ਡਰੋਨ ਤੋਂ ਬਾਅਦ ਸਰਹੱਦੀ ਇਲਾਕਿਆਂ ‘ਚ ਚਲਾਏ ਜਾ ਰਹੇ ਸਰਚ ਅਪ੍ਰੇਸ਼ਨ
ਸਤਪਾਲ ਥਿੰਦ/ਫਿਰੋਜ਼ਪੁਰ। ਭਾਰਤ-ਪਾਕਿ ਸਰਹੱਦ ‘ਤੇ ਸੋਮਵਾਰ ਦੀ ਰਾਤ ਪਾਕਿ ਪਾਸਿਓਂ ਆਏ ਡਰੋਨ ਦੇਖੇ ਗਏ ਤੇ ਇਸ ਤੋਂ ਬਾਅਦ ਮੰਗਲਵਾਰ ਦੀ ਰਾਤ ਨੂੰ ਫਿਰ ਸਰਹੱਦ ‘ਤੇ ਡਰੋਨ ਦੇਖੇ ਗਏ ਅਤੇ ਇਸ ਸਬੰਧੀ ਕੁਝ ਲੋਕਾਂ ਵੱਲੋਂ ਉੱਡਦੇ ਡਰੋਨ ਦੀ ਵੀਡੀਓ ਵੀ ਬਣਾਈ ਗਈ। ਡਰੋਨ ਦਿਖਣ ਦੀ ਚਰਚਾ ‘ਤੋਂ ਬਾਅਦ ਸਰਹੱਦੀ ਇਲਾਕਿਆਂ ‘ਚ ਪੁਲਿਸ ਅਤੇ ਬੀਐੱਸਐਫ ਦੀਆਂ ਚੱਲ ਰਹੀਆਂ ਕਰਵਾਈਆਂ ਨੂੰ ਲੈ ਕੇ ਇੱਥੇ ਰਹਿੰਦੇ ਲੋਕਾਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਸਰਹੱਦ ਨਾਲ ਲੱਗਦੇ ਪਿੰਡ ਹਜ਼ਾਰਾ ਸਿੰਘ ਵਾਲਾ ‘ਚ ਡਰੋਨ ਦਿਸਿਆ ਜੋ ਬਾਅਦ ‘ਚ ਟੇਂਡੀ ਵਾਲਾ ਪਿੰਡ ਕੋਲ ਸਰਹੱਦ ‘ਤੇ ਦੇਖਿਆ ਗਿਆ। ਡਰੋਨ ਦੇਖੇ ਜਾਣ ਦੀ ਸੂਚਨਾ ਮਿਲਣ ‘ਤੇ ਬਾਅਦ ਜ਼ਿਲ੍ਹਾਂ ਪੁਲਿਸ ਵੱਲੋਂ ਸਰਹੱਦੀ ਇਲਾਕਿਆਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਡਰੋਨ ਭਾਰਤ ਇਲਾਕੇ ‘ਚ ਕੱਝ ਸੁੱਟ ਕੇ ਤਾਂ ਨਹੀਂ ਗਏ, ਜਿਸ ਨੂੰ ਲੈ ਕੇ ਬੀਐੱਸਐਫ ਅਤੇ ਪੁਲਿਸ ਵੱਲੋਂ ਵੱਖ-ਵੱਖ ਥਾਈਂ ਸਰਚ ਅਪ੍ਰੇਸ਼ਨ ਚਲਾਏ ਜਾ ਰਹੇ ਹਨ। ਉੱਧਰ ਤਿਓਹਾਰਾਂ ਦੇ ਦਿਨਾਂ ‘ਚ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਬੀਤੇ ਦਿਨ ਤੋਂ ਫਿਰੋਜ਼ਪੁਰ ਸਰਹੱਦ ‘ਤੇ ਬੇਕਾਬੂ ਡਰੋਨਾਂ ਦੀ ਹਲਚਲ ਅੱਗੇ ਪੁਲਿਸ ਵੀ ਬੇਵੱਸ ਦਿਸ ਰਹੀ ਅਤੇ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਕੀਤੇ ਹੋਏ ਹਨ। ਦੂਜੇ ਪਾਸੇ ਇਹ ਚਰਚਾ ਵੀ ਹੁੰਦੀ ਰਹੀ ਕਿ ਹੋ ਸਕਦਾ ਕਿ ਡਰੋਨਾਂ ਰਾਹੀਂ ਸੁਰੱਖਿਆ ਏਜੰਸੀਆਂ ਨੂੰ ਗੁੰਮਰਾਹ ਹੀ ਕੀਤਾ ਜਾ ਰਿਹਾ ਹੋਵੇ ਤਾਂ ਜੋ ਸਾਰਾ ਧਿਆਨ ਇੱਧਰ ਲੱਗਾ ਰਹੇ।
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ‘ਚ ਡਰੋਨ ਦੀ ਵਰਤੋਂ ‘ਤੇ ਲਗਾਈ ਪਾਬੰਦੀ
ਸਰਹੱਦ ‘ਤੇ ਡਰੋਨਾਂ ਦੀ ਚਰਚਾ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਚੰਦਰ ਗੈਂਦ ਵੱਲੋਂ ਧਾਰਾ 144 ਸੀਆਰਪੀਸੀ 1973 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਇੰਟਰਨੈਸ਼ਨਲ ਬਾਰਡਰ ਅਤੇ ਹੋਰ ਵੱਖ-ਵੱਖ ਸਥਾਨਾਂ ‘ਤੇ ਮਨਾਏ ਜਾ ਰਹੇ ਵਿਆਹ ਸਮਾਗਮਾਂ, ਧਾਰਮਿਕ ਪ੍ਰੋਗਰਾਮਾਂ ਅਤੇ ਹੋਰ ਪ੍ਰੋਗਰਾਮਾਂ ਵਿਚ ਡਰੋਨ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹੱਦ ਪਾਕਿਸਤਾਨ ਨਾਲ ਲਗਦੀ ਹੈ। ਪਿਛਲੇ ਦਿਨੀਂ ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬ (ਭਾਰਤ) ਵਿੱਚ ਕਿਸੇ ਅਣਸੁਖਾਵੀਂ ਘਟਨਾ ਦੇ ਮਕਸਦ ਨਾਲ ਡਰੋਨ ਦੀ ਵਰਤੋਂ ਕੀਤੀ ਗਈ ਹੈ। ਇਸ ਲਈ ਇਸ ਖੇਤਰ ਵਿੱਚ ਵੀ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਲਈ ਡਰੋਨ ਦੀ ਵਰਤੋਂ ਵਿਦੇਸ਼ੀ ਧਰਤੀ ਤੋਂ ਕੀਤੀ ਜਾ ਸਕਦੀ ਹੈ। ਸੁਰੱਖਿਆ ਦੇ ਮੱਦੇਨਜ਼ਰ ਡਰੋਨ ਦੀ ਵਰਤੋਂ ‘ਤੇ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ। ਇਹ ਹੁਕਮ 30 ਨਵੰਬਰ 2019 ਤੱਕ ਲਾਗੂ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।