ਧਰਤੀ ਅਤੇ ਵਾਤਾਵਰਨ ਦੀ ਸੰਭਾਲ ਸਮੇਂ ਦੀ ਮੰਗ

Justice of nature

ਧਰਤੀ ਅਤੇ ਵਾਤਾਵਰਨ ਦੀ ਸੰਭਾਲ ਸਮੇਂ ਦੀ ਮੰਗ

ਪ੍ਰਦੂਸ਼ਣ ਕਾਰਨ ਵੱਧਦਾ ਤਾਪਮਾਨ ਇੱਕ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕਾ ਹੈ ਜੇ ਆਲਮੀ ਤਪਸ਼ ਇਸੇ ਰਫਤਾਰ ਨਾਲ ਵਧਦੀ ਗਈ ਤਾਂ ਗਲੇਸ਼ੀਅਰ ਖਤਮ ਹੋ ਜਾਣਗੇ, ਸਮੁੰਦਰਾਂ ਵਿੱਚ ਪਾਣੀ ਵਧ ਜਾਵੇਗਾ, ਜੋ ਸਮੁੰਦਰ ਕੰਢੇ ਵੱਸਣ ਵਾਲੇ ਕਰੋੜਾਂ ਲੋਕਾਂ ਦਾ ਖਾਤਮਾ ਹੋ ਜਾਵੇਗਾ। ਦਰੱਖਤਾਂ ਦੀ ਕਟਾਈ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਹੈ, ਜੋ ਵਾਤਾਵਰਨ ਪ੍ਰਦੂਸ਼ਣ ਲਈ ਸਭ ਤੋਂ ਵੱਧ ਜਿੰਮੇਵਾਰ ਹੈ। ਮੋਟਰ ਵਾਹਨਾਂ ਨੇ ਜਿੱਥੇ ਮਨੁੱਖੀ ਜੀਵਨ ਦੀ ਰਫਤਾਰ ਨੂੰ ਤੇਜ਼ ਕੀਤਾ ਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ, ਉੱਥੇ ਇਨ੍ਹਾਂ ਦੇ ਨਾਲ ਹੋਣ ਵਾਲੇ ਪ੍ਰਦੂਸ਼ਣ ਕਾਰਨ ਅਨੇਕਾਂ ਭਿਅੰਕਰ ਬਿਮਾਰੀਆਂ ਪੈਦਾ ਹੋ ਰਹੀਆਂ ਹਨ।

ਵਧਦੇ ਸ਼ਹਿਰੀਕਰਨ ਕਾਰਨ ਫਾਲਤੂ ਕੂੜਾ-ਕਰਕਟ, ਗੰਦਗੀ, ਪਲਾਸਟਿਕ ਪਦਾਰਥ ਤੇ ਵਿਸ਼ੇਸ਼ ਤੌਰ ’ਤੇ ਪਾਲੀਥੀਨ ਬੈਗ ਦੇ ਢੇਰ, ਜੋ ਜਲਦ ਨਸ਼ਟ ਨਹੀਂ ਹੁੰਦੇ, ਵਾਤਾਵਰਨ ਪ੍ਰਦੂਸ਼ਿਤ ਕਰਨ ਵਿੱਚ ਸਭ ਤੋਂ ਅੱਗੇ ਹਨ। ਏਅਰ ਕੰਡੀਸ਼ਨ ਚਲਾਉਣ ’ਤੇ ਨਿੱਕਲਣ ਵਾਲੀ ਕਲੋਰੋ ਫਲੋਰੋ ਕਾਰਬਨ ਗੈਸ ਓਜ਼ੋਨ ਪਰਤ ਨੂੰ ਪਤਲਾ ਕਰਨ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾ ਰਹੀ ਹੈ।

ਖੁਸ਼ੀ ਦੇ ਮੌਕੇ ਉੱਚੀ ਆਵਾਜ ’ਚ ਚਲਦੇ ਡੀਜੇ, ਘਰਾਂ ਵਿੱਚ ਉੱਚੀ ਅਵਾਜ਼ ਵਿੱਚ ਚੱਲਦੇ ਟੈਲੀਵਿਜ਼ਨ ਤੇ ਮਿਉਜ਼ਿਕ ਸਿਸਟਮ ਤੇ ਵਾਹਨਾਂ ’ਤੇ ਲੱਗੇ ਪ੍ਰੈਸ਼ਰ ਹਾਰਨ ਕਾਰਨ, ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਅਨੇਕਾਂ ਸਰੀਰਕ ਤੇ ਮਾਨਸਿਕ ਰੋਗ ਉਤਪੰਨ ਹੋ ਰਹੇ ਹਨ। ਅੱਜ ਸਮੇਂ ਦੀ ਮੰਗ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਏ ਜਾਣ। ਪੋਲੀਥੀਨ ਬੈਗ ਦਾ ਪ੍ਰਯੋਗ ਨਾ ਹੋਵੇ, ਮੋਟਰ ਗੱਡੀਆਂ ’ਤੇ ਵਿਸ਼ੇਸ਼ ਕਿਸਮ ਦੇ ਸਾਈਲੈਂਸਰ ਲਾਏ ਜਾਣ, ਲੈਡ ਰਹਿਤ ਪਟਰੋਲ ਦੀ ਵਰਤੋਂ ਕੀਤੀ ਜਾਵੇ।

ਕਾਰਖਨਿਆਂ ਵਿੱਚ ਵਿਸ਼ੇਸ਼ ਕਿਸਮ ਦੀਆਂ ਚਿਮਨੀਆਂ ਲੱਗਣ, ਘਰਾਂ ਤੇ ਦਫਤਰਾਂ ਵਿਚ ਏਅਰ ਕੰਡੀਸ਼ਨਰਾਂ ਦੀ ਘੱਟ ਤੋਂ ਘੱਟ ਵਰਤੋਂ ਹੋਵੇ, ਵਾਤਾਵਰਨ ਦੀ ਸੁਰੱਖਿਆ ਸਬੰਧੀ ਕਾਨੂੰਨਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ। ਬੱਚਿਆਂ ਨੂੰ ਸਕੂਲਾਂ ਵਿਚ ਵਾਤਾਵਰਨ ਸਬੰਧੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ, ਜੋ ਆਪਣਾ ਬਣਦਾ ਯੋਗਦਾਨ ਪਾ ਸਕਣ।

ਅੱਜ ਹਕੀਕਤ ਇਹ ਹੈ ਕਿ ਜਦੋਂ ਮਨੁੱਖਤਾ ਭਿਆਨਕ ਮਹਾਂਮਾਰੀ ਨਾਲ ਜੂਝ ਰਹੀ ਸੀ ਜਿਸ ਬਾਰੇ ਤਿੰਨ ਦਹਾਕੇ ਪਹਿਲਾਂ ਹੀ ਘੋਸ਼ਣਾ ਹੋ ਚੁੱਕੀ ਸੀ ਅਸੀਂ ਆਪਣੇ ਖਾਧ-ਖੁਰਾਕ ਦੇ ਖੇਤਰ ਵਿਚ ਅਜਿਹੇ ਨਵੇਂ ਵਾਇਰਸ ਪੈਦਾ ਕਰ ਲਏ ਹਨ ਜੋ ਕਿਸੇ ਸਮੇਂ ਜਾ ਕੇ ਮਨੁੱਖੀ ਤਬਾਹੀ ਦਾ ਕਾਰਨ ਬਣਨਗੇ। ਅਸੀਂ ਆਪਣੀਆਂ ਖੋਜਾਂ ਦੇ ਆਧਾਰ ’ਤੇ ਪਹਿਲਾਂ ਹੀ ਦੱਸ ਚੁੱਕੇ ਸੀ ਕਿ ਜੀਵ ਵੰਨ-ਸੁਵੰਨਤਾ ਤੇ ਵਾਤਾਵਰਨ ਦੇ ਅਸੰਤੁਲਨ ਕਾਰਨ ਕਈ ਨਵੇਂ ਕਿਸਮ ਦੇ ਵਾਇਰਸ ਪੈਦਾ ਹੋ ਸਕਦੇ ਹਨ, ਜਿਹੜੇ ਮਨੁੱਖੀ ਜੀਵਨ ਵਿਚ ਤਬਾਹੀ ਮਚਾ ਸਕਦੇ ਹਨ, ਜਿਸ ਬਾਰੇ ਅਸੀਂ ਨਾ ਹੀ ਸੋਚ ਰਹੇ ਹਾਂ ਅਤੇ ਨਾ ਹੀ ਇਸ ਦਾ ਬਦਲ ਤਲਾਸ਼ਣ ਲਈ ਕਾਰਜ ਕਰ ਰਹੇ ਹਾਂ।

ਇਸ ਤੋਂ ਵੀ 150 ਸਾਲ ਪਹਿਲਾਂ ਮਾਰਕਸ ਨੇ ਲਿਖ ਦਿੱਤਾ ਸੀ, ‘ਪੂੰਜੀਵਾਦ ਦੇ ਦਿਲ ਵਿਚ ਜੀਵਨ ਦੀ ਹਰ ਪਰਤ ਨੂੰ ਵਸਤੂ ਸਮਝ ਕੇ ਮੰਡੀ ਵਿਚ ਵੇਚਿਆ ਤੇ ਖਰੀਦਿਆ ਜਾਂਦਾ ਹੈ, ਇਹ ਅਜਿਹਾ ਪ੍ਰਬੰਧ ਹੈ ਜਿਸ ਰਾਹੀਂ ਕੁਦਰਤੀ ਕਰੋਪੀ ਦਾ ਵਾਪਰਨਾ ਲਾਜ਼ਮੀ ਹੈ।’ ਪੂੰਜੀਵਾਦ ਵਿਚ ਵਾਤਾਵਰਨ ਉੱਪਰ ਵੱਡਾ ਬੋਝ ਪੈ ਜਾਂਦਾ ਹੈ, ਜੀਵਨ ਲੋੜਾਂ ਨੂੰ ਪੂਰੀ ਤਰ੍ਹਾਂ ਕੁਦਰਤੀ ਸਰੋਤਾਂ ਦੀ ਤਬਾਹੀ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ।

ਜੀਵ ਵੰਨ-ਸੁਵੰਨਤਾ ਵਿਚ ਤਬਾਹੀ ਤੇ ਵਾਤਾਵਰਨ ਸੰਕਟ ਨਵੀਆਂ ਸਮੱਸਿਆਵਾਂ ਨੂੰ ਜਨਮ ਦੇ ਦਿੰਦਾ ਹੈ, ਕਿਉਂਕਿ ਬਹੁਗਿਣਤੀ ਲੋਕਾਂ ਦੀ ਜੀਵਨ-ਜਾਚ, ਮਨੋ-ਅਵਸਥਾ ਅਤੇ ਚਾਲ-ਢਾਲ ਪੂਰੀ ਤਰ੍ਹਾਂ ਵਾਤਾਵਰਨ ਪ੍ਰਬੰਧ ਨੂੰ ਅਸੰਤੁਲਿਤ ਕਰ ਦਿੰਦੀ ਹੈ। ਇਸੇ ਕਰਕੇ ਤਾਂ ਹਰ ਸਾਲ ਵਰਲਡ ਵਾਚ ਇੰਸਟੀਚਿਊਟ ਰਿਪੋਰਟ ਵਿਚ ਦਰਜ ਕਰ ਰਹੀ ਹੈ ਕਿ ਅਮਰੀਕਨ ਜੀਵਨ-ਜਾਚ ਨੇ ਦੁਨੀਆ ਦੇ ਲੱਖਾਂ ਲੋਕਾਂ ਨੂੰ ਅਜਿਹੀ ਜੀਵਨ-ਜਾਚ ਵਿਚ ਬਦਲ ਦਿੱਤਾ ਹੈ

ਜਿਵੇਂ ਸ਼ੇਰ ਦੇ ਮੂੰਹ ਵਿਚੋਂ ਵਾਤਾਵਰਨ ਤਬਾਹੀਆਂ ਨਿੱਕਲ ਰਹੀਆਂ ਹੋਣ। ਮਨੁੱਖਤਾ ਛੇਵੀਂ ਵੱਡੀ ਤਬਾਹੀ ਵੱਲ ਵਧ ਰਹੀ ਹੈ। ਇਸ ਤੋਂ ਪਹਿਲਾਂ ਪੰਜ ਤਬਾਹੀਆਂ ਕੁਦਰਤੀ ਕਰੋਪੀ ਕਾਰਨ ਆਈਆਂ ਸਨ। ਇਹ ਛੇਵੀਂ ਤਬਾਹੀ ਮਨੁੱਖ ਨੇ ਖੁਦ ਸਹੇੜੀ ਹੈ; ਹਾਲਾਂਕਿ 1992 ’ਚ ਦੁਨੀਆ ਦੇ 1575 ਵਿਗਿਆਨੀਆਂ, ਜਿਨ੍ਹਾਂ ਵਿਚ ਅੱਧੇ ਨੋਬਲ ਵਿਜੇਤਾ ਸਨ, ਨੇ ਕਿਹਾ ਸੀ ਕਿ, ‘ਮਨੁੱਖ ਕੁਦਰਤੀ ਸੰਸਾਰ ਨਾਲ ਇੰਨੀ ਬੁਰੀ ਤਰ੍ਹਾਂ ਭਿੜ ਗਿਆ ਹੈ ਜਿਸ ਨਾਲ ਉਸ ਦਾ ਭਵਿੱਖ ਵਿਚ ਜਿੰਦਾ ਰਹਿਣਾ ਵੀ ਮੁਹਾਲ ਹੋ ਜਾਵੇਗਾ।’

ਵਾਤਾਵਰਨ ਤਬਾਹੀ ਨਾਲ ਆਰਥਿਕ ਤਬਾਹੀ ਤਾਂ ਆਵੇਗੀ ਹੀ ਨਾਲ ਹੀ ਸਮਾਜਿਕ ਉਖੇੜਾ ਐਨੀ ਵੱਡੀ ਪੱਧਰ ’ਤੇ ਪੈਦਾ ਹੋ ਜਾਵੇਗਾ ਜਿਸ ਬਾਰੇ ਕਿਆਸ ਲਾਉਣਾ ਵੀ ਅਸੰਭਵ ਹੈ। ਜਿਸ ਤੇਜ਼ੀ, ਦਰ ਤੇ ਪੱਧਰ ਨਾਲ ਵੱਖੋ-ਵੱਖਰੇ ਖੇਤਰਾਂ ਵਿਚ ਤਬਾਹੀ ਹੋ ਰਹੀ ਹੈ, ਇਸ ਤਰ੍ਹਾਂ ਕਦੇ ਵੀ ਇਤਿਹਾਸ ਵਿਚ ਨਹੀਂ ਵਾਪਰਿਆ। ਜਿਸ ਤੇਜ਼ੀ ਨਾਲ ਕੁਦਰਤੀ ਵਾਤਾਵਰਨ ਵਿਚ ਵਿਗਾੜ ਪੈਦਾ ਹੋਇਆ ਹੈ, ਉਸ ਨਾਲ ਕਈ ਜੀਵਾਂ ਦੀਆਂ ਜਾਤੀਆਂ ਖ਼ਤਮ ਹੋ ਗਈਆਂ ਹਨ ਕਿਉਂਕਿ ਇਨ੍ਹਾਂ ਜੀਵਾਂ ਦੇ ਗ੍ਰੀਨ ਫੇਫੜੇ ਕੁਦਰਤ ਨਾਲ ਹੀ ਤਾਂ ਮਿਲ ਕੇ ਬਣਦੇ ਸਨ। ਇਨ੍ਹਾਂ ਗ੍ਰੀਨ ਫੇਫੜਿਆਂ ਨੂੰ ਬਚਾਉਣ ਲਈ ਪਿਛਲੇ 70 ਸਾਲਾਂ ਤੋਂ ਕੋਈ ਵੀ ਤਰੱਦਦ ਨਹੀਂ ਕੀਤਾ ਗਿਆ ਬਲਕਿ ਇਨ੍ਹਾਂ ਨੂੰ ਤਬਾਹ ਹੀ ਕੀਤਾ ਗਿਆ ਹੈ। ਅਸਲ ਵਿਚ ਮਨੁੱਖ ਨੇ ਭਵਿੱਖ ਵਾਲੇ ਨਜ਼ਰੀਏ ਨਾਲ ਦੇਖਣਾ ਬੰਦ ਕਰ ਦਿੱਤਾ ਹੈ। ਮੁੜ ਆਪ ਹੀ ਇਸ ਧਰਤੀ ’ਤੇ ਕਈ ਕਿਸਮ ਦੇ ਪਰਜੀਵੀਆਂ ਨਾਲ ਤਬਾਹ ਹੋ ਰਿਹਾ ਹੈ।

ਦੁਨੀਆ ਦੇ ਕਈ ਵਿਗਿਆਨੀ ਤਾਂ ਇੱਥੋਂ ਤੱਕ ਚਿੰਤਾ ਵਿਚ ਹਨ ਕਿ ਅਸੀਂ ਮੌਸਮ, ਸਮੁੰਦਰ, ਪਾਣੀ ਦੇ ਸਰੋਤ, ਜੰਗਲ, ਜਮੀਨ ਤੇ ਜੀਵ-ਜੰਤੂਆਂ ਉੱਪਰ ਦਬਾਅ ਇੰਨਾ ਵਧਾ ਦਿੱਤਾ ਹੈ ਕਿ ਇਹ ਖਦਸ਼ਾ ਜਾਪ ਰਿਹਾ ਹੈ ਕਿ ਸਾਲ 2100 ਤੱਕ ਇਸ ਬ੍ਰਹਿਮੰਡ ਦੇ ਕੁੱਲ ਜੀਵ-ਜੰਤੂਆਂ ਦੀਆਂ ਜਾਤੀਆਂ ਦਾ ਇੱਕ ਤਿਹਾਈ ਹਿੱਸਾ ਖਤਮ ਹੋ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮਨੁੱਖੀ ਸੋਚ ਦੀ ਕੰਗਾਲੀ ਇਹੀ ਰਹੀ ਤਾਂ ਇਸ ਧਰਤੀ ਉੱਤੇ ਮਨੁੱਖੀ ਸਮਾਜ ਨੂੰ ਕੋਈ ਵੀ ਬਚਾਅ ਕੇ ਰੱਖਣ ਦੇ ਕਾਬਲ ਨਹੀਂ ਹੋਵੇਗਾ।

ਯੂਐੱਨਓ ਵੱਲੋਂ ਵਾਤਾਵਰਨ ਪ੍ਰਣਾਲੀ ਦੀ ਮੁੜ ਸਿਰਜਣਾ ਦਾ ਸਵਾਲ ਇਸ ਕਰਕੇ ਉਭਾਰਿਆ ਜਾ ਰਿਹਾ ਹੈ ਕਿਉਂਕਿ ਵੱਖ-ਵੱਖ ਖੋਜਾਂ ਦੇ ਆਧਾਰ ’ਤੇ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਆਉਣ ਵਾਲੇ 40-50 ਸਾਲ ਅਗਲੀਆਂ ਪੀੜ੍ਹੀਆਂ ਲਈ ਬੇਹੱਦ ਵੱਖਰੇ ਵਿਕਾਸ ਮਾਡਲ ਦੇ ਦਿ੍ਰਸ਼ਟੀਕੋਣ ਤੋਂ ਸੋਚਣ ਵਾਲੇ ਹੋਣੇ ਚਾਹੀਦੇ ਹਨ।

ਜੇ ਇਨ੍ਹਾਂ ਚਿਤਾਵਨੀਆਂ ਖਿਲਾਫ ਸਮੁੱਚੇ ਸਮਾਜਾਂ ਤੇ ਦੇਸ਼ਾਂ ਨੇ ਨਾ ਸੋਚਿਆ ਤੇ ਸੰਘਰਸ਼ ਨਾ ਕੀਤਾ ਤਾਂ ਹਜ਼ਾਰਾਂ ਸਾਲਾਂ ਦੇ ਮਨੁੱਖੀ ਜੀਵਾਂ ਦੇ ਵਿਕਾਸ ਨੂੰ ਡੂੰਘੇ ਸੰਕਟ ਵਿੱਚ ਸੁੱਟ ਦੇਵੇਗਾ। ਇਸ ਕਰਕੇ ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ ਭਾਈਚਾਰਿਆਂ ਨੂੰ ਛੋਟੀਆਂ-ਮੋਟੀਆਂ ਕੰਧਾਂ ਤੋਂ ਉੱਪਰ ਉੱਠ ਕੇ ਵਿਸ਼ਵ ਪੱਧਰ ਦੀ ਲਹਿਰ ਚਲਾਉਣ ਦਾ ਸੱਦਾ ਯੂਨਾਈਟਡ ਨੇਸ਼ਨਜ ਨੇ 2021 ਤੋਂ 2030 ਤੱਕ ਦਾ ਦਿੱਤਾ ਹੈ ਕਿ ਹਰ ਨਾਗਰਿਕ ਆਪਣੀ ਸਮਾਜਿਕ ਜਿੰਮੇਵਾਰੀ ਸਮਝਦਾ ਹੋਇਆ ਜ਼ਮੀਨੀ ਪੱਧਰ ’ਤੇ ਵਾਤਾਵਰਨ ਦੇ ਵੱਖ-ਵੱਖ ਕੁਦਰਤੀ ਪਹਿਲੂਆਂ ਨੂੰ ਮੁੜ ਸੁਰਜੀਤ ਕਰਨ ਲਈ ਆਪਣਾ ਯੋਗਦਾਨ ਪਾਵੇ।

ਕਿਸਾਨਾਂ ਨੂੰ ਵਣ ਖੇਤੀ ਬਾਰੇ ਵੀ ਸੋਚਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਵਿਚ ਆ ਰਹੀ ਗਿਰਾਵਟ ਨੂੰ ਦੇਖਦਿਆਂ ਵੀ ਪੰਜਾਬ ਵਿਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਕੁਝ ਰਕਬੇ ਵਿਚ ਵਣ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ। ਮੁੱਢਲੇ ਤਿੰਨ ਸਾਲ ਇਨ੍ਹਾਂ ਵਿਚਕਾਰ ਫਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ।¿; ਵਣ ਖੇਤੀ ਰਾਹੀਂ ਫਸਲਾਂ ਨਾਲੋਂ ਵੱਧ ਆਮਦਨ ਹੋ ਜਾਂਦੀ ਹੈ।

ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਖੇਚਲ ਵੀ ਬਹੁਤ ਘੱਟ ਹੈ। ਰਸਾਇਣਾਂ ਦੀ ਵੀ ਨਾ-ਮਾਤਰ ਲੋੜ ਪੈਂਦੀ ਹੈ। ਹੁਣ ਸਫੈਦਾ, ਕਿੱਕਰ, ਪਹਾੜੀ ਕਿੱਕਰ, ਟਾਹਲੀ, ਨਿੰਮ, ਤੂਤ, ਸਾਗਵਾਨ ਤੇ ਡੇਕ ਦੇ ਰੁੱਖ ਲਾਏ ਜਾ ਸਕਦੇ ਹਨ। ਜੇ ਵਣ ਖੇਤੀ ਕਰਨੀ ਹੈ ਤਾਂ ਟੋਏ ਪੁੱਟ ਲਵੋ। ਇੱਕ ਮੀਟਰ ਘੇਰਾ ਤੇ ਇੱਕ ਮੀਟਰ ਹੀ ਡੂੰਘਾ ਟੋਇਆ ਪੁੱਟਿਆ ਜਾਵੇ। ਸਫੈਦੇ ਦੇ ਬੂਟੇ ਲਾਉਣ ਸਮੇਂ ਲਾਈਨਾਂ ਵਿਚਕਾਰ ਚਾਰ ਤੇ ਬੂਟਿਆਂ ਵਿਚਕਾਰ ਦੋ ਮੀਟਰ ਦਾ ਫਾਸਲਾ ਰੱਖਿਆ ਜਾਵੇ।

ਜੇ ਕਿੱਕਰ, ਡੇਕ ਤੇ ਨਿੰਮ ਦੇ ਬੂਟੇ ਲਾਉਣੇ ਹਨ ਤਾਂ ਕਤਾਰਾਂ ਤੇ ਰੁੱਖਾਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਿਆ ਜਾਵੇ। ਜੇਕਰ ਬੂਟਿਆਂ ਨੂੰ ਵੱਟਾਂ ’ਤੇ ਲਾਉਣਾ ਹੈ ਤਾਂ ਬੂਟਿਆਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ। ਟਾਹਲੀ ਅਤੇ ਸਾਗਵਾਨ ਲਈ ਜ਼ਿਆਦਾ ਫਾਸਲਾ ਰੱਖੋ। ਇਨ੍ਹਾਂ ਰੁੱਖਾਂ ਦੇ ਨਾਲ ਕੁਝ ਸਜਾਵਟੀ ਰੁੱਖ ਵੀ ਲਾਏ ਜਾ ਸਕਦੇ ਹਨ। ਗੁਲਮੋਹਰ, ਰਾਤ ਦੀ ਰਾਣੀ, ਚਾਂਦਨੀ, ਮੋਤੀਆ, ਸਾਵਨੀ, ਕਨੇਰ, ਹਾਰ ਸ਼ਿੰਗਾਰ ਸਜਾਵਟੀ ਬੂਟੇ ਹਨ। ਇਸ ਵਾਰ ਪੰਜਾਬ ਵਿਚ ‘ਰੁੱਖ ਲਾਓ’ ਮੁਹਿੰਮ ਸਹੀ ਅਰਥਾਂ ਵਿਚ ਸ਼ੁਰੂ ਕਰਨੀ ਚਾਹੀਦੀ ਹੈ, ਕੇਵਲ ਰਸਮ ਜਾਂ ਫੋਟੋਗ੍ਰਾਫੀ ਲਈ ਹੀ ਅਜਿਹਾ ਨਾ ਕੀਤਾ ਜਾਵੇ। ਰੁੱਖ ਭਾਵੇਂ ਘੱਟ ਗਿਣਤੀ ਵਿਚ ਲਾਏ ਜਾਣ ਪਰ ਉਨ੍ਹਾਂ ਦੀ ਸਾਂਭ-ਸੰਭਾਲ ਦਾ ਪੂਰਾ ਪ੍ਰਬੰਧ ਜ਼ਰੂਰ ਕੀਤਾ ਜਾਵੇ। ਆਓ! ਅਸੀਂ ਰੁੱਖਾਂ ਨਾਲ ਪਿਆਰ ਕਰੀਏ ਅਤੇ ਕੁਦਰਤ ਦੇ ਨੇੜੇ ਜਾਈਏ।¿;
ਸਟੇੇਟ ਰਿਸੋਰਸ ਪਾਰਸਨ,
ਬੁਢਲਾਡਾ
ਡਾ. ਵਨੀਤ ਕੁਮਾਰ ਸਿੰਗਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ