ਪਟਾਖੇ, ਗੁਲਾਲ ਤੇ ਫੁੱਲਾਂ ਦੇ ਹਾਰਾਂ ਦਾ ਖਰਚਾ ਵੀ ਪਵੇਗਾ ਉਮੀਦਵਾਰ ਦੇ ਖਾਤੇ ‘ਚ
ਬਠਿੰਡਾ, (ਅਸ਼ੋਕ ਵਰਮਾ)। ਪੰਜਾਬ ਵਿਧਾਨ ਸਭਾ ਦੀ ਚੋਣ ਦੇ ਨਤੀਜਿਆਂ ਮਗਰੋਂ ਚੋਣ ਕਮਿਸ਼ਨ ਦੀ ਸਖ਼ਤੀ ਜੇਤੂ ਉਮੀਦਵਾਰਾਂ ਦੀ ਜਿੱਤ ਦੇ ਢੋਲ-ਢਮੱਕੇ ਨੂੰ ਠੰਢਾ ਕਰ ਸਕਦੀ ਹੈ ਕਿਉਂਕਿ ਪੰਜਾਬ ‘ਚ ਹਾਲੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਜੋ ਚੋਣ ਕਮਿਸ਼ਨ (Election Commission) ਦੇ ਰਸਮੀ ਐਲਾਨ ਤੋਂ ਬਾਅਦ ਸਮਾਪਤ ਹੋਵੇਗਾ ਇਹੋ ਕਾਰਨ ਹੈ ਕਿ ਚੋਣ ਕਮਿਸ਼ਨ ਉਮੀਦਵਾਰਾਂ ਦੇ ਜੇਤੂ ਜਸ਼ਨਾਂ ਉੱਪਰ ਵੀ ਨਜ਼ਰ ਰੱਖੇਗਾ।
ਵੇਰਵਿਆਂ ਮੁਤਾਬਕ ਵੋਟਾਂ ਦੀ ਗਿਣਤੀ ਪਿੱਛੋਂ ਜੇਤੂ ਰਹਿਣ ਵਾਲੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਸਮਰੱਥਕਾਂ ਵੱਲੋਂ ਜੋ ਜਿੱਤ ਦੀ ਖੁਸ਼ੀ ਮਨਾਈ ਜਾਵੇਗੀ, ਉਸ ਦਾ ਖਰਚਾ ਵੀ ਉਮੀਦਵਾਰ ਦੇ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾਵੇਗਾ ਬਠਿੰਡਾ ਸ਼ਹਿਰ ‘ਚ ਢੋਲੀਆਂ ਦੀ ਗਿਣਤੀ ਤਕਰੀਬਨ ਚਾਰ ਦਰਜਨ ਹੈ ਜੋ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਦੀ ਉਡੀਕ ਕਰ ਰਹੇ ਸਨ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਬਠਿੰਡਾ ਜਿਲ੍ਹੇ ‘ਚ ਚੋਣ ਪ੍ਰਚਾਰ ਦੌਰਾਨ ਵੀ ਢੋਲਾਂ ਵਾਲਿਆਂ ਦਾ ਕੰਮਕਾਜ ਕਾਫੀ ਠੰਢਾ ਰਿਹਾ ਹੈ ਪ੍ਰਚਾਰ ਦੌਰਾਨ ਕਈ ਉਮੀਦਵਾਰਾਂ ਦੇ ਵਰਕਰ ਤਾਂ ਆਪਣੇ ਦਫਤਰਾਂ ਅੱਗੇ ਢੋਲੀਆਂ ਨੂੰ ਖੜ੍ਹਨ ਵੀ ਨਹੀਂ ਦਿੰਦੇ ਸਨ।
ਵੋਟਰਾਂ ਨੇ ਐਤਕੀਂ ਆਪਣੇ ਦਿਲ ਦਾ ਭੇਤ ਕਿਸੇ ਨੂੰ ਨਹੀਂ ਦਿੱਤਾ
ਉਨ੍ਹਾਂ ਨੂੰ ਡਰ ਸੀ ਕਿ ਕਿਤੇ ਦਫਤਰ ਅੱਗੇ ਖੜ੍ਹੇ ਢੋਲੀ ਦਾ ਖਰਚਾ ਹੀ ਉਮੀਦਵਾਰ ਦੇ ਚੋਣ ਖਰਚ ਵਿੱਚ ਸ਼ਾਮਲ ਨਾ ਹੋ ਜਾਵੇ ਢੋਲੀਆਂ ਨੂੰ ਇੱਕੋ ਉਮੀਦ ਬਚੀ ਸੀ ਕਿ ਚੋਣ ਨਤੀਜਿਆਂ ਵਾਲੇ ਦਿਨ ਉਹ ਮੇਲਾ ਲੁੱਟਣਗੇ। ਹੁਣ ਜਦੋਂ ਇਹ ਗੱਲ ਸਾਹਮਣੇ ਆਈ ਹੈ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਦਾ ਖਰਚਾ ਵੀ ਚੋਣ ਖਰਚੇ ਦਾ ਹਿੱਸਾ ਹੀ ਮੰਨਿਆ ਜਾਵੇਗਾ ਤਾਂ ਢੋਲ ਮਾਸਟਰ ਨਿਰਾਸ਼ ਹੋ ਗਏ ਹਨ। ਉਮੀਦਵਾਰਾਂ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਦੀ ਤਾਂ ਉਡੀਕ ਹੈ ਪਰ ਜਿਲ੍ਹੇ ਭਰ ‘ਚ ਚੋਣ ਮੁਕਾਬਲੇ ਫਸਵੇਂ ਹੋਣ ਕਰਕੇ ਕੋਈ ਵੀ ਜਸ਼ਨ ਮਨਾਉਣ ਦੇ ਅਗੇਤੇ ਪ੍ਰਬੰਧ ਨਹੀਂ ਕਰ ਰਿਹਾ ਹੈ ਹਾਲਾਂਕਿ ਜਿੱਤ ਦਾ ਦਾਅਵਾ ਹਰ ਕੋਈ ਕਰ ਰਿਹਾ ਹੈ ਲੇਕਿਨ ਅੰਦਰੋ ਅੰਦਰੀ ਸਾਰੇ ਉਮੀਦਵਾਰ ਵੀ ਡਰੇ ਹੋਏ ਹਨ ਕਿਉਂ ਜੋ ਵੋਟਰਾਂ ਨੇ ਐਤਕੀਂ ਆਪਣੇ ਦਿਲ ਦਾ ਭੇਤ ਕਿਸੇ ਨੂੰ ਨਹੀਂ ਦਿੱਤਾ ਹੈ।
ਇੱਕ ਸਿਆਸੀ ਨੇਤਾ ਨੇ ਦੱਸਿਆ ਕਿ ਪਹਿਲਾਂ ਵਾਲੀਆਂ ਚੋਣਾਂ ਮੌਕੇ ਵੋਟਾਂ ਦੀ ਗਿਣਤੀ ਵਾਲੇ ਦਿਨ ਤੋਂ ਪਹਿਲਾਂ ਹੀ ਢੋਲਾਂ ਵਾਲੇ ਬੁੱਕ ਕਰ ਲਏ ਜਾਂਦੇ ਸਨ ਉਨ੍ਹਾਂ ਦੱੱਸਿਆ ਕਿ ਕਈ ਵਾਰ ਤਾਂ ਚੋਣਾਂ ਦੇ ਦਿਨਾਂ ‘ਚ ਢੋਲੀਆਂ ਦੀ ਤੋਟ ਪੈ ਜਾਂਦੀ ਸੀ ਬਹੁਤੇ ਢੋਲ ਵਜਾਉਣ ਵਾਲੇ ਤਾਂ ਅਜਿਹੇ ਵੀ ਹਨ ਜੋ ਚੰਗੇ ਪੈਸੇ ਕਮਾ ਲੈਂਦੇ ਸਨ ਪਰ ਐਤਕੀਂ ਤਾਂ ਢੁਲੀਆਂ ਨੂੰ ਕੋਈ ਪੁੱਛ ਵੀ ਨਹੀਂ ਰਿਹਾ ਹੈ ਢੋਲ ਮਾਸਟਰ ਬਲਰਾਮ ਦਾ ਕਹਿਣਾ ਸੀ ਕਿ ਇਸ ਵਾਰ ਤਾਂ ਚੋਣਾਂ ਮੌਕੇ ਉਨ੍ਹਾਂ ਦੀਆਂ ਜੇਬਾਂ ਖਾਲੀ ਰਹੀਆਂ ਹਨ ਤੇ ਹੁਣ ਅੱਗਿਓਂ ਵੀ ਉਮੀਦ ਨਹੀਂ ਬਚੀ ਹੈ ਦੂਜੇ ਪਾਸੇ ਵੋਟਾਂ ਦੀ ਗਿਣਤੀ ਵਾਲੇ ਦਿਨ ਉਮੀਦਵਾਰਾਂ ਵੱਲੋਂ ਵਰਤੇ ਜਾਣ ਵਾਲੇ ਵਾਹਨਾਂ ਦਾ ਖਰਚਾ ਵੀ ਚੋਣ ਖਰਚੇ ਵਿੱਚ ਸ਼ਾਮਲ ਕਰਨ ਦੀਆਂ ਖਬਰਾਂ ਹਨ।
ਉਮੀਦਵਾਰ ਆਪਣੇ ਜਿੱਤ ਦੇ ਜਸ਼ਨ ਵੀ ਖੁੱਲ੍ਹ ਕੇ ਨਹੀਂ ਮਨਾ ਸਕਣਗੇ
ਸੂਤਰਾਂ ਮੁਤਾਬਕ ਜੇਤੂ ਉਮੀਦਵਾਰਾਂ ਦੀ ਜਿੱਤ ਦੀ ਖੁਸ਼ੀ ਵਿੱਚ ਵੰਡੇ ਜਾਣ ਵਾਲੇ ਲੱਡੂ ਅਤੇ ਜੇਤੂ ਜਸ਼ਨਾਂ ‘ਚ ਚਲਾਏ ਜਾਣ ਵਾਲੇ ਪਟਾਖਿਆਂ ਤੇ ਖੇਡੇ ਜਾਣ ਵਾਲੇ ਗੁਲਾਲ ਦਾ ਖਰਚਾ ਵੀ ਉਮੀਦਵਾਰਾਂ ਦੇ ਚੋਣ ਖਰਚ ਵਿੱਚ ਸ਼ਾਮਲ ਹੋਵੇਗਾ। ਸੂਤਰ ਆਖਦੇ ਹਨ ਕਿ ਜੇਤੂ ਉਮੀਦਵਾਰਾਂ ਦੇ ਗਲਾਂ ‘ਚ ਪਾਏ ਜਾਣ ਵਾਲੇ ਫੁੱਲਾਂ ਦੇ ਹਾਰਾਂ ਦਾ ਖਰਚਾ ਵੀ ਚੋਣ ਉਮੀਦਵਾਰਾਂ ਦੇ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾਵੇਗਾ। ਏਦਾਂ ਦੀ ਸਥਿਤੀ ਦਰਮਿਆਨ ਹਰ ਉਮੀਦਵਾਰ ਖਰਚ ਦੇ ਪੱਖ ਤੋਂ ਹਰ ਕਦਮ ਫੂਕ ਫੂਕ ਕੇ ਰੱਖ ਰਿਹਾ ਹੈ। ਆਮ ਆਦਮੀ ਪਾਰਟੀ ਦੇ ਇੱਕ ਨੇਤਾ ਦਾ ਕਹਿਣਾ ਸੀ ਕਿ ਇਸ ਵਾਰ ਦੀਆਂ ਚੋਣਾਂ ਦੇ ਮਾਇਨੇ ਵੱਖਰੇ ਹਨ ਜਿਸ ਕਰਕੇ ਕਮਿਸ਼ਨ ਨੂੰ ਖੁਸ਼ੀਆਂ ਮਨਾਉਣ ਦੀ ਇਜਾਜਤ ਦੇ ਦੇਣੀ ਚਾਹੀਦੀ ਹੈ ਉਨ੍ਹਾਂ ਆਖਿਆ ਕਿ ਅਜਿਹੇ ਹਾਲਾਤਾਂ ‘ਚ ਉਮੀਦਵਾਰ ਆਪਣੇ ਜਿੱਤ ਦੇ ਜਸ਼ਨ ਵੀ ਖੁੱਲ੍ਹ ਕੇ ਨਹੀਂ ਮਨਾ ਸਕਣਗੇ ਕਮਿਸ਼ਨ ਦੇ ਡਰੋਂ ਉਮੀਦਵਾਰਾਂ ਨੇ ਐਤਕੀਂ ਬਹੁਤ ਹੀ ਸੰਜਮ ਨਾਲ ਚੋਣ ਖਰਚ ਕੀਤਾ ਹੈ।
ਚੋਣ ਕਮਿਸ਼ਨ (Election Commission) ਅਨੁਸਾਰ ਹਰ ਉਮੀਦਵਾਰ ਨੂੰ ਆਪਣੇ ਚੋਣ ਪ੍ਰਚਾਰ ‘ਤੇ 28 ਲੱਖ ਰੁਪਏ ਖਰਚ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ ਕਮਿਸ਼ਨ ਦੀ ਹਦਾਇਤ ‘ਤੇ ਚੋਣ ਪ੍ਰਸ਼ਾਸਨ ਵੱਲੋਂ ਹਰ ਉਮੀਦਵਾਰ ਦੇ ਸ਼ੈਡੋ ਰਜਿਸਟਰ ਲਾਏ ਹੋਏ ਹਨ, ਜਿਨ੍ਹਾਂ ਵਿੱਚ ਸਰਕਾਰੀ ਪੱਧਰ ‘ਤੇ ਉਮੀਦਵਾਰਾਂ ਦੇ ਚੋਣ ਖਰਚ ਦੀ ਪਾਈ ਪਾਈ ਦਾ ਹਿਸਾਬ ਕਿਤਾਬ ਰੱਖਿਆ ਗਿਆ ਹੈ ਸੂਤਰਾਂ ਮੁਤਾਬਕ ਇਹ ਸ਼ੈਡੋ ਰਜਿਸਟਰ ਵੋਟਾਂ ਦੀ ਗਿਣਤੀ ਮਗਰੋਂ ਬੰਦ ਕੀਤੇ ਜਾਣਗੇ ਅਤੇ ਜੇਤੂ ਉਮੀਦਵਾਰਾਂ ਦੇ ਜਸ਼ਨਾਂ ਦਾ ਖਰਚਾ ਵੀ ਸ਼ੈਡੋ ਰਜਿਸਟਰ ਵਿੱਚ ਵੀ ਦਰਜ ਕੀਤਾ ਜਾਵੇਗਾ ਜਾਣਕਾਰੀ ਮੁਤਾਬਕ ਜਸ਼ਨਾਂ ਦੀ ਵੀਡੀਓਗਰਾਫੀ ਵੀ ਕੀਤੀ ਜਾਵੇਗੀ ਜਿਸ ਦੇ ਅਧਾਰ ‘ਤੇ ਖਰਚਾ ਪਾਇਆ ਜਾਣਾ ਹੈ
ਢੋਲ-ਢਮੱਕਿਆਂ ਦਾ ਪਵੇਗਾ ਖਰਚਾ
ਮੁੱਖ ਚੋਣ ਅਫਸਰ ਪੰਜਾਬ ਵੀ.ਕੇ ਸਿੰਘ ਦਾ ਕਹਿਣਾ ਸੀ ਕਿ ਜੇਤੂ ਉਮੀਦਵਾਰਾਂ ਵੱਲੋਂ ਕੀਤੇ ਜਾਣ ਵੇਲੇ ਢੋਲ-ਢਮੱਕੇ ਦੇ ਪੈਸਿਆਂ ਦੀ ਗਿਣਤੀ ਵੀ ਸਬੰਧਤ ਉਮੀਦਵਾਰ ਦੇ ਚੋਣ ਖਰਚ ਵਿੱਚ ਸ਼ਾਮਲ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਕਿਉਕਿ ਹਾਲੇ ਚੋਣ ਜ਼ਾਬਤਾ ਜਾਰੀ ਹੈ ਵੋਟਾਂ ਦੀ ਗਿਣਤੀ ਵਾਲੇ ਦਿਨ ਦੇ ਖਰਚੇ ਵੀ ਉਮੀਦਵਾਰਾਂ ਦੇ ਚੋਣ ਖਰਚ ‘ਚ ਗਿਣੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ