ਨਸ਼ਾ ਛੁਡਾਉਣ ਵਾਲੀਆਂ ਛੇ ਹਜ਼ਾਰ ਗੋਲੀਆਂ ਕੀਤੀਆਂ ਚੋਰੀ
ਮੂੰਹ ਬੰਨ੍ਹੇ ਇੱਕ ਵਿਅਕਤੀ ਨੇ ਦਿੱਤਾ ਘਟਨਾ ਨੂੰ ਅੰਜਾਮ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਰਜਿੰਦਰਾ ਹਸਪਤਾਲ ਵਿਖੇ ਨਸ਼ਾ ਛੁਡਾਊ ਕੇਂਦਰ ‘ਚੋਂ ਹੀ ਨਸ਼ਾ ਛੁਡਾਉਣ ਵਾਲੀਆਂ ਕਰੀਬ 6 ਹਜ਼ਾਰ ਗੋਲੀਆਂ ਚੋਰੀ ਕਰ ਲੈਣ ਦੀ ਖ਼ਬਰ ਹੈ। ਪੁਲਿਸ ਵੱਲੋਂ ਇਸ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ, ਪਰ ਚੋਰੀ ਕਰਨ ਵਾਲੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਇਕੱਤਰ ਜਾਣਕਾਰੀ ਅਨੁਸਾਰ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਇੱਕ ਵਿਅਕਤੀ ਵੱਲੋਂ ਰਜਿੰਦਰਾ ਹਸਪਤਾਲ ਦੀ ਮੋਰਚਰੀ ਨੇੜੇ ਬਣੇ ਨਸ਼ਾ ਛੁਡਾਉਣ ਵਾਲੇ ਓਪੀਡੀ ਸਬਸੀਚਿਊਸ਼ਨ ਥੈਰੇਪੀ (ਓਐਸਟੀ) ਸੈਂਟਰ ਵਿੱਚ ਦਾਖਲ ਹੋ ਕੇ ਨਸ਼ਾ ਛੁਡਾਉਣ ਲਈ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਗੋਲੀਆਂ ਚੋਰੀ ਕਰ ਲਈਆਂ ਗਈਆਂ।
ਇਸ ਸੈਂਟਰ ਵਿੱਚ ਉਨ੍ਹਾਂ ਨਸ਼ੇ ਵਾਲੇ ਮਰੀਜ਼ਾਂ ਨੂੰ ਦਵਾਈ ਦਿੱਤੀ ਜਾਂਦੀ ਹੈ, ਜੋ ਕਿ ਟੀਕੇ ਦਾ ਨਸ਼ਾ ਕਰਦੇ ਹਨ, ਤਾਂ ਜੋ ਇਨ੍ਹਾਂ ਨੂੰ ਏਡਜ਼ ਤੋਂ ਬਚਾਇਆ ਜਾ ਸਕੇ। ਇਹ ਸੈਂਟਰ ਏਡਜ਼ ਕੰਟਰੋਲ ਓਰਗਨਾਈਜੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਸੈਂਟਰ ਵਿੱਚ ਅਜਿਹੇ ਮਰੀਜ਼ਾਂ ਨੂੰ ਦਵਾਈ ਦਿੱਤੀ ਜਾਂਦੀ ਹੈ, ਦਾਖਲ ਨਹੀਂ ਕੀਤਾ ਜਾਂਦਾ। ਅੱਜ ਸਵੇਰੇ ਜਦੋਂ ਇਸ ਸੈਂਟਰ ਵਿੱਚ ਡਿਊਟੀਆਂ ਵਾਲੇ ਮੁਲਾਜ਼ਮਾਂ ਨੇ ਦੇਖਿਆ ਤਾਂ ਇੱਥੇ ਉਥਲ-ਪੁੱਥਲ ਕੀਤੀ ਹੋਈ ਸੀ, ਅਤੇ ਟੀਕੇ ਲਾਉਣ ਵਾਲੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਗਾਇਬ ਸਨ। ਇਸ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਸਬੰਧਿਤ ਚੌਂਕੀ ਨੂੰ ਇਤਲਾਹ ਦਿੱਤੀ ਗਈ ਅਤੇ ਚੌਂਕੀ ਦੇ ਇੰਚਾਰਜ਼ ਕੌਰ ਸਿੰਘ ਵੱਲੋਂ ਆਪਣੀ ਟੀਮ ਸਮੇਤ ਇੱਥੇ ਜਾਂਚ ਕੀਤੀ ਗਈ।
ਇਸ ਕੇਂਦਰ ਵਿੱਚ ਤਿੰਨ ਸੀਸੀਟੀਵੀ ਕੈਮਰੇ ਅੰਦਰ ਜਦਕਿ ਇੱਕ ਕੈਮਰਾ ਬਾਹਰ ਲੱਗਿਆ ਹੋਇਆ ਹੈ। ਕੈਮਰਿਆਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇੱਕ ਵਿਅਕਤੀ ਤਾਲਾ ਤੋੜ ਕੇ ਅੰਦਰ ਦਾਖਲ ਹੁੰਦਾ ਹੈ ਅਤੇ ਉਸਦੇ ਮੂੰਹ ਅਤੇ ਲਫਾਫੇ ਸਮੇਤ ਕੱਪੜਾ ਲਪੇਟਿਆ ਹੋਇਆ ਹੈ। ਉਹ ਇੱਥੋਂ ਗੋਲੀਆਂ ਚੋਰੀ ਕਰਦਾ ਹੈ ਅਤੇ ਬਾਹਰ ਚਲਾ ਜਾਂਦਾ ਹੈ। ਸੀਸੀਟੀਵੀ ਕੈਮਰੇ ਵਿੱਚ ਉਸਦੀ ਸਹੀ ਪਹਿਚਾਣ ਨਹੀਂ ਹੋ ਰਹੀ। ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਹ ਕੰਮ ਕਿਸੇ ਨਸ਼ੇੜੀ ਵੱਲੋਂ ਕੀਤਾ ਹੋ ਸਕਦਾ ਹੈ। ਇਸ ਸੈਂਟਰ ਦੀ ਇੰਚਾਰਜ਼ ਜੋਤੀ ਗਰਗ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਚੌਂਕੀ ਦੇ ਇੰਚਾਰਜ਼ ਕੌਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਧਾਰਾ 450, 387 ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।