ਸੈਕੰਡਰੀ ਸਕੂਲਾਂ ਦੇ 19.61 ਲੱਖ ਵਿਦਿਆਰਥੀਆਂ ਨੇ ਦਿੱਤਾ ਭਰਵਾਂ ਹੁੰਗਾਰਾ
ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਸਕੂਲ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਤੋਂ ਪਹਿਲਾਂ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਹਿੱਤ ਚਲਾਈ ਗਈ ਮੁਹਿੰਮ ਪੰਜਾਬ ਅਚੀਵਮੈਂਟ ਸਰਵੇ ਦੀ ਸਫਲਤਾ ਲਈ ਵਿਭਾਗ ਦੀ ਹਰ ਕੜੀ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਪੰਜਾਬ ਪ੍ਰਾਪਤੀ ਸਰਵੇਖਣ ਲਈ ਲਏ ਗਏ ਸੈਕੰਡਰੀ ਜਮਾਤਾਂ ਦੇ ਟੈਸਟ ‘ਚ 19.61 ਲੱਖ ਵਿਦਿਆਰਥੀਆਂ (ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ) ਨੇ ਹਿੱਸਾ ਲਿਆ। ਜਿੰਨ੍ਹਾਂ ‘ਚ ਛੇਵੀਂ ਤੋਂ ਦਸਵੀਂ ਤੱਕ ਦੇ 15.32 ਲੱਖ, ਗਿਆਰ੍ਹਵੀਂ ਅਤੇ ਬਾਰ੍ਹਵੀਂ 4.29 ਲੱਖ ਵਿਦਿਆਰਥੀ ਸ਼ਾਮਲ ਸਨ।
ਜਮਾਤਵਾਰ ਸ਼ਮੂਲੀਅਤ ਤਹਿਤ ਇਸ ਸਰਵੇਖਣ ਵਿੱਚ ਛੇਵੀਂ ਦੇ 242205, ਸੱਤਵੀਂ ਦੇ 251200, ਅੱਠਵੀਂ ਦੇ 258042, ਨੌਵੀਂ ਦੇ 388707 ਅਤੇ ਦਸਵੀਂ ਦੇ 392643 ਵਿਦਿਆਰਥੀਆਂ ਨੇ ਟੈਸਟ ਵਿੱਚ ਭਾਗ ਲਿਆ। ਬਾਰ੍ਹਵੀਂ ਦੇ ਇਤਿਹਾਸ ਦੇ ਵਿਸ਼ੇ ਵਿੱਚ 102807, ਰਾਜਨੀਤਿਕ ਸ਼ਾਸ਼ਤਰ ਵਿਸ਼ੇ ਵਿੱਚ 91891, ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ੇ ਦੇ 38538 ਵਿਦਿਆਰਥੀਆਂ ਨੇ ਭਾਗ ਲਿਆ। ਇਸੇ ਤਰ੍ਹਾਂ ਗਿਆਰ੍ਹਵੀਂ ਦੇ ਇਤਿਹਾਸ ਵਿਸ਼ੇ ਵਿੱਚ 100843, ਅਰਥਸ਼ਾਸ਼ਤਰ ਵਿਸ਼ੇ ਵਿੱਚ 52934, ਮੈਡੀਕਲ ਨਾਨ-ਮੈਡੀਕਲ ਵਿੱਚ 48147 ਵਿਦਿਆਰਥੀਆਂ ਨੇ ਭਾਗ ਲਿਆ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਰਾਜ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲਾਂ, ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ ਅਤੇ ਸਕੂਲ ਮੁਖੀਆਂ ਨਾਲ ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਚੰਗੇ ਨਤੀਜਿਆਂ ਲਈ ਲਗਾਤਾਰ ਆਨਲਾਈਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਕਤ ਅਧਿਕਾਰੀਆਂ ਤੋਂ ਸਰਵੇ ਦੀ ਸਫਲਤਾ ਲਈ ਸੁਝਾਅ ਲਏ ਜਾ ਰਹੇ ਹਨ ਅਤੇ ਉਨ੍ਹਾਂ ‘ਤੇ ਅਮਲ ਕੀਤਾ ਜਾ ਰਿਹਾ ਹੈ। ਜਿੰਨ੍ਹਾਂ ਦੀ ਬਦੌਲਤ ਹੀ ਪਹਿਲਾਂ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਵੱਡਾ ਹੁੰਗਾਰਾ ਦਿੱਤਾ ਤੇ ਹੁਣ ਸੈਕੰਡਰੀ, ਹਾਈ ਤੇ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਉਤਸ਼ਾਹਜਨਕ ਹੁੰਗਾਰਾ ਦਿੱਤਾ ਹੈ।
ਉਪਰੋਕਤ ਸਰਗਰਮੀਆਂ ਸਬੰਧੀ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਧਿਆਪਕ ਮਿਹਨਤ ਨਾਲ ਤਿਆਰ ਕੀਤੇ ਸਿੱਖਣ ਪਰਿਣਾਮਾਂ ਦੇ ਸਵਾਲਾਂ ਵਿੱਚੋਂ ਰਿਸੋਰਸ ਪਰਸਨਜ਼ ਦੀ ਸਹਾਇਤਾ ਨਾਲ ਨਿਰਧਾਰਿਤ ਮਾਪਦੰਡਾਂ ਵਾਲੇ ਪ੍ਰਸ਼ਾਨਾਂ ਨੂੰ ਕੁਇਜ਼ ਜਾਂ ਪ੍ਰਸ਼ਨ-ਪੱਤਰਾਂ ਦੇ ਰੂਪ ਵਿੱਚ ਵਿਦਿਆਰਥੀਆਂ ਦੀ ਦੁਹਰਾਈ ਕਰਵਾਉਣ ਲਈ ਉਨ੍ਹਾਂ ਨੂੰ ਮਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਦੁਆਰਾ ਮਾਪਿਆਂ ਨਾਲ ਆਨ-ਲਾਈਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਸਕੂਲ ਮੁਖੀਆਂ ਦੁਆਰਾ ਜਨਤਕ ਸਥਾਨਾਂ ਰਾਹੀਂ ਪੰਜਾਬ ਪ੍ਰਾਪਤੀ ਸਰਵੇਖਣ ਸਬੰਧੀ ਅਨਾਊਂਸਮੈਂਟਾਂ ਅਤੇ ਫਲੈਕਸਾਂ ਰਾਹੀਂ ਸ਼ਲਾਘਾਯੋਗ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਵੇਖਣ ਦੀ ਸਫਲਤਾ ਲਈ ਸਕੂਲ ਮੈਨੇਜਮੈਂਟ ਕਮੇਟੀਆਂ, ਜੀ.ਓ.ਜੀ., ਡਾਇਟ ਪ੍ਰਿੰਸੀਪਲ, ਈ.ਟੀ.ਟੀ. ਜਾਂ ਬੀ.ਐੱਡ. ਦੀ ਪੜ੍ਹਾਈ ਕਰ ਰਹੇ ਸਿਖਿਆਰਥੀਆਂ ਨੂੰ ਵੀ ਆਪਣੇ ਪਿੰਡਾਂ, ਸ਼ਹਿਰਾਂ ਜਾਂ ਕਸਬਿਆਂ ਦੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਰਗਰਮੀਆਂ ਦਾ ਹਿੱਸਾ ਬਣਾਇਆ ਗਿਆ ਹੈ। ਇਸ ਮਿਸ਼ਨ ਲਈ ਵਿਦਿਆਰਥੀਆਂ ਦੇ ਬਡੀ ਗਰੁੱਪ ਬਣਾਉਣ ਲਈ ਵੀ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਦਸਵੀਂ, ਗਿਆਰ੍ਹਵੀ ਅਤੇ ਬਾਰ੍ਹਵੀਂ ਜਮਾਤਾਂ ਦੇ ਬੱਚਿਆਂ ਲਈ ਪੰਜਾਬ ਪ੍ਰਾਪਤੀ ਸਰਵੇਖਣ ਸਬੰਧੀ ਤਿਆਰੀ ਉਨ੍ਹਾਂ ਲਈ ਮੁਕਾਬਲਿਆਂ ਦੀ ਪ੍ਰੀਖਿਆਵਾਂ ‘ਚ ਵੀ ਲਾਹੇਵੰਦ ਰਹੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.