ਬਿਜਲੀ ਬੋਰਡ ਦੀ ਸਰਕਾਰੀ ਅਦਾਰਿਆਂ ‘ਤੇ ਸਖ਼ਤੀ 

Tightening, Power Boards, Government Bodies

ਰਿਪੁਦਮਨ ਕਾਲਜ ਸਮੇਤ ਚਾਰ ਵਿਭਾਗਾਂ ਦੇ ਬਿਜਲੀ ਕੁਨੈਕਸ਼ਨ ਕੱਟੇ

  • ਸਿਵਲ ਹਸਪਤਾਲ ਨਾਭਾ ਜ਼ਰੂਰੀ ਸੇਵਾਵਾਂ ਕਾਰਨ ਬਚਿਆ
  • ਐੱਸਡੀਐੱਮ, ਡੀਐੱਸਪੀ, ਕੋਤਵਾਲੀ ਤੇ ਸਦਰ ਪੁਲਿਸ ਥਾਣਿਆਂ ਦੇ ਨਾਂਅ ਹਨ ਸ਼ਾਮਲ

ਨਾਭਾ (ਤਰੁਣ ਕੁਮਾਰ ਸ਼ਰਮਾ) ਬਿਜਲੀ ਬਿੱਲਾਂ ਦੀ ਅਦਾਇਗੀ ਕੀਤੇ ਬਿਨਾਂ ਬਿਜਲੀ ਦੀ ਸਹੂਲਤ ਦਾ ਆਨੰਦ ਉਠਾਉਣ ਵਾਲੇ ਸਰਕਾਰੀ ਅਦਾਰਿਆਂ ਨੂੰ ਪੀਐਸਪੀਸੀਐਲ ਨੇ ਨਿਸ਼ਾਨੇ ‘ਤੇ ਲੈ ਲਿਆ ਹੈ। ਇਸੇ ਕ੍ਰਮ ਵਿੱਚ ਵਿਭਾਗੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਪੀਐਸਪੀਸੀਐਲ ਨੇ ਰਿਆਸਤੀ ਸ਼ਹਿਰ ਨਾਭਾ ਦੇ ਜਿੱਥੇ 4 ਸਰਕਾਰੀ ਅਦਾਰਿਆਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ, ਉੱਥੇ ਅੱਧੀ ਦਰਜ਼ਨ ਦੇ ਕਰੀਬ ਸਰਕਾਰੀ ਅਦਾਰੇ ਪੀਐਸਪੀਸੀਐਲ ਦੀ ਅਦਾਇਗੀ ਨਾ ਹੋਣ ਕਾਰਨ ਡਿਫਾਲਟਰ ਲਿਸਟ ਵੀ ਸ਼ਾਮਲ ਹਨ। ਕੱਟੇ ਹੋਏ ਬਿਜਲੀ ਕੁਨੈਕਸ਼ਨ ਵਾਲੇ ਸਰਕਾਰੀ ਅਦਾਰਿਆਂ ਦੀ ਲਿਸਟ ਵਿੱਚ ਰਿਆਸਤੀ ਸ਼ਹਿਰ ਦੇ ਮਸ਼ਹੂਰ ਸਰਕਾਰੀ ਰਿਪੁਦਮਨ ਕਾਲਜ, ਜਲ ਸਪਲਾਈ, ਸੂਰ ਫਾਰਮ ਤੇ ਇੱਕ ਸਰਕਾਰੀ ਡੇਅਰੀ ਫਾਰਮ ਦੇ ਕੁਨੈਕਸ਼ਨ ਹਨ।

ਜਿਨ੍ਹਾਂ ਵੱਲ ਮਹਿਕਮੇ ਦਾ ਲੱਖਾਂ ਰੁਪਏ ਦਾ ਬਕਾਇਆ ਖੜ੍ਹਾ ਹੈ। ਇਨ੍ਹਾਂ ਸਰਕਾਰੀ ਅਦਾਰਿਆਂ ‘ਚ ਸਿਵਲ ਹਸਪਤਾਲ ਨਾਭਾ ਦਾ ਨਾਂਅ ਵੀ ਹੈ, ਜਿਸ ਦਾ ਬਿਜਲੀ ਕੁਨੈਕਸ਼ਨ ਜਰੂਰੀ ਸੇਵਾਵਾਂ ਕਾਰਨ ਕੱਟਣ ਤੋਂ ਬਚ ਗਿਆ ਹੈ ਪਰੰਤੂ ਸਿਵਲ ਹਸਪਤਾਲ ਵੱਲ ਪੀਐਸਪੀਸੀਐਲ ਦਾ ਲੱਖਾਂ ਦਾ ਬਕਾਇਆ ਜ਼ਰੂਰ ਖੜ੍ਹਾ ਹੈ। ਦੂਜੇ ਪਾਸੇ ਸਥਾਨਕ ਐੱਸਡੀਐੱਮ ਦਫਤਰ, ਡੀਐੱਸਪੀ ਦਫਤਰ, ਕੋਰਟ ਕੰਪਲੈਕਸ, ਕੋਤਵਾਲੀ ਪੁਲਿਸ ਤੇ ਸਦਰ ਥਾਣਾ ਪੁਲਿਸ ਸਟੇਸ਼ਨ ਸਮੇਤ ਅੱਧੀ ਦਰਜ਼ਨ ਸਰਕਾਰੀ ਅਦਾਰਿਆਂ ਵੱਲ ਵੀ ਪੀਐਸਪੀਸੀਐਲ ਦਾ ਲੱਖਾਂ ਦਾ ਬਕਾਇਆ ਖੜ੍ਹਾ ਹੈ, ਜਿਸ ਦੀ ਅਦਾਇਗੀ ਨਾ ਕਰਵਾਉਣ ਕਾਰਨ ਬਿਜਲੀ ਦੇ ਕੁਨੈਕਸ਼ਨ ਕੱਟਣ ਦੇ ਆਦੇਸ਼ ਵੀ ਜਾਰੀ ਹੋਏ ਪਏ ਹਨ, ਜਿਨ੍ਹਾਂ ਨੂੰ ਤਰਤੀਬਵਾਰ ਅੰਜਾਮ ਦਿੱਤਾ ਜਾ ਰਿਹਾ ਹੈ।

ਲਗਭਗ ਇੱਕ ਦਰਜ਼ਨ ਅਦਾਰਿਆਂ ਵੱਲ ਖੜ੍ਹਾ ਹੈ 38 ਲੱਖ ਬਕਾਇਆ : ਐੱਸਡੀਓ

ਉਪਰੋਕਤ ਵਿਭਾਗੀ ਕਾਰਵਾਈ ਦੀ ਪੁਸ਼ਟੀ ਕਰਦਿਆਂ ਪੀਐਸਪੀਸੀਐਲ ਦੇ ਨਾਭਾ ਸ਼ਾਖਾ ਸ਼ਹਿਰੀ ਦੇ ਐੱਸਡੀਓ ਦੀਪਕ ਮੱਟੂ ਨੇ ਦੱਸਿਆ ਕਿ ਰਿਆਸਤੀ ਸ਼ਹਿਰ ਦੇ ਲਗਭਗ ਇੱਕ ਦਰਜ਼ਨ ਸਰਕਾਰੀ ਅਦਾਰਿਆਂ ਵੱਲ ਲਗਭਗ 38 ਲੱਖ ਦਾ ਬਕਾਇਆ ਖੜ੍ਹਾ ਹੈ। ਇਸੇ ਕਾਰਨ ਜਿੱਥੇ ਮਸ਼ਹੂਰ ਸਰਕਾਰੀ ਰਿਪੁਦਮਨ ਕਾਲਜ, ਜਲ ਸਪਲਾਈ, ਸੂਰ ਫਾਰਮ ਤੇ ਇੱਕ ਸਰਕਾਰੀ ਡੇਅਰੀ ਫਾਰਮ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਉਥੇ ਐੱਸਡੀਐੱਮ ਦਫਤਰ, ਡੀਐੱਸਪੀ ਦਫਤਰ, ਕੋਰਟ ਕੰਪਲੈਕਸ, ਕੋਤਵਾਲੀ ਪੁਲਿਸ ਤੇ ਸਦਰ ਥਾਣਾ ਪੁਲਿਸ ਸਟੇਸ਼ਨ ਸਮੇਤ ਅੱਧੀ ਦਰਜ਼ਨ ਸਰਕਾਰੀ ਅਦਾਰਿਆਂ ਵੱਲੋ ਬਕਾਇਆ ਰਕਮ ਭਰ ਦਿੱਤੇ ਜਾਣ ਦੇ ਹਵਾਲੇ ਦੀ ਪੁਸ਼ਟੀ ਹੋਣ ਤੱਕ ਇਨ੍ਹਾਂ ਸਰਕਾਰੀ ਅਦਾਰਿਆਂ ਦੇ ਬਿਜਲੀ ਕੁਨੈਕਸ਼ਨ ਅਜੇ ਨਹੀਂ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਉਪਰੋਕਤ ਸਰਕਾਰੀ ਅਦਾਰਿਆਂ ਨੇ ਭਰੀ ਹੋਈ ਰਕਮ ਸਬੰਧੀ ਬਿਜਲੀ ਬੋਰਡ ਮਹਿਕਮੇ ਦੀ ਤਸੱਲੀ ਨਾ ਕਰਵਾਈ ਤਾਂ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਵੀ ਕੱਟੇ ਦਿੱਤੇ ਜਾਣਗੇ।