ਘਰੇਲੂ ਕਲੇਸ਼ ਦੇ ਚੱਲਦਿਆਂ ਪਿਓ ਵੱਲੋਂ ਸੱਬਲ ਮਾਰ ਪੁੱਤ ਦਾ ਕਤਲ
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਘਰੇਲੂ ਕਲੇਸ਼ ਦੇ ਚੱਲਦਿਆਂ ਸਥਾਨਕ ਮੁਹੱਲਾ ਸੰਗਤਪੁਰਾ ਬਸਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਓ ਵੱਲੋਂ ਆਪਣੇ ਹੀ ਪੁੱਤ ਦਾ ਰਾਤ ਨੂੰ ਸੁੱਤੇ ਪਏ ਦਾ ਕਤਲ ਕਰ ਦੇਣ ਦਾ ਸਮਾਚਾਰ ਹੈ। ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਉਰਫ਼ ਬਿੰਦਾ (35) ਜੋ ਕਿ ਟਰੱਕ ‘ਤੇ ਡਰਾਈਵਰ ਵਜੋਂ ਕੰਮ ਕਰਦਾ ਸੀ, ਦਾ ਪਰਿਵਾਰ ਦੋ ਲੜਕੀਆਂ ਅਤੇ ਪਤਨੀ ਪਿੰਡ ਲੱਖੇਵਾਲੀ ਵਿਖੇ ਆਪਣੇ ਪੇਕੇ ਘਰ ਰਹਿ ਰਹੇ ਹਨ।
ਜਦੋਂਕਿ ਬਲਵਿੰਦਰ ਸਿੰਘ ਦਾ ਪਿਤਾ ਸਥਾਨਕ ਸੰਗਤਪੁਰਾ ਮੁਹੱਲੇ ‘ਚ ਰਹਿੰਦਾ ਹੈ ਬੀਤੇ ਵੀਰਵਾਰ ਦੀ ਰਾਤ ਨੂੰ ਬਲਵਿੰਦਰ ਸਿੰਘ ਬਿੰਦਾ ਆਪਣੇ ਪਿਤਾ ਕੋਲ ਸੁੱਤਾ ਪਿਆ ਸੀ ਤਾਂ ਇਸ ਦੌਰਾਨ ਉਸਦੇ ਪਿਤਾ ਬੂਟਾ ਸਿੰਘ ਨੇ ਸੱਬਲ ਨਾਲ ਸੁੱਤੇ ਪਏ ਬਲਵਿੰਦਰ ਸਿੰਘ ਬਿੰਦਾ ਦੇ ਸਿਰ ‘ਤੇ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਬੂਟਾ ਸਿੰਘ ਸ਼ਰਾਬ ਪੀਣ ਦਾ ਆਦੀ ਸੀ, ਇਸ ਗੱਲ ਨੂੰ ਲੈ ਕੇ ਅਕਸਰ ਹੀ ਘਰ ਵਿੱਚ ਕਲੇਸ਼ ਚੱਲਦਾ ਰਹਿੰਦਾ ਸੀ।
ਓਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਓਪ ਜ਼ਿਲ੍ਹਾ ਪੁਲਿਸ ਕਪਤਾਨ ਹਰਵਿੰਦਰ ਸਿੰਘ ਚੀਮਾ ਅਤੇ ਥਾਣਾ ਸਿਟੀ ਇੰਚਾਰਜ਼ ਮੋਹਨਲਾਲ ਪੁਲਿਸ ਪਾਰਟੀ ਸਮੇਤ ਪਹੁੰਚੇ ਜਿਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਥਾਣਾ ਇੰਚਾਰਜ਼ ਮੋਹਨ ਲਾਲ ਨੇ ਦੱਸਿਆ ਕਿ ਮੁਲਜਮ ਬੂਟਾ ਸਿੰਘ ਖਿਲਾਫ਼ ਆਈਪੀਸੀ ਐਕਟ ਧਾਰਾ 302 ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਤੇ ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ।