਂ ਪ੍ਰੀਖਿਆ ਨੂੰ ਸਮਾਜ ’ਚ ਅਜਿਹਾ ਰੂਪ ਦੇ ਦਿੱਤਾ ਗਿਆ ਹੈ, ਜੋ ਕਿ ਇੱਕੋ-ਇੱਕ ਪੈਮਾਨਾ ਹੈ ਭਵਿੱਖ ਤੈਅ ਕਰਨ ਦਾ। (Examination)
ਪ੍ਰੀਖਿਆ ਦੇ ਤਣਾਅ | Examination
ਅਸੀਂ ਦੇਸ਼ ’ਚ ਅਜਿਹੀਆਂ ਗੰਭੀਰ ਘਟਨਾਵਾਂ ਵੀ ਦੇਖੀਆਂ ਜਦੋਂ ਕਥਿਤ ਤੌਰ ’ਤੇ ਵਿਸ਼ਵ ਪੱਧਰੀ ਸਕੂਲ ’ਚ ਵੱਡੀ ਜਮਾਤ ਦੇ ਇੱਕ ਬੱਚੇ ਨੇ ਇੱਕ ਛੋਟੇ ਬੱਚੇ ਦਾ ਕਤਲ ਸਿਰਫ਼ ਇਸ ਲਈ ਕਰ ਦਿੱਤਾ ਸੀ ਕਿਉਂਕਿ ਉਹ ਪ੍ਰੀਖਿਆ ਰੱਦ ਕਰਵਾਉਣਾ ਚਾਹੁੰਦਾ ਸੀ। ਜਾਣੇ-ਅਣਜਾਣੇ ’ਚ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਵਿਸ਼ੇ ਦੀ ਗੰਭੀਰਤਾ ਵੱਲੋਂ ਮੂੰਹ ਮੋੜਨਾ ਇਸ ਸਮੱਸਿਆ ਦੇ ਪਿੱਛੇ ਇੱਕ ਮੁੱਖ ਕਾਰਨ ਨਜ਼ਰ ਆਉਂਦਾ ਹੈ। ਸਾਡੇ ਸਾਹਮਣੇ ਬਹੁਤ ਪਹਿਲਾਂ ਤੋਂ ਹੀ ਅਜਿਹੇ ਉਦਾਹਰਨ ਆਉਂਦੇ ਹਨ ਜਿੱਥੇ ਬੱਚਿਆਂ ਨੇ ਪ੍ਰੀਖਿਆ ਦੇ ਤਣਾਅ ’ਚ ਆ ਕੇ ਆਪਣਾ ਜੀਵਨ ਸਮਾਪਤ ਕਰ ਲਿਆ ਹੈ।
ਪੁਰਾਣੇ ਜ਼ਮਾਨੇ ’ਚ ਪ੍ਰੀਖਿਆ ਨੂੰ ਅਜਿਹਾ ਰੂਪ ਦੇ ਦਿੱਤਾ ਗਿਆ, ਜਿਸ ਦੇ ਦਬਾਅ ’ਚ ਬੱਚੇ ਆਪਣੇ ਹੁਨਰ ਤੋਂ ਮੂੰਹ ਮੋੜ ਰਹੇ ਹਨ ਤੇ ਵਾਧੂ ਦਬਾਅ ਨਾਲ ਨਾ ਤਾਂ ਉਹ ਚੰਗੇ ਪ੍ਰੀਖਿਆਰਥੀ ਬਣ ਪਾ ਰਹੇ ਹਨ ਤੇ ਨਾ ਹੀ ਆਪਣੇ ਹੌਂਸਲੇ ਨੂੰ ਉੱਚਾ ਚੁੱਕ ਪਾ ਰਹੇ ਹਨ, ਜਿਸ ਦੀ ਦਰਕਾਰ ਕਿਸੇ ਵੀ ਸਮਾਜ ਦੇ ਵਿਕਾਸ ਦਾ ਅਧਾਰ ਹੈ। ਇਸ ਲਈ ਜ਼ਰੂਰੀ ਹੈ ਅਜਿਹੀ ਸੋਚ ਦੀ ਜੋ ਸਮਾਜ ’ਚ ਪ੍ਰੀਖਿਆ ਪ੍ਰਤੀ ਦ੍ਰਿਸ਼ਟੀਕੋਣ ’ਚ ਬਹੁਪੱਖੀ ਬਦਲਾਅ ਕਰੇ।
Also Read : World Watershed Day : ਸਿਹਤਮੰਦ ਰਾਸ਼ਟਰ ਲਈ ਜਲਗਾਹਾਂ ਦੀ ਸੁਰੱਖਿਆ ਤੇ ਗੁਣਵੱਤਾ ਜ਼ਰੂਰੀ
ਦੁਨੀਆ ਭਰ ਦੇ ਮਾਹਿਰਾਂ ਦੀ ਸਲਾਹ ਹੈ ਕਿ ਤਣਾਅ ਘੱਟ ਕਰਨ ਦਾ ਸਭ ਤੋਂ ਸਟੀਕ ਤਰੀਕਾ ਇਸ ਦੇ ਕਾਰਨਾਂ ’ਤੇ ਚਰਚਾ ਕਰਨਾ ਹੀ ਹੈ। ਤੇਜ਼ੀ ਨਾਲ ਬਦਲਦੇ ਸਮਾਜਿਕ ਮਾਹੌਲ ’ਚ ਸਿੰਗਲ ਪਰਿਵਾਰਾਂ ਦੇ ਇਸ ਯੁੱਗ ’ਚ ਮਾਤਾ-ਪਿਤਾ ਵੀ ਆਪਣੇ ਰੁਝੇਵੇਂ ਦੇ ਚੱਲਦੇ ਬੱਚਿਆਂ ਨੂੰ ਸਮਾਂ ਨਹੀਂ ਦੇ ਪਾ ਰਹੇ ਹਨ ਤਾਂ ਬੱਚਿਆਂ ਦੀ ਦੁਨੀਆ ਦਾ ਇਕੱਲਾਪਣ ਤੋੜਨ ਲਈ ਪ੍ਰੀਖਿਆ ਦੇ ਤਣਾਅ ’ਤੇ ਉਨ੍ਹਾਂ ਨਾਲ ਗੱਲਬਾਤ ਦੀ ਸ਼ੁਰੂਆਤ ਕਰਨਾ ਹੀ ਇੱਕ ਵੱਡੀ ਮਨੋ-ਸਮਾਜਿਕ ਚੁਣੋਤੀ ਬਣ ਗਈ ਸੀ।
ਉੱਤਮ ਅੰਕ ਲਿਆਉਣਾ ਹੀ ਇੱਕੋ-ਇੱਕ ਪੈਮਾਨਾ
ਪ੍ਰੀਖਿਆ ਦਾ ਦਬਾਅ ਪ੍ਰੀਖਿਆ ਨਾਲ ਨਹੀਂ ਸਗੋਂ ਉਨ੍ਹਾਂ ਇੱਛਾਵਾਂ ਨਾਲ ਪੈਦਾ ਹੁੰਦਾ ਹੈ ਜੋ ਪਰਿਵਾਰਕ ਮੈਂਬਰਾਂ ਤੇ ਸਮਾਜ ਵੱਲੋਂ ਬੱਚਿਆਂ ’ਤੇ ਥੋਪੀਆਂ ਜਾਂਦੀਆਂ ਹਨ। ਬੱਚਿਆਂ ਦੇ ਦਿਮਾਗ ’ਚ ਬੱਸ ਇੱਕ ਹੀ ਗੱਲ ਭਰ ਦਿੱਤੀ ਜਾਂਦੀ ਹੈ ਕਿ ਪ੍ਰੀਖਿਆ ’ਚ ਉੱਤਮ ਅੰਕ ਲਿਆਉਣਾ ਹੀ ਇੱਕੋ-ਇੱਕ ਪੈਮਾਨਾ ਹੈ ਉਨ੍ਹਾਂ ਦੇ ਹੁਨਰ ਨੂੰ ਪਰਖਣ ਦਾ। ਇਸ ਲਈ ਬੱਚਿਆਂ ’ਤੇ ਪੜ੍ਹਾਈ ਦੇ ਨਾਲ-ਨਾਲ ਇੱਛਾਵਾਂ ਦਾ ਵਾਧੂ ਬੋਝ ਇੱਕ ਅਜਿਹੇ ਵਾਤਾਵਰਨ ਦਾ ਨਿਰਮਾਣ ਕਰਦਾ ਹੈ ਜੋ ਬੱਚਿਆਂ ਦਾ ਹੁਨਰ ਵਧਣ-ਫੁੱਲਣ ਤੋਂ ਰੋਕਦਾ ਹੈ।
ਜਿੰਮੇਵਾਰੀ ਪ੍ਰਧਾਨ ਮੰਤਰੀ ਨੇ ਚੁੱਕੀ
ਇਸ ਲਈ ਸੰਵੇਦਨਸ਼ੀਲ ਪ੍ਰਧਾਨ ਮੰਤਰੀ ਖੁਦ ਅੱਗੇ ਆਏ ਤੇ ਸੰਵਾਦ ਕਰਨ ਦੇ ਆਪਣੇ ਅਨੋਖੇ ਹੁਨਰ ਦਾ ਇਸਤੇਮਾਲ ਉਨ੍ਹਾਂ ਨੇ ਦੇਸ਼ ਦੇ ਬੱਚਿਆਂ ਦੀ ਸਭ ਤੋਂ ਵੱਡੀ ਸਮੱਸਿਆ ਹੱਲ ਕਰਨ ਲਈ ਕੀਤਾ। ਦੇਸ਼ ਦੇ ਬੱਚਿਆਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਬਚਾਉਣ ਦੀ ਜਿੰਮੇਵਾਰੀ ਪ੍ਰਧਾਨ ਮੰਤਰੀ ਨੇ ਚੁੱਕੀ ਹੈ। ਸਾਲ-ਦਰ-ਸਾਲ ਪ੍ਰੀਖਿਆ ’ਤੇ ਚਰਚਾ ਜ਼ਰੀਏ ਉਹ ਦੇਸ਼ ’ਚ ਅਜਿਹਾ ਵਾਤਾਵਰਨ ਤਿਆਰ ਕਰ ਰਹੇ ਹਨ ਜਿੱਥੇ ਪ੍ਰੀਖਿਆ ਨਹੀਂ ਬੱਚਿਆਂ ਦੇ ਹੁਨਰ ਨੂੰ ਨਿਖਾਰਨ ਦੇ ਕੰਮ ’ਤੇ ਜ਼ੋਰ ਦਿੱਤਾ ਜਾਵੇ।
ਪ੍ਰਿਅੰਕ ਕਾਨੂੰਗੋ