ਆਰਥਿਕ ਜੰਗ ਅਤੇ ਸਾਜਿਸ਼ਾਂ

Adani Group

ਕੌਮਾਂਤਰੀ ਪੱਧਰ ’ਤੇ ਫੌਜੀ ਜੰਗ ਦੀ ਥਾਂ ਆਰਥਿਕ ਜੰਗ ਨੇ ਲੈ ਲਈ ਲੱਗਦੀ ਹੈ। ਹਿੰਡਨਬਰਗ ਦੀ ਅਡਾਨੀ ਗਰੱੁਪ ਬਾਰੇ ਜਨਤਕ ਕੀਤੀ ਰਿਪੋਰਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਾਜ਼ਾ ਮਾਮਲਾ ਅਮਰੀਕਾ ਦੇ ਇੱਕ ਅਰਬਪਤੀ ਜਾਰਜ ਸੋਰੋਸ ਦੇ ਬਿਆਨ ਦਾ ਹੈ। ਸੋਰੋਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਦਯੋਗਪਤੀ ਗੌਤਮ ਅਡਾਨੀ ਬਾਰੇ ਟਿੱਪਣੀ ਕੀਤੀ ਹੈ। ਜਿਸ ਦੀ ਸਰਕਾਰ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਇਹ ਘਟਨਾਚੱਕਰ ਬਾਹਰੋਂ ਵੇਖਿਆਂ ਜਿੰਨਾ ਸਿੱਧਾ ਸਪਾਟ ਜਿਹਾ ਲੱਗਦਾ ਹੈ। ਅੰਦਰੋਂ ਓਨਾ ਹੀ ਪੇਚਦਾਰ ਤੇ ਵਿੰਗਾ-ਟੇਢਾ ਹੈ ਭਾਵੇਂ ਇਸ ਆਰਥਿਕ ਮੁੱਦੇ ਨਾਲ ਸਿਆਸੀ ਮੈਦਾਨ ’ਚ ਬਿਆਨਬਾਜ਼ੀ ਹੋ ਰਹੀ ਹੈ, ਪਰ ਇਸ ਨੂੰ ਮੁੱਖ ਤੌਰ ’ਤੇ ਦੁਨੀਆਂ ਦੇ ਤਕੜੇ ਅਰਥਚਾਰਿਆਂ ਦੀ ਟੱਕਰ ਦੇ ਰੂਪ ’ਚ ਸਮਝਣਾ ਵਧੇਰੇ ਵਿਗਿਆਨਕ ਅਤੇ ਤਰਕ-ਸੰਗਤ ਹੋਵੇਗਾ ਇਸ ਘਟਨਾਚੱਕਰ ਨੂੰ ਰੂਸ-ਯੂਕਰੇਨ ਯੁੱਧ ਕਾਰਨ ਦੁਨੀਆਂ ’ਚ ਵਧ ਰਹੀਆਂ ਧੜੇਬੰਦੀਆਂ ਨਾਲ ਜੋੜਨਾ ਵੀ ਗਲਤ ਨਹੀਂ ਹੋਵੇਗਾ।

ਜ਼ਮਾਨਾ ਬਦਲ ਗਿਆ

ਅਸਲ ’ਚ ਹੁਣ ਫੌਜੀ ਸਾਮਰਾਜ ਦਾ ਜ਼ਮਾਨਾ ਨਹੀਂ ਰਿਹਾ ਹੈ। ਦੂਸਰੇ ਮੁਲਕ ਦੀ ਜ਼ਮੀਨ ਹਥਿਆਉਣ, ਉਸ ਦੇ ਕੁਦਰਤੀ ਵਸੀਲੇ ਲੁੱਟਣ ਦੀ ਬਜਾਏ ਦੂਰ ਬੈਠੇ ਉਸ ਦਾ ਫਾਇਦਾ ਲੈਣ ਦੀ ਰਣਨੀਤੀ ਕਿਤੇ ਜ਼ਿਆਦਾ ਸੁਰੱਖਿਅਤ, ਸਸਤੀ ਤੇ ਫਾਇਦੇਮੰਦ ਹੈ ਤੇਲ ਤੋਂ ਲੈ ਕੇ ਹਥਿਆਰ ਖਰੀਦਣ ਤੱਕ ਦੇ ਮਾਮਲੇ ਆਰਥਿਕ ਜੰਗ ਦਾ ਹਿੱਸਾ ਬਣ ਰਹੇ ਹਨ। ਅਡਾਨੀ ਮਾਮਲੇ ਨੂੰ ਵੀ ਮਹਾਂਸ਼ਕਤੀਆਂ ਦੀ ਆਰਥਿਕ ਜੰਗ ਦਾ ਨਤੀਜਾ ਮੰਨਣ ’ਚ ਕੋਈ ਦੋ ਰਾਏ ਨਹੀਂ ਹੈ। ਭਾਵੇਂ ਭਾਰਤ ਦੀ ਵਿਚਾਰਧਾਰਾ ਗੁਟਨਿਰਲੇਪਤਾ ’ਤੇ ਆਧਰਿਤ ਹੈ। ਫਿਰ ਵੀ ਤਕੜੇ ਮੁਲਕ ਦੂਜੇ ਮੁਲਕਾਂ ਨਾਲ ਸਾਡੇ ਸਬੰਧਾਂ ਨੂੰ ਵਾਚਦੇ ਹਨ ਤੇ ਫਿਰ ਫੈਸਲਾ ਲੈਂਦੇ ਹਨ। ਹੁਣ ਜ਼ਰੂਰ ਕੋਈ ਭਾਰਤ ਨਾਲ ਆਰਥਿਕ ਸਾਜਿਸ਼ ਹੋ ਰਹੀ ਹੈ ਦੇਸ਼ ਦੀ ਸ਼ੇਅਰ ਮਾਰਕੀਟ ’ਚ ਭੂਚਾਲ ਲਿਆਉਣ ਲਈ ਕਿਸੇ ਬਾਹਰਲੇ ਮੁਲਕ ਦੀ ਰੇਟਿੰਗ ਏਜੰਸੀ ਦੀ ਰਿਪੋਰਟ ਜਾਂ ਅਰਬਪਤੀ ਦੀ ਬਿਆਨਬਾਜ਼ੀ ਬਿਨਾਂ ਕਿਸੇ ਮਕਸਦ ਤੋਂ ਨਹੀਂ ਹੋ ਸਕਦੀ।

ਸਿਆਸੀ ਪਹਿਲੂ

ਰੂਸ-ਯੂਕਰੇਨ ਯੁੱਧ ਦੌਰਾਨ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਅਤੇ ਇਸ ਯੁੱਧ ਤੋਂ ਪਹਿਲਾਂ ਵੀ ਭਾਰਤ ਵੱਲੋਂ ਇਰਾਨ ਤੋਂ ਤੇਲ ਖਰੀਦਣ ’ਤੇ ਕੌਮਾਂਤਰੀ ਪੱਧਰ ’ਤੇ ਵਿਵਾਦ ਰਿਹਾ ਹੈ। ਅਮਰੀਕਾ ਦੇ ਦਬਾਅ ਦੇ ਬਾਵਜ਼ੂਦ ਭਾਰਤ ਨੇ ਤੇਲ ਖਰੀਦਣਾ ਜਾਰੀ ਰੱਖਿਆ ਇਸ ਸਬੰਧੀ ਭਾਰਤ ਨੇ ਧੜੱਲੇ ਨਾਲ ਆਪਣਾ ਪੱਖ ਵੀ ਰੱਖਿਆ ਭਾਰਤ ਨੇ ਇੱਕ ਤਕੜੇ ਮੁਲਕ ਦੇ ਦਬਾਅ ਦੀ ਪ੍ਰਵਾਹ ਨਹੀਂ ਕੀਤੀ। ਇਸ ਉਥਲ-ਪੁਥਲ ਨੂੰ ਆਰਥਿਕ ਰਣਨੀਤੀਆਂ ਤੋਂ ਵੱਖ ਕਰਕੇ ਵੇਖਣਾ ਕਾਫੀ ਔਖਾ ਹੈ ਜਿੱਥੋਂ ਤੱਕ ਸੋਰੋਸ ਦੇ ਬਿਆਨ ਦਾ ਸਬੰਧ ਹੈ। ਉਹਨਾਂ ਆਰਥਿਕ ਮੁੱਦੇ ਤੱਕ ਸੀਮਿਤ ਰਹਿਣ ਦੀ ਬਜਾਇ ਇਸ ਦੇ ਸਿਆਸੀ ਪਹਿਲੂਆਂ ਨੂੰ ਵੱਧ ਉਭਾਰਿਆ ਹੈ।

ਵਿਵਾਦ ਦੇ ਬਾਵਜ਼ੂਦ ਸ਼ੇਅਰ ਮਾਰਕੀਟ ਦਾ ਫਿਰ ਉਤਾਂਹ ਵੱਲ ਵਧਣਾ ਜਿੱਥੇ ਭਾਰਤ ਦੀ ਮਜ਼ਬੂਤੀ ਵੱਲ ਇਸ਼ਾਰਾ ਕਰਦਾ ਹੈ, ਉੱਥੇ ਕੌਮਾਂਤਰੀ ਸਾਜਿਸ਼ ਦੇ ਲਗਾਤਾਰ ਕਮਜ਼ੋਰ ਹੋਣ ਦੀ ਗਵਾਹੀ ਵੀ ਭਰਦਾ ਹੈ।

ਅਸਲ ’ਚ ਸਮਾਂ ਆ ਗਿਆ ਹੈ ਕਿ ਦੇਸ਼ ਨੂੰ ਸਰਹੱਦੀ ਸੁਰੱਖਿਆ ਦੇ ਮਾਮਲੇ ’ਚ ਮਜ਼ਬੂਤ ਕਰਨ ਦੇ ਨਾਲ-ਨਾਲ ਆਰਥਿਕ ਜੰਗ ਦੀ ਤਿਆਰੀ ਕਰਨ ਦਾ। ਮਹਾਂਸ਼ਕਤੀਆਂ ਭਾਵੇਂ ਫੌਜੀ ਸਾਮਰਾਜ ’ਤੇ ਜ਼ੋਰ ਦੇਣ ਜਾਂ ਆਰਥਿਕ ਸਾਮਰਾਜ ’ਤੇ ਉਹ ਹੋਰਨਾਂ ਮੁਲਕਾਂ ’ਚ ਸਰਕਾਰ ਵੀ ਆਪਣੀ ਪਸੰਦ ਦੀ ਚਾਹੁੰਦੀਆਂ ਹਨ। ਇਸ ਤਰ੍ਹਾਂ ਦੇ ਮਾਹੌਲ ’ਚ ਸਾਜਿਸ਼ਕਾਰੀ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਨ ਦੀ ਚਾਲ ਚੱਲ ਰਹੇ ਹਨ। ਤਕਨੀਕ, ਬੁੱਧੀ ਤੇ ਕੂਟਨੀਤੀ ਦੇ ਹਥਿਆਰਾਂ ਨਾਲ ਹੀ ਆਰਥਿਕ ਜੰਗ ਜਿੱਤੀ ਜਾ ਸਕਦੀ ਹੈ। ਭਾਰਤ ਸਰਕਾਰ ਨੂੰ ਆਰਥਿਕ ਯੋਧੇ ਤਿਆਰ ਕਰਨ ’ਚ ਦੇਰ ਨਹੀਂ ਕਰਨੀ ਚਾਹੀਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।