ਨਸ਼ਿਆਂ ਵਿਰੁੱਧ ਸਰਕਾਰ ਦੀ ਜੰਗ ਵੱਡੀ ਨਾਕਾਮੀ ‘ਤੇ ਵੱਡੀ ਪਰਦਾਪੋਸ਼ੀ : ਡਾਕਟਰ ਗਾਂਧੀ
- ਪੁਲਿਸ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਨੂੰ ਵੀ ਕੀਤਾ ਖਾਰਜ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿੰਨ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਨਸ਼ਿਆ ਵਿਰੁੱਧ ਜੰਗ ਬਾਰੇ ਕੀਤੀ ਪਹਿਲਕਦਮੀ ‘ਤੇ ਹੀ ਸੁਆਲ ਖੜ੍ਹੇ ਕਰ ਦਿੱਤੇ ਹਨ। ਡਾ. ਗਾਂਧੀ ਨੇ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਜੰਗ ਦੀ ਜਿੰਨੀ ਵੱਡੀ ਨਾਕਾਮਯਾਬੀ ਹੋਈ, ਉਸ ਉੱਪਰ ਓਨੀ ਹੀ ਵੱਡੀ ਪਰਦਾਪੋਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ‘ਤੇ ਸਿਰਫ਼ ਕੈਪਟਨ ਵੱਲੋਂ ਪ੍ਰਚਾਰ ਹੀ ਕੀਤਾ ਜਾ ਰਿਹਾ ਹੈ।
ਡਾ: ਗਾਂਧੀ ਨੇ ਕਿਹਾ ਕਿ ਪੁਲਿਸ ਨੂੰ ਵਧੇਰੇ ਤਾਕਤਾਂ ਅਤੇ ਬੀ.ਐਸ.ਐਫ. ਵੱਲੋਂ ਦੇਖਦਿਆਂ ਗੋਲੀ ਮਾਰਨ ਦੇ ਹੁਕਮਾਂ ਦੀ ਮੰਗ ਕਰਨ ਤੋਂ ਪਹਿਲਾਂ ਸਰਕਾਰ ਦੱਸੇ ਕਿ ਚਾਰ ਹਫਤਿਆਂ ਵਿੱਚ ਪੰਜਾਬ ਵਿਚੋਂ ਨਸ਼ਾ ਮਾਫੀਏ ਦੇ ਖਾਤਮੇ ਦੇ ਲੋਕਾਂ ਨਾਲ ਕੀਤੇ ਵਾਅਦੇ ‘ਤੇ ਤੁਸੀਂ ਫੇਲ੍ਹ ਕਿਉਂ ਹੋਏ ਹੋ ਉਨ੍ਹਾਂ ਕਿਹਾ ਕਿ ਜਦ ਪੁਲਿਸ ਅਧਿਕਾਰੀਆਂ ਦੁਆਰਾ ਐਨ.ਡੀ.ਪੀ.ਐਸ ਐਕਟ ਦੀ ਦੁਰਵਰਤੋਂ ਕਰਦਿਆਂ ਲੋਕਾਂ ਨੂੰ ਬਲੈਕਮੇਲ ਕਰਨ ਅਤੇ ਪੈਸੇ ਬਟੋਰਨ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਮੁੱਖ ਮੰਤਰੀ ਕਿਸ ਅਧਾਰ ਅਤੇ ਕਿਸ ਇਰਾਦੇ ਨਾਲ ਪੁਲਿਸ ਨੂੰ ਹੋਰ ਵਧੇਰੇ ਤਾਕਤਾਂ ਦੇਣ ਦੀ ਮੰਗ ਕਰ ਰਹੇ ਹਨ? ਇਸਦੇ ਉਲਟ ਸਮੇਂ ਦੀ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਪੁਲਿਸ ਵਿਚਲੇ ਸਾਰੇ ਅਪਰਾਧੀ ਤੱਤਾਂ ਦੀ ਛੁੱਟੀ ਕਰਕੇ ਗੈਰ-ਅਪਰਾਧੀਕਰਨ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਰੋਸ਼ਨੀ ਵਿਚ ਸੰਵਿਧਾਨਿਕ, ਕਾਨੂੰਨੀ ਅਤੇ ਪ੍ਰਸ਼ਾਸਨਿਕ ਵਿਵਸਥਾਵਾਂ ਕਰਕੇ ਇਸ ਦਾ ਇਸ ਢੰਗ ਨਾਲ ਗੈਰ ਸਿਆਸੀਕਰਨ ਕੀਤਾ ਜਾਵੇ ਕਿ ਇਹ ਇਕ ਪੇਸ਼ਾਵਰ ਫੋਰਸ ਬਣ ਜਾਵੇ ਨਾ ਕਿ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਵਾਲੀ ਫੋਰਸ ਬਣੇ।
ਮੈਂਬਰ ਪਾਰਲੀਮੈਂਟ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਪਹਿਲਾਂ ਪੰਜਾਬ ਦੇ ਲੋਕਾਂ ਸਾਹਮਣੇ ਐਨ.ਡੀ .ਪੀ.ਐਸ. ਐਕਟ ਬਾਰੇ ਅਤੇ ਨਸ਼ਿਆਂ ਦੀ ਵਧ ਰਹੀ ਸਮੱਸਿਆ ਬਾਰੇ ਇੱਕ ਸਫੈਦ ਪੱਤਰ ਲਿਆਓ ਤਾਂ ਕਿ ਲੋਕ ਇਹ ਸਮਝ ਸਕਣ ਕਿ ਪਿਛਲੇ 33 ਸਾਲਾਂ ਦੌਰਾਨ ਦੇਖਣ ਨੂੰ ਨੈਤਿਕ ਲੱਗਦੇ ਪਰ ਹਕੀਕਤ ਵਿਚ ਇਸ ਅਨੈਤਿਕ ਕਾਨੂੰਨ ਨੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਵਿਚ ਕੀ-ਕੀ ਕਹਿਰ ਢਾਏ ਹਨ। ਉਹਨਾਂ ਕਿਹਾ ਕਿ ਪੁਲਿਸ ਨੂੰ ਅਜਿਹੀਆਂ ਖੁੱਲ੍ਹੀਆਂ ਤਾਕਤਾਂ ਦਿੱਤੀਆਂ ਹਨ ਕਿ ਇਹਨਾਂ ਤਿੰਨ ਦਹਾਕਿਆਂ ਦੌਰਾਨ ਪੁਲਿਸ ਫੋਰਸ ਭ੍ਰਿਸ਼ਟ ਅਤੇ ਅਪਰਾਧੀ ਬਣ ਗਈ ਹੈ।
ਡਾ. ਗਾਂਧੀ ਨੇ ਮੁੱਖ ਮੰਤਰੀ ਨੂੰ ਉਹਨਾਂ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਦੀ ਯਾਦ ਦਿਵਾਉਂਦਿਆ ਮੰਗ ਕੀਤੀ ਕਿ ਇਸ ਸ਼ੱਕੀ ਘਾਲੇ ਮਾਲੇ ਨੂੰ ਨੰਗਾ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਸ਼ਾ ਛੁਡਵਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਹੋ ਚੁੱਕੀਆਂ ਹਨ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਬਹੁਤ ਜ਼ੋਰ-ਸ਼ੋਰ ਨਾਲ ਪ੍ਰਚਾਰੇ ਗਏ ਨਸ਼ਾ ਛਡਾਊ ਪ੍ਰੋਗਰਾਮ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ ਛਾਪੇ।