ਅਕਾਲੀਆਂ ਵੱਲੋਂ ਘਿਰਾਓ ਕਾਰਨ ਵਿੱਤ ਮੰਤਰੀ ਦਾ ਦਫ਼ਤਰ ਬਣਿਆ ਪੁਲਿਸ ਛਾਉਣੀ

ਅਕਾਲੀਆਂ ਨੇ ਬਠਿੰਡਾ ਪੁਲਿਸ ਨੂੰ ਦਿੱਤੀ ਸੱਤ ਦਿਨਾਂ ਦੀ ਮੁਹਲਤ

  •  ਜੇ ਹਫ਼ਤੇ ’ਚ ਪਰਚਾ ਦਰਜ ਨਾ ਹੋਇਆ ਤਾਂ ਘੇਰਾਂਗੇ ਐਸਐਸਪੀ ਦਫ਼ਤਰ : ਬੰਟੀ ਰੋਮਾਣਾ
  •  ਮਨਪ੍ਰੀਤ ਬਾਦਲ ਤੇ ਜੈਜੀਤ ਜੌਹਲ ਦੇ ਸਾੜੇ ਪੁਤਲੇ

ਬਠਿੰਡਾ, ਸੁਖਜੀਤ ਮਾਨ । ਬਠਿੰਡਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਬੀਤੇ ਦਿਨੀਂ ਬਠਿੰਡਾ ਥਰਮਲ ਦੀ ਰਾਖ ਵਾਲੀ ਥਾਂ ’ਤੇ ਹੋ ਰਹੀ ਮਾਈਨਿੰਗ ਦੀ ਵੀਡੀਓ ਬਣਾਉਣ ਦੌਰਾਨ ਉਨ੍ਹਾਂ ’ਤੇ ਕਥਿਤ ਹਮਲੇ ਦੀ ਕੋਸ਼ਿਸ਼ ਦੇ ਵਿਰੋਧ ’ਚ ਅੱਜ ਸ੍ਰੋਮਣੀ ਅਕਾਲੀ ਦਲ ਯੂਥ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਸਥਿੱਤ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਨੇ ਸਖਤ ਪ੍ਰਬੰਧ ਕੀਤੇ ਹੋਏ ਸਨ ਪੁਲਿਸ ਵੱਲੋਂ ਦਫ਼ਤਰ ਦੇ ਮੁੱਖ ਗੇਟ ਅੱਗੇ ਸਖਤ ਬੈਰੀਕੇਡਿੰਗ ਕਰਨ ਤੋਂ ਇਲਾਵਾ ਜਲ ਤੋਪ ਅਤੇ ਹੰਝੂ ਗੈਸ ਦੇ ਗੋਲੇ ਦਾਗਣ ਵਾਲੀ ਮਸ਼ੀਨ ਵੀ ਤਿਆਰ-ਬਰ-ਤਿਆਰ ਖੜ੍ਹਾਈ ਗਈ ਸੀ ਅਕਾਲੀ ਆਗੂਆਂ ਨੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਵਿੱਤ ਮੰਤਰੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਦਾ ਪੁਤਲਾ ਫੂਕ ਕੇ ਪੁਲਿਸ ਪ੍ਰਸ਼ਾਸਨ ਨੂੰ ਪਰਚਾ ਦਰਜ ਕਰਕੇ ਕਾਰਵਾਈ ਕਰਨ ਲਈ ਸੱਤ ਦਿਨ ਦੀ ਮੁਹਲਤ ਦੇ ਦਿੱਤੀ ਹੈ।

ਜਾਣਕਾਰੀ ਮੁਤਾਬਿਕ ਉਪਰੋਕਤ ਮਾਮਲੇ ’ਚ ਕਾਰਵਾਈ ਕਰਵਾਉਣ ਸਬੰਧੀ ਜਿੱਥੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦਿੱਤੀ ਗਈ ਸੀ ਤੇ ਅੱਜ ਯੂਥ ਅਕਾਲੀ ਦਲ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਦਫ਼ਤਰ ਦਾ ਘਿਰਾਓ ਕੀਤਾ ਗਿਆ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿੱਚ ਇਕੱਠੇ ਹੋਏ ਵਰਕਰਾਂ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਅਤੇ ਇੱਕ ਵਿਸ਼ਾਲ ਕਾਫਿਲੇ ਦੇ ਰੂਪ ਵਿੱਚ ਮਨਪ੍ਰੀਤ ਬਾਦਲ ਦੇ ਦਫਤਰ ਵੱਲ ਕੂਚ ਕੀਤਾ।

ਵਿੱਤ ਮੰਤਰੀ ਦੇ ਦਫ਼ਤਰ ਅੱਗੇ ਲਾਏ ਧਰਨੇ ਦੌਰਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਉਸਦੇ ਰਿਸ਼ਤੇਦਾਰ ਜੋਜੋ ਨੇ ਬਠਿੰਡਾ ਨੂੰ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਬਠਿੰਡਾ ਨੂੰ ਨੰਬਰ ਇੱਕ ਸ਼ਹਿਰ ਬਣਾਇਆ ਗਿਆ ਅਤੇ ਵੱਡੇ ਪ੍ਰੋਜੈਕਟ ਲਿਆਂਦੇ ਗਏ ਪਰ ਮਨਪ੍ਰੀਤ ਸਿੰਘ ਬਾਦਲ ਆਪਣੇ ਨਾਲ ਬਠਿੰਡਾ ਨਿਵਾਸੀਆਂ ਲਈ ਸਿਰਫ ਜੋਜੋ ਲੈ ਕੇ ਆਇਆ ਅਤੇ ਜੋਜੋ ਨੇ ਬਠਿੰਡਾ ਨੂੰ ਲੁੱਟ ਦਾ ਅੱਡਾ ਬਣਾ ਦਿੱਤਾ । ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀ ਮਾਇਨਿੰਗ ਦੀਆਂ ਖੱਡਾਂ ਨੂੰ ਬੰਦ ਤਾਂ ਕਰ ਦਿੱਤਾ ਗਿਆ ਪਰ ਉਨ੍ਹਾਂ ਕੋਲ ਪੂਰੇ ਸਬੂਤ ਹਨ ਅਤੇ ਉਹ ਸਬੂਤਾਂ ਸਮੇਤ ਸਾਰੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਵਾਉਣਗੇ। ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਲੁੱਟ ਦੀ ਹੱਦ ਹੋ ਗਈ ਹੈ ।

ਮਨਪ੍ਰੀਤ ਬਾਦਲ ਅਤੇ ਉਸਦੇ ਰਿਸ਼ਤੇਦਾਰ ਵੱਲੋਂ ਗਲਤ ਕੰਮ ਇਸ ਕਦਰ ਕੀਤੇ ਜਾ ਰਹੇ ਹਨ ਕਿ ਸਾਬਕਾ ਵਿਧਾਇਕ ਜੋ ਜਨਤਾ ਦੇ ਪ੍ਰਤੀਨਿਧੀ ਰਹਿ ਚੁੱਕੇ ਹਨ, ਉਨ੍ਹਾਂ ਵੱਲੋਂ ਜਦੋਂ ਗ਼ੈਰਕਾਨੂੰਨੀ ਮਾਇਨਿੰਗ ਦਾ ਖੁਲਾਸਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਉੱਤੇ ਕਾਤਿਲਾਨਾ ਹਮਲਾ ਕਰ ਦਿੱਤਾ ਜਾਂਦਾ ਹੈ, ਜੋ ਬੇਹੱਦ ਹੀ ਨਿੰਦਣਯੋਗ ਘਟਨਾ ਹੈ।ਉਨ੍ਹਾਂ ਨੇ ਬਠਿੰਡਾ ਦੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਾਬਕਾ ਵਿਧਾਇਕ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ, ਉਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾ ਰਿਹਾ ਹੈ ਪਰ ਜੇ ਇੱਕ ਹਫ਼ਤੇ ’ਚ ਕਾਰਵਾਈ ਨਾ ਕੀਤੀ ਗਈ ਤਾਂ ਯੂਥ ਅਕਾਲੀ ਦਲ ਵੱਲੋਂ ਐਸਐਸਪੀ ਦੇ ਦਫਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਢਿੱਲੋਂ, ਰਾਜਵਿੰਦਰ ਸਿੰਘ, ਹਰਪਾਲ ਢਿੱਲੋਂ, ਨਿਰਮਲ ਸੰਧੂ, ਬਲਵਿੰਦਰ ਬਿੰਦਰ, ਬੀਬੀ ਗੁਰਵਿੰਦਰ ਕੌਰ ਸ਼ਹਿਰੀ ਪ੍ਰਧਾਨ, ਬੀਬੀ ਜੋਗਿੰਦਰ ਕੌਰ ਐਸਜੀਪੀਸੀ ਮੈਂਬਰ, ਹਰਵਿੰਦਰ ਗੰਜੂ, ਰਾਕੇਸ਼ ਸਿੰਗਲਾ, ਦੀਨਵ ਸਿੰਗਲਾ, ਆਨੰਦ ਗੁਪਤਾ, ਚਮਕੌਰ ਮਾਨ ਆਦਿ ਸਮੇਤ ਵੱਡੀ ਗਿਣਤੀ ’ਚ ਅਕਾਲੀ ਵਰਕਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।