ਮੁਲਾਜ਼ਮਾਂ ਨੇ ਮੋਤੀ ਮਹਿਲ ਵੱਲ ਪਾਏ ਚਾਲੇ, ਪੁਲਿਸ ਨੇ ਪੋਲੋ ਗਰਾਊਂਡ ਕੋਲ ਰੋਕੇ

Employees,  Moti Mahal, Police, Polo Gound

ਮੁਲਾਜ਼ਮਾਂ ਉੱਥੇ ਹੀ ਲਾਇਆ ਧਰਨਾ, ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਵੱਖ-ਵੱਖ ਯੁਨੀਅਨਾਂ ਦੇ ਮੁਲਾਜ਼ਮਾਂ ਵੱਲੋਂ ਅੱਜ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਝੰਡਾ ਮਾਰਚ ਕਰਨ ਦੇ ਮਿਥੇ ਐਕਸ਼ਨ ਤਹਿਤ ਮੋਤੀ ਮਹਿਲ ਨੂੰ ਚਾਲੇ ਪਾ ਦਿੱਤੇ, ਜਿਨ੍ਹਾਂ ਨੂੰ ਪੁਲਿਸ ਵੱਲੋਂ ਪਹਿਲਾਂ ਹੀ ਕੀਤੇ ਭਾਰੀ ਬੰਦੋਬਸਤ ਤਹਿਤ ਪੋਲੋ ਗਰਾਊਂਡ ਵਿਖੇ ਰੋਕ ਲਿਆ। ਜਿਸ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਉੱਥੇ ਹੀ ਧਰਨਾ ਠੋਕ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਨ੍ਹਾਂ ਮੁਲਾਜ਼ਮਾਂ ਦੌਰਾਨ ਰੋਹ ਨੂੰ ਦੇਖਦਿਆਂ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜੇਸ਼ ਸ਼ਰਮਾ ਪੀ.ਸੀ.ਐਸ. ਨੇ ਮੰਗ ਪੱਤਰ ਲਿਆ ਅਤੇ ਇਨ੍ਹਾਂ ਦੀ ਜਲਦ ਸਰਕਾਰ ਨਾਲ ਗੱਲ ਕਰਨ ਦਾ ਭਰੋਸਾ ਦਿਵਾਇਆ। ਇਸ ਝੰਡਾ ਮਾਰਚ ਦੇ ਐਕਸ਼ਨ ‘ਚ ਪਟਿਆਲਾ ਦੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਤੀਜਾ ਦਰਜਾ, ਚੌਥਾ ਦਰਜਾ, ਟੈਕਨੀਕਲ, ਠੇਕਾ ਮੁਲਾਜ਼ਮਾਂ, ਪੈਨਸ਼ਨਰਜ਼ ਨੇ ਕੰਮਾਂ ਦਾ ਬਾਈਕਾਟ ਕਰਕੇ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਸੂਰਜ ਯਾਦਵ ਨੇ ਕਿਹਾ ਕਿ ਚੋਣਾਂ ਸਮੇਂ ਮੁਲਾਜ਼ਮਾਂ, ਕੰਟਰੈਕਟ ਮੁਲਾਜ਼ਮਾਂ, ਦਲਿਤਾਂ, ਕਿਸਾਨਾਂ ਨਾਲ ਤੇ ਵਿਦਿਆਰਥੀਆਂ ਸਮੇਤ ਬੇ-ਰੁਜ਼ਗਾਰਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਵਾਲੀ ਕਾਂਗਰਸ ਸਰਕਾਰ ਨੇ ਢਾਈ ਸਾਲਾਂ ਤੋਂ ਲੋਕਾਂ ਦਾ ਡਾਂਗਾਂ ਨਾਲ ਹੀ ਸਵਾਗਤ ਕੀਤਾ ਹੈ। ਅਫਸਰਸ਼ਾਹੀ ਨੂੰ ਕੋਈ ਨਕੇਲ ਨਹੀਂ ਪਾਈ ਗਈ, ਪੰਜਾਬ ਵਿੱਚ ਢਾਈ ਸਾਲਾਂ ਦੌਰਾਨ ਕੁੱਟ ਅਤੇ ਲੁੱਟ ਖਸੁੱਟ ਦਾ ਦੌਰ ਚੱਲਿਆ ਹੈ। ਆਗੂਆਂ ਨੇ ਕਿਹਾ ਕਿ ਅਕਤੂਬਰ ਮਹੀਨੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚਾਰ ਜਿਮਨੀ ਚੋਣਾਂ ਦੌਰਾਨ ਲਗਾਤਾਰ ਐਕਸ਼ਨ ਕਰਨ ਦਾ ਪ੍ਰੋਗਰਾਮ ਸਟੇਟ ਕਮੇਟੀ ਉਲੀਕ ਰਹੀ ਹੈ। ਇਸ ਮੌਕੇ 14 ਅਗਸਤ ਨੂੰ ਪਟਿਆਲਾ ਵਿਖੇ ਵਿਸ਼ਾਲ ਰੈਲੀ ਦੌਰਾਨ ਮੁੱਖ ਮੰਤਰੀ ਤੇ ਮੰਤਰੀਆਂ ਦੇ ਨਾਂਅ ਦਿੱਤੇ ਮੰਗ ਪੱਤਰ ਦੀਆਂ ਮੰਗਾਂ ਦਾ ਜਿਕਰ ਦਰਸ਼ਨ ਸਿੰਘ ਲੁਬਾਣਾ ਨੇ ਕੀਤਾ।
ਇਸ ਮੌਕੇ ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਰਾਮ ਕਿਸ਼ਨ, ਬਲਬੀਰ ਸਿੰਘ, ਕਰਨੈਲ ਚੰਦ, ਕੇਸਰ ਸਿੰਘ ਸੈਣੀ, ਗੁਰਦਰਸ਼ਨ ਸਿੰਘ,  ਜਗਜੀਤ ਸਿੰਘ ਲੱਡੂ, ਸੁਭਾਸ਼, ਲਖਵੀਰ ਲੱਕੀ, ਸੁਖਦੇਵ ਝੰਡੀ, ਮਲਕੀਤ ਸਿੰਘ, ਜਸਵੰਤ ਸਿੰਘ, ਰਾਕੇਸ਼ ਸ਼ਰਮਾ, ਰਤਨ ਸਿੰਘ, ਸੋਹਨ ਸਿੰਘ, ਵੈਦ ਪ੍ਰਕਾਸ਼, ਬਾਬੂ ਸਿੰਘ ਫੌਜੀ, ਰਾਜਿੰਦਰ ਕੌਰ, ਕਾਂਤਾ ਦੇਵੀ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਕਾਕਾ ਸਿੰਘ, ਬੁੱਟਾ ਸਿੰਘ, ਦੁਬਰੀ ਯਾਦਵ, ਉਂਕਾਰ ਸਿੰਘ, ਤਰਲੋਚ ਮਾੜੂ ਆਦਿ ਹਾਜ਼ਰ ਸੀ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।