ਡੀਐਸਪੀ ਨੇ ਖੁਦ ਨੂੰ ਮਾਰੀ ਗੋਲੀ : ਮੌਤ

ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਸਮਝਾਉਣ ਗਏ ਸਨ ਡੀਐੱਸਪੀ

  • ਗੋਲੀ ਲੱਗਣ ਕਾਰਨ ਹੈੱਡ ਕਾਂਸਟੇਬਲ ਵੀ ਜ਼ਖਮੀ

ਜੈਤੋ (ਸੱਚ ਕਹੂੰ ਨਿਊਜ਼)। ਸਥਾਨਕ ਸ਼ਹਿਰ ਵਿੱਚ ਸਥਿੱਤ ਯੂਨੀਵਰਸਿਟੀ ਕਾਲਜ ਵਿੱਚ ਵਿਦਿਆਰਥੀਆਂ ਵੱਲੋਂ ਲਗਾਏ ਗਏ ਧਰਨੇ ‘ਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਗਏ ਡੀ.ਐੱਸ.ਪੀ ਸਬ ਡਵੀਜ਼ਨ ਜੈਤੋ ਵੱਲੋਂ ਖੁਦ ਨੂੰ ਗੋਲੀ ਮਾਰਨ ਕਾਰਨ ਮੌਤ ਹੋ ਜਾਣ ਅਤੇ ਹੈੱਡ ਕਾਂਸਟੇਬਲ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਕਾਲਜ ਵਿੱਚ ਵਿਦਿਆਰਥੀਆਂ ਵੱਲੋਂ ਬੀਤੀ 12 ਜਨਵਰੀ ਨੂੰ ਐੱਸ.ਐੱਚ.ਓ ਜੈਤੋ ਵੱਲੋਂ ਕਾਲਜ ਦੇ ਵਿਦਿਆਰਥੀਆਂ (2 ਲੜਕੇ,1 ਲੜਕੀ) ਦੀ ਕੁੱਟਮਾਰ ਸਬੰਧੀ ਕਾਰਵਾਈ ਨਾ ਕੀਤੇ ਜਾਣ ਕਾਰਨ ਜੈਤੋ ਥਾਣੇ ਬਾਹਰ ਧਰਨਾ ਦਿੱਤਾ ਜਾਣਾ ਸੀ।

ਇਸ ਦੌਰਾਨ ਜਦ ਡੀ.ਐੱਸ.ਪੀ ਸਬ ਡਵੀਜ਼ਨ ਜੈਤੋ ਬਲਜਿੰਦਰ ਸਿੰਘ ਸੰਧੂ ਵਿਦਿਆਰਥੀਆਂ ਦੁਆਰਾ ਦਿੱਤੇ ਜਾ ਰਹੇ ਧਰਨੇ ਨੂੰ ਰੁਕਵਾਉਣ ਲਈ ਮੌਕੇ ‘ਤੇ ਪੁਹੰਚੇ ਅਤੇ ਉਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ। ਗੱਲਬਾਤ ਦਰਮਿਆਨ ਹੀ ਡੀ.ਐੱਸ.ਪੀ ਬਲਜਿੰਦਰ ਸਿੰਘ ਸੰਧੂ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਅਤੇ ਇਸ ਗੋਲੀ ਨਾਲ ਹੀ ਲਾਲ ਸਿੰਘ ਹੈੱਡ ਕਾਂਸਟੇਬਲ ਵੀ ਗੰਭੀਰ ਜ਼ਖ਼ਮੀ ਹੋ ਗਿਆ।

ਘਟਨਾ ਤੋਂ ਬਾਅਦ ਦੋਵਾਂ ਨੂੰ ਸਿਵਲ ਹਸਪਤਾਲ ਜੈਤੋ ਲਿਆਂਦਾ ਗਿਆ ਅਤੇ ਇਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਭੇਜ ਦਿੱਤਾ, ਜਿੱਥੇ ਡੀ.ਐੱਸ.ਪੀ ਬਲਜਿੰਦਰ ਸਿੰਘ ਸੰਧੂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਡੀਐੱਸਪੀ ਵੱਲੋਂ ਖੁਦ ਨੂੰ ਗੋਲੀ ਮਾਰੇ ਜਾਣ ਸਬੰਧੀ ਵੀਡੀਓ ਵੀ ਸਾਹਮਣੇ ਆਈ ਹੈ।