ਹਰ ਡੋਪ ਟੈਸਟ ਪਿੱਛੇ ਮੋਟੀ ਕਮਾਈ ਕਰ ਰਿਹਾ ਐ ਸਿਹਤ ਵਿਭਾਗ | Dope Test Kits
- ਪ੍ਰਾਈਵੇਟ ਡੋਪ ਟੈਸਟ ਨੂੰ ਮਾਨਤਾ ਨਾ ਦੇਣ ਦੇ ਕਾਰਨ ਹੀ ਪੰਜਾਬੀ ਹੋ ਰਹੇ ਹਨ ਲੁੱਟ ਦਾ ਸ਼ਿਕਾਰ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਡੋਪ ਟੈਸਟ ਨੂੰ ਪੰਜਾਬ ਵਿੱਚ ਜਰੂਰੀ ਕਰਨ ਵਾਲੀ ਸਰਕਾਰ ਹੀ ਇਸ ਡੋਪ ਟੈਸਟ ਰਾਹੀਂ ਪੰਜਾਬੀਆਂ ਨੂੰ ਲੁੱਟ ਦਾ ਸ਼ਿਕਾਰ ਬਣਾ ਰਹੀ ਹੈ। ਪੰਜਾਬ ਸਰਕਾਰ ਨੂੰ ਡੋਪ ਟੈਸਟ ਕਿੱਟ 700 ਰੁਪਏ ਦੇ ਲਗਭਗ ਮਿਲ ਰਹੀ ਹੈ ਪਰ ਫਿਰ ਵੀ ਇਸ ਡੋਪ ਟੈਸਟ ਦਾ ਰੇਟ 1500 ਰੁਪਏ ਹੀ ਰੱਖਿਆ ਹੋਇਆ ਹੈ। ਹਰ ਡੋਪ ਟੈਸਟ ਨਾਲ ਪੰਜਾਬ ਦਾ ਸਿਹਤ ਵਿਭਾਗ 800 ਰੁਪਏ ਦੇ ਲਗਭਗ ਕਮਾਈ ਕਰਨ ਵਿੱਚ ਲੱਗਿਆ ਹੋਇਆ ਹੈ। ਹਾਲਾਂਕਿ ਇਸ ਭਾਰੀ ਭਰਕਮ ਕਮਾਈ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਵੀ ਮਿਲੀ ਹੈ ਪਰ ਉਨ੍ਹਾਂ ਵੱਲੋਂ ਇਸ ਨੂੰ ਸਰਕਾਰੀ ਪਾਲਿਸੀ ਕਹਿੰਦੇ ਹੋਏ ਟਾਲ਼ਾ ਵੱਟ ਲਿਆ।
ਇਹ ਵੀ ਪੜ੍ਹੋ : ਜਨਤਾ ਦੇ ਪੈਸੇ ਦੀ ਦੁਰਵਰਤੋਂ
ਪੰਜਾਬ ਸਰਕਾਰ ਵੱਲੋਂ ਹਥਿਆਰ ਖਰੀਦਣ ਦੇ ਸੌਂਕੀਨਾਂ ਲਈ ਡੋਪ ਟੈਸਟ ਕਰਵਾਉਣਾ ਕੁਝ ਸਮਾਂ ਪਹਿਲਾਂ ਲਾਜ਼ਮੀ ਕੀਤਾ ਗਿਆ ਸੀ। ਇਸ ਡੋਪ ਟੈਸਟ ਦੇ ਲਾਜ਼ਮੀ ਕਰਨ ਤੋਂ ਬਾਅਦ ਪੰਜਾਬ ਦੇ ਸਿਹਤ ਵਿਭਾਗ ਨੇ ਡੋਪ ਟੈਸਟ ਦੀਆਂ ਕਿੱਟਾਂ 700-800 ਰੁਪਏ ਦੇ ਲਗਭਗ ਖਰੀਦ ਕਰਕੇ ਡੋਪ ਟੈਸਟ ਦਾ ਰੇਟ 1500 ਰੁਪਏ ਤੈਅ ਕਰ ਦਿੱਤਾ ਤਾਂ ਕਿ ਇਸ ਟੈਸਟ ਵਿੱਚ ਮੋਟੀ ਫੀਸ ਹੋਣ ਕਾਰਨ ਲੋਕ ਡੋਪ ਟੈਸਟ ਹੀ ਨਾ ਕਰਵਾਉਣ। ਬੀਤੇ ਹਫ਼ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਡੋਪ ਟੈਸਟ ਹਰ ਸਰਕਾਰੀ ਸਿਵਲ ਅਤੇ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਲਈ ਲਾਜ਼ਮੀ ਕਰਨ ਤੋਂ ਬਾਅਦ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਡੋਪ ਟੈਸਟ ਕਿੱਟ ਦੀਆਂ ਕੁਟੇਸ਼ਨਾਂ ਮੰਗਦੇ ਹੋਏ ਟੈਂਡਰ ਜਾਰੀ ਕਰ ਦਿੱਤੇ ਹਨ।
ਤਾਂ ਕਿ ਲੱਖਾਂ ਮੁਲਾਜ਼ਮਾਂ ਦੇ ਹੋਣ ਵਾਲੇ ਡੋਪ ਟੈਸਟ ਲਈ ਸਰਕਾਰ ਨੂੰ ਕੋਲ ਲੱਖਾਂ ਡੋਪ ਕਿੱਟਾ ਦੀ ਸਪਲਾਈ ਮਿਲ ਸਕੇ। ਵੱਡੀ ਗਿਣਤੀ ਵਿੱਚ ਡੋਪ ਕਿੱਟ ਦਾ ਟੈਂਡਰ ਖੋਲਣ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਸ ਹੈ ਕਿ ਉਨਾਂ ਨੂੰ 700 ਤੋਂ 800 ਰੁਪਏ ਵਾਲੀ ਕਿੱਟ 500 ਤੋਂ 600 ਰੁਪਏ ਵਿੱਚ ਮਿਲ ਜਾਏਗੀ। ਦੂਜੇ ਪਾਸੇ ਇਸ ਟੈਸਟ ਦੇ ਰੇਟ 1500 ਰੁਪਏ ਨੂੰ ਘਟਾਉਣ ਤੋਂ ਸਿਹਤ ਵਿਭਾਗ ਸਾਫ਼ ਇਨਕਾਰ ਕਰ ਰਿਹਾ ਹੈ, ਕਿਉਂਕਿ ਹੁਣ ਇਹ ਸਿਹਤ ਵਿਭਾਗ ਦੀ ਕਮਾਈ ਦਾ ਸੌਦਾ ਬਣ ਚੁੱਕਾ ਹੈ।
ਸਰਕਾਰ ਦੇ ਅਗਲੇ ਆਦੇਸ਼ ਤੱਕ ਰੇਟ ਤਾਂ 1500 ਰੁਪਏ ਹੀ ਰਹਿਣਗੇ : ਵਰੂਨ ਰੁੰਜਮ | Dope Test Kits
ਸਿਹਤ ਵਿਭਾਗ ਦੇ ਸਪੈਸ਼ਲ ਸਕੱਤਰ ਵਰੂਨ ਰੁੰਜਮ ਨੇ ਕਿਹਾ ਕਿ ਸਿਹਤ ਵਿਭਾਗ ਨੇ ਹਥਿਆਰ ਲੈਣ ਵਾਲੇ ਲੋਕਾਂ ਲਈ ਡੋਪ ਟੈਸਟ ਕਰਵਾਉਣ ਦੀ ਫੀਸ 1500 ਰੁਪਏ ਤੈਅ ਕੀਤਾ ਹੋਈ ਹੈ ਇਸ ਲਈ ਜਦੋਂ ਤੱਕ ਸਰਕਾਰ ਅਗਲਾ ਕੋਈ ਆਦੇਸ਼ ਜਾਰੀ ਨਹੀਂ ਕਰ ਦਿੰਦੀ ਹੈ, ਉਸ ਸਮੇਂ ਤੱਕ 1500 ਰੁਪਏ ਹੀ ਡੋਪ ਟੈਸਟ ਦਾ ਲਿਆ ਜਾਏਗਾ। ਉਨ੍ਹਾਂ ਦੱਸਿਆ ਕਿ ਕੋਈ ਵੀ ਮੰਤਰੀ ਹੋਵੇ ਜਾਂ ਫਿਰ ਵਿਧਾਇਕ ਹੋਵੇ, ਕਿਸੇ ਨੂੰ ਵੀ ਰੇਟ ਵਿੱਚ ਕੋਈ ਛੂਟ ਨਹੀਂ ਹੈ ਅਤੇ ਜਿਹੜੇ ਟੈਸਟ ਕਰਵਾ ਰਹੇ ਹਨ, ਉਨ੍ਹਾਂ ਨੂੰ 1500 ਰੁਪਏ ਹੀ ਦੇਣੇ ਪੈ ਰਹੇ ਹਨ। ਇੱਥੇ ਹੀ ਉਨ੍ਹਾਂ ਦੱਸਿਆ ਕਿ ਡੋਪ ਟੈਸਟ ਦੀ ਕਿੱਟ 700-800 ਰੁਪਏ ਦੀ ਸਰਕਾਰ ਨੂੰ ਸਪਲਾਈ ਹੋ ਰਹੀ ਹੈ।