ਮਾਣੋ ਅਨੰਦ ਜ਼ਿੰਦਗੀ ਦਾ

Enjoy Life Sachkahoon

ਮਾਣੋ ਅਨੰਦ ਜ਼ਿੰਦਗੀ ਦਾ

ਜ਼ਿੰਦਗੀ ਮਹਿਜ਼ ਤਿੰਨ ਅੱਖਰਾਂ ਅਤੇ ਕੁਝ ਲਗਾਂ-ਮਾਤਰਾਂ ਨਾਲ ਸ਼ਿੰਗਾਰਿਆ ਇੱਕ ਸ਼ਬਦ ਹੀ ਨਹੀਂ ਬਲਕਿ ਆਪੇ ਦੀ ਬੁੱਕਲ ਵਿਚ ਡੂੰਘੇ ਅਰਥ ਸਮੋਈ ਬੈਠੀ ਹੈ। ਹਰ ਵਿਅਕਤੀ ਜ਼ਿੰਦਗੀ ਨੂੰ ਆਪੋ-ਆਪਣੇ ਨਜ਼ਰੀਏ ਨਾਲ ਵੇਖਦਾ ਹੈ। ਕੋਈ ਸਮਝਦਾ ਹੈ ਕਿ ਜ਼ਿੰਦਗੀ ਇੱਕ ਖੇਡ ਹੈ ਅਤੇ ਕੋਈ ਇਸ ਨੂੰ ਪਰਮਾਤਮਾ ਦੁਆਰਾ ਮਿਲਿਆ ਹੋਇਆ ਤੋਹਫਾ ਮੰਨਦਾ ਹੈ। ਕਿਸੇ ਦੀ ਨਜ਼ਰ ਵਿਚ ਇਹ ਜੀਵਨ ਯਾਤਰਾ ਹੈ ਜਿਸ ਵਿਚ ਗਮ, ਖੇੜੇ, ਅਨੁਭਵ, ਕਲਪਨਾ, ਲੋਭ, ਲਾਲਚ ਖੁਦਗਰਜ਼ੀ, ਨਫਰਤ ਅਤੇ ਪਿਆਰ ਆਦਿ ਜਜ਼ਬਾਤਾਂ ਦਾ ਕਾਫਲਾ ਨਿਰਵਿਘਨ ਚੱਲਦਾ ਰਹਿੰਦਾ ਹੈ।

ਜਿਸ ਨਜ਼ਰੀਏ ਨਾਲ ਅਸੀਂ ਜੀਵਨ ਨੂੰ ਵੇਖਦੇ ਹਾਂ ਉਸੇ ਤਰ੍ਹਾਂ ਦਾ ਇਹ ਮਹਿਸੂਸ ਹੋਣ ਲੱਗਦਾ ਹੈ। ਰੋ ਕੇ ਜਿਊਣ ਨਾਲ ਜ਼ਿੰਦਗੀ ਦੁਖਦਾਈ ਪਲਾਂ ਦੀ ਇੱਕ ਲੰਮੀ ਮਾਲਾ ਲੱਗਦੀ ਹੈ ਪਰ ਹੱਸ ਕੇ ਜਿਊਣ ਨਾਲ ਇਹ ਕਦੋਂ ਪੂਰੀ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ।ਅਜੋਕਾ ਮਨੁੱਖ ਗਿਆਨ ਦੇ ਸਾਗਰ ਵਿਚ ਡੁੱਬ ਕੇ ਵੀ ਹਨੇ੍ਹਰੇ ਵਿਚ ਹੀ ਗੋਤੇ ਖਾਈ ਜਾ ਰਿਹਾ ਹੈ। ਉਹ ਸਿਰਫ ਦੌੜ ਰਿਹਾ ਹੈ ਕਦੇ ਸਫਲਤਾ ਪਿੱਛੇ, ਕਦੇ ਦੂਸਰਿਆਂ ਪਿੱਛੇ ਤੇ ਕਦੇ ਆਪਣੀਆਂ ਲਾਲਸਾਵਾਂ ਪਿੱਛੇ। ਇਸ ਤਰ੍ਹਾਂ ਉਹ ਜੀਵਨ ਦੇ ਅਸਲੀ ਮਕਸਦ ਤੋਂ ਭਟਕ ਰਿਹਾ ਹੈ। ਉਹ ਜ਼ਿੰਦਗੀ ਜਿਉਂ ਤਾਂ ਰਿਹਾ ਹੈ ਪਰ ਇਸ ਨੂੰ ਮਾਣ ਨਹੀਂ ਰਿਹਾ। ਜ਼ਿੰਦਗੀ ਸਾਡੇ ਅਨੁਸਾਰ ਹੀ ਚੱਲੇ ਇਹ ਕਦੇ ਨਹੀਂ ਹੋ ਸਕਦਾ ਪਰ ਕੁਝ ਹੱਦ ਤੱਕ ਜ਼ਿੰਦਗੀ ਨੂੰ ਮਾਣਨਾ ਸਾਡੇ ’ਤੇ ਵੀ ਨਿਰਭਰ ਕਰਦਾ ਹੈ। ਸਿਆਣੇ ਕਹਿੰਦੇ ਹਨ ਕਿ ਜ਼ਿੰਦਗੀ ਇੱਕ ਪੰਛੀ ਵਾਂਗ ਹੈ ਪਤਾ ਨਹੀਂ ਕਿਸ ਵੇਲੇ ਉੱਡ ਜਾਵੇ। ਜਿਸ ਦਿਨ ਅਸੀਂ ਆਪਣੀ ਖੁਸ਼ੀ ਦੇ ਮਾਨਕ ਖੁਦ ਬਣ ਜਾਵਾਂਗੇ, ਉਸ ਦਿਨ ਤੋਂ ਬਾਅਦ ਅਨੰਦਮਈ ਜ਼ਿੰਦਗੀ ਬਤੀਤ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ।

ਜ਼ਿੰਦਗੀ ਦਾ ਅਨੰਦ ਮਾਣਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ-ਆਪ ਤੋਂ ਜਾਣੂੰ ਹੋਈਏ। ਜ਼ਿੰਦਗੀ ਨੂੰ ਉਹੀ ਮਾਣ ਸਕਦੇ ਹਨ ਜੋ ਆਪਣੇ ਜਨਮ ਅਤੇ ਮੌਤ ਵਿਚਲੇ ਸਮੇਂ ਨੂੰ ਭਰਪੂਰ ਹਾਸੇ ਤੇ ਪ੍ਰੇਮ ਨਾਲ ਭਰ ਦੇਣ ਕਿਉਂਕਿ ਪ੍ਰੇਮ ਅਤੇ ਹੱਸਣਾ ਅਜਿਹੀਆਂ ਭਾਵਨਾਵਾਂ ਹਨ ਜੋ ਵਿਅਕਤੀ ਨੂੰ ਅੰਦਰੂਨੀ ਤੌਰ ’ਤੇ ਖੁਸ਼ਹਾਲ ਹੋਣ ਵੱਲ ਇਸ਼ਾਰਾ ਕਰਦੀਆਂ ਹਨ। ਜ਼ਿੰਦਗੀ ਵਿਚ ਬੁਰੇ ਹਾਲਾਤਾਂ ਨੂੰ ਪਾਰ ਕਰਨ ਤੋਂ ਬਿਨਾ ਕੋਈ ਵੀ ਮਨੁੱਖ ਜ਼ਿੰਦਗੀ ਦੀਆਂ ਉੱਚਾਈਆਂ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਜ਼ਿੰਦਗੀ ਵਿਚ ਆਈਆਂ ਮੁਸ਼ਕਲਾਂ ਬਾਰੇ ਜ਼ਿਆਦਾ ਨਾ ਸੋਚੋ ਬਲਕਿ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹੋ। ਸਿਆਣੇ ਕਹਿੰਦੇ ਹਨ: ਜ਼ਿੰਦਗੀ ਵਿਚ ਆਈਆਂ ਮੁਸ਼ਕਲਾਂ ਕੇਵਲ ਪਰਮਾਤਮਾ ਵੱਲੋਂ ਆਪ ਨੂੰ ਦਿੱਤੇ ਗਏ ਕੁਝ ਟੈਸਟ ਪੇਪਰ ਹੁੰਦੇ ਹਨ, ਸਿਰਫ ਇਹ ਵੇਖਣ ਲਈ ਕਿ ਜ਼ਿੰਦਗੀ ਵਿਸ਼ੇ ਬਾਰੇ ਤੁਸੀਂ ਕਿੰਨਾ ਕੁ ਸਿੱਖਿਆ ਹੈ। ਜੇਕਰ ਫੇਲ੍ਹ ਹੋ ਗਏ ਤਾਂ ਇਸ ’ਤੇ ਮੁੜ ਵਿਚਾਰ ਕਰੋ ਅਤੇ ਅੱਗੇ ਵਧੋ।

ਲਾਪਰਵਾਹੀ ਨਹੀਂ ਬੇਫਿਕਰੀ ਜ਼ਿੰਦਗੀ ਦਾ ਖੂਬਸੂਰਤ ਗਹਿਣਾ ਹੈ। ਜ਼ਿੰਦਗੀ ਵਿਚ ਸੁਖ ਵੀ ਬਹੁਤ ਹਨ ਅਤੇ ਪਰੇਸ਼ਾਨੀਆਂ ਵੀ ਬਹੁਤ ਹਨ। ਲਾਭ ਵੀ ਹਨ ਅਤੇ ਹਾਨੀਆਂ ਵੀ। ਇਹ ਕਦੇ ਨਾ ਸੋਚੋ ਕਿ ਪਰਮਾਤਮਾ ਨੇ ਗ਼ਮ ਸਾਡੀ ਝੋਲੀ ਵਿਚ ਪਾਏ ਹਨ ਬਲਕਿ ਇਹ ਵੀ ਯਾਦ ਰੱਖੋ ਕਿ ਪਰਮਾਤਮਾ ਦੀਆਂ ਮਿਹਰਬਾਨੀਆਂ ਵੀ ਸਾਡੇ ’ਤੇ ਬਹੁਤ ਹਨ। ਇਹ ਮੁਮਕਿਨ ਨਹੀਂ ਕਿ ਜ਼ਿੰਦਗੀ ਹਰ ਵਕਤ ਸਾਡੇ ’ਤੇ ਮਿਹਰਬਾਨ ਹੀ ਰਹੇ, ਜ਼ਿੰਦਗੀ ਦੇ ਕੁਝ ਪਲ ਸਾਨੂੰ ਤਜ਼ਰਬਾ ਵੀ ਸਿਖਾਉਂਦੇ ਹਨ।

ਜ਼ਿੰਦਗੀ ਦਾ ਅਨੰਦ ਲੈਣ ਲਈ ਦੋ ਸ਼ਕਤੀਆਂ ਦੀ ਜ਼ਰੂਰਤ ਹੁੰਦੀ ਹੈ, ਇੱਕ ਸਹਿਣਸ਼ਕਤੀ ਅਤੇ ਦੂਸਰੀ ਸਮਝ-ਸ਼ਕਤੀ। ਜਿਸ ਵਿਅਕਤੀ ਕੋਲ ਇਹ ਦੋਵੇਂ ਸ਼ਕਤੀਆਂ ਭਰਪੂਰ ਮਾਤਰਾ ਵਿਚ ਪ੍ਰਾਪਤ ਹਨ ਉਸ ਨੂੰ ਜ਼ਿੰਦਗੀ ਮਾਣਨ ਤੋਂ ਕੋਈ ਨਹੀਂ ਰੋਕ ਸਕਦਾ। ਜੋ ਕੁਝ ਵੀ ਜ਼ਿੰਦਗੀ ਵਿਚ ਤੁਹਾਡੀ ਮਰਜੀ ਨਾਲ ਨਹੀਂ ਹੋ ਰਿਹਾ ਉਹ ਪਰਮਾਤਮਾ ਦੀ ਮਰਜੀ ਦਾ ਹੋ ਰਿਹਾ ਹੁੰਦਾ ਹੈ ਅਤੇ ਜੋ ਵੀ ਪਰਮਾਤਮਾ ਦੀ ਮਰਜ਼ੀ ਨਾਲ ਹੋਵੇ ਉਹ ਕਦੇ ਗਲਤ ਨਹੀਂ ਹੁੰਦਾ। ਇਸ ਲਈ ਕਦੇ ਵੀ ਨਿਰਾਸ਼ ਨਾ ਹੋਵੋ ਅਤੇ ਜ਼ਿੰਦਗੀ ਦੇ ਰੰਗ ਕਦੇ ਵੀ ਫਿੱਕੇ ਨਾ ਪੈਣ ਦਿਓ। ਕਹਿੰਦੇ ਹਨ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂਅ ਹੈ ਭਾਵ ਜ਼ਿੰਦਗੀ ਕੱਟਣੀ ਨਹੀਂ ਸਗੋਂ ਮਾਣਨੀ ਚਾਹੀਦੀ ਹੈ। ਜ਼ਿਆਦਾਤਰ ਲੋਕ ਮੋਹ-ਲੋਭ ਵਿਚ ਫਸ ਕੇ ਜੀਵਨ ਦਾ ਅਨੰਦ ਮਾਣਨ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜ਼ਿੰਦਗੀ ਦੀਆਂ ਖੁਸ਼ੀਆਂ-ਖੇੜੇ ਐਵੇਂ ਨਹੀਂ ਸਗੋਂ ਛੋਟੀਆਂ-ਛੋਟੀਆਂ ਚੀਜ਼ਾਂ ਵਿਚੋਂ ਲੱਭੇ ਜਾ ਸਕਦੇ ਹਨ, ਇਸ ਲਈ ਇਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਕੁਝ ਨਜ਼ਰਅੰਦਾਜ਼ ਕਰ ਕੇ ਅਤੇ ਕੁਝ ਭੁੱਲ-ਭੁਲਾ ਕੇ।

ਆਪਣੇ ਸੁਫ਼ਨਿਆਂ ਨੂੰ ਕਦੇ ਵੀ ਮਰਨ ਨਾ ਦਿਓ। ਇਨ੍ਹਾਂ ਦੀ ਪੂਰਤੀ ਲਈ ਇਕਾਗਰਤਾ ਨਾਲ ਯਤਨ ਕਰਦੇ ਰਹੋ ਨਹੀਂ ਤਾਂ ਜ਼ਿੰਦਗੀ ’ਚ ਪਛਤਾਵੇ ਦੀਆਂ ਸੂਲਾਂ ਚੁਭਦੀਆਂ ਰਹਿਣਗੀਆਂ।ਵਕਤ ਨਾ ਲਗਾਓ ਇਹ ਤੈਅ ਕਰਨ ’ਚ ਕਿ ਤੁਸੀਂ ਕੀ ਕਰਨਾ ਹੈ ਨਹੀਂ ਤਾਂ ਵਕਤ ਤੈਅ ਕਰ ਲੈਂਦਾ ਹੈ ਕਿ ਉਸ ਨੇ ਕੀ ਕਰਨਾ ਹੈ। ਕਿਸੇ ਕੋਲੋਂ ਬਦਲਾ ਲੈਣ ’ਚ ਹੀ ਆਪਣਾ ਸਮਾਂ ਨਾ ਗੁਆਓ। ਜਿਨ੍ਹਾਂ ਲੋਕਾਂ ਨੇ ਤੁਹਾਡਾ ਦਿਲ ਦੁਖਾਇਆ ਹੈ, ਉਹ ਆਪਣੇ ਕਰਮਾਂ ਨਾਲ ਹੀ ਇਸ ਦਾ ਜਵਾਬ ਪ੍ਰਾਪਤ ਕਰ ਲੈਣਗੇ। ਨੇਤਰ ਕੇਵਲ ਦਿ੍ਰਸ਼ਟੀ ਪ੍ਰਦਾਨ ਕਰਦੇ ਹਨ। ਅਸੀਂ ਕਿੱਥੇ, ਕੀ ਅਤੇ ਕਿਸ ਨਜ਼ਰੀਏ ਨਾਲ ਵੇਖਦੇ ਹਾਂ ਇਹ ਸਾਡੇ ਮਨ ਦੀ ਭਾਵਨਾ ’ਤੇ ਨਿਰਭਰ ਕਰਦਾ ਹੈ। ਇਸ ਭਾਵਨਾ ਨੂੰ ਸਕਾਰਾਤਮਕ ਰੱਖੋ। ਜ਼ਿੰਦਗੀ ਨੂੰ ਹੱਸ-ਖੇਡ ਕੇ ਤੇ ਮਿਲ-ਜੁਲ ਕੇ ਗੁਜ਼ਾਰੋ ਪਤਾ ਨਹੀਂ ਕਿੰਨੀ ਕੁ ਬਚੀ ਹੈ। ਜਿੱਥੇ ਨਰਾਜ਼ਗੀ ਦੀ ਕੋਈ ਕਦਰ ਨਾ ਹੋਵੇ ਉੱਥੇ ਨਰਾਜ਼ ਹੋਣਾ ਛੱਡ ਦਿਓ। ਕੋਈ ਵੀ ਕਾਰਨ ਹੋਵੇ, ਕੋਈ ਵੀ ਗੱਲ ਹੋਵੇ, ਨਾ ਕਦੇ ਚਿੜੋ ਅਤੇ ਨਾ ਹੀ ਗੁੱਸਾ ਕਰੋ। ਜ਼ੋਰ-ਜ਼ੋਰ ਨਾਲ ਨਾ ਬੋਲੋ ਅਤੇ ਮਨ ਨੂੰ ਸ਼ਾਂਤ ਰੱਖਦੇ ਹੋਏ ਵਿਚਾਰ ਕਰੋ ਤੇ ਫੈਸਲੇ ਲਓ। ਆਵਾਜ਼ ਨਾਲ ਗਿਲੇ ਨਹੀਂ ਮਿਟਦੇ ਬਲਕਿ ਇਹ ਬੁੱਧੀ ਨਾਲ ਮਿਟਦੇ ਹਨ। ਤਕਲੀਫ ਸਿਰਫ ਆਪ ਨੂੰ ਹੀ ਹੋਵੇਗੀ। ਜੇਕਰ ਮਨ ਨੂੰ ਸ਼ਾਂਤ ਰੱਖੋਗੇ ਤਾਂ ਸੁਖ ਵੀ ਤੁਹਾਨੂੰ ਹੀ ਮਿਲੇਗਾ।

ਜੇਕਰ ਤੁਸੀਂ ਸਹੀ ਹੋ ਤਾਂ ਕੁਝ ਵੀ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ। ਕੇਵਲ ਸਹੀ ਬਣੇ ਰਹੋ। ਗਵਾਹੀ ਵਕਤ ਖੁਦ ਦੇਵੇਗਾ। ਈਰਖਾ ਨਾ ਰੱਖੋ ਬਲਕਿ ਸਭ ਦੇ ਮਨ ਵਿਚ ਖੁਸ਼ੀਆਂ ਦੇ ਦੀਵੇ ਬਾਲੋ। ਜੀਵਨ ’ਚ ਜਿਸ ਵਿਅਕਤੀ ਕੋਲ ਸ਼ਿਕਾਇਤਾਂ ਸਭ ਤੋਂ ਘੱਟ ਹੋਣ ਉਹੀ ਆਪਣੀ ਜ਼ਿੰਦਗੀ ਨੂੰ ਮਾਣ ਸਕਦਾ ਹੈ। ਕਿਸੇ ਸਿਆਣੇ ਨੇ ਸੱਚ ਹੀ ਕਿਹਾ ਹੈ:- ਸ਼ਿਕਾਇਤ ਕੀ ਆਦਤ ਅਬ ਖੋ ਗਈ ਹੈ, ਖਾਮੋਸ਼ੀਓਂ ਕੀ ਆਦਤ ਅਬ ਹੋ ਗਈ ਹੈ ਨਾ ਸ਼ਿਕਵਾ ਰਹਾ ਨਾ ਸ਼ਿਕਾਇਤ ਕਿਸੀ ਸੇ, ਯਹ ਜ਼ਿੰਦਗੀ ਅਬ ਖੁਸ਼ੀਓਂ ਕੀ ਹੋ ਗਈ ਹੈ। ਇੱਕ ਅਨੰਦਮਈ ਜ਼ਿੰਦਗੀ ਬਤੀਤ ਕਰਨ ਵਾਲੇ ਵਿਅਕਤੀ ਨੇ ਆਪਣੇ ਅਨੰਦ ਦਾ ਭੇਦ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਦੀ ਗੱਡੀ ਦੇ ਉਹ ਸਾਈਡ ਗਲਾਸ ਹੀ ਹਟਾ ਦਿੱਤੇ ਹਨ ਜਿਸ ਵਿਚੋਂ ਪਿੱਛੇ ਛੁੱਟ ਗਏ ਰਸਤੇ ਤੇ ਬੁਰਿਆਈ ਕਰਦੇ ਲੋਕ ਨਜ਼ਰ ਆਉਂਦੇ ਸਨ।

ਲੰਮਾ ਧਾਗਾ ਅਤੇ ਲੰਮੀ ਜ਼ੁਬਾਨ ਸਦਾ ਉਲਝ ਜਾਂਦੇ ਹਨ ਇਸ ਲਈ ਜੀਵਨ ਦੀ ਯਾਤਰਾ ਕਰਦੇ ਸਮੇਂ ਧਾਗੇ ਨੂੰ ਲਪੇਟ ਕੇ ਅਤੇ ਜ਼ੁਬਾਨ ਨੂੰ ਸਮੇਟ ਕੇ ਰੱਖੋ। ਜ਼ਿੰਦਗੀ ਵਿਚ ਹੱਥ ਘੁੱਟ ਕੇ ਖਰਚ ਕਰੋ ਨਹੀਂ ਤਾਂ ਇਹੀ ਹੱਥ ਦੂਸਰਿਆਂ ਅੱਗੇ ਮੰਗਣ ਲਾ ਦਿੰਦੇ ਹਨ ਜੋ ਨਿਰਾਸ਼ਾ ਅਤੇ ਬਹੁਤੀ ਵਾਰ ਅਪਮਾਨ ਦਾ ਕਾਰਨ ਬਣਦਾ ਹੈ। ਹਰ ਗੱਲ ਦਿਲ ’ਤੇ ਲਾਓਗੇ ਤਾਂ ਰੋਂਦੇ ਰਹਿ ਜਾਓਗੇ। ਜ਼ਿੰਦਗੀ ਜਲਦੀ-ਜਲਦੀ ਖਤਮ ਹੋ ਰਹੀ ਹੈ ਇਸ ਲਈ ਇਸ ਨੂੰ ਮਾਣਨ ਲਈ ਹੱਸੋ, ਪਿਆਰ ਕਰੋ ਤੇ ਨਵੀਆਂ-ਨਵੀਆਂ ਚੀਜ਼ਾਂ ਦੀ ਕੋਸ਼ਿਸ਼ ਕਰੋ। ਮੁਆਫ ਕਰੋ, ਭੁੱਲ ਜਾਓ ਅਤੇ ਗਿਲੇ-ਸ਼ਿਕਵੇ ਨਾ ਰੱਖੋ।

ਰਣਜੀਤ ਐਵੀਨਿਊ, ਅੰਮ੍ਰਿਤਸਰ
ਕੈਲਾਸ਼ ਚੰਦਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।