ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਦਾ ਦਿੱਤਾ ਸੱਦਾ
ਕੋਟਕਪੂਰਾ, 29 ਦਸੰਬਰ (ਸੁਭਾਸ਼ ਸ਼ਰਮਾ)। ਅੱਜ ਕੋਟਕਪੂਰਾ ਤਹਿਸੀਲ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰਨ ਕੀਤੇ ਗਏ ਰਵੱਈਏ ਖਿਲਾਫ਼ ਰੋਸ ਪ੍ਰਗਟ ਕਰਨ ਲਈ ਪੰਜਾਬ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ‘ ਤੇ ਸਥਾਨਕ ਲਾਲਾ ਲਾਜਪਤ ਰਾਏ ਮਿਉਂਸਿਪਲ ਪਾਰਕ ਕੋਟਕਪੂਰਾ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਰੈਲੀ ਕੀਤੀ।
ਇਸ ਐਕਸ਼ਨ ਦੀ ਅਗਵਾਈ ਵੱਖ ਵੱਖ ਮੁਲਾਜ਼ਮ ਤੇ ਪੈਨਸ਼ਨਰ ਜੱਥੇਬੰਦੀਆਂ ਦੇ ਆਗੂ ਪ੍ਰੇਮ ਚਾਵਲਾ, ਵੀਰ ਇੰਦਰਜੀਤ ਸਿੰਘ ਪੁਰੀ, ਗੁਰਦਿਆਲ ਭੱਟੀ, ਬਲਬੀਰ ਸਿੰਘ ਸਿਵੀਆਂ, ਬਲਵਿੰਦਰ ਸਿੰਘ ਗੋਸਵਾਮੀ ਤੇ ਸੋਮ ਨਾਥ ਅਰੋਡ਼ਾ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅਤੇ ਵਿੱਤ ਤੇ ਪ੍ਰਸੋਨਲ ਵਿਭਾਗ ਦੀ ਅਫ਼ਸਰਸ਼ਾਹੀ ਦੇ ਦਬਾਅ ਹੇਠ ਕੰਮ ਕਰ ਰਹੇ ਹਨ ਅਤੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਬੇਰੁੱਖੀ ਵਾਲਾ ਵਤੀਰਾ ਧਾਰਨ ਕੀਤਾ ਹੋਇਆ ਹੈ।
ਆਗੂਆਂ ਨੇ ਚੰਨੀ ਸਰਕਾਰਨ ਨੂੰ ਦਿੱਤੀ ਚਿਤਾਵਨੀ
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰੇ ਵਿੱਚ ਸੁਧਾਰ ਨਾ ਲਿਆਂਦਾ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਲੀਡਰਸ਼ਿਪ ਨਾਲ ਪੈਨਲ ਮੀਟਿੰਗ ਕਰਕੇ ਸਮੂਹ ਕੱਚੇ ਅਤੇ ਰੈਗੂਲਰ ਮੁਲਾਜ਼ਮਾਂ ,ਆਊਟਸੋਰਸਿੰਗ ਮੁਲਾਜ਼ਮਾਂ, ਸਮੂਹ ਸਕੀਮ ਵਰਕਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ ਜਿਵੇੰ 1 ਜਨਵਰੀ 2016 ਨੂੰ ਸੋਧੀਆਂ ਤਨਖਾਹਾਂ ਅਤੇ ਸੋਧੀਆਂ ਪੈਨਸ਼ਨਾਂ ਨਿਸ਼ਚਿਤ ਕਰਨ ਸਮੇਂ 125 ਫੀਸਦੀ ਡੀ.ਏ .ਮਰਜ ਕਰਕੇ ਅਤੇ ਘੱਟੋ ਘੱਟ 20 ਫੀਸਦੀ ਲਾਭ ਦੇਣਾ ਯਕੀਨੀ ਬਣਾਇਆ ਜਾਵੇ।
1 ਜਨਵਰੀ 2016 ਤੋੰ 30 ਜੂਨ 2021 ਤਕ ਸੋਧੇ ਤਨਖਾਹ ਸਕੇਲਾਂ ਅਤੇ ਸੋਧੀਆਂ ਪੈਨਸ਼ਨਾਂ ਦਾ ਬਕਾਇਆ ਤੁਰੰਤ ਦਿੱਤਾ ਜਾਵੇ, ਮਹਿੰਗਾਈ ਭੱਤੇ ਦੀਆਂ ਅਣਸੋਧੀਆਂ ਕਿਸ਼ਤਾਂ ਦਾ ਰਹਿੰਦਾ ਸਾਰਾ ਬਕਾਇਆ ਤੁਰੰਤ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਤਰੁੰਤ ਬਹਾਲ ਕੀਤੀ ਜਾਵੇ ਆਦਿ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੂੰ ਚੋਣਾਂ ਵਿੱਚ ਹਾਰ ਦਾ ਮੂੰਹ ਦਿਖਾ ਕੇ ਸਬਕ ਸਿਖਾਇਆ ਜਾਵੇਗਾ। ਰੋਸ ਰੈਲੀ ਉਪਰੰਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਤਿੱਖੀ ਨਾਅਰੇਬਾਜ਼ੀ ਕਰ ਕੇ ਐਸ. ਡੀ. ਐਮ. ਦਫਤਰ ਤੱਕ ਰੋਸ ਮਾਰਚ ਕੀਤਾ
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਤੇ ਪੈਨਸ਼ਨਰ ਆਗੂ ਗੁਰਚਰਨ ਸਿੰਘ ਮਾਨ, ਜਗਵੰਤ ਸਿੰਘ ਬਰਾੜ , ਧਰਮਿੰਦਰ ਸਿੰਘ, ਮੁਖਤਿਆਰ ਸਿੰਘ ਮੱਤਾ, ਪ੍ਰੀਤਮ ਸਿੰਘ ਤੇ ਤਾਰਾ ਸਿੰਘ ਖ਼ਜ਼ਾਨਾ ਦਫ਼ਤਰ , ਸੁਭਾਸ਼ ਚੰਦਰ ਪਟਵਾਰ ਯੂਨੀਅਨ , ਸੁਰਿੰਦਰ ਕੁਮਾਰ ਮੁੰਜਾਲ ਸੁਪਰਡੈਂਟ, ਜੋਗਿੰਦਰ ਸਿੰਘ ਹੈਡ ਟੀਚਰ, ਸੁਰਿੰਦਰਪਾਲ ਸਿੰਘ ਰਾਜਾ, ਅਮਨਦੀਪ ਸਿੰਘ ਜੱਸਲ, ਪ੍ਰਿੰਸੀਪਲ ਨੰਦ ਲਾਲ, ਪ੍ਰਿੰਸੀਪਲ ਦਰਸ਼ਨ ਸਿੰਘ, ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇਡ਼ਾ, ਕੁਲਵੰਤ ਸਿੰਘ ,ਸੁਖਮੰਦਰ ਸਿੰਘ ਢਿੱਲਵਾਂ ਪ੍ਰਧਾਨ ਮਾਰਕੀਟ ਕਮੇਟੀ ਕੋਟਕਪੂਰਾ, ਪ੍ਰਵੀਨ ਕੁਮਾਰ ਕਰਮਚਾਰੀ ਦਲ, ਰੂਪ ਸਿੰਘ, ਪਰਮਜੀਤ ਸਿੰਘ ਜੰਗਲਾਤ ਵਿਭਾਗ, ਕ੍ਰਿਸ਼ਨ ਕੁਮਾਰ ਗੁਗਨੀ ਤੇ ਕਈ ਆਂਗਨਵਾੜੀ ਸੁਪਰਵਾਈਜ਼ਰ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ