27 ਜੂਨ ਤੱਕ ਮੰਗੀਆਂ ਅਰਜ਼ੀਆਂ | Education Department
ਮੋਹਾਲੀ, (ਕੁਲਵੰਤ ਕੋਟਲੀ) ਸਿੱਖਿਆ ਵਿਭਾਗ ਦੇ ਵਿਚ ਅਧਿਆਪਕਾਂ, ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਲਦੀ ਆ ਰਹੀ ਚਰਚਾ ਨੂੰ ਵਿਰਾਮ ਚਿੰਨ੍ਹ ਲਗਾਉਂਦੀ ਅੱਜ ਪੰਜਾਬ ਸਰਕਾਰ ਵੱਲੋਂ ਬਦਲੀਆਂ ਸਬੰਧੀ ਨੀਤੀ ਜਾਰੀ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸਿੱਖਿਆ (Education Department) ਵਿਭਾਗ ਪੰਜਾਬ ਵੱਲੋਂ ਅਧਿਕਾਰੀਆਂ, ਅਧਿਆਪਕਾ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਮੁਤਾਬਕ ਚਾਹਵਾਨ ਮੁਲਾਜ਼ਮ ਇੱਕ ਹਫਤੇ ਦੇ ਅੰਦਰ ਅੰਦਰ ਬਦਲੀਆਂ ਸਬੰਧੀ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ। ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਕਾਰੀਆਂ, ਅਧਿਆਪਕਾ ਅਤੇ ਕਰਮਚਾਰੀਆਂ ਆਪਣੀ ਅਰਜ਼ੀ ਨਿਰਧਾਰਤ ਪ੍ਰੋਫਾਰਮੇ ‘ਤੇ 27 ਜੂਨ ਤੱਕ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਕੋਲ ਅਪਲਾਈ ਕਰਨਗੇ। (Education Department)
ਜਦੋਂ ਕਿ ਸਕੂਲ ਅਤੇ ਇਨਸਪੈਕਸ਼ਨ ਕਾਡਰ, ਸੁਪਰਡੈਂਟ ਕਾਡਰ ਅਤੇ ਪ੍ਰਬੰਧ ਅਫ਼ਸਰ ਆਪਣੀਆਂ ਅਰਜ਼ੀਆਂ ਡਾਇਰੈਕਟੋਰੇਟ ਪੱਧਰ ‘ਤੇ ਦੇ ਸਕਣਗੇ। ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਜ਼ਿਲ੍ਹੇ ਭਰ ‘ਚੋਂ ਮਿਲੀਆਂ ਅਰਜ਼ੀਆਂ ‘ਤੇ ਅਗਲੀ ਕਾਰਵਾਈ ਕਰਨਗੇ, ਜਦੋਂ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਤਰ ਜ਼ਿਲ੍ਹਾ ਬਦਲੀਆਂ ਅਤੇ ਅੰਤਰ ਮੰਡਲ ਬਦਲੀਆਂ ਦੀਆਂ ਅਰਜ਼ੀਆਂ ਨੂੰ ਅਗਲੇਰੀ ਕਾਰਵਾਈ ਲਈ ਡਾਇਰੈਕਟੋਰੇਟ ਨੂੰ ਭੇਜਣਗੇ। ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਦੀਆਂ ਬਦਲੀਆਂ ਪਿਛਲੇ ਤਿੰਨ ਸਾਲਾਂ ਦੇ ਵਿਚ ਕਿਸੇ ਪ੍ਰਬੰਧਕੀ ਅਧਾਰ ‘ਤੇ ਹੋਈਆਂ ਹਨ, ਉਨ੍ਹਾਂ ਨੂੰ ਨਹੀਂ ਵਿਚਾਰਿਆ ਜਾਵੇਗਾ। ਜਾਰੀ ਨੀਤੀ ਅਨੁਸਾਰ ਅੰਗਹੀਣ ਕਰਮਚਾਰੀਆਂ, ਕੁਆਰੀਆਂ, ਵਿਧਵਾਵਾਂ, ਤਲਾਕਸ਼ੁਦਾ ਜਾਂ ਕੈਂਸਰ ਤੋਂ ਪੀੜਤ, ਨੌਕਰੀ ਕਰ ਰਹੇ ਫੌਜੀਆਂ ਦੀਆਂ ਪਤਨੀਆਂ, ਜਿਨ੍ਹਾਂ ਦੇ ਬੱਚੇ ਦਿਮਾਗੀ ਤੌਰ ‘ਤੇ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਆਦਿ ਨੂੰ ਬਦਲੀ ਸਬੰਧੀ ਪਹਿਲ ਦੇ ਅਧਾਰ ‘ਤੇ ਵਿਚਾਰਿਆ ਜਾਵੇਗਾ। (Education Department)