ਬਿਜਲੀ ਕਾਮਿਆਂ ਵੱਲੋਂ ਪਾਵਰਕੌਮ ਦੇ ਮੁੱਖ ਦਫਤਰ ਦੇ ਤਿੰਨੇ ਗੇਟਾਂ ਤੇ ਜਬਰਦਸਤ ਰੋਸ ਪ੍ਰਦਰਸ਼ਨ

Electricity Workers Sachkahoon

ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ

ਚੇਅਰਮੈਨ ਅਤੇ ਡਾਇਰੈਕਟਰਜ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਅਹਿਦ
27, 28 ਅਕਤਬਰ ਨੂੰ ਦੋ ਦਿਨ ਦੀ ਮਾਸ ਕੈਜੂਅਲ ਲੀਵ ਲੈ ਕੇ ਮੁਲਾਜਮ ਸਮੁੱਚੇ ਦਫਤਰਾਂ ਦਾ ਕੰਮ ਠੱਪ ਕਰਨਗੇ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹਜਾਰਾਂ ਬਿਜਲੀ ਮੁਲਾਜਮਾਂ ਨੇ ਪਾਵਰਕੌਮ ਦੇ ਮੁੱਖ ਦਫਤਰ ਦੇ ਤਿੰਨੇ ਗੇਟਾਂ ਤੇ ਜਬਰਦਸਤ ਰੋਸ ਪ੍ਰਦਰਸ਼ਨ ਕਰਕੇ ਦਫਤਰਾਂ ਦਾ ਕੰਮ ਠੱਪ ਕੀਤਾ। ਜਿਸ ਕਾਰਨ ਪਾਵਰ ਮੈਨੇਜਮੈਂਟ ਅਤੇ ਦਫਤਰੀ ਅਮਲਾ ਗੇਟ ਤੇ ਪ੍ਰਦਰਸ਼ਨ ਕਾਰਨ ਅੰਦਰ ਜਾਣ ਤੋਂ ਅਸਮਰਥ ਰਿਹਾ। ਜ਼ਿਕਰਯੋਗ ਹੈ ਕਿ ਹੈਡ ਆਫਿਸ ਪਟਿਆਲਾ 13 ਦਿਨਾਂ ਤੋਂ ਲਗਾਤਾਰ ਬੰਦ ਹੈ। ਮਿ੍ਰਤਕਾਂ ਦੇ ਆਸ਼ਰਿਤ ਵੀ ਅਗੇਤ ਅਧਾਰ ਤੇ ਨੌਕਰੀ ਲੈਣ ਲਈ ਲਗਾਤਾਰ ਹੈਡ ਆਫਿਸ ਦੇ ਤਿੰਨਾਂ ਗੇਟਾਂ ’ਤੇ ਰੋਸ ਪ੍ਰਗਟ ਕਰ ਰਹੇ ਹਨ।

ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਿਜ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਇੰਪਲਾਈਜ ਫੈਡਰੇਸ਼ਨ (ਫਲਜੀਤ ਸਿੰਘ), ਮਨਿਸਟੀਰੀਅਲ ਸਰਵਿਸਿਜ ਯੂਨੀਅਨ, ਹੈਡ ਆਫਿਸ ਇੰਪਲਾਈਜ ਫੈਡਰੇਸ਼ਨ, ਵਰਕਰਜ ਫੈਡਰੇਸ਼ਨ ਪਾਵਰਕਾਮ ਟਰਾਂਸਕੋ, ਥਰਮਲ ਇੰਪਲਾਈਜ ਕੁਆਰਡੀਨੇਸ਼ਨ ਕਮੇਟੀ ਅਤੇ ਪੰਜਾਬ ਰਾਜ ਬਿਜਲੀ ਮਜਦੂਰ ਸੰਘ ਦੇ ਬਿਜਲੀ ਕਾਮਿਆਂ ਨੇ ਹਜਾਰਾਂ ਦੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਜੱਥੇਬੰਦੀ ਦੇ ਸੂਬਾਈ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਜਿੰਦਰ ਸਿੰਘ ਦੁਧਾਲਾ, ਬਲਵਿੰਦਰ ਸਿੰਘ ਸੰਧੂ, ਹਰਪਾਲ ਸਿੰਘ, ਜਗਜੀਤ ਸਿੰਘ ਲਹਿਰਾ, ਰਾਮ ਲੁਭਾਇਆ, ਹਰਜੀਤ ਸਿੰਘ, ਨਛੱਤਰ ਸਿੰਘ, ਰਵੇਲ ਸਿੰਘ ਸਹਾਏਪੁਰ, ਕੌਰ ਸਿੰਘ ਸੋਹੀ, ਕਮਲਜੀਤ ਸਿੰਘ, ਗੁਰਕਮਲ ਸਿੰਘ, ਮਨਜੀਤ ਕੁਮਾਰ, ਸੁਖਵਿੰਦਰ ਸਿੰਘ ਦੁੰਮਨਾ, ਪ੍ਰੀਤਮ ਸਿੰਘ ਪਿੰਡੀ ਅਤੇ ਗੁਰਦਿੱਤ ਸਿੰਘ ਸਿੱਧੂ ਧਰਨਾਕਾਰੀਆਂ ਨੇ ਸੰਬੋਧਨ ਕਰਦਿਆਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਮੁਲਾਜਮਾਂ ਦੀਆਂ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਅਤੇ ਲਗਾਤਾਰ ਟਾਲਮਟੋਲ ਦੀ ਨੀਤੀ ਅਪਨਾਈ ਜਾ ਰਹੀ ਹੈ।

ਪਾਵਰ ਮੈਨੇਜਮੈਂਟ ਮੁਲਾਜਮ ਮੰਗਾਂ ਦੇ ਹੱਲ ਲਈ ਜੱਥਬੰਦੀਆਂ ਨਾਲ ਕੋਈ ਗੱਲ ਕਰਕੇ ਸਾਰਥਿਕ ਹੱਲ ਕੱਢਣ ਦੀ ਥਾਂ ਗੱਲਬਾਤ ਤੋਂ ਭੱਜ ਰਹੀ ਹੈ। ਮੁਲਾਜਮ ਮੰਗਾਂ ਜਿਵੇਂ ਮਿਤੀ 1.12.2011 ਤੋਂ ਪੇ ਬੈਂਡ ਵਿੱਚ ਵਾਧਾ, 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧਾ ਦੇਣ, ਕੱਚੇ ਕਾਮੇ ਪੱਕੇ ਕਰਨ, ਮਿ੍ਰਤਕਾਂ ਦੇ ਆਸ਼ਰਿਤਾਂ ਨੂੰ ਨੌਕਰੀ ਦੇਣ, ਯੋਗ ਟੈਕਨੀਕਲ ਅਤੇ ਕਲੈਰੀਕਲ ਮੁਲਾਜਮਾਂ ਸਮੇਤ ਥਰਮਲ, ਹਾਈਡਲਾਂ, ਸਬ ਸਟੇਸ਼ਨਾਂ ਅਤੇ ਟਰਾਂਸਮਿਸ਼ਨ ਕਾਮਿਆਂ ਦੀ ਤਰੱਕੀਆਂ ਲਗਾਤਾਰ ਰੋਕੀਆਂ ਜਾ ਰਹੀਆਂ ਹਨ। ਸਬ ਸਟੇਸ਼ਨ ਸਮੇਤ ਉੱਥੇ ਕੰਮ ਕਰਦੇ ਕਾਮਿਆਂ ਦੀ ਸੁਰੱਖਿਆ, ਸ.ਲ.ਮ. ਨੂੰ ਪਰੀ ਤਨਖਾਹ ਦੇਣ, ਸੀਨੀਆਰਤਾ ਸੂਚੀ ਬਣਾਉਣ ਅਤੇ ਪ੍ਰੋਬੇਸ਼ਨ ਪੀਰੀਅਡ ਵਾਲੇ ਕਰਮਚਾਰੀਆਂ ਨੂੰ ਪੂਰਾ ਦੇਣ ਆਦਿ ਮੰਗ ਪੱਤਰ ਅਨੁਸਾਰ ਮੰਗਾਂ ਹੱਲ ਕਰਨ ਦੀ ਮੰਗ ਕੀਤੀ।

ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ ਚੇਅਰਮੈਨ ਤੇ ਡਾਇਰੈਕਟਰਜ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਕੰਮ ਜਾਰੀ ਰਹੇਗਾ। ਕਿਸੇ ਵੀ ਥਾਂ ਪਾਵਰ ਮੈਨੇਜਮੈਂਟ ਵਿਰੁੱਧ ਗੁਪਤ ਐਕਸ਼ਨ ਕਰਕੇ ਰੋਸ ਪ੍ਰਗਟ ਕੀਤਾ ਜਾਵੇਗਾ। 27, 28 ਅਕਤੂਬਰ ਨੂੰ ਸਮੁੱਚੇ ਬਿਜਲੀ ਕਾਮੇ ਮਾਸ ਕੈਜੂਅਲ ਲੈ ਕੇ, ਪੰਜਾਬ ਦੇ ਸਮੁੱਚੇ ਬਿਜਲੀ ਦਫਤਰਾਂ ਦਾ ਕੰਮ ਠੱਪ ਕਰਨਗੇ। ਮੁਲਾਜਮ ਅਤੇ ਪੈਨਸ਼ਨਰਜ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ਤੇ 21, 22 ਅਕਤੂਬਰ ਨੂੰ ਪ੍ਰਤੀਨਿਧ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਧਰਨਾਕਾਰੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਸੰਘਰਸ਼ ਦਾ ਸਮਰਥਨ ਤੇ ਸ਼ਮੂਲੀਅਤ ਕਰਨ ਦੇ ਨਾਲ ਪੰਜਾਬ ਯੂ.ਟੀ. ਮੁਲਾਜਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ ਮੋਰਿੰਡਾ ਵਿਖੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਜੇਕਰ ਜਲਦੀ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ