ਮਾਰਕੁੱਟ ਕਰਨ ਵਾਲੇ ਲੋਕਾਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ (Strike)
(ਅਸ਼ੋਕ ਗਰਗ) ਬਠਿੰਡਾ। ਤਿੰਨ ਦਿਨ ਪਹਿਲਾਂ ਬਠਿੰਡਾ ਡੱਬਵਾਲੀ ਰੋਡ ’ਤੇ ਗਣਪਤੀ ਇਨਕਲੇਵ ਕੋਲ ਕਾਰ ਅਤੇ ਤੇਲ ਟੈਂਕਰ ਦੀ ਟੱਕਰ ਕਾਰਨ ਉਥੇ ਇੱਕਠ ਦੌਰਾਨ ਹੋਈ ਲੜਾਈ ਕਾਰਨ ਸ਼ੱਕੀ ਹਾਲਾਤਾਂ ਵਿੱਚ ਤੇਲ ਟੈਂਕਰ ਡਰਾਇਵਰ ਦੀ ਮੌਤ ਹੋਣ ਤੋਂ ਬਾਅਦ ਬਠਿੰਡਾ ਦੇ ਤਿੰਨੋਂ ਤੇਲ ਡਿੱਪੂਆਂ ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਅਤੇ ਐਚ ਪੀ ਤੇਲ ਡਿੱਪੂ ਫੂਸ ਮੰਡੀ ਦੇ ਡਰਾਇਵਰਾਂ ਨੇ ਕੰਮ ਬੰਦ ਕਰਕੇ ਹੜਤਾਲ ਸ਼ੁਰੂ ਕਰ ਦਿੱਤੀ। ਇਸ ਮੌਕੇ ਇੱਕਠੇ ਹੋਏ ਡਰਾਇਵਰਾਂ ਨੇ ਮੰਗ ਕੀਤੀ ਕਿ ਮਾਰਕੁੱਟ ਕਰਨ ਵਾਲੇ ਲੋਕਾਂ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। Strike
ਤੇਲ ਟੈਂਕਰ ਯੂਨੀਅਨ ਦੇ ਪ੍ਰਧਾਨ ਬਿੱਟੂ ਅਤੇ ਹੋਰ ਡਰਾਇਵਰਾਂ ਨੇ ਦੱਸਿਆ ਕਿ ਲੰਘੀ ਵੀਹ ਜੁਲਾਈ ਨੂੰ ਬਠਿੰਡਾ ਡੱਬਵਾਲੀ ਰੋਡ ’ਤੇ ਗਣਪਤੀ ਇਨਕਲੇਵ ਕੋਲ ਕਾਰ ਅਤੇ ਤੇਲ ਟੈਂਕਰ ਦੀ ਟੱਕਰ ਹੋ ਗਈ ਜਿਥੇ ਕਾਫੀ ਇੱਕਠ ਹੋ ਗਿਆ ਅਤੇ ਆਪਸੀ ਲੜਾਈ ਹੋ ਗਈ। ਇਸ ਦੌਰਾਨ ਡਰਾਇਵਰ ਬੇਹੋਸ਼ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਰਾਤ ਨੂੰ ਉਹ ਦਮ ਤੋੜ ਗਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਕਿਉਂਕਿ ਹਾਦਸੇ ਦੌਰਾਨ ਕੋਈ ਪੁਲਿਸ ਪਾਰਟੀ ਮੌਕੇ ਤੇ ਨਹੀਂ ਪਹੁੰਚੀ ਜੇਕਰ ਪੁਲਿਸ ਮੌਕੇ ’ਤੇ ਪਹੁੰਚ ਜਾਂਦੀ ਤਾਂ ਅਜਿਹੀ ਘਟਨਾ ਨਹੀਂ ਵਾਪਰ ਸਕਦੀ ਸੀ।
ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮਾਰਕੁੱਟ ਕਰਨ ਵਾਲਿਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਓਨੀ ਦੇਰ ਉਹ ਕੰਮ ਬੰਦ ਰੱਖਣਗੇ ਅਤੇ ਲੋੜ ਪੈਣ ਤੇ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਤੇਲ ਟੈਂਕਰ ਡਰਾਇਵਰ ਹਾਜ਼ਰ ਸਨ। ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਜਿਸ ਤੋਂ ਬਾਅਦ ਅਗਲੀ ਪੁਲਿਸ ਕਾਰਵਾਈ ਕੀਤੀ ਜਾਵੇਗੀ। Strike