ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਚੋਣ ਕਮਿਸ਼ਨ ਨੇ ਅੱਜ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ’ਚ ਭਾਜਪਾ ਸੱਤਾ ’ਤੇ ਕਾਬਜ਼ ਹੈ ਤੇ ਰਾਜਸਥਾਨ ’ਚ ਕਾਂਗਰਸ। ਤੇਲੰਗਾਨਾ ’ਚ ਕੇਸੀਆਰ ਦੀ ਪਾਰਟੀ ਬੀਆਰਐੱਸ ਸੱਤਾ ’ਚ ਹੈ। ਉੱਥੇ ਹੀ ਮਿਜ਼ੋਰਮ ’ਚ ਮਿਜੋ ਨੈਸ਼ਨਲ ਫਰੰਟ ਦੀ ਸਰਕਾਰ ਹੈ। (Assembly Elections 2023 Date Live)
ਕਿੱਥੇ ਕਦੋਂ ਪੈਣਗੀਆਂ ਵੋਟਾਂ, ਨਤੀਜੇ ਕਦੋਂ?
- ਰਾਜਥਸਾਨ -23 ਨਵੰਬਰ
- ਮਿਜ਼ੋਰਮ – 7 ਨਵੰਬਰ
- ਮੱਧ ਪ੍ਰਦੇਸ਼ – 17 ਨਵੰਬਰ
- ਛੱਤੀਸਗੜ੍ਹ – 7 ਤੇ 17 ਨਵੰਬਰ (ਦੋ ਪੜਾਅ)
- ਤੇਲੰਗਾਨਾ – 30 ਨਵੰਬਰ
- ਮੱਧ ਪ੍ਰਦੇਸ਼, ਰਾਜਸਥਾਨ ਸਮੇਤ ਸਾਰੇ ਸੂਬਿਆਂ ਦੇ ਨਤੀਜੇ ਇਕੱਠੇ ਹੀ 3 ਦਸੰਬਰ ਨੂੰ ਐਲਾਨੇ ਜਾਣਗੇ।
ਇਨ੍ਹਾਂ ਸੂਬਿਆਂ ’ਚ 16.14 ਕਰੋੜ ਤੋਂ ਜ਼ਿਆਦਾ ਵੋਟਰ
ਇਲੈਕਸ਼ਨ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਾਰੇ ਪੰਜ ਸੂਬਿਆਂ ਦਾ ਦੌਰਾ ਕੀਤਾ ਅਤੇ ਸਾਰੇ ਸੂਬਿਆਂ ਦੀਆਂ ਸਿਆਸੀ ਪਾਰਟੀਆਂ ਨਾਲ ਮੀਟਿੰਗਾਂ ਕੀਤੀਆਂ। ਇਸ ਤੋਂ ਇਲਾਵਾ ਸਰਕਾਰੀ ਏਜੰਸੀਆਂ, ਸੂਬਾ ਸਰਕਾਰਾਂ ਨਾਲ ਮੀਟਿੰਗਾਂ ਕੀਤੀਆਂ। ਅਸੀਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਸੁਝਾਅ ਤੇ ਫੀਡਬੈਕ ਲੈਣ ਲਈ ਇਹ ਮੀਟਿੰਗ ਕੀਤੀਆਂ ਗਈਆਂ। ਮਿਜ਼ੋਰਮ ਦਾ ਕਾਰਜਕਾਲ ਦਸੰਬਰ 2023 ਨੂੰ ਖ਼ਤਮ ਹੋ ਰਿਹਾ ਹੈ। ਬਾਕੀ ਸੂਬਿਆਂ ਦਾ ਕਾਰਜਕਾਲ ਜਨਵਰੀ 2024 ’ਚ ਖ਼ਤਮ ਹੋ ਰਿਹਾ ਹੈ। ਇਨ੍ਹਾਂ ਪੰਜ ਸੂਬਿਆਂ ’ਚ 679 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਸੂਬਿਆਂ ’ਚ 16.14 ਕਰੋੜ ਤੋਂ ਜ਼ਿਆਦਾ ਵੋਟਰ ਹਨ। ਇਨ੍ਹਾਂ ’ਚੋਂ 8.2 ਕਰੋੜ ਪੁਰਸ਼ ਤੇ 7.8. ਕਰੋੜ ਮਹਿਲਾ ਵੋਟਰ ਹਨ। ਇਨ੍ਹਾਂ ਸੂਬਿਆਂ ’ਚ 60.2 ਲੱਖ ਅਜਿਹੇ ਵੋਟਰ ਹਨ ਜੋ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨਗੇ।
( Assembly Elections 2023 Date Live)
ਅਧਿਕਾਰੀਆਂ ਨੇ ਦੱਸਿਆ ਕਿ ਕਮਿਸ਼ਨ ਨੇ ਇਨ੍ਹਾਂ ਸੂਬਿਆਂ ’ਚ ਵੋਟਰ ਸੂਚੀਆਂ ਦੀ ਸਮੀਖਿਆ ਸਮੇਤ ਇਨ੍ਹਾਂ ਸੂਬਿਆਂ ’ਚ ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਪੰਜ ਸੂਬਿਆਂ ’ਚ ਕੁੱਲ ਮਿਲਾ ਕੇ 1,180 ਤੋਂ ਜ਼ਿਆਦਾ ਚੋਣ ਪਰਿਵੇਕਸ਼ਕ ਨਿਯੁਕਤ ਕੀਤੇ ਜਾ ਰਹੇ ਹਨ, ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਨਾਲ ਹੀ ਇਨ੍ਹਾਂ ਸੂਬਿਆਂ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ।