ਯੂਨੀਵਰਸਿਟੀ ਅਥਾਰਟੀ ਤੇ ਜਥੇਬੰਦੀਆਂ ਦਰਮਿਆਨ ਹੋਇਆ ਸਮਝੌਤਾ
ਲੜਕੀਆਂ ਦੇ ਹੋਸਟਲ ਬੰਦ ਹੋਣ ਦੇ ਸਮੇਂ ‘ਚ ਇੱਕ ਘੰਟੇ ਦਾ ਇਜ਼ਾਫ਼ਾ
ਪਟਿਆਲਾ, ਖੁਸ਼ਵੀਰ ਸਿੰਘ ਤੂਰ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੀਐੱਸਓ ਸਮੇਤ ਹੋਰ ਜਥੇਬੰਦੀਆਂ ਵੱਲੋਂ ਲੜਕੀਆਂ ਦੇ ਹੋਸਟਲ ਲਈ ਸਮਾਂ ਵਧਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਚੱਲ ਰਹੀ ਜੰਗ ਆਖਰ ਅੱਜ ਖਤਮ ਹੋ ਗਈ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਹੋਈ ਲੰਮੀ ਵਿਚਾਰ ਚਰਚਾ ਤੋਂ ਬਾਅਦ ਇਹ ਵਿਵਾਦ ਕਾਫੀ ਦਿਨਾਂ ਬਾਅਦ ਹੱਲ ਹੋਇਆ। ਯੂਨੀਵਰਸਿਟੀ ਪ੍ਰਸ਼ਾਸਨ ਨੇ ਲੜਕੀਆਂ ਦੇ ਹੋਸਟਲ ਸਬੰਧੀ ਸਮਾਂ ਰਾਤ 10 ਵਜੇ ਤੱਕ ਬਿਨਾਂ ਕਿਸੇ ਜੁਰਮਾਨੇ ਦੇ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਆਪਣੀਆਂ ਮੰਗਾਂ ਨੂੰ ਲੈ ਕੇ ਡੀਐੱਸਓ ਵੱਲੋਂ ਇਹ ਅੰਦੋਲਨ 18 ਸਤੰਬਰ ਨੂੰ ਵਾਈਸ ਚਾਂਸਲਰ ਦਫਤਰ ਅੱਗੇ ਧਰਨੇ ਦੇ ਰੂਪ ‘ਚ ਆਰੰਭਿਆ ਸੀ। ਇਸ ਤੋਂ ਬਾਅਦ ਪੰਜ ਹੋਰ ਵਿਦਿਆਰਥੀ ਜਥੇਬੰਦੀ ਇਨ੍ਹਾਂ ਦੇ ਧਰਨੇ ‘ਚ ਸ਼ਾਮਲ ਹੋ ਗਈਆਂ ਤੇ ਸਟੂਡੈਂਟ ਸਾਂਝਾ ਫਰੰਟ ਹੋਂਦ ਵਿੱਚ ਆ ਗਿਆ।
ਵਿਦਿਆਰਥਣਾਂ ਤੋਂ ਕੋਈ ਲੇਟ ਐਂਟਰੀ ਫੀਸ ਵਸੂਲ ਨਹੀਂ ਕੀਤੀ ਜਾਵੇਗੀ
ਇਸ ਅੰਦੋਲਨ ਦੌਰਾਨ ਯੂਨੀਵਰਸਿਟੀ ਕੈਂਪਸ ‘ਚ ਵਿਦਿਆਰਥੀ ਧਿਰਾਂ ‘ਚ ਲੜਾਈ ਝਗੜੇ ਵੀ ਹੋਏ। ਆਖਿਰ ਅੱਜ ਦੋਵੇਂ ਧਿਰਾਂ ‘ਚ ਆਮ ਸਹਿਮਤੀ ਬਣਨ ਮਗਰੋਂ ਅੰਦੋਲਨ ਦੀ ਕਮਾਨ ਸੰਭਾਲ ਰਹੇ ‘ਸਾਂਝਾ ਵਿਦਿਆਰਥੀ ਮੋਰਚਾ’ ਨੇ ਸੰਘਰਸ਼ ਨੂੰ ਖਤਮ ਕਰਨ ‘ਤੇ ਆਪਣੀ ਮੋਹਰ ਲਾ ਦਿੱਤੀ। ਅਜਿਹੇ ਮਗਰੋਂ ਯੂਨੀਵਰਸਿਟੀ ਅਥਾਰਟੀ ਵੱਲੋਂ ਅਧਿਕਾਰਤ ਤੌਰ ‘ਤੇ ਬਿਆਨ ਵੀ ਜਾਰੀ ਕਰ ਦਿੱਤਾ। ਇਸ ਬਿਆਨ ‘ਚ ਕਿਹਾ ਗਿਆ ਹੈ ਕਿ ਅਥਾਰਟੀ ਨੇ ਲੜਕੀਆਂ ਦੇ ਹੋਸਟਲ ਬੰਦ ਹੋਣ ਦੇ ਸਮੇਂ ‘ਚ ਇੱਕ ਘੰਟੇ ਦਾ ਇਜ਼ਾਫ਼ਾ ਕਰ ਦਿੱਤਾ ਹੈ, ਹੋਸਟਲ ਬੰਦ ਹੋਣ ਦਾ ਸਮਾਂ ਸ਼ਾਮ 8 ਵਜੇ ਸੀ ਨੂੰ ਵਧਾਕੇ ਹੁਣ 9 ਵਜੇ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹੋਸਟਲ ਵਿਚ ਰਹਿਣ ਵਾਲੀਆਂ ਜਿਹੜੀਆਂ ਵਿਦਿਆਰਥਣਾਂ ਰਾਤ 10 ਵਜੇ ਤੱਕ ਹੋਸਟਲ ‘ਚ ਆਉਣਗੀਆਂ ਉਨ੍ਹਾਂ ਤੋਂ ਕੋਈ ਲੇਟ ਐਂਟਰੀ ਫੀਸ ਵਸੂਲ ਨਹੀਂ ਕੀਤੀ ਜਾਵੇਗੀ ਪਰ ਉਹ ਹੋਸਟਲ ‘ਚ ਦਾਖਲੇ ਸਮੇਂ ਇਸ ਮੰਤਵ ਲਈ ਰੱਖੇ ਰਜਿਸਟਰ ‘ਚ ਐਂਟਰੀ ਕਰਨਗੀਆਂ ਨਿਰਧਾਰਿਤ ਸਮੇਂ ਤੋਂ ਬਾਅਦ ਹੋਸਟਲ ‘ਚ ਆਉਣ ਵਾਲੀਆਂ ਵਿਦਿਆਰਥਣਾਂ ‘ਤੇ ਚਲਦੀ ਪ੍ਰਥਾ ਅਨੁਸਾਰ ਨਿਯਮ ਲਾਗੂ ਹੋਣਗੇ ਪਰ ਅਰਜ਼ੀ ਦੀ ਜਗ੍ਹਾ ਹੁਣ ਰਜਿਸਟਰ ‘ਚ ਲੇਟ ਆਉਣ ਦਾ ਸਮਾਂ, ਕਾਰਨ ਆਦਿ ਦਰਜ ਕੀਤਾ ਜਾਵੇਗਾ ।
ਰਾਤ 11 ਵਜੇ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ
ਹੋਸਟਲ ਦੀਆਂ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਦੀ ਲਾਇਬਰੇਰੀ ਜਾਣ ਵਾਸਤੇ ਸ਼ਾਮ 9 ਵਜੇ ਤੇ ਵਾਪਸ ਆਉਣ ਲਈ ਰਾਤ 11 ਵਜੇ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਥਾਰਟੀ ਨੇ ਦੱਸਿਆ ਕਿ ਇਹ ਮੰਗਾਂ ਮੰਨੇ ਜਾਣ ਉਪਰੰਤ ਵਿਦਿਆਰਥੀਆਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ ‘ਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਸਹਿਮਤੀ ਮਗਰੋਂ ਮਾਮਲਾ ਹੱਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਸਟਲ ਦੀ ਸਮਾਂਬੰਦੀ ਦਾ ਹੀ ਰੇੜਕਾ ਬਾਕੀ ਸੀ, ਜਦੋਂ ਕਿ ਬਾਕੀ ਮੰਗਾਂ ਅਥਾਰਟੀ ਨੇ ਪਹਿਲਾਂ ਮੰਨਕੇ ਲਾਗੂ ਵੀ ਕਰ ਦਿੱਤੀਆਂ ਸਨ। ਉਨ੍ਹਾਂ ਦੱਸਿਆ ਕਿ 9 ਅਕਤੂਬਰ ਨੂੰ ਵਾਪਰੀ ਹਿੰਸਕ ਘਟਨਾ ਦੀ ਜਾਂਚ ਪੜਤਾਲ ਵੀ 18 ਸਤੰਬਰ ਵਾਲੀ ਘਟਨਾ ਲਈ ਪਹਿਲਾਂ ਤੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਨੂੰ ਸੌਂਪੀ ਗਈ ਹੈ, ਜੋ ਇੱਕ ਮਹੀਨੇ ‘ਚ ਆਪਣੀ ਰਿਪੋਰਟ ਦੇਵੇਗੀ। ਹੁਣ ਦੇਖਣਾ ਹੋਵੇਗਾ ਕਿ ਸੋਮਵਾਰ ਯੂਨੀਵਰਸਿਟੀ ਅੰਦਰ ਕਿਹੋਂ ਜਿਹਾ ਮਾਹੌਲ ਹੁੰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।