ਆਪ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਵੱਲੋਂ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿਖੇ ਅੱਜ ਚੁੱਕੀ ਜਾਵੇਗੀ ਸਹੁੰ
- ਬੱਸਾਂ, ਕਾਰਾਂ, ਗੱਡੀਆਂ ਸਮੇਤ ਹਜਾਰਾਂ ਸਾਧਨਾਂ ਰਾਹੀਂ ਪੁੱਜਣਗੇ ਪੰਜਾਬੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਵਜੋਂ ਭਗਵੰਤ ਸਿੰਘ ਮਾਨ (Bhagwant Mann) ਵੱਲੋਂ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿੱਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। 16 ਮਾਰਚ ਨੂੰ ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਆਗੂਆਂ ਵੱਲੋਂ ਤਿਆਰੀਆਂ ਖਿੱਚੀਆਂ ਹੋਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਹਰ ਇੱਕ ਵਿਧਾਨ ਸਭਾ ਹਲਕੇ ਵਿੱਚੋਂ ਇੱਕ ਹਜਾਰ ਤੋਂ ਵੱਧ ਪਾਰਟੀ ਵਰਕਰਾਂ ਵੱਲੋਂ ਵੱਖ-ਵੱਖ ਸਾਧਨਾਂ ਰਾਹੀਂ ਸ਼ਹੀਦਾਂ ਦੀ ਧਰਤੀ ’ਤੇ ਪੁੱਜਿਆ ਜਾ ਰਿਹਾ ਹੈ।
ਇੱਧਰ ਬਜਾਰਾਂ ਵਿੱਚ ਅੱਜ ਬਸੰਤੀ ਰੰਗੀਆਂ ਪੱਗਾਂ ਅਤੇ ਚੁੰਨੀਆਂ ਦੀ ਜੰਮ ਕੇ ਖਰੀਦਦਾਰੀ ਕਰਨ ਦੀਆਂ ਵੀ ਖ਼ਬਰਾਂ ਹਨ।
ਜਾਣਕਾਰੀ ਅਨੁਸਾਰ ਸੂਬੇ ਅੰਦਰ ਪਹਿਲੀ ਵਾਰ ਤੀਜੀ ਧਿਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵਜੋਂ ਭਗਵੰਤ ਸਿੰਘ ਮਾਨ ਵੱਲੋਂ ਖਟਕੜ ਕਲਾਂ ਵਿੱਚ ਸਹੁੰ ਚੁੱਕੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਇਸ ਲਾਮਿਸਾਲ ਜਿੱਤ ਦੇ ਹੀਰੋ ਭਗਵੰਤ ਮਾਨ ਹੀ ਹਨ, ਜਿਨ੍ਹਾਂ ਦੀ ਮਿਹਨਤ ਸਦਕਾ ਹੀ ਪੰਜਾਬ ਦੀਆਂ ਰਵਾਇਤੀਆਂ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਲੋਕਾਂ ਨੇ ਘਰ ਬਿਠਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਦਾਅਵਾ ਹੈ ਕਿ ਪੰਜਾਬ ਭਰ ’ਚੋਂ ਖਟਕੜ ਕਲਾਂ ਵਿਖੇ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਪੁੱਜ ਰਹੇ ਹਨ, ਜਿਸ ਸਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਜ਼ਿਲ੍ਹਾ ਪਟਿਆਲਾ ਤੋਂ 8 ਹਜਾਰ ਤੋਂ ਵੱਧ ਨੌਵਜਾਨ ਵਰਕਰ ਅਤੇ ਆਗੂ ਰਵਾਨਾ ਹੋਣਗੇ
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਰ ਹਲਕੇ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਛੋਟੇ-ਵੱਡੇ ਵਾਹਨ ਤਿਆਰ ਕੀਤੇ ਹੋਏ ਹਨ। ਜ਼ਿਲ੍ਹਾ ਪਟਿਆਲਾ ਅੰਦਰੋਂ ਵੀ ਸਹੁੰ ਚੱਕ ਸਮਾਗਮ ਲਈ 8 ਹਜਾਰ ਤੋਂ ਵੱਧ ਨੌਵਜਾਨ ਵਰਕਰ ਅਤੇ ਆਗੂ ਰਵਾਨਾ ਹੋਣਗੇ। ਪਤਾ ਲੱਗਾ ਹੈ ਕਿ ਜ਼ਿਲ੍ਹੇ ਦੇ ਹਰ ਵਿਧਾਨ ਸਭਾ ਹਲਕੇ ਅੰਦਰੋਂ ਇੱਕ-ਇੱਕ ਹਜਾਰ ਤੋਂ ਜਿਆਦਾ ਵਿਅਕਤੀਆਂ ਵੱਲੋਂ ਬੱਸਾਂ, ਕਾਰਾਂ ਸਮੇਤ ਹੋਰ ਸਾਧਨਾਂ ਰਾਹੀਂ ਇਸ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਆਗੂਆਂ ਤੇਜਿੰਦਰ ਮਹਿਤਾ ਅਤੇ ਮੇਘ ਚੰਦ ਸੇਰਮਾਜਰਾ ਦਾ ਕਹਿਣਾ ਹੈ ਕਿ ਪਟਿਆਲਾ ਦੇ ਅੱਠਾਂ ਵਿਧਾਨ ਸਭਾ ਹਲਕਿਆਂ ਵਿੱਚੋਂ ਹੀ ਲਗਭਗ 10 ਹਜਾਰ ਦੇ ਕਰੀਬ ਆਪ ਦੇ ਵਰਕਰ ਤੇ ਆਗੂ ਪੁੱਜਣਗੇ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਤੋਂ ਸਹੁੰ ਚੁੱਕਣਾ ਇਤਿਹਾਸਕ ਪਲ ਹੈ, ਜਿਸ ਨੂੰ ਕੋਈ ਵੀ ਪੰਜਾਬੀ ਮਿਸ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰੋਂ ਸੈਕੜਿਆਂ ਦੀ ਗਿਣਤੀ ਵਿੱਚ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਪਟਿਆਲਾ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਅੱਠਾਂ ਵਿਧਾਇਕਾਂ ਵੱਲੋਂ ਵੀ ਆਪਣੇ ਵੱਡੀ ਗਿਣਤੀ ਵਿੱਚ ਵਰਕਰਾਂ ਨਾਲ ਸ਼ਾਮਲ ਹੋਇਆ ਜਾ ਰਿਹਾ ਹੈ।
ਬਸੰਤੀ ਰੰਗ ਦੀ ਵਧਣ ਲੱਗੀ ਮੰਗ
ਇੱਧਰ ਪੰਜਾਬ ਦੇ ਮੁੰਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਬਸੰਤੀ ਰੰਗੀ ਪੱਗਾਂ ਬੰਨਕੇ ਅਤੇ ਚੁੰਨੀਆਂ ਲੈ ਕੇ ਆਉਣ ਦੇ ਦਿੱਤੇ ਸੱਦੇ ਤਹਿਤ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਇਸ ਰੰਗ ਦੀਆਂ ਪੱਗਾਂ ਆਦਿ ਖਰੀਦੀਆਂ ਗਈਆਂ। ਕਈ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਇਸ ਕੱਪੜੇ ਦੀ ਮੰਗ ਕਾਫ਼ੀ ਵਧੀ ਹੈ। ਉਨ੍ਹਾਂ ਦੱਸਿਆ ਕਿ ਬਸੰਤੀ ਰੰਗ ਦੇ ਕੱਪੜੇ ਨੂੰ ਲੈ ਕੇ ਕਾਫ਼ੀ ਖਿੱਚ ਪਾਈ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ