ਪ੍ਰਧਾਨ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਿਆ, ਕਿਹਾ ਧਰਨਾ ਸਿਆਸਤ ਤੋ ਪ੍ਰੇਰਿਤ : ਵਿਧਾਇਕ | Malerkotla News
ਮਲੇਰਕੋਟਲਾ (ਗੁਰਤੇਜ ਜੋਸੀ)। ਸਥਾਨਕ ਨਗਰ ਕੌਂਸਲ (Malerkotla News) ਦੀ ਹੋ ਰਹੀ ਮੀਟਿੰਗ ਦੌਰਾਨ ਸਥਾਨਕ ਖ਼ੁਸ਼ਹਾਲ ਬਸਤੀ ਦੇ ਵਸਨੀਕਾਂ ਵੱਲੋਂ ਕੌਂਸਲਰ ਰਜ਼ੀਆ ਪਰਵੀਨ ਦੀ ਅਗਵਾਈ ਹੇਠ ਕੌਂਸਲ ਦਫ਼ਤਰ ਦੇ ਸਾਹਮਣੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ’ਚ ਸਥਾਨਕ ਕਾਂਗਰਸੀ ਕੌਂਸਲਰਾਂ ਦੇ ਨਾਲ ਵੱਡੀ ਗਿਣਤੀ ਰੋਜ਼ਾਦਾਰ ਮੁਸਲਿਮ ਔਰਤਾਂ ਵੀ ਸ਼ਾਮਲ ਸਨ।
ਨਗਰ ਕੌਂਸਲ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਵੱਲੋਂ ਕਥਿਤ ਤੌਰ ’ਤੇ ਹਲਕਾ ਵਿਧਾਇਕ ਦੇ ਇਸ਼ਾਰੇ ’ਤੇ ਖ਼ੁਸ਼ਹਾਲ ਬਸਤੀ ਦੇ ਪਿਛਲੀ ਕਾਂਗਰਸ ਸਰਕਾਰ ਵੇਲੇ ਹੀ ਪਾਸ ਹੋ ਚੁੱਕੇ ਕਰੀਬ 34 ਲੱਖ 68 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਇਕ ਸਾਲ ਤੋਂ ਠੱਪ ਕਰਨ ਦਾ ਦੋਸ਼ ਲਾਉਂਦਿਆਂ ਕੌਂਸਲਰ ਬੀਬੀ ਰਜ਼ੀਆ ਪਰਵੀਨ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੀਆਂ ਗਲੀਆਂ ਚਿੱਕੜ ਤੇ ਵੱਡੇ-ਵੱਡੇ ਟੋਇਆ ਕਾਰਨ ਨਰਕਕੁੰਭੀ ਬਣ ਚੁੱਕੀਆਂ ਹਨ ਜਦਕਿ ਨਗਰ ਕੌਂਸਲ ਨੇ ਇਨ੍ਹਾਂ ਗਲੀਆਂ ਨੂੰ ਪੱਕਾ ਕਰਨ ਲਈ ਇੱਕ ਸਾਲ ਪਹਿਲਾਂ ਕੰਮ ਪਾਸ ਕੀਤੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਨਗਰ ਕੌਂਸਲ ਮੀਟਿੰਗਾਂ ਵਿਚ ਸਥਾਨਕ ਵਿਧਾਇਕ ਨੂੰ ਇਸ ਇਲਾਕੇ ਦੇ ਰੋਕੇ ਕੰਮ ਸ਼ੁਰੂ ਕਰਨ ਲਈ ਵਾਰ ਵਾਰ ਬੇਨਤੀ ਕੀਤੀ ਅਤੇ ਲੋਕਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਪ੍ਰਧਾਨ ਦੇ ਘਰ ਕਈ ਵਾਰ ਗੇੜੇ ਮਾਰੇ ਪ੍ਰੰਤੂ ਕਿਸੇ ਨੇ ਕੋਈ ਸਾਰ ਨਹੀਂ ਲਈ।
ਮੀਟਿੰਗ ਹਾਲ ਦੇ ਬਾਹਰ ਨਗਰ ਕੌਂਸਲ ਪ੍ਰਧਾਨ ਦੇ ਪਤੀ ਨੇ ਅਪਸ਼ਬਦ ਬੋਲੇ ਹੱਥੋਪਾਈ ਕੀਤੀ : ਕੌਂਸਲਰ ਮਨੋਜ ਉੱਪਲ ਮੰਜੀ
ਧਰਨਾਕਾਰੀਆਂ ਵਿੱਚ ਸ਼ਾਮਲ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਕਾਂਗਰਸੀ ਕੌਂਸਲਰ ਮਨੋਜ ਉੱਪਲ ਨੇ ਨਗਰ ਕੌਂਸਲ ਪ੍ਰਧਾਨ ਦੇ ਪਤੀ ਉੱਪਰ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਦੇ ਠੇਕੇਦਾਰ ਪਤੀ ਨੇ ਉਸ ਨੂੰ ਅਪਸ਼ਬਦ ਬੋਲੇ ਅਤੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੋਜੀ ਨੇ ਕਿਹਾ ਕਿ ਉਹ ਆਪਣੇ ਨਾਲ ਹੋਈ ਬਦਤਮੀਜ਼ੀ ਦਾ ਮਾਮਲਾ ਡਿਪਟੀ ਕਮਿਸ਼ਨਰ ਕੋਲ ਉਠਾਉਣਗੇ ਅਤੇ ਠੇਕੇਦਾਰ ਦਾ ਲਾਇਸੰਸ ਰੱਦ ਕਰਨ ਦੀ ਮੰਗ ਕਰਨਗੇ ।
ਨਗਰ ਕੌਂਸਲ ਪ੍ਰਧਾਨ ਦੇ ਪਤੀ ਅਸ਼ਰਫ਼ ਅਬਦੁੱਲਾ ਨੇ ਦੋਸ਼ਾਂ ਨੂੰ ਨਕਾਰਿਆ
ਆਪਣੇ ਉੱਪਰ ਕਾਂਗਰਸੀ ਕੌਂਸਲਰ ਮਨੋਜ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਨਗਰ ਕੌਂਸਲ ਪ੍ਰਧਾਨ ਦੇ ਪਤੀ ਅਸ਼ਰਫ਼ ਅਬਦੁੱਲਾ ਨੇ ਕਿਹਾ ਕਿ ਇਹ ਸਭ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ, ਅਜਿਹਾ ਕੁੱਝ ਵੀ ਨਹੀਂ ਹੋਇਆ।
ਜਿਹੜੇ ਕੰਮਾਂ ਦੇ ਟੈਂਡਰ ਹੋ ਚੁੱਕੇ ਹਨ ਉਹ ਸਾਰੇ ਕੰਮ ਜਲਦੀ ਸ਼ੁਰੂ ਕਰਵਾ ਦਿਤੇ ਜਾਣਗੇ : ਈਓ | Malerkotla News
ਮੁਹੱਲਾ ਖ਼ੁਸ਼ਹਾਲ ਬਸਤੀ ਵਾਸੀਆਂ ਵੱਲੋਂ ਦਿੱਤੇ ਰੋਸ਼ ਧਰਨੇ ਵਿਚ ਪਹੁੰਚੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਮਨਿੰਦਰਪਾਲ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਤਾ ਕਿ ਜਿਹੜੇ ਵਿਕਾਸ ਕਾਰਜਾਂ ਦੇ ਟੈਂਡਰ ਹੋ ਚੁੱਕੇ ਹਨ ਉਨ੍ਹਾਂ ਨੂੰ ਜਲਦੀ ਹੀ ਸ਼ੁਰੂ ਕਰਵਾ ਦਿਤਾ ਜਾਵੇਗਾ।
ਮੁਹੱਲਾ ਵਾਸੀਆਂ ਦੀ ਇੱਛਾ ਅਨੁਸਾਰ ਗਲੀਆਂ ’ਚ ਟਾਇਲਾਂ ਦੀ ਬਜਾਇ ਕੰਕਰੀਟ ਦਾ ਫ਼ਰਸ਼ ਲੱਗੇਗਾ
ਵਿਧਾਇਕ ਡਾ. ਜਮੀਲ ਉਰ ਰਹਿਮਾਨ ਨਗਰ ਕੌਂਸਲ ਸਾਹਮਣੇ ਮੁਹੱਲਾ ਖ਼ੁਸ਼ਹਾਲ ਬਸਤੀ ਦੇ ਲੋਕਾਂ ਵੱਲੋਂ ਲਗਾਏ ਧਰਨੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਸਪਸ਼ਟ ਕੀਤਾ ਕਿ ਕਿਤੇ ਵੀ ਕੋਈ ਕੰਮ ਨਹੀਂ ਰੋਕਿਆ ਗਿਆ ਸਗੋਂ ਉਹ ਖ਼ੁਦ ਇਸ ਇਲਾਕੇ ਅੰਦਰ ਰਾਏਕੋਟ ਰੋਡ ਤੇ ਮਾਨਾਂ ਰੋਡ ਤੱਕ ਪੱਕੀ ਸੜਕ ਸਮੇਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਆਏ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਮਿਲ ਕੇ ਗਲੀਆਂ ਵਿੱਚ ਇੰਟਰਲਾਕ ਟਾਇਲਾਂ ਦੀ ਬਜਾਇ ਕੰਕਰੀਟ ਦਾ ਫ਼ਰਸ਼ ਪਾਉਣ ਦੀ ਮੰਗ ਕੀਤੀ ਸੀ, ਜਿਸ ਕਰਕੇ ਹੁਣ ਗਲੀਆਂ ‘ਚ ਕੰਕਰੀਟ ਦਾ ਫ਼ਰਸ਼ ਪਾਇਆ ਜਾਵੇਗਾ।ਕਾਂਗਰਸੀ ਕੌਂਸਲਰ ਵੱਲੋਂ ਨਗਰ ਕੌਂਸਲ ਪ੍ਰਧਾਨ ਦੇ ਪਤੀ ਉੱਪਰ ਲਗਾਏ ਹੱਥੋਪਾਈ ਦੇ ਦੋਸ਼ਾਂ ਬਾਰੇ ਉਨ੍ਹਾਂ ਸਪਸ਼ਟ ਕੀਤਾ ਕਿ ਮੀਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਸਗੋਂ ਖੁਸ਼ਗਵਾਰ ਮਾਹੌਲ ਵਿਚ ਚੱਲੀ ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਵੱਲੋਂ ਦਿਤੇ ਸੁਝਾਵਾਂ ਨੂੰ ਵੀ ਵਿਚਾਰਿਆ ਗਿਆ ਹੈ।