ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਤਹਿਸੀਲ ਅੰਮ੍ਰਿਤਸਰ
ਅੰਮ੍ਰਿਤਸਰ, (ਰਾਜਨ ਮਾਨ) ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਮੁਤਾਬਿਕ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਖਿਲਾਫ਼ ਅੱਜ ‘ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ’ ਦੀ ਅਗਵਾਈ ਵਿੱਚ ਅੰਮ੍ਰਿਤਸਰ ਤਹਿਸੀਲ ਦੇ ਸੈਂਕੜੇ ਮੁਲਾਜ਼ਮਾਂ ਵੱਲੋਂ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਅੰਮ੍ਰਿਤਸਰ ਵਿਖੇ ਰੈਲੀ ਕਰਨ ਤੋਂ ਬਾਅਦ ਸ਼ਹਿਰ ਦੇ ਬਾਬਾਰਾਂ ਵਿੱਚ ਰੋਸ ਮੁਜਾਹਰਾ ਕੀਤਾ ਗਿਆ।
ਪੰਜਾਬ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਛੇਵੇਂ ਤਨਖਾਹ ਕਮਿਸ਼ਨ ਵਿੱਚ ਤਰਕਸੰਗਤ ਸੋਧਾਂ ਕਰਵਾਉਣ, ਸਮੂਹ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗੀ ਪੋਸਟਾਂ ‘ਤੇ ਰੈਗੂਲਰ ਕਰਵਾਉਣ, ਵੱਖ-ਵੱਖ ਵਿਭਾਗਾਂ ਅੰਦਰ ਕੰਮ ਕਰਦੇ ਮਾਣ ਭੱਤਾ ਵਰਕਰਾਂ ‘ਤੇ ਘੱਟੋ-ਘੱਟ ਉਜ਼ਰਤਾਂ ਕਾਨੂੰਨ ਲਾਗੂ ਕਰਵਾਉਣ, ਐਨ.ਪੀ.ਐਸ. ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ, 17 ਜੁਲਾਈ 202 ਤੋਂ ਬਾਅਦ ਵਾਲੇ ਮੁਲਾਜ਼ਮਾਂ ‘ਤੇ ਕੇੰਦਰੀ ਤਨਖਾਹ ਸਕੇਲਾਂ ਦੀ ਬਜਾਏ ਪੰਜਾਬ ਦੇ ਸਕੇਲ ਲਾਗੂ ਕਰਵਾਉਣ ਅਤੇ ਪੁਨਰਗਠਨ ਦੇ ਨਾਂ ਹੇਠ ਵੱਖ-ਵੱਖ ਵਿਭਾਗਾਂ ਅੰਦਰ ਕੀਤੇ ਜਾ ਰਹੇ ਅਸਾਮੀਆਂ ਦੇ ਖਾਤਮੇ ਨੂੰ ਰੁਕਵਾਉਣ ਲਈ ਸੰਘਰਸ਼ ਕਰ ਰਹੇ ਹਨ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਸੁਖਦੇਵ ਸਿੰਘ ਪੰਨੂੰ, ਜੋਗਿੰਦਰ ਸਿੰਘ, ਅਸ਼ਵਨੀ ਅਵਸਥੀ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਮਾਨ, ਜਸਵੰਤ ਸਿੰਘ,ਸੰਤ ਸੇਵਕ ਸਿੰਘ ਸਰਕਾਰੀਆ, ਸਤਬੀਰ ਸਿੰਘ, ਡਾ. ਕੰਵਲਜੀਤ ਸਿੰਘ, ਐਡਵੋਕੇਟ ਬਲਦੇਵ ਹੇਰ, ਬਲਜਿੰਦਰ ਸਿੰਘ ਵਡਾਲੀ, ਅਮਨ ਸ਼ਰਮਾ, ਬੋਬਿੰਦਰ ਸਿੰਘ, ਪ੍ਰਭਜਿੰਦਰ ਸਿੰਘ, ਸੁਰਜੀਤ ਸਿੰਘ ਗੁਰਾਇਆ ਸੁਖਦੇਵ ਰਾਜ ਕਾਲੀਆ ਆਦਿ ਨੇ ਆਖਿਆ ਕਿ ਭਾਵੇਂ ਕੈਪਟਨ ਸਰਕਾਰ ਦੁਆਰਾ ਗਠਿਤ ਕੀਤੀ ਕੈਬਨਿਟ ਸਬ-ਕਮੇਟੀ ਨੇ ਪਿਛਲੇ ਦਿਨਾਂ ਦੌਰਾਨ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨਾਲ ਤਿੰਨ ਮੀਟਿੰਗਾਂ ਕੀਤੀਆਂ ਸਨ, ਪਰ ਇਸ ਕਮੇਟੀ ਨੇ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਨੂੰ ਪ੍ਰਵਾਨ ਨਾ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਇਹ ਕਮੇਟੀ ਮੰਗਾਂ ਦੇ ਹੱਲ ਲਈ ਨਹੀਂ ਸਗੋਂ ਮੁਲਾਜ਼ਮਾ ਦੇ ਸੰਘਰਸਸ਼ਾਂ ਨੂੰ ਠੰਡਾ ਕਰ ਦੀ ਮਨਸ਼ਾ ਤਹਿਤ ਗਠਿਤ ਕੀਤੀ ਗਈ ਹੈ।
ਮੁਲਾਜ਼ਮ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਗੱਲਬਾਤ ਨੂੰ ਸਿਰਫ਼ ਤਨਖਾਹ ਕਮਿਸ਼ਨ ਤੱਕ ਸੀਮਿਤ ਕਰ ਰਹੀ ਹੈ ਅਤੇ ਬਾਕੀ ਮੰਗਾਂ ਨੂੰ ਸੁਣਨ ਲਈ ਵੀ ਤਿਆਰ ਨਹੀਂ ਹੈ। ਜਿਸਤੋੰ ਸਪੱਸ਼ਟ ਹੈ ਕਿ ਕੈਪਟਨ ਸਰਕਾਰ ਕੱਚੇ ਅਤੇ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ, ਮਾਣ ਭੱਤਾ ਵਰਕਰਾਂ ‘ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਸਮੇਤ ਹੋਰ ਮੁਲਾਜ਼ਮ ਮੰਗਾਂ ਨੂੰ ਮੰਨਣ ਤੋਂ ਟਾਲਾ ਵੱਟ ਰਹੀ ਹੈ। ਮੁਲਾਜ਼ਮ ਆਗੂਆਂ ਨੇ ਅੈਲਾਨ ਕਿ 20 ਅਗਸਤ ਨੂੰ ਕਾਂਗਰਸ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਮਹੱਤਵਪੂਰਨ ਆਗੂਆਂ ਦੇ ਘਰਾਂ ਵੱਲ ਕੀਤੇ ਜਾਣ ਵਾਲੇ ਜਿਲ੍ਹਾ ਪੱਧਰੀ ਰੋਸ ਮਾਰਚਾਂ ਵਿੱਚ ਅੰਮ੍ਰਿਤਸਰ ਤਹਿਸੀਲ ਦੇ ਸੈਂਕੜੇ ਮੁਲਾਜ਼ਮਾਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਤੇ ਲਖਵਿੰਦਰ ਸਿੰਘ ਗਿੱਲ, ਰਾਜੇਸ਼ ਕੁਮਾਰ ਪਰਾਸ਼ਰ, ਇੰਦਰ ਮਾਨ, ਕਰਨਰਾਜ ਸਿੰਘ ਗਿੱਲ, ਮੀਨੂੰ ਬਾਲਾ, ਰਮੇਸ਼ ਵੇਰਕਾ, ਮਲਕੀਤ ਕੱਦਗਿੱਲ, ਕ੍ਰਿਸ਼ਨ ਸਿੰਘ ਜੇਠੂਵਾਲ, ਜਸਵੰਤ ਸਿੰਘ, ਮੰਗਲ ਸਿੰਘ ਟਾਂਡਾ, ਸੁੱਚਾ ਸਿੰਘ ਟਰਪਈ, ਜਸਵੰਤ ਰਾਏ,ਬਲਦੇਵ ਮੰਨਣ, ਕਰਮਜੀਤ ਸਿੰਘ ਕੇ.ਪੀ., ਰਾਮ ਲੁਭਾਇਆ, ਰਾਕੇਸ਼ ਧਵਨ, ਸਵਿੰਦਰ ਸਿੰਘ ਭੱਟੀ, ਧੰਨਾ ਸਿੰਘ ਰਿਆਲੀ, ਸਾਹਿਬ ਰਣਜੀਤ ਸਿੰਘ, ਸੁਖਦੇਵ ਸਿੰਘ , ਅਨਿਲ ਪ੍ਰਤਾਪ, ਗੁਰਬੀਰ ਸਿੰਘ, ਬਲਰਾਜ ਸਿੰਘ ਭੰਗੂ, ਦਰਸ਼ਨ ਸਿੰਘ ਛੀਨਾ ਆਦਿ ਨੇ ਵੀ ਆਪਣੇ ਆਪਣੇ ਸਾਥੀਆਂ ਨਾਲ ਭਰਵੀਂ ਸ਼ਮੂਲੀਅਤ ਕੀਤੀ ਅਤੇ ਰੋਸ ਮੁਜ਼ਾਹਰੇ ਨੂੰ ਸਫ਼ਲ ਬਣਾਉਣ ਵਿੱਚ ਮੋਹਰੀ ਰੋਲ ਅਦਾ ਕੀਤਾ।