ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਦੇ ਅਗੇਤੇ ਪ੍ਰਬੰਧ ਤੇ ਜ਼ਮੀਨ ਦੀ ਉਪਜਾਊ ਸ਼ਕਤੀ
ਅਗਾਮੀ ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਦਾ ਦਿੱਲੀ ਵਿਖੇ ਧਰਨਾ ਚੱਲਣ ਕਾਰਨ ਕਣਕ ਦੀ ਵਾਢੀ ਕਰਨ ਅਤੇ ਸਾਂਭ-ਸੰਭਾਲ ਲਈ ਨਵੀਆਂ ਮੁਸ਼ਕਲਾਂ ਪੈਦਾ ਹੋਣੀਆਂ ਕੁਦਰਤੀ ਹੈ ਕਿਉਂਕਿ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚੋਂ ਆਉਣ ਵਾਲੇ ਮਜਦੂਰਾਂ ਦੀ ਘਾਟ ਦੇ ਨਾਲ ਹੀ ਕਿਸਾਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਜਿਸ ਕਰਕੇ ਇਸ ਵਾਰ ਆਮ ਸੀਜ਼ਨ ਨਾਲੋਂ ਜਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਹਰ ਸਾਲ ਅਪਰੈਲ ਦਾ ਮਹੀਨਾ ਸ਼ੁਰੂ ਹੁੰਦੇ ਹੀ ਵਿਸਾਖੀ ਤੋਂ ਪਹਿਲਾਂ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਘਟਨਾਵਾਂ ਤੇਜੀ ਫੜ ਜਾਂਦੀਆਂ ਹਨ। ਅਜਿਹੀਆਂ ਘਟਨਾਵਾਂ ਕਾਰਨ ਕਿਸਾਨਾਂ ਦੀ ਲੱਖਾਂ ਰੁਪਏ ਦੀ ਫਸਲ ਸੜ ਕੇ ਸੁਆਹ ਹੋ ਜਾਂਦੀ ਹੈ। ਕਣਕ ਦੇ ਸੀਜ਼ਨ ਦੌਰਾਨ ਅਨਾਜ ਨੂੰ ਅੱਗ ਲੱਗਣ ਦੀਆਂ ਇੱਕਾ-ਦੁੱਕਾ ਨਹੀਂ ਸਗੋਂ ਸੈਂਕੜੇ ਘਟਨਾਵਾਂ ਵਾਪਰਦੀਆਂ ਹਨ । ਇਨ੍ਹਾਂ ਘਟਨਾਵਾਂ ਦੀ ਲਪੇਟ ਵਿੱਚ ਆਉਣ ਕਰਕੇ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ।
ਅੱਗ ਲੱਗਣ ਦੇ ਮੁੱਖ ਕਾਰਨ:
ਕਣਕ ਨੂੰ ਅੱਗ ਲੱਗਣ ਪਿੱਛੇ ਮੁੱਖ ਕਾਰਨ ਬਿਜਲੀ ਦੀਆਂ ਢਿੱਲੀਆਂ ਤਾਰਾਂ ਅਤੇ ਜੋੜਾਂ ਵਿੱਚੋਂ ਚੰਗਿਆੜੇ ਨਿੱਕਲਣੇ, ਤੂੜੀ ਬਣਾਉਂਦੇ ਸਮੇ ਰੀਪਰ-ਟਰੈਕਟਰ ਆਦਿ ਵਿਚੋਂ ਅੱਗ ਦੇ ਪਤੰਗੇ ਬਾਹਰ ਆਉਣੇ, ਬੀੜੀ- ਸਿਗਰਟ ਦੇ ਨਾਲ ਹੀ ਕਣਕ ਦੇ ਨਾੜ ਨੂੰ ਲਾਈ ਅੱਗ ਵੀ ਕਈ ਵਾਰ ਨਾਲ ਖੜ੍ਹੀ ਕਣਕ ਨੂੰ ਆਪਣੀ ਲਪੇਟ ’ਚ ਲੈ ਲੈਂਦੀ ਹੈ ।
ਪਰ ਸਰਕਾਰਾਂ ਅਤੇ ਪ੍ਰਸ਼ਾਸਨ ਖੇਤਾਂ ਵਿੱਚ ਖੜ੍ਹੇ ਅਨਾਜ ਨੂੰ ਅੱਗ ਲੱਗਣ ਸਮੇਂ ਹੀ ਜਾਗਦੇ ਹਨ। ਕਣਕ ਦੀ ਫਸਲ ਪੰਜਾਬ ਦੇ ਕਿਸਾਨ ਦੀ ਮੁੱਖ ਫਸਲ ਹੈ। ਜੇਕਰ ਇਹੋ ਫਸਲ ਅੱਗ ਦੀ ਲਪੇਟ ਵਿੱਚ ਆ ਜਾਂਦੀ ਹੈ ਤਾਂ ਕਿਸਾਨ ਸਾਰੀ ਉਮਰ ਸਿਰ ਚੜਿ੍ਹਆ ਆਪਣਾ ਕਰਜਾ ਨਹੀਂ ਉਤਾਰ ਸਕਦਾ। ਜੇਕਰ ਹਾੜੀ ਦੀ ਫਸਲ ਦੌਰਾਨ ਕਿਸਾਨ ਦੀ ਕਣਕ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ ਦੂਹਰੀ ਮਾਰ ਝੱਲਣੀ ਪੈਂਦੀ ਹੈ । ਇੱਕ ਪਾਸੇ ਤਾਂ ਕਣਕ ਅੱਗ ਦੀ ਭੇਟ ਚੜ੍ਹ ਜਾਂਦੀ ਹੈ, ਦੂਜੇ ਪਾਸੇ ਕਿਸਾਨ ਨੂੰ ਆਪਣੇ ਪਰਿਵਾਰ ਅਤੇ ਪਸ਼ੂਆਂ ਵਾਸਤੇ ਕਣਕ ਮੁੱਲ ਖਰੀਦਣੀ ਪੈਂਦੀ ਹੈ। ਸਰਕਾਰ ਨੂੰ ਅੱਗ ਤੋ ਬਚਾਅ ਦੇ ਪਹਿਲਾਂ ਹੀ ਪ੍ਰਬੰਧ ਕਰਨੇ ਚਾਹੀਦੇ ਹਨ।
ਅੱਗ ਬੁਝਾਉਣ ਦੇ ਸਾਧਨ ਤੇ ਸਰਕਾਰੀ ਪ੍ਰਬੰਧ
ਹਾੜੀ ਦੇ ਸੀਜਨ ਦੌਰਾਨ ਕਣਕ ਦੀ ਫਸਲ ਨੂੰ ਲੱਗਣ ਵਾਲੀਆਂ ਅੱਗਾਂ ਨੂੰ ਰੋਕਣ ਲਈ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਖਾਸ ਪ੍ਰਬੰਧ ਨਹੀਂ ਕੀਤੇ ਜਾਂਦੇ । ਅੱਗ ਬਝਾਊ ਗੱਡੀਆਂ ਜ਼ਿਲ੍ਹਿਆਂ ਵਿੱਚ ਖੜ੍ਹੀਆਂ ਰਹਿੰਦੀਆਂ ਹਨ। ਜਿਨ੍ਹਾਂ ’ਚੋਂ ਬਹੁਤੀਆਂ ਚੱਲਦੀਆਂ ਹੀ ਨਹੀਂ। ਕਣਕ ਦੇ ਸੀਜਨ ਦੌਰਾਨ ਸਰਕਾਰ ਨੂੰ ਸਬ-ਡਵੀਜਨ ਪੱਧਰ ’ਤੇ ਅੱਗ ਬਝਾਊ ਗੱਡੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਤਾਂ ਕਿ ਲੋੜ ਪੈਣ ’ਤੇ ਬੁਲਾਇਆ ਜਾ ਸਕੇ ਏਦਾਂ ਕਰਕੇ ਅਨਾਜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ’ਚ ਹੋਣ ਵਾਲੇ ਪੰਜਾਹ ਫੀਸਦੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ। ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਿਜਲੀ ਬੋਰਡ ਵੱਲੋਂ ਛੱਡੇ ਜਾਂਦੇ ਢਿੱਲੇ ਜੋੜ, ਤਾਰਾਂ ਆਦਿ ਨੂੰ ਹਾੜੀ ਦੇ ਸੀਜ਼ਨ ਤੋਂ ਪਹਿਲਾਂ ਠੀਕ ਕੀਤਾ ਜਾਣਾ ਚਾਹੀਦਾ ਹੈ । ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜਾਗ੍ਰਿਤ ਕਰਨ ਲਈ ਖੇਤੀਬਾੜੀ ਵਿਭਾਗ ਵਿਸ਼ੇਸ਼ ਉਪਰਾਲੇ ਕਰੇ
ਖੇਤੀ ਮਾਹਿਰਾਂ ਦਾ ਉਪਰਾਲਾ:
ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਜ਼ਮੀਨ ਦੀ ਸਿਹਤ ਖਰਾਬ ਹੋਣ ਦੇ ਨਾਲ ਹੀ ਵੱਡੀ ਗਿਣਤੀ ’ਚ ਮਿੱਤਰ ਪੰਛੀ ਅਤੇ ਕੀੜੇ-ਮਕੌੜੇ ਮਰ ਜਾਂਦੇ ਹਨ। ਦੂਸਰੇ ਪਾਸੇ ਦੇਸੀ ਖਾਦਾਂ ਦੀ ਵਰਤੋਂ ਨਾ ਹੋਣ ਕਰਕੇ ਵਾਹੀਯੋਗ ਜਮੀਨ ਵਿੱਚ ਰਸਾਇÎਣਕ ਖਾਦਾਂ ਦੀ ਧੜਾਧੜ ਵਰਤੋਂ ਹੋਣ ਕਾਰਨ ਜਮੀਨ ਦੀ ਸਿਹਤ ਖ਼ਰਾਬ ਹੋ ਰਹੀ ਹੈ ਤੇ ਕਈ ਸੂਬਿਆਂ ਵਿੱਚ 9 ਤੋਂ ਲੈ ਕੇ 57 ਫੀਸਦੀ ਤੱਕ ਐਨ.ਪੀ.ਕੇ. ਜਿੰਕ, ਸਲਫਰ ਤੇ ਲੋਹੇ ਆਦਿ ਵਰਗੇ ਤੱਤਾਂ ਦੀ ਘਾਟ ਦਾ ਪਤਾ ਲੱਗਾ ਹੈ।
ਪੰਜਾਬ ਤੇ ਹੋਰ ਸੂਬਿਆਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਸੱਤ ਹੋਰ ਸੂਬਿਆਂ ਵਿੱਚ ਖੇਤੀ ਹੇਠ ਰਕਬਾ ਵਧਾਉਣ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਦੇਸ਼ ਦੀਆਂ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦੇ ਅੰਕੜਿਆਂ ਮੁਤਾਬਿਕ ਕਿਸਾਨਾਂ ਵੱਲੋ ਵੱਧ ਝਾੜ ਲੈਣ ਲਈ ਰਸ਼ਾਇਣਕ ਖਾਦਾਂ ਦੀ ਜਿਆਦਾ ਵਰਤੋਂ ਕਰਨ ਕਰਕੇ ਜਮੀਨ ਬੰਜਰ ਹੋਣ ਦਾ ਖਤਰਾ ਖੜ੍ਹਾ ਹੋ ਗਿਆ ਹੈ। ਦੱਸਿਆ ਜਾਂਦਾ ਹੈ ਕਿ ਐਨ.ਪੀ.ਕੇ. ਦੇ ਤੱਤਾਂ ਦੀ 9 ਤੋਂ ਲੈ ਕੇ 57 ਫੀਸਦੀ ਤੱਕ ਘਾਟ ਸਾਹਮਣੇ ਆਈ ਹੈ।
ਇਸ ਤੋਂ ਇਲਾਵਾ ਜਿੰਕ ਦੀ 49 ਫੀਸਦੀ, ਸਲਫਰ ਦੀ 41 ਫੀਸਦੀ, ਬੋਰੋਨ ਦੀ 33 ਫੀਸਦੀ ਅਤੇ ਲੋਹੇ ਦੇ ਤੱਤਾਂ ਦੀ 12 ਫੀਸਦੀ ਘਾਟ ਦਾ ਪਤਾ ਲੱਗਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਖੇਤੀ ਮਾਹਿਰਾਂ ਨੇ ਸੂਬਾ ਸਰਕਾਰਾਂ ’ਤੇ ਕਿਸਾਨਾਂ ਨੂੰ ਸੁਝਾਅ ਦਿੱਤਾ ਸੀ ਕਿ ਰਸਾਇਣਿਕ ਖਾਦਾਂ ਦੀ ਵਰਤੋਂ ਘਟਾ ਕੇ ਹਰੀਆਂ ਖਾਦਾਂ, ਰੂੜੀ ਅਤੇ ਜੈਵਿਕ ਖਾਦਾਂ ਦੀ ਵਰਤੋਂ ਕਰਨ, ਕੇਂਦਰ ਸਰਕਾਰ ਨੇ ਜਮੀਨ ਦੀ ਸਿਹਤ ਬਣਾਈ ਰੱਖਣ ਲਈ ਜੈਵਿਕ ਖਾਦਾਂ ਦੇ ਉਤਪਾਦਨ ਲਈ ਸਬਸਿਡੀ ਦੇ ਅਧਾਰ ’ਤੇ ਸਹਾਇਤਾ ਦੇਣ ਲਈ ਸਕੀਮਾਂ ਸ਼ੁਰੂ ਕੀਤੀਆਂ ਸਨ।
ਬ੍ਰਿਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.