ਈ.ਡੀ. ਅਧਿਕਾਰੀਆਂ ਨੇ ਜਾਂਦੇ ਹੋਏ ਦਿੱਤੀ ਧਮਕੀ, ਪ੍ਰਧਾਨ ਮੰਤਰੀ ਦਾ ਦੌਰਾ ਯਾਦ ਰੱਖਣਾ : ਚਰਨਜੀਤ ਸਿੰਘ ਚੰਨੀ

channi

ਮੈਨੂੰ ਈਡੀ ਤੋਂ ਖ਼ਤਰਾ, ਕਰ ਸਕਦੇ ਹਨ ਗ੍ਰਿਫਤਾਰ, ਈ.ਡੀ. ਅਧਿਕਾਰੀਆਂ ਨੇ ਦਿੱਤੀ ਐ ਧਮਕੀ, ਸਾਜਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ (Charanjit Singh Channi)

  • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਦਾਅਵਾ, ਹੁਣ ਉਨਾਂ ਦਾ ਲੱਗ ਸਕਦੈ ਅਗਲਾ ਨੰਬਰ
  • ਚਰਨਜੀਤ ਚੰਨੀ ਨਾਲ ਆਏ 4 ਕੈਬਨਿਟ ਮੰਤਰੀ, ਮੀਡੀਆ ਅੱਗੇ ਰੱਖਿਆ ਪੱਖ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਮੈਨੂੰ ਈਡੀ ਤੋਂ ਖ਼ਤਰਾ ਹੈ ਅਤੇ ਕਿਸੇ ਵੀ ਸਮੇਂ ਈਡੀ ਦੇ ਅਧਿਕਾਰੀ ਸਾਜਿਸ਼ ਤਹਿਤ ਮੈਨੂੰ ਫਸਾਉਂਦੇ ਹੋਏ ਗ੍ਰਿਫਤਾਰ ਤੱਕ ਕਰ ਸਕਦੇ ਹਨ। ਇਹ ਧਮਕੀ ਵੀ ਈਡੀ ਦੇ ਅਧਿਕਾਰੀ ਬੀਤੇ ਦਿਨੀਂ ਮੇਰੇ ਭਾਣਜੇ ਦੇ ਘਰ ਹੋਈ ਰੇਡ ਮੌਕੇ ਦੇ ਕੇ ਗਏ ਹਨ ਕਿ ਪ੍ਰਧਾਨ ਮੰਤਰੀ ਦਾ ਦੌਰਾ ਯਾਦ ਰੱਖਣਾ। ਮੈਨੂੰ ਧਮਕੀਆਂ ਦਿੱਤੀ ਜਾ ਰਹੀਆਂ ਹਨ, ਭਾਜਪਾ ਆਉਣ ਵਾਲੇ ਦਿਨਾਂ ਵਿੱਚ ਕੁਝ ਵੀ ਕਰ ਸਕਦੀ ਹੈ। ਇਹ ਖ਼ਦਸ਼ਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਜਤਾਇਆ ਹੈ। ਚਰਨਜੀਤ ਸਿੰਘ ਚੰਨੀ ਦੇ ਨਾਲ 4 ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਤਿ੍ਰਪਤ ਰਾਜਿੰਦਰ ਬਾਜਵਾ, ਬ੍ਰਹਮ ਮਹਿੰਦਰਾਂ ਅਤੇ ਸੁਖਬਿੰਦਰ ਸਿੰਘ ਸੁਖਸਰਕਾਰੀ ਵੀ ਆਏ ਸਨ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨਾਂ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੇ ਘਰ ਛਾਪਾਮਾਰੀ ਕਰਨ ਮੌਕੇ ਅਧਿਕਾਰੀਆਂ ਵੱਲੋਂ 24 ਘੰਟੇ ਤੱਕ ਕਾਫ਼ੀ ਜਿਆਦਾ ਕੋਸ਼ਿਸ਼ ਕੀਤੀ ਕਿ ਉਨਾਂ ਦੇ ਖ਼ਿਲਾਫ਼ ਕੋਈ ਸੁਰਾਗ ਮਿਲ ਜਾਵੇ ਪਰ ਉਨਾਂ ਨੂੰ ਕੁਝ ਵੀ ਨਹੀਂ ਮਿਲਿਆ ਪਰ ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਈ.ਡੀ. ਉਨਾਂ ਤੱਕ ਨਹੀਂ ਪੁੱਜੇਗੀ।

ਉਨ੍ਹਾਂ ਕਿਹਾ ਕਿ ਪਹਿਲਾਂ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੇ ਖ਼ਿਲਾਫ਼ ਵੀ ਈ.ਡੀ. ਦੀ ਵਰਤੋਂ ਕੀਤੀ ਗਈ ਸੀ ਤਾਂ ਹੁਣ ਪੰਜਾਬ ਵਿੱਚ ਵੀ ਇਹੋ ਹਰਕਤ ਕੀਤੀ ਜਾ ਰਹੀ ਹੈ।  ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜਦੋਂਕਿ 2018 ਵਿੱਚ ਦਰਜ ਹੋਈ ਐਫਆਈਆਰ ਵਿੱਚ ਉਨਾਂ ਦੇ ਭਤੀਜੇ ਭੁਪਿੰਦਰ ਸਿੰਘ ਦਾ ਨਾਂਅ ਤੱਕ ਸ਼ਾਮਲ ਨਹੀਂ ਸੀ ਪਰ ਹੁਣ ਉਸ ਨੂੰ ਗ੍ਰਿਫਤਾਰ ਕਰਨ ਦੇ ਨਾਲ ਹੀ ਰਾਤ ਭਰ ਅਦਾਲਤ ਤੱਕ ਖੁੱਲ੍ਹਵਾ ਕੇ ਰੱਖੀ ਗਈ ਕਿ ਉਸ ਨੂੰ ਪੇਸ਼ ਕੀਤਾ ਜਾਣਾ ਹੈ ਪਰ ਸਵੇਰੇ ਅਦਾਲਤ ਨੂੰ ਬੰਦ ਕਰਵਾ ਦਿੱਤਾ ਗਿਆ ਕਿਉਂਕਿ ਈ.ਡੀ. ਵੱਲੋਂ ਉਹ ਸਫ਼ਲਤਾ ਹਾਸਲ ਨਹੀਂ ਕੀਤੀ ਜਾ ਸਕਦੀ, ਜਿਹੜੀ ਕਿ ਉਹ ਕਰਨਾ ਚਾਹੁੰਦੀ ਸੀ।

ED Seizes Rs 6 croreਉਨਾਂ ਦੇ ਭਾਣਜੇ ਭੁਪਿੰਦਰ ਹਨੀ ਨੂੰ 24 ਘੰਟੇ ਤੋਂ ਵੱਧ ਕੀਤਾ ਗਿਆ ਟਾਰਚਰ : ਚੰਨੀ

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨਾਂ ਦੇ ਭਾਣਜੇ ਭੁਪਿੰਦਰ ਹਨੀ ਨੂੰ 24 ਘੰਟੇ ਤੋਂ ਜ਼ਿਆਦਾ ਸਮਾਂ ਤੱਕ ਟਾਰਚਰ ਕਰਦੇ ਹੋਏ ਇਹ ਕੋਸ਼ਿਸ਼ ਕੀਤੀ ਕਿ ਭੁਪਿੰਦਰ ਹਨੀ ਉਨਾਂ (ਚੰਨੀ) ਦਾ ਨਾਂਅ ਲੈ ਦੇਵੇ ਪਰ ਇਹ ਨਹੀਂ ਹੋ ਪਾਇਆ ਜਿਸ ਤੋਂ ਬਾਅਦ ਭੁਪਿੰਦਰ ਹਨੀ ਦੇ ਖ਼ਿਲਾਫ਼ ਹੁਣ ਤੱਕ ਕੋਈ ਤਾਜ਼ਾ ਐਫਆਈਆਰ ਦਰਜ਼ ਨਹੀਂ ਕੀਤੀ ਗਈ। ਚਰਨਜੀਤ ਚੰਨੀ ਦੇ ਦੋਸ਼ ਲਗਾਇਆ ਕਿ ਜਿਹੜੇ ਈ.ਡੀ. ਦੇ ਅਧਿਕਾਰੀ ਆਏ ਸਨ, ਉਨਾਂ ਨੇ ਭੁਪਿੰਦਰ ਹਨੀ ਨੂੰ ਨਾਲ ਲੈ ਕੇ ਜਾਣ ਮੌਕੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਦੌਰਾ ਯਾਦ ਰੱਖਣਾ। ਚੰਨੀ ਨੇ ਕਿਹਾ ਕਿ ਈਡੀ ਦੇ ਅਧਿਕਾਰੀਆਂ ਦੀ ਇਸ ਧਮਕੀ ਤੋਂ ਹੀ ਸਾਫ਼ ਹੋ ਗਿਆ ਕਿ ਇਹ ਸਾਰਾ ਕੁਝ ਬਦਲਾ ਖੋਰੀ ਦੇ ਚੱਲਦੇ ਹੋ ਰਿਹਾ ਹੈ, ਜਦੋਂਕਿ ਇਸ ਮਾਮਲੇ ਵਿੱਚ ਉਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ।

ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਗਾਇਆ ਕਿ ਅਧਿਕਾਰੀ ਇਹ ਵੀ ਧਮਕੀ ਦੇ ਕੇ ਗਏ ਹਨ ਕਿ ਉਨਾਂ ਨੂੰ ਪੰਜਾਬ ਵਿੱਚ ਚੋਣ ਨਹੀਂ ਲੜਨ ਦਿਆਂਗੇ। ਕੇਂਦਰ ਸਰਕਾਰ ਬਦਲਾਖੋਰੀ ਦੇ ਤਹਿਤ ਇਹ ਕਰ ਰਹੀ ਹੈ, ਜਦੋਂਕਿ ਉਹ ਖ਼ੁਦ ਪ੍ਰਧਾਨ ਮੰਤਰੀ ਕੋਲ ਸਫ਼ਾਈ ਦੇ ਚੁੱਕੇ ਹਨ ਕਿ 5 ਜਨਵਰੀ ਦੇ ਦੌਰੇ ਮੌਕੇ ਉਨਾਂ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ, ਜਦੋਂ ਕਿ ਖ਼ਾਲੀ ਕੁਰਸੀਆਂ ਦੇ ਚਲਦੇ ਹੀ ਉਨਾਂ ਵੱਲੋਂ ਰੈਲੀ ਨਹੀਂ ਕੀਤੀ ਗਈ।

ਜਿਹੜਾ ਦੋਸ਼ੀ ਹੋਵੇਗਾ, ਮਿਲਣੀ ਚਾਹੀਦੀ ਐ ਸਜ਼ਾ

ਭੁਪਿੰਦਰ ਹਨੀ ਅਤੇ ਉਸ ਦੇ ਸਾਥੀਆਂ ਕੋਲੋਂ 10 ਕਰੋੜ ਦੀ ਰਿਕਵਰੀ ਹੋਣ ਦੇ ਬਾਰੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਬਾਰੇ ਭੁਪਿੰਦਰ ਹਨੀ ਹੀ ਦੱਸ ਸਕਦਾ ਹੈ ਕਿ ਇਹ ਪੈਸਾ ਕਿਥੋਂ ਆਇਆ ਅਤੇ ਕਿਵੇਂ ਰਿਕਵਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗਲਤੀ ਕਰਦਾ ਹੈ ਅਤੇ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਪਰ ਇਸ ਮਾਮਲੇ ਵਿੱਚ ਉਨਾਂ ਨੂੰ ਝੂਠਾ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ