ਤੀਜੇ ਗੇੜ ਦੀ ਗਿਣਤੀ ‘ਚ 5.77 ਲੱਖ ਵੋਟਾਂ ਲੈ ਕੇ ਜਿੱਤੀ, ਸਿਨਹਾ ਨੂੰ ਸਿਰਫ਼ 2.61 ਲੱਖ ਵੋਟਾਂ ਮਿਲੀਆਂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਐਨਡੀਏ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਦੇਸ਼ ਦੀ 15ਵੀਂ ਰਾਸ਼ਟਰਪਤੀ ਹੋਵੇਗੀ। ਉਹ ਦੇਸ਼ ਦੀ ਪਹਿਲੀ ਕਬਾਇਲੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹੋਵੇਗੀ। ਵੀਰਵਾਰ ਸਵੇਰੇ 11 ਵਜੇ ਸ਼ੁਰੂ ਹੋਈ ਗਿਣਤੀ ‘ਚ ਮੁਰਮੂ ਨੇ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਤੀਜੇ ਦੌਰ ‘ਚ ਹੀ ਹਰਾਇਆ। ਮੁਰਮੂ ਨੂੰ ਇਲੈਕਟੋਰਲ ਵੋਟਾਂ ਦਾ 50 ਫੀਸਦੀ ਵੋਟ ਤੀਜੇ ਰਾਊਂਡ ’ਚ ਹੀ ਮਿਲ ਗਿਆ।
ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਮੁਤਾਬਕ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਦੁਪਹਿਰ 2 ਵਜੇ ਪੂਰੀ ਹੋਈ। ਇਸ ‘ਚ ਦ੍ਰੋਪਦੀ ਮੁਰਮੂ ਨੂੰ 540 ਵੋਟਾਂ ਮਿਲੀਆਂ। ਇਨ੍ਹਾਂ ਦੀ ਕੁੱਲ ਕੀਮਤ 3 ਲੱਖ 78 ਹਜ਼ਾਰ ਹੈ। ਯਸ਼ਵੰਤ ਸਿਨਹਾ ਨੂੰ 208 ਸੰਸਦ ਮੈਂਬਰਾਂ ਦੀਆਂ ਵੋਟਾਂ ਮਿਲੀਆਂ। ਜਿਨ੍ਹਾਂ ਦੀ ਵੋਟ ਦੀ ਕੀਮਤ 1 ਲੱਖ 45 ਹਜ਼ਾਰ 600 ਰੁਪਏ ਹੈ। ਸੰਸਦ ਮੈਂਬਰਾਂ ਦੀਆਂ ਕੁੱਲ 15 ਵੋਟਾਂ ਰੱਦ ਹੋ ਗਈਆਂ। ਸੂਤਰਾਂ ਮੁਤਾਬਕ 17 ਸੰਸਦ ਮੈਂਬਰਾਂ ਨੇ ਕਰਾਸ ਵੋਟਿੰਗ ਕੀਤੀ ਹੈ।
ਜਿਕਰਯੋਗ ਹੈ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਦੀ ਅੱਧੀ ਰਾਤ ਨੂੰ ਖਤਮ ਹੋ ਰਿਹਾ ਹੈ। ਨਵੇਂ ਰਾਸ਼ਟਰਪਤੀ ਨੂੰ 25 ਜੁਲਾਈ ਨੂੰ ਸਹੁੰ ਚੁਕਾਈ ਜਾਵੇਗੀ।
ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਦ੍ਰੋਪਦੀ ਮੁਰਮੂ ਨੂੰ ਵਧਾਈ ਦਿੱਤੀ
ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਟਵੀਟ ਕੀਤਾ, “ਮੈਂ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਚੋਣ 2022 ਵਿੱਚ ਉਨ੍ਹਾਂ ਦੀ ਜਿੱਤ ‘ਤੇ ਦਿਲੋਂ ਵਧਾਈ ਦਿੰਦਾ ਹਾਂ। ਮੈਂ ਅਤੇ ਹਰ ਭਾਰਤੀ ਉਮੀਦ ਕਰਦਾ ਹਾਂ ਕਿ 15ਵੀਂ ਰਾਸ਼ਟਰਪਤੀ ਹੋਣ ਦੇ ਨਾਤੇ, ਉਹ ਬਿਨਾਂ ਕਿਸੇ ਡਰ ਜਾਂ ਪੱਖ ਦੇ ਸੰਵਿਧਾਨ ਦੀ ਰਖਵਾਲੇ ਵਜੋਂ ਕੰਮ ਕਰਨ। ਦੇਸ਼ ਵਾਸੀਆਂ ਦੇ ਨਾਲ-ਨਾਲ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ