ਉੱਭਰਦਾ ਕਵੀਸ਼ਰ, ਬਲਕਾਰ ਸਿੰਘ ਭਾਈਰੂਪਾ

ਉੱਭਰਦਾ ਕਵੀਸ਼ਰ, ਬਲਕਾਰ ਸਿੰਘ ਭਾਈਰੂਪਾ

ਮਾਲਵਾ ਖੇਤਰ ਦੇ ਉੱਘੇ ਕਵੀਸ਼ਰ ਬਾਬੂ ਰਜ਼ਬ ਅਲੀ ਦਿਆਂ ਛੰਦਾਂ ਨੇ ਕਵੀਸ਼ਰੀ ਕਲਾ ਨੂੰ ਸੰਸਾਰ ਪੱਧਰ ’ਤੇ ਪਹੁੰਚਾਇਆ ਹੈ, ਪਰ ਅਜੋਕੇ ਸਮੇਂ ਕਵੀਸ਼ਰੀ ਨੂੰ ਗਾਉਣ ਤੇ ਸੁਣਨ ਵਾਲਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ।

ਮੌਜੂਦਾ ਸਮੇਂ ਚੱਲ ਰਹੀ ਮਾਰ-ਧਾੜ ਵਾਲੀ ਗਾਇਕੀ ਨੂੰ ਨਕਾਰਦਿਆਂ ਪੰਜਾਬ ਦੇ ਕੁਝ ਨੌਜਵਾਨਾਂ ਦਾ ਅਲੋਪ ਹੋ ਰਹੀ ਕਵੀਸ਼ਰੀ ਵੱਲ ਰੁਝਾਨ ਵਧ ਰਿਹਾ ਹੈ, ਜਿਨ੍ਹਾਂ ਨੇ ਕਵੀਸ਼ਰੀ ਕਲਾ ਨੂੰ ਮੁੜ-ਸੁਰਜੀਤ ਕੀਤਾ ਹੈ। ਅਜਿਹਾ ਹੀ ਇੱਕ ਉੱਭਰ ਰਿਹਾ ਨੌਜਵਾਨ ਕਵੀਸ਼ਰ ਹੈ, ਬਲਕਾਰ ਸਿੰਘ ਭਾਈਰੂਪਾ। ਆਪਣੇ ਜੱਥੇ ਨਾਲ ਜੋਸ਼ੀਲੇ ਅੰਦਾਜ਼ ਵਿੱਚ ਕਵੀਸ਼ਰੀ ਪੇਸ਼ ਕਰਨ ਵਾਲੇ ਬਲਕਾਰ ਸਿੰਘ ਭਾਈਰੂਪਾ ਨੇ ਕਾਫੀ ਨਾਮਣਾ ਖੱਟਿਆ ਹੈ। ਜਿਲ੍ਹਾ ਬਠਿੰਡਾ ਦੇ ਪਿੰਡ ਭਾਈਰੂਪਾ ਵਿੱਚ ਪਿਤਾ ਜਗਤਾਰ ਸਿੰਘ ਦੇ ਗ੍ਰਹਿ ਵਿਖੇ 10 ਜੂਨ 1996 ਨੂੰ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਜਨਮੇ ਬਲਕਾਰ ਸਿੰਘ ਨੂੰ ਬਚਪਨ ਤੋਂ ਹੀ ਪੰਜਾਬੀ ਸਾਹਿਤ ਤੇ ਸੰਗੀਤ ਨਾਲ ਮੋਹ ਸੀ।

ਆਪਣੇ ਜੱਦੀ ਪਿੰਡ ਭਾਈਰੂਪਾ ਦੇ ਨਿੱਜੀ ਸਕੂਲ ਤੋਂ ਪੰਜਵੀਂ ਜਾਮਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਤੋਂ ਬਾਰ੍ਹਵੀਂ ਜਮਾਤ ਅਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਤੋਂ ਬੀ. ਏ. ਤੱਕ ਦੀ ਪੜ੍ਹਾਈ ਕਰਨ ਉਪਰੰਤ ਬਲਕਾਰ ਸਿੰਘ ਭਾਈਰੂਪਾ ਨੇ ਸਵਾਮੀ ਦਇਆਨੰਦ ਕਾਲਜ ਲਹਿਰਾਬੇਗਾ (ਬਠਿੰਡਾ) ਤੋਂ ਬੀ. ਐੱਡ ਅਤੇ ਟੀ. ਪੀ. ਡੀ. ਮਾਲਵਾ ਕਾਲਜ ਰਾਮਪੁਰਾ ਫੂਲ ਤੋਂ ਐਮ. ਏ. (ਇਤਿਹਾਸ) ਦੀ ਉਚੇਰੀ ਵਿੱਦਿਆ ਹਾਸਲ ਕੀਤੀ।

ਕਵੀਸ਼ਰ ਉਸਤਾਦ ਦਰਸ਼ਨ ਸਿੰਘ ਭੰਮੇ ਪਾਸੋਂ ਛੰਦਾਂ ਦੀਆਂ ਬਰੀਕੀਆਂ ਦੀ ਤਾਲੀਮ ਹਾਸਲ ਕਰ ਰਹੇ ਬਲਕਾਰ ਸਿੰਘ ਭਾਈਰੂਪਾ ਦੀ ਕਵੀਸ਼ਰੀ ਕਲਾ ’ਤੇ ਕਾਫੀ ਪਕੜ ਹੈ, ਉਸਦੇ ਲਿਖੇ ਤੇ ਗਾਏ ਕਵੀਸ਼ਰੀ ਛੰਦਾਂ ਨੂੰ ਹਰ ਕਿਸੇ ਨੇ ਸਲਾਹਿਆ ਹੈ। ਛੰਦਬੰਦੀ, ਕਵਿਤਾ ਅਤੇ ਗੀਤ ਲਿਖਣ ਦਾ ਸ਼ੌਕੀਨ ਬਲਕਾਰ ਸਿੰਘ ਭਾਈਰੂਪਾ ਵਧੀਆ ਹਾਸ-ਰਾਸ ਕਵੀ ਵੀ ਹੈ। ਰੇਡੀਓ ਅਵਤਾਰ ਸੀਚੇਵਾਲ, ਰੇਡੀਓ ਪਰਵਾਜ਼, ਸਾਂਝੀ ਆਵਾਜ਼ ਮੈਲਬੌਰਨ, ਪੰਜਾਬੀ ਸੱਥ ਮੈਲਬੌਰਨ ਆਦਿ ਰੇਡੀਓ ਸਟੇਸ਼ਨਾਂ ’ਤੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕਰ ਚੁੱਕੇ ਸਾਹਿਤਕਾਰ ਬਲਕਾਰ ਸਿੰਘ ਭਾਈਰੂਪਾ ਨੇ ਪੰਜਾਬੀ ਲਘੂ ਫ਼ਿਲਮ ‘ਸੋਚ ਬਦਲੋ, ਪੰਜਾਬ ਬਚਾਓ’ ਵਿੱਚ ਵੀ ਆਪਣੀ ਬਾ-ਕਮਾਲ ਅਦਾਕਾਰੀ ਪੇਸ਼ ਕੀਤੀ ਹੈ।

ਸਾਹਿਤਕ ਖੇਤਰ ਵਿੱਚ ਲੇਖਕ ਬਲਕਾਰ ਸਿੰਘ ਭਾਈਰੂਪਾ ਨੂੰ ਅਨੇਕਾਂ ਮਾਣ-ਸਨਮਾਨ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਸਾਲ 2019 ’ਚ ਕਵੀਸ਼ਰੀ ਨਾਲ ਸਬੰਧਿਤ ਪਹਿਲੇ ਮਹਾਂ ਕਾਵਿ-ਘੋਲ ਮੁਕਾਬਲੇ ਦੇ ਪ੍ਰਤੀਯੋਗੀ ਰਹਿਣ ਲਈ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਸ਼ੇਸ਼ ਸਨਮਾਨ ਤੋਂ ਇਲਾਵਾ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵੱਲੋਂ ਪੋਸਟ ਗ੍ਰੈਜੂਏਟ ਵਿਦਿਆਰਥੀ ਕਵਿਤਾ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਨ ’ਤੇ ਵਿਸ਼ੇਸ਼ ਸਨਮਾਨ, ਮਹਿਕ ਪੰਜਾਬ ਦੀ ਗਰੁੱਪ ਵੱਲੋਂ ਮਿੰਨੀ ਕਹਾਣੀ ਮੁਕਾਬਲੇ ਵਿੱਚ ਸਨਮਾਨ ਆਦਿ ਪ੍ਰਮੁੱਖ ਹਨ।

ਕਵੀਸ਼ਰ ਬਲਕਾਰ ਸਿੰਘ ਭਾਈਰੂਪਾ ਨੂੰ ਚੰਗਾ ਲਿਖਣ ਅਤੇ ਪੜ੍ਹਨ ਤੋਂ ਇਲਾਵਾ ਸਮਾਜਸੇਵਾ ਕਰਨਾ ਬੇਹੱਦ ਪਸੰਦ ਹੈ। ਇਸ ਵੇਲੇ ਉਹ ਸ਼ਹੀਦ ਭਗਤ ਸਿੰਘ ਲੋਕ ਚੇਤਨਾ ਮੰਚ ਭਾਈਰੂਪਾ ਅਤੇ ਗੁਰੂ ਸਤਿਕਾਰ ਸੇਵਾ ਸੁਸਾਇਟੀ ਭਾਈਰੂਪਾ ਵਿੱਚ ਆਪਣੀ ਸਮਾਜਸੇਵਾ ਦੇ ਕਾਰਜ ਨਿਭਾ ਰਿਹਾ ਹੈ।

ਜਲਦ ਹੀ ਕਵੀਸ਼ਰ ਬਲਕਾਰ ਸਿੰਘ ਭਾਈਰੂਪਾ ਆਪਣੇ ਛੰਦਾਂ ਦੀ ਪਲੇਠੀ ਪੁਸਤਕ ਪੰਜਾਬੀ ਸਾਹਿਤ ਅਤੇ ਪਾਠਕਾਂ ਦੀ ਝੋਲੀ ਪਾ ਰਹੇ ਹਨ। ਦੁਆ ਕਰਦੇ ਹਾਂ ਕਿ ਕਵੀਸ਼ਰ ਬਲਕਾਰ ਸਿੰਘ ਭਾਈਰੂਪਾ ਇਸੇ ਤਰ੍ਹਾਂ ਪੰਜਾਬੀ ਸਾਹਿਤ ਅਤੇ ਮਾਂ-ਬੋਲੀ ਦੀ ਸੇਵਾ ਕਰਦੇ ਰਹਿਣ।

ਪੰਜਾਬੀ ਵਿਰਸਾ ਬਹੁਤ ਮਹਾਨ ਜੀ,
ਇਸ ਵਿਚ ਹੈਗੀ ਸਾਡੀ ਜਿੰਦ ਜਾਨ ਜੀ।
ਆਉ ਰਲ ਇਸੇ ਦਾ ਜਸ ਗਾਈਏ ਜੀ,
ਰਲ ਕੇ ਪੰਜਾਬੀ ਵਿਰਸਾ ਬਚਾਈਏ ਜੀ।

ਪੰਜਾਬੀ ਬਾਣੇ ਦਾ ਵੱਖਰਾ ਨਜ਼ਾਰਾ ਸੀ,
ਪਾਉਂਦੇ ਬੋਲੀਆਂ, ਆ ਜਾਂਦਾ ਹੁਲਾਰਾ ਸੀ।
ਮੁੜ ਗਲਾਂ ਵਿੱਚ ਕੈਂਠੇ ਸਜਾਈਏ ਜੀ,
ਰਲ ਕੇ ਪੰਜਾਬੀ ਵਿਰਸਾ ਬਚਾਈਏ ਜੀ।

ਵਿਆਹ ਪੈਸੇ ਚੁਗ ਆਨੰਦ ਆਉਂਦਾ ਸੀ,
ਸਾਦਾ ਪਹਿਰਾਵਾ ਹਰ ਇੱਕ ਭਾਉਂਦਾ ਸੀ।
ਆਉ ਮੁੜ ਕੁੜਤੇ ਚਾਦਰੇ ਪਾਈਏ ਜੀ,
ਰਲ ਕੇ ਪੰਜਾਬੀ ਵਿਰਸਾ ਬਚਾਈਏ ਜੀ।

ਖਾਣ ਪੀਣ ਹੁੰਦਾ ਅੱਜ ਨਾਲੋਂ ਚੰਗਾ ਸੀ,
ਰੋਟੀ ਉੱਤੇ ਆਚਾਰ ਨਾਲ ਹੁੰਦਾ ਗੰਡਾ ਸੀ।
ਆਉ ਮੁੜ ਗੁੜ ਦੰਦੀ ਵੱਢ ਖਾਈਏ ਜੀ,
ਰਲ ਕੇ ਪੰਜਾਬੀ ਵਿਰਸਾ ਬਚਾਈਏ ਜੀ।

ਖੱਡੀ ਤਾਣੀ ਘਰਾਂ ਵਿਚ ਆਮ ਹੁੰਦੀ ਸੀ,
ਕੱਚੇ ਘਰਾਂ ਵਿਚ ਸੋਹਣੀ ਸ਼ਾਮ ਹੁੰਦੀ ਸੀ।
ਮੁੜ ਚਰਖੇ ਵਿਚ ਮਾਹਲ ਪਾਈਏ ਜੀ,
ਰਲ ਕੇ ਪੰਜਾਬੀ ਵਿਰਸਾ ਬਚਾਈਏ ਜੀ।

ਨਾ ਪੀਚੋ ਖੇਡਣ ਨਾ ਖੇਡਣ ਗੋਲੀਆਂ,
ਨਰਮੇ ਕਪਾਹ ਨਾ ਬੰਨ੍ਹਣ ਝੋਲੀਆਂ।
ਮੁੜ ਬਲਦ ਗਲ ਟੱਲੀਆਂ ਪਾਈਏ ਜੀ,
ਰਲ ਕੇ ਪੰਜਾਬੀ ਵਿਰਸਾ ਬਚਾਈਏ ਜੀ।

ਬੁੱਢੇ ਬਾਪੂ ਪਿੰਡਾਂ ਵਿਚ ਸ਼ਾਨ ਹੁੰਦੇ ਸੀ,
ਸੱਥਾਂ ਵਿੱਚ ਬੈਠੇ ਹੋਏ ਮਾਣ ਹੰੁਦੇ ਸੀ।
ਬਲਕਾਰ ਖੂੰਡੇ ਕੋਕੇ ਲਵਾਈਏ ਜੀ,
ਰਲ ਕੇ ਪੰਜਾਬੀ ਵਿਰਸਾ ਬਚਾਈਏ ਜੀ।

ਪੇਸ਼ਕਸ਼:
ਜੱਗਾ ਸਿੰਘ ਰੱਤੇਵਾਲਾ,
ਸੋਹਣਗੜ੍ਹ ‘ਰੱਤੇਵਾਲਾ’ (ਫਿਰੋਜਪੁਰ)
ਮੋ. 88723-27022

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ