ਬਠਿੰਡਾ ਲਗਾਤਾਰ ਦੂਜੇ ਦਿਨ ਰਿਹਾ ਪੰਜਾਬ-ਹਰਿਆਣਾ ’ਚੋਂ ਸਭ ਤੋਂ ਠੰਢਾ
ਬਠਿੰਡਾ (ਸੁਖਜੀਤ ਮਾਨ)। ਧੁੰਦ ਦੇ ਕਹਿਰ ਅਤੇ ਪੋਹ ਦੇ ਪਾਲੇ ਨੇ ਲੋਕਾਂ ਨੂੰ ਸਵੇਰ ਵੇਲੇ ਘਰਾਂ ’ਚ ਕੈਦ ਰਹਿਣ ਲਈ ਮਜ਼ਬੂਰ ਕਰ ਦਿੱਤਾ। ਸੰਘਣੀ ਧੁੰਦ ਅਤੇ ਠੰਢ ਕਰਕੇ ਸੜਕਾਂ ’ਤੇ ਮਜਬੂਰੀ ਵੱਸ ਦੂਰ-ਦੁਰਾਡੇ ਜਾਣ ਵਾਲੇ ਲੋਕ ਜਾਂ ਦੋਧੀ ਤੇ ਹਾਕਰ ਹੀ ਦਿਖਾਈ ਦਿੰਦੇ ਹਨ। ਧੁੰਦ ਕਾਰਨ ਲੰਬੀ ਦੂਰੀ ਤੱਕ ਦੇਖਣ ਦੀ ਸਮਰੱਥਾ ਘਟਣ ਕਰਕੇ ਵਾਹਨਾਂ ਦੀ ਗਤੀ ਵੀ ਕੀੜੀ ਦੀ ਚਾਲ ਹੋਣ ਲੱਗੀ ਹੈ। ਇਸ ਧੁੰਦ ਦੇ ਕਹਿਰ ਕਾਰਨ ਅੱਜ ਪੰਜਾਬ ਭਰ ’ਚ ਵੱਖ-ਵੱਖ ਥਾਈਂ 16 ਗੱਡੀਆਂ ਆਪਸ ’ਚ ਟਕਰਾ ਗਈਆਂ। ਸੁਖਦ ਗੱਲ ਇਹ ਰਹੀ ਕਿ ਇਨ੍ਹਾਂ ਹਾਦਸਿਆਂ ’ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। (Weather Update Punjab)
ਪੰਜਾਬ-ਹਰਿਆਣਾ ’ਚੋਂ ਅੱਜ ਬਠਿੰਡਾ ਲਗਾਤਾਰ ਦੂਜੇ ਦਿਨ ਫਿਰ ਸਭ ਤੋਂ ਜ਼ਿਆਦਾ ਠੰਢਾ ਰਿਹਾ। ਮੌਸਮ ਵਿਭਾਗ ਵੱਲੋਂ ਤਾਪਮਾਨ ਸਬੰਧੀ ਜਾਰੀ ਅੰਕੜਿਆਂ ਮੁਤਾਬਿਕ ਅੱਜ ਬਠਿੰਡਾ ’ਚ ਘੱਟ ਤੋਂ ਘੱਟ ਤਾਪਮਾਨ 6.2 ਡਿਗਰੀ ਰਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਘੱਟੋ ਘੱਟ ਤਾਪਮਾਨ 7.2, ਫਿਰੋਜ਼ਪੁਰ 8.9, ਜਲੰਧਰ 9.3, ਲੁਧਿਆਣਾ 7.1, ਪਠਾਨਕੋਟ ’ਚ 6.5 ਡਿਗਰੀ ਅਤੇ ਪਟਿਆਲਾ ’ਚ 8.8 ਡਿਗਰੀ ਤਾਪਮਾਨ ਰਿਹਾ। ਇਸ ਤੋਂ ਇਲਾਵਾ ਹਰਿਆਣਾ ਦੇ ਸਰਸਾ ’ਚ ਘੱਟੋ ਘੱਟ ਤਾਪਮਾਨ 9.2 ਡਿਗਰੀ, ਅੰਬਾਲਾ 9 ਡਿਗਰੀ, ਭਿਵਾਨੀ 8 ਡਿਗਰੀ, ਗੁਰੂਗ੍ਰਾਮ 9.9, ਹਿਸਾਰ 7.3, ਕਰਨਾਲ 7.8, ਪਾਣੀਪਤ 7 ਡਿਗਰੀ ਅਤੇ ਰੋਹਤਕ 7.6 ਡਿਗਰੀ ਰਿਹਾ। ਕੜਾਕੇ ਦੀ ਇਸ ਠੰਢ ਦੇ ਨਾਲ-ਨਾਲ ਸੰਘਣੀ ਧੁੰਦ ਦਾ ਅਸਰ ਵੀ ਆਮ ਜਨ ਜੀਵਨ ’ਤੇ ਦੇਖਣ ਨੂੰ ਮਿਲ ਰਿਹਾ ਹੈ। (Weather Update Punjab)
ਇਹ ਵੀ ਪੜ੍ਹੋ : ਪਾਕਿਸਤਾਨ ਦਾ ਪਰਫਾਰਮਿੰਗ ਕੋਚ ਬਣਿਆ ਇਹ ਖਿਡਾਰੀ, 12 ਤੋਂ ਸ਼ੁਰੂ ਹੋਵੇਗਾ ਨਿਊਜੀਲੈਂਡ ਦਾ ਟੂਰ
ਸੜਕਾਂ ’ਤੇ ਹਵਾ ਦੀ ਰਫ਼ਤਾਰ ਨਾਲ ਚੱਲਣ ਵਾਲੇ ਵਾਹਨ ਸਵੇਰ ਵੇਲੇ ਸੰਘਣੀ ਧੁੰਦ ਕਰਕੇ ਧੀਮੀ ਰਫ਼ਤਾਰ ਨਾਲ ਚਲਦੇ ਦਿਖਾਈ ਦਿੰਦੇ ਹਨ। ਧੁੰਦ ਕਾਰਨ ਅੱਜ ਪੰਜਾਬ ਭਰ ’ਚ ਕਈ ਥਾਈਂ ਸੜਕ ਹਾਦਸੇ ਹੋਣ ਨਾਲ ਕਰੀਬ 16 ਗੱਡੀਆਂ ਆਪਸ ’ਚ ਟਕਰਾ ਗਈਆਂ। ਇਨ੍ਹਾਂ ਹਾਦਸਿਆਂ ’ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸਿਆਂ ਸਬੰਧੀ ਮਿਲੇ ਵੇਰਵਿਆਂ ਮੁਤਾਬਿਕ ਮੋਗਾ ਜ਼ਿਲ੍ਹੇ ’ਚ ਦੋ ਸੜਕ ਹਾਦਸੇ ਹੋਏ ਹਨ। ਇਨ੍ਹਾਂ ’ਚੋਂ ਇੱਕ ਹਾਦਸਾ ਮੋਗਾ ਦੇ ਲੌਹਾਰਾ ਚੌਂਕ ’ਚ ਹੋਇਆ ਜਿੱਥੇ ਚਾਰ ਗੱਡੀਆਂ ਆਪਸ ’ਚ ਟਕਰਾਉਣ ਕਰਕੇ 2 ਜਣੇ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਪਿੰਡ ਡਗਰੂ ਕੋਲ ਇੱਕ ਐਂਬੂਲੈਂਸ ਅਤੇ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ।
ਐਂਬੂਲੈਂਸ ਡਰਾਈਵਰ ਕਮਲਜੀਤ ਸਿੰਘ ਮੁਤਾਬਿਕ ਉਹ ਦੇਰ ਰਾਤ ਮਰੀਜ਼ ਨੂੰ ਫਰੀਦਕੋਟ ਛੱਡ ਕੇ ਵਾਪਿਸ ਮੋਗਾ ਆ ਰਿਹਾ ਸੀ ਤਾਂ ਪਿੰਡ ਡਗਰੂ ਕੋਲ ਖੜ੍ਹੇ ਇੇੱਕ ਟਰੈਕਟਰ ਟਰਾਲੀ ਕਰਕੇ ਐਂਬੂਲੈਂਸ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ’ਚ ਐਂਬੂਲੈਂਸ ਡਰਾਈਵਰ ਸਮੇਤ ਉਸਦੇ ਸਾਥੀ ਦੇ ਕਾਫੀ ਸੱਟਾਂ ਲੱਗੀਆਂ ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੋਗਾ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ ’ਚ ਵੀ ਸੰਘਣੀ ਧੁੰਦ ਹਾਦਸਿਆਂ ਦਾ ਕਾਰਨ ਬਣੀ ਜਿੱਥੇ ਬਿਆਸ ਪੁਲ ’ਤੇ ਕਰੀਬ 10 ਗੱਡੀਆਂ ਆਪਸ ’ਚ ਟਕਰਾ ਗਈਆਂ। ਇਹ ਹਾਦਸੇ ਪੁਲ ਦੇ ਨੇੜੇ ਹੀ ਤਿੰਨ ਵੱਖ-ਵੱਖ ਸਥਾਨਾਂ ’ਤੇ ਹੋਏ ਹਨ। ਇਨ੍ਹਾਂ ਹਾਦਸਿਆਂ ’ਚ ਦੋ ਜਣਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਗੱਡੀਆਂ ਦਾ ਜ਼ਿਆਦਾ ਨੁਕਸਾਨ ਹੋ ਗਿਆ। (Weather Update Punjab)