ਕਸ਼ਮੀਰ ’ਚ ਚੋਣਾਂ ਦਾ ਅਮਲ

Kashmir Election Sachkahoon

ਕਸ਼ਮੀਰ ’ਚ ਚੋਣਾਂ ਦਾ ਅਮਲ

ਕੇਂਦਰ ਸਰਕਾਰ ਦੀ ਕਸ਼ਮੀਰੀ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਜਿਸ ਤਰ੍ਹਾਂ ਚੋਣ ਕਮਿਸ਼ਨ ਨੇ ਅਗਲੇ ਸਾਲ ਸੂਬੇ ’ਚ ਚੋਣਾਂ ਕਰਵਾਉਣ ਦਾ ਖੁਲਾਸਾ ਕੀਤਾ ਹੈ ਉਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਕੇਂਦਰ ਸਰਕਾਰ ਨੇ ਸੂਬੇ ਸਬੰਧੀ ਸਾਰੀ ਯੋਜਨਾ ਬਣਾ ਲਈ ਹੈ ਤੇ ਇਸ ਨੂੰ ਪੜਾਅਵਾਰ ਲਾਗੂ ਕੀਤਾ ਜਾ ਰਿਹਾ ਧਾਰਾ 370 ਹਟਾਉਣ ਤੋਂ ਬਾਅਦ ਇਸ ਕੇਂਦਰੀ ਸੂਬੇ ਵਿਚ ਪਾਬੰਦੀਆਂ ਲਾਈਆਂ ਗਈਆ ਸਨ ਪਿਛਲੇ ਦਿਨੀਂ ਲਗਭਗ ਦੋ ਸਾਲਾਂ ਬਾਦ ਕੇਂਦਰ ਤੇ ਕਸ਼ਮੀਰੀ ਆਗੂਆਂ ਦੀ ਮੀਟਿੰਗ ਚੰਗੇ ਮਾਹੌਲ ’ਚ ਹੋਈ ਸੀ ਭਾਵੇਂ ਬਹੁਤੇ ਕਸ਼ਮੀਰੀ ਆਗੂ ਇਹ ਚਾਹੁੰਦੇ ਸਨ ਕਿ ਚੋਣਾਂ ਤੋਂ ਪਹਿਲਾਂ ਕਸ਼ਮੀਰ ਦਾ ਮੁਕੰਮਲ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇ ਫਿਰ ਵੀ ਚੋਣਾਂ ਹੋਣ ਨਾਲ ਵੀ ਸਿਆਸੀ ਪਾਰਟੀਆਂ ਤੇ ਆਮ ਜਨਤਾ ਦਾ ਦੇਸ਼ ਤੇ ਕਾਨੂੰਨ ਪ੍ਰਤੀ ਵਿਸ਼ਵਾਸ ਵਧੇਗਾ।

ਕੇਂਦਰ ਇਹ ਮੰਨ ਕੇ ਚੱਲ ਰਿਹਾ ਹੈ ਕਿ ਜਨਤਾ ਵੱਲੋਂ ਆਪਣੀ ਸਰਕਾਰ ਚੁਣਨ ’ਚ ਹੁਣ ਦੇਰੀ ਨਹੀਂ ਹੋਣੀ ਚਾਹੀਦੀ ਹਲਕਾਬੰਦੀ ਕਮਿਸ਼ਨ ਵੀ ਅੱਜ-ਕੱਲ੍ਹ ਦੌਰੇ ’ਤੇ ਹੈ ਤੇ ਅਗਲੇ ਸਾਲ ਮਾਰਚ ’ਚ ਹਲਕਾਬੰਦੀ ਮੁਕੰਮਲ ਹੋਣ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਹਲਕਾਬੰਦੀ ਕਮਿਸ਼ਨ ਵੱਖ-ਵੱਖ ਵਰਗਾਂ ਨਾਲ ਗੱਲਬਾਤ ਕਰ ਰਿਹਾ ਹੈ ਉਸ ਨਾਲ ਵੀ ਮਾਹੌਲ ਸੁਖਾਵਾਂ ਬਣ ਰਿਹਾ ਹੈ ਇਸ ਗੱਲ ਦੇ ਵੀ ਆਸਾਰ ਬਣਦੇ ਜਾ ਰਹੇ ਹਨ ਕਿ ਸਿਆਸੀ ਪਾਰਟੀਆਂ ਚੋਣਾਂ ਲਈ ਵੀ ਚੰਗਾ ਹੁੰਗਾਰਾ ਦੇਣਗੀਆਂ ਸਰਕਾਰ ਕਿਸੇ ਵੀ ਪਾਰਟੀ ਦੀ ਬਣੇ, ਇਸ ਨਾਲ ਜਨਤਾ ’ਚ ਚੰਗਾ ਸੰਦੇਸ਼ ਜਾਵੇਗਾ ਕਿ ਉਹ ਸੂਬੇ ਨੂੰ ਆਪ ਸੰਭਾਲ ਰਹੇ ਹਨ ਇੱਥੇ ਸਭ ਤੋਂ ਜ਼ਰੂਰੀ ਗੱਲ ਵਿਸ਼ਵਾਸ ਦੀ ਹੈ ਕਸ਼ਮੀਰੀਆਂ ਦਾ ਦਿਲ ਜਿੱਤਣਾ ਜ਼ਰੂਰੀ ਹੈ ਹਲਕਾਬੰਦੀ ਦੀ ਪ੍ਰਕਿਰਿਆ ਨੂੰ ਮਜ਼ਬੂਤ ਤੇ ਵਿਹਾਰਕ ਬਣਾਉਣਾ ਪਵੇਗਾ ਤਾਂ ਕਿ ਜਨਤਾ ’ਚ ਕਿਸੇ ਵੀ ਤਰ੍ਹਾਂ ਦੀ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਨਾ ਹੋਵੇ ਜੇਕਰ ਚੋਣਾਂ ਤੋਂ ਬਾਦ ਕੇਂਦਰ ਦੇ ਵਾਅਦੇ ਅਨੁਸਾਰ ਕਸ਼ਮੀਰ ਨੂੰ ਮੁਕੰਮਲ ਸੂਬੇ ਦਾ ਦਰਜਾ ਮਿਲ ਜਾਂਦਾ ਹੈ ਤਾਂ ਇਸ ਨਾਲ ਮਾਹੌਲ ਹੋਰ ਸੁਧਰੇਗਾ।

ਕਸ਼ਮੀਰ ’ਚ ਦੇਸ਼ ਪਹਿਲਾਂ ਹੀ ਵਿਦੇਸ਼ੀ ਅੱਤਵਾਦ ਖਿਲਾਫ਼ ਵੀ ਲੜਾਈ ਲੜ ਰਿਹਾ ਹੈ ਇਸ ਲੜਾਈ ’ਚ ਜਨਤਾ ਦਾ ਸਾਥ ਵੀ ਬੇਹੱਦ ਜ਼ਰੂਰੀ ਹੈ ਅੱਤਵਾਦ ਨੂੰ ਅਸਲ ਮਾਰ ਉਦੋਂ ਹੀ ਪੈਂਦੀ ਹੈ ਜਦੋਂ ਆਮ ਜਨਤਾ ਵੀ ਅੱਤਵਾਦ ਨੂੰ ਨਕਾਰ ਦੇਵੇ ਚੋਣਾਂ ਤੱਕ ਮਾਹੌਲ ਵਧੀਆ ਬਣਾਉਣ ਲਈ ਪੁਲਿਸ ਤੇ ਸੁਰੱਖਿਆ ਬਲਾਂ ਦਾ ਜਨਤਾ ਨਾਲ ਰਾਬਤਾ ਮਜ਼ਬੂਤ ਤੇ ਦੋਸਤਾਨਾ ਹੋਣਾ ਚਾਹੀਦਾ ਹੈ ਇਸ ਦੌਰਾਨ ਉਹਨਾਂ ਤੱਤਾਂ ’ਤੇ ਨਜ਼ਰ ਰੱਖਣੀ ਪਵੇਗੀ ਜੋ ਸੁਰੱਖਿਆ ਬਲਾਂ ਤੇ ਜਨਤਾ ਦਰਮਿਆਨ ਟਕਰਾਅ ਪੈਦਾ ਕਰਨ ਦੀਆਂ ਚਾਲਾਂ ਚੱਲਦੇ ਹਨ ਅੱਤਵਾਦੀ ਤੇ ਉਹਨਾਂ ਦੇ ਏਜੰਟ ਸੂਬੇ ’ਚ ਅਮਨ-ਅਮਾਨ ਤੇ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਨ ਲਈ ਜ਼ੋਰ ਲਾਉਂਦੇ ਹਨ ਕੇਂਦਰ ਸਰਕਾਰ ਸਥਾਨਕ ਪ੍ਰਸ਼ਾਸਨ ਪੁਲਿਸ ਤੇ ਸਿਆਸੀ ਪਾਰਟੀਆਂ ਤੇ ਗੈਰ-ਸਿਆਸੀ ਮੁਕਾਮੀ ਤਨਜ਼ੀਮਾਂ ਨੂੰ ਵੀ ਸੂਬੇ ਦੀ ਬਿਹਤਰੀ ਲਈ ਰਲ-ਮਿਲ ਕੇ ਕੰਮ ਕਰਨਾ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।