ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਯਾਦ ਕਰਦਿਆਂ….
Diwan Singh | ਸ. ਦੀਵਾਨ ਸਿੰਘ ਢਿੱਲੋਂ ਲੇਖਕ, ਡਾਕਟਰ ਅਤੇ ਫੌਜੀ ਹੋਣ ਦੇ ਨਾਲ-ਨਾਲ ਕਾਲੇਪਾਣੀ ਦੇ ਪ੍ਰਸਿੱਧ ਸ਼ਹੀਦ ਵੀ ਹੋਏ ਹਨ। 1927 ਤੋਂ ਬਾਆਦ ਉਨ੍ਹਾਂ ਦੇ ਨਾਂਅ ਨਾਲ ਸ਼ਹੀਦੀ ਸਥਾਨ ਦਾ ਨਾਂਅ ਕਾਲੇਪਾਣੀ ਹਮੇਸ਼ਾ ਲਈ ਜੁੜ ਗਿਆ। ਇਸ ਸ਼ਹੀਦ ਨੇ ਸੱਚ ਦੇ ਮਾਰਗ ਚੱਲਦਿਆਂ ਭਾਈ ਘਨੱਈਆ ਵਾਂਗ ਮਨੁੱਖਤਾ ਦੀ ਨਿਹਸਵਾਰਥ ਸੇਵਾ ਕਰਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ।
ਉਨ੍ਹਾਂ ਆਪਣਾ ਜੀਵਨ ਦੇਸ਼ ਕੌਮ ਲਈ ਵਾਰ ਦਿੱਤਾ। ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਜਨਮ 22 ਮਈ, 1897 ਨੂੰ ਪਿੰਡ ਗਲੋਟੀਆ ਖੁਰਦ ਜਿਲ੍ਹਾ ਸਿਆਲਕੋਟ (ਅੱਜ-ਕੱਲ੍ਹ ਪਾਕਿਸਤਾਨ) ਵਿੱਚ ਪਿਤਾ ਸ. ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ। ਜਦੋਂ ਉਹ ਪੰਜ ਕੁ ਸਾਲ ਦੇ ਹੋਏ ਤਾਂ ਮਾਤਾ-ਪਿਤਾ ਰੱਬ ਨੂੰ ਪਿਆਰੇ ਹੋ ਗਏ। ਉਨ੍ਹਾਂ ਦਾ ਪਾਲਣ-ਪੋਸ਼ਣ ਦਾਦੀ ਜੀ ਅਤੇ ਚਾਚਾ (ਸ. ਸੋਹਣ ਸਿੰਘ) ਜੀ ਨੇ ਕੀਤਾ।
ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਗਲੋਟੀਆ ਖੁਰਦ ਦੇ ਸਕੂਲ ਤੋਂ ਪ੍ਰਾਪਤ ਕੀਤੀ। ਤਹਿਸੀਲ ਡਸਕਾ ਦੇ ਮਿਸ਼ਨ ਸਕੂਲ ‘ਚੋਂ ਅੱਠਵੀਂ ਪਾਸ ਕੀਤੀ। ਸਾਲ 1915 ‘ਚ ਖਾਲਸਾ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਕਰਕੇ 1916 ‘ਚ ਆਗਰਾ ਦੇ ਮੈਡੀਕਲ ਕਾਲਜ ਵਿੱਚ ਦਾਖਲਾ ਲਿਆ। ਸਾਲ 1919 ‘ਚ ਮੈਡੀਕਲ ਪ੍ਰੀਖਿਆ ਪਾਸ ਕੀਤੀ ਤੇ 1921 ‘ਚ ਰਾਵਲਪਿੰਡੀ ਛਾਉਣੀ ਵਿੱਚ ਇੱਕ ਫੌਜੀ ਡਾਕਟਰ ਵਜੋਂ ਸਰਕਾਰੀ ਨੌਕਰੀ ਮਿਲ ਗਈ।
Diwan Singh | ਉਨ੍ਹਾਂ ਕੁਝ ਸਮਾਂ ਖੇਤੀਬਾੜੀ ਵੀ ਕੀਤੀ। ਉਹ ਜਦੋਂ ਮੱਝਾਂ ਚਾਰਨ ਜਾਂਦੇ ਸਨ ਤਾਂ ਆਪਣੇ ਨਾਲ ਕੋਈ ਨਾ ਕੋਈ ਕਿਤਾਬ/ਰਸਾਲਾ ਜ਼ਰੂਰ ਲੈ ਕੇ ਜਾਂਦੇ, ਕਿਉਂਕਿ ਉਨ੍ਹਾਂ ਨੂੰ ਪੜ੍ਹਨ ਦਾ ਬਹੁਤ ਸੌਂਕ ਸੀ। ਇਸ ਪੜ੍ਹਨ ਦੇ ਸ਼ੌਂਕ ਕਾਰਨ ਹੀ ਉਹ ਸਾਹਿਤਕ ਮੇਲਿਆਂ/ਕਾਨਫਰੰਸਾਂ ਅਤੇ ਸਾਹਿਤਕਾਰਾਂ ਨੂੰ ਦੇਖਣ ਦੀ ਰੁਚੀ ਰੱਖਦੇ ਸਨ। ਇਸ ਰੁਚੀ ਦੀ ਬਦੌਲਤ ਹੀ ਉਹ ਪਹਿਲੀ ਸਿੱਖ ਐਜ਼ੂਕੇਸ਼ਨ ਕਾਨਫਰੰਸ ਵਿੱਚ ਆਖ਼ਰੀ ਬੈਂਚ ‘ਤੇ ਜਾ ਖੜ੍ਹੇ ਸਨ।
ਜਿੱਥੇ ਉਹਨਾਂ ਨੇ ਪਹਿਲੀ ਵਾਰ ਪ੍ਰੋ. ਪੂਰਨ ਸਿੰਘ ਨੂੰ ਬੋਲਦਿਆਂ ਸੁਣਿਆ ਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਅੰਦਰ ਸਾਹਿਤ ਪ੍ਰਤੀ ਲਗਨ ਇੰਨੀ ਵਧ ਗਈ ਸੀ ਕਿ ਉਹ ਲੋਕਾਂ ਨੂੰ ਵੀ ਪੁਸਤਕਾਂ ਵਿੱਚੋਂ ਕਹਾਣੀਆਂ ਪੜ੍ਹ-ਪੜ੍ਹ ਕੇ ਸੁਣਾਉਣ ਲੱਗ ਪਏ ਸਨ। ਸਾਲ 1921 ਪਿੱਛੋਂ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਬਦਲੀ ਲਾਹੌਰ/ਰਾਵਲਪਿੰਡੀ /ਅੰਬਾਲਾ/ਡਿਕਸਈ ਤੋਂ ਰੰਗੂਨ ਹੋ ਗਈ। ਨੌਕਰੀ ਕਰਦਿਆਂ ਹੀ ਉਹਨਾਂ ਇੱਕ ਵਾਰ ਨਾ-ਮਿਲਵਰਤਣ ਅੰਦੋਲਨ ਵਿੱਚ ਭਾਗ ਲਿਆ ਸੀ
Diwan Singh | ਜਿਸ ਵਿੱਚ ਉਹਨਾਂ ਨੇ ਜਾਰਜ ਪੰਜਵੇਂ ਦੇ ਪੁੱਤਰ (ਐਡਵਿਨ ਪ੍ਰਿੰਸ ਆਫ਼ ਵਿੰਲਜ) ਦੀ ਭਾਰਤ ਫੇਰੀ ਦਾ ਬਾਈਕਾਟ ਕਰਨ ਲਈ ਲੋਕਾਂ ਨੂੰ ਸੰਬੋਧਨ ਕੀਤਾ ਸੀ। ਇਸ ਅੰਦੋਲਨ ਵਿੱਚ ਭਾਗ ਲੈਣ ਕਾਰਨ ਹੀ ਸਰਕਾਰ ਨੇ ਉਨ੍ਹਾਂ ਦੀ ਬਦਲੀ 22 ਅਪਰੈਲ, 1927 ਨੂੰ ਰੰਗੂਨ ਤੋਂ ਅੰਡੇਮਾਨ ਨਿਕੋਬਾਰ (ਕਾਲੇਪਾਣੀ) ਕਰ ਦਿੱਤੀ ਸੀ।
ਇੱਥੇ ਅੰਡੇਮਾਨ ਨਿਕੋਬਾਰ ‘ਚ ਆ ਕੇ ਡਾ. ਦੀਵਾਨ ਸਿੰਘ ਕਾਲੇਪਾਣੀ ਨੇ ਹਰ ਲੋੜਵੰਦ ਦੀ ਸਹਾਇਤਾ ਕੀਤੀ। ਕੈਦੀਆਂ ਲਈ ਕੰਜਿਊਮਰ ਸਟੋਰ, ਕੋ-ਆਪਰੇਟਿਵ ਬੈਂਕ, ਔਰਤਾਂ ਲਈ ਸਿਲਾਈ ਸਕੂਲ ਅਤੇ ਲੋੜਵੰਦ ਲੜਕਿਆਂ ਲਈ ਲੁਹਾਰਾ/ਤਰਖਾਣਾ ਆਦਿ ਕੰਮ ਦਾ ਪ੍ਰਬੰਧ ਕੀਤਾ। ਇੱਥੇ ਹੀ ਉਹਨਾਂ ਸਿੱਖ ਧਰਮ ਅਤੇ ਦੇਸ਼ ਪ੍ਰੇਮ ਲਈ ਇੱਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਈ, ਜਿੱਥੇ ਉਹ ਦੁਖੀ ਅਤੇ ਨਿਰਾਸ਼ ਲੋਕਾਂ ਅੰਦਰ ਆਸ ਜਗਾਉਂਦੇ ਸਨ।
ਉਨ੍ਹਾਂ ਗੁਰਦੁਆਰਾ ਸਾਹਿਬ ਦੀ ਹੇਠਲੀ ਮੰਜ਼ਿਲ ਵਿੱਚ ਹਿੰਦੀ, ਤਾਮਿਲ, ਬੰਗਾਲੀ, ਪੰਜਾਬੀ ਅਤੇ ਉਰਦੂ ਆਦਿ ਦੀ ਪੜ੍ਹਾਈ ਦਾ ਵੀ ਪ੍ਰਬੰਧ ਕੀਤਾ। ਡਾ. ਦੀਵਾਨ ਸਿੰਘ ਕਾਲੇਪਾਣੀ ਨੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਇਸੇ ਗੁਰੂ ਘਰ ਅੰਦਰ ਹੀ ਇੱਕ ਲਾਇਬ੍ਰੇਰੀ ਬਣਵਾਈ, ਜਿਸਦਾ ਮੁੱਖ ਉਦੇਸ਼ ਸੀ ਕਿ ਹਰ ਮੈਂਬਰ ਦੇ ਘਰ ਰਸਾਲੇ /ਅਖ਼ਬਾਰਾਂ/ਕਿਤਾਬਾਂ ਆਦਿ ਵੱਧ ਤੋਂ ਵੱਧ ਪਹੁੰਚਾਈਆਂ ਜਾਣ ਤਾਂ ਜੋ ਲੋਕ ਹਿੰਦੁਸਤਾਨ ‘ਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਹੋ ਸਕਣ।
Diwan Singh | ਇਸ ਤਰ੍ਹਾਂ ਡਾ. ਦੀਵਾਨ ਸਿੰਘ ਕਾਲੇਪਾਣੀ ਨੇ ਲੇਕਾਂ ਨੂੰ ਨਿਰਾਸ਼ਤਾ/ਦੁੱਖਾਂ/ ਅਗਿਆਨਤਾ ਵਿੱਚੋਂ ਬਾਹਰ ਕੱਢਣ ਦਾ ਯਤਨ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਇੱਕਜੁੱਟ ਕੀਤਾ। ਵੱਖ-ਵੱਖ ਧਰਮ ਦੇ ਲੋਕਾਂ ਨੂੰ ਇੱਕ ਤਰ੍ਹਾਂ ਮਾਲਾ ਦੇ ਮਣਕਿਆਂ ਵਾਂਗ ਪਰੋਅ ਦਿੱਤਾ। ਭਾਵੇਂ ਅੰਡੇਮਾਨ ਨਿਕੋਬਾਰ ‘ਚ ਬੋਲਣ ਦੀ/ਇਨਕਲਾਬ ਲਿਆਉਣ ਦੀ ਕੋਈ ਇਜ਼ਾਜਤ ਨਹੀਂ ਸੀ ਫਿਰ ਵੀ ਡਾ. ਸਾਹਿਬ ਨੇ ਲੋਕਾਂ ਅੰਦਰ ਇੱਕ ਇਨਕਲਾਬ ਲਿਆਂਦਾ, ਲੋਕਾਂ ਨੂੰ ਜਾਗਰੂਕ ਕੀਤਾ।
ਏਥੇ ਹੀ ਉਹ ਇੱਕ ਸਮਾਜ ਸੁਧਾਰਕ ਵਜੋਂ ਉੱਭਰੇ। ਉਹ ਹਮੇਸ਼ਾਂ ਆਪਣੀ ਜੇਬ੍ਹ ‘ਚੋਂ ਰੁਪੱਈਏ ਖਰਚ ਕਰਕੇ ਲੋਕਾਂ ਦੀ ਸੇਵਾ ਕਰਦੇ ਸਨ। ਜਿੱਥੇ ਵੀ ਕਿਸੇ ਬਿਮਾਰ ਦਾ ਪਤਾ ਲੱਗਦਾ ਉਹ ਉਥੇ ਹੀ ਇਲਾਜ ਕਰਨ ਲਈ ਪਹੁੰਚ ਜਾਂਦੇ ਸਨ। ਸਾਲ 1939 ‘ਚ ਦੂਜੀ ਸੰਸਾਰ ਜੰਗ ਸ਼ੁਰੂ ਹੋਈ ਜਪਾਨੀਆਂ ਨੇ 1941 ਵਿੱਚ ਸਿੰਗਾਪੁਰ, ਮਲੇਸ਼ੀਆ ਅਤੇ ਬਰਮਾ ਆਦਿ ਇਲਾਕੇ ਜਿੱਤ ਲਏ।
ਇਸ ਪਿੱਛੋਂ ਜਪਾਨੀ ਫੌਜਾਂ ਨੇ ਅੰਡੇਮਾਨ ਨਿਕੋਬਾਰ ਦੇ ਟਪੂਆਂ ਵੱਲ ਵਧਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਟਾਪੂਆਂ ਤੋਂ ਇੱਕ ਜਹਾਜ ਰਾਹੀਂ 2 ਜਨਵਰੀ, 1942 ਨੂੰ ਜਦੋਂ ਅਫਸਰਾਂ ਤੇ ਕੈਦੀਆਂ ਦੀਆਂ ਪਤਨੀਆਂ, ਬੱਚਿਆਂ ਅਤੇ ਬਜ਼ੁਰਗਾਂ ਆਦਿ ਨੂੰ ਵਤਨ ਭੇਜਿਆ ਗਿਆ। ਇਸ ਦਿਨ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਆਪਣੇ ਪਰਿਵਾਰ ਨਾਲ ਆਖ਼ਰੀ ਮੁਲਾਕਾਤ ਸੀ।
ਉੱਧਰ ਟਾਪੂਆਂ ‘ਤੇ ਜਦੋਂ ਕਬਜਾ ਕਰਕੇ ਜਪਾਨੀ ਫੌਜਾਂ ਨੇ ਜ਼ੁਲਮ –ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਡਾ. ਦੀਵਾਨ ਸਿੰਘ ਕਾਲੇਪਾਣੀ ਨੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਅੱਤਿਆਚਾਰ ਵਿਰੁੱਧ ਆਵਾਜ਼ ਉਠਾਈ। ਕੁਝ ਦੇਸ਼ ਵਿਰੋਧੀ ਅਤੇ ਡਾ. ਸਾਹਿਬ ਤੋਂ ਖਾਰ ਖਾਣ ਵਾਲੇ ਲੋਕਾਂ ਨੇ ਉਨ੍ਹਾਂ ਵਿਰੁੱਧ ਇੱਕ ਲਿਖਤੀ ਤੇ ਝੂਠੀ ਸ਼ਿਕਾਇਤ ਕਰ ਦਿੱਤੀ ਕਿ ਇਹ ਅੰਗਰੇਜ਼ਾਂ ਦਾ ਜਾਸੂਸ ਹੈ। ਇਸ ਸ਼ਿਕਾਇਤ ਦੇ ਆਧਾਰ ‘ਤੇ ਹੀ ਜਪਾਨੀ ਫੌਜ ਨੇ ਅੰਗਰੇਜ਼ਾਂ ਦਾ ਜਾਸੂਸ ਸਮਝ ਕੇ ਨਜ਼ਰਬੰਦ ਕਰ ਲਿਆ।
ਜਪਾਨੀ ਅਫਸਰਾਂ ਨੇ ਡਾ. ਸਾਹਿਬ ਨੂੰ ਪਿਨਾਂਗ ਰੇਡੀਓ ਤੋਂ ਬਰਤਾਨਵੀਂ ਹਾਕਮਾਂ (ਮਹਾਤਮਾ ਗਾਂਧੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਆਦਿ) ਖਿਲਾਫ ਕੋਈ ਕਵਿਤਾ ਬੋਲਣ ਲਈ ਕਿਹਾ ਪਰ ਉਨ੍ਹਾਂ ਨੇ ਸਾਫ਼ ਮਨ੍ਹਾ ਕਰ ਦਿੱਤਾ ਸੀ ਜਿਸ ਕਾਰਨ ਜਪਾਨੀਆ ਨੇ ਉਨ੍ਹਾਂ ਨੂੰ 1943 ‘ਚ ਗ੍ਰਿਫ਼ਤਾਰ ਕਰਕੇ ਬਾਅਦ ‘ਚ ਜਾਸੂਸੀ ਕਰਨ ਦਾ ਕੇਸ ਦਰਜ ਕਰ ਲਿਆ।
Diwan Singh | ਇਸ ਤੋਂ ਬਾਅਦ ਜਪਾਨੀ ਫੌਜ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ‘ਤੇ ਅੰਨ੍ਹਾ ਜ਼ੁਲਮ ਢਾਹਿਆ। ਲੋਹੇ ਦੀ ਕੁਰਸੀ ‘ਤੇ ਬਿਠਾ ਕੇ ਹੇਠਾਂ ਅੱਗ ਬਾਲ ਦਿੱਤੀ, ਅੱਖਾਂ ਕੱਢ ਦਿੱਤੀਆਂ ਅਤੇ ਹੱਡੀਆਂ ਤੋੜ ਦਿੱਤੀਆਂ। ਹੋਰ ਤਾਂ ਹੋਰ ਇੱਕ ਜਪਾਨੀ ਜੇਲ੍ਹਰ ਨੇ ਤਾਂ ਕੈਂਚੀ ਨਾਲ ਕੇਸ ਵੀ ਕੱਟ ਦਿੱਤੇ ਸਨ। ਜਪਾਨੀ ਬੱਸ ਇੱਕ ਗੱਲ ‘ਤੇ ਵਾਰ ਵਾਰ ਜ਼ੋਰ ਪਾਉਂਦੇ ਰਹੇ ਕਿ, ‘ਤੂੰ ਮੰਨਜਾ ਕਿ ਮੈਂ ਜਾਸੂਸੀ ਕੀਤੀ ਹੈ, ਅਸੀਂ ਤੈਨੂੰ ਛੱਡ ਦੇਵਾਂਗੇ। ਪ੍ਰੰਤੂ ਡਾ. ਸਾਹਿਬ ਸੱਚੇ ਹੋਣ ਕਾਰਨ ਦ੍ਰਿੜ ਰਹੇ। ਉਨ੍ਹਾਂ ਨੇ ਹਾਰ ਨਹੀਂ ਮੰਨੀ। ਅਥਾਹ ਜ਼ੁਲਮ ਝੱਲ ਲਏ ਪਰ ਮੂੰਹੋਂ ਸੀ ਤੱਕ ਨਹੀਂ ਕੀਤੀ।
ਉਹ ਲੰਮੇ ਸਮੇਂ ਤੱਕ ਤਸੀਹੇ ਝੱਲਣ ਮਗਰੋਂ ਸੈਲੂਲਰ ਜੇਲ੍ਹ ਦੇ ਸ਼ਿਕੰਜਿਆ ਵਿੱਚ ਹੀ 14 ਜਨਵਰੀ, 1944 ਨੂੰ ਸ਼ਹੀਦੀ ਪਾ ਗਏ। ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਸਮੁੰਦਰ ਕਿਨਾਰੇ ਇੱਕ ਕੰਬਲ ‘ਚ ਲਪੇਟ ਕੇ, ਪੈਟਰੋਲ ਪਾ ਕੇ ਅੱਗ ਲਾਈ ਗਈ। ਸਾਡੇ ਇਸ ਮਹਾਨ ਸ਼ਹੀਦ ਨੂੰ ਲਗਭਗ 43 ਸਾਲਾਂ ਪਿੱਛੋਂ ਭਾਰਤ ਸਰਕਾਰ ਨੇ 1987 ‘ਚ ਸੁਤੰਤਰਤਾ ਸੰਗਰਾਮੀ ਐਲਾਨ ਕੀਤਾ।
Diwan Singh| ਪੰਜਾਬ ਸਰਕਾਰ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ਬਾਰੇ ਪੰਜਾਬੀ, ਅੰਗਰੇਜੀ ਅਤੇ ਹਿੰਦੀ ਵਿੱਚ ਇੱਕ ਮੋਨੋਗ੍ਰਾਫ਼ , ਇੱਕ ਸਿਮਰਿਤੀ ਗ੍ਰੰਥ ਪ੍ਰਕਾਸ਼ਿਤ ਕੀਤਾ ਅਤੇ ‘ਵਗਦੇ ਪਾਣੀ’ ਸਿਰਲੇਖ ਹੇਠ ਇੱਕ ਟੈਲੀ ਫ਼ਿਲਮ ਵੀ ਤਿਆਰ ਕਰਵਾਈ। ਜੇਕਰ ਡਾ. ਸਾਹਿਬ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਸਪੁੱਤਰ ਸ. ਮਹਿੰਦਰ ਸਿੰਘ ਢਿੱਲੋਂ, ਨੂੰਹ ਗੁਰਦਰਸ਼ਨ ਕੌਰ ਢਿੱਲੋਂ ਨੇ ਪੁਸਤਕਾਂ ਛਪਵਾਈਆਂ ਅਤੇ ਚੰਡੀਗੜ੍ਹ ਤੋਂ 11 ਕਿਲੋਮੀਟਰ ਦੂਰ ਟੀ-ਪੁਆਇੰਟ ਮਾਜਰਾ ਤੋਂ ਸਿੱਸਵਾਂ ਵੱਲ ਬੱਦੀ ਸੜਕ ‘ਤੇ ਉਨ੍ਹਾਂ ਦੀ ਯਾਦ ‘ਚ ਇੱਕ ਅਜਾਇਬ ਘਰ ਬਣਵਾਇਆ।
ਜਿਸਦਾ ਉਦਘਾਟਨ 23 ਦਸੰਬਰ, 2013 ਨੂੰ ਹੋਇਆ ਇਸ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਬਾਰੇ ਅੰਗਰੇਜੀ ਵਿੱਚ ‘ਡਾ. ਦੀਵਾਨ ਸਿੰਘ ਕਾਲੇਪਾਣੀ-ਮੇਕਰਜ਼ ਆਫ਼ ਇੰਡੀਅਨ ਲਿਟਰੇਚਰ’ ਪੁਸਤਕ ਐਨ. ਇਕਬਾਲ ਸਿੰਘ ਨੇ ਲਿਖੀ ਹੈ। ਜੋ ਸਾਹਿਤ ਅਕੈਡਮੀ ਨਵੀਂ ਦਿੱਲੀ ਨੇ 1996 ‘ਚ ਛਾਪੀ।
Diwan Singh | ਪੰਜਾਬੀ ਸਾਹਿਤ ਜਗਤ ਵਿੱਚ ਇਸ ਕਾਲੇਪਾਣੀ ਦੇ ਸ਼ਹੀਦ ਨੂੰ ਇੱਕ ਡਾਕਟਰ, ਦੇਸ਼-ਪ੍ਰੇਮੀ ਅਤੇ ਸਾਹਿਤਕਾਰ ਵਜੋਂ ਜਾਣਿਆ ਜਾਂਦਾ ਹੈ। ਡਾ. ਦੀਵਾਨ ਸਿੰਘ ਕਾਲੇਪਾਣੀ ਨੇ ਜਿੱਥੇ ਮਨੁੱਖਤਾ ਦੇ ਦਰਦ ਨੂੰ ਦੂਰ ਕੀਤਾ, Àੁੱਥੇ ਹੀ ਸਾਹਿਤਕ ਰੁਚੀਆਂ ਨੂੰ ਕਾਵਿ ਅਤੇ ਵਾਰਤਕ ਰੂਪ ਵਿੱਚ ਵਿਗਿਆਨਕ ਨਜ਼ਰੀਏ ਤੋਂ ਵਿਅੰਗ ਰਾਹੀਂ ਸਾਡੇ ਸਨਮੁਖ ਕੀਤਾ ਹੈ। ਉਨ੍ਹਾਂ ਨੇ ਵੀ ਪ੍ਰੋ. ਪੂਰਨ ਸਿੰਘ ਵਾਂਗ ਹੀ ਖੁੱਲ੍ਹੀ ਕਵਿਤਾ ਦੀ ਸਿਰਜਣਾ ਕੀਤੀ।
ਇਸ ਤਰ੍ਹਾਂ ਉਹਨਾਂ ਨੇ ਪੰਜਾਬੀ ਭਾਸ਼ਾ ਰਾਹੀਂ ਕਾਵਿ–ਖੇਤਰ ‘ਚ ‘ਵਗਦੇ ਪਾਣੀ’ (ਇਹ ਪੁਸਤਕ 1938 ‘ਚ ਜਿਊਂਦੇ ਜੀਅ ਛਪੀ), ਅੰਤਿਮ ਲਹਿਰਾਂ (1962), ਮਲ੍ਹਿਆਂ ਦੇ ਬੇਰ (1986) ਅਤੇ ਵਾਰਤਕ-ਖੇਤਰ ‘ਚ ਮੇਰਾ ਜੀਵਨ ਮੇਰਾ ਗੀਤ (1983) ਅਤੇ ਸਹਿਜ ਸੰਚਾਰ (1985) ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ। ਇਨ੍ਹਾਂ ਕਿਰਤਾਂ ਦੇ ਸਿਰਜਣਹਾਰ ਦਾ ਅੱਜ ਜਨਮ ਦਿਨ ਹੈ ਭਾਵੇਂ ਉਹ ਸਾਡੇ ਵਿਚਕਾਰ ਮੌਜ਼ੂਦ ਨਹੀਂ ਹਨ ਪ੍ਰੰਤੂ ਉਨ੍ਹਾਂ ਦੀਆਂ ਇਹ ਕਾਵਿ-ਸਤਰਾਂ ਸਾਡੇ ਅੰਗ-ਸੰਗ ਖੜ੍ਹੇ ਮਹਿਸੂਸ ਕਰਵਾਉਂਦੀਆਂ ਹਨ
ਮੱਲੂ ਮਾਜਰਾ
ਮੋ. 98144-75783
ਗੁਰਤੇਜ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।