ਪੰਜਾਬ ਦਾ ਮਾਹੌਲ ਨਾ ਖ਼ਰਾਬ ਕਰੇ ਸੁਖਬੀਰ ਬਾਦਲ, ਅੱਤਵਾਦ ਨੂੰ ਲਿਆਉਣ ਵਾਲਾ ਵੀ ਅਕਾਲੀ ਦਲ : ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸ਼ੋ੍ਰਮਣੀ ਅਕਾਲੀ ਦਲ ’ਤੇ ਤਿੱਖਾ ਹਮਲਾ

  • ਪੰਜਾਬ ਨੂੰ ਭੜਕਾਉਣ ਦੀ ਕੋਸ਼ਸ਼ ਕਰ ਰਿਹਾ ਐ ਸੁਖਬੀਰ ਬਾਦਲ, ਪੰਜਾਬ ’ਚ ਅਮਨ ਸ਼ਾਂਤੀ ਜਰੂਰੀ

(ਅਸ਼ਵਨੀ ਚਾਵਲਾ) ਚੰਡੀਗੜ। ਬਾਰਡਰ ਸੁਰੱਖਿਆ ਫੋਰਸ ਦੇ ਬਹਾਨੇ ਸੁਖਬੀਰ ਬਾਦਲ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਸ਼ ਨਾ ਕਰੇ। ਸੁਖਬੀਰ ਬਾਦਲ ਧਾਰਮਿਕ ਥਾਂਵਾਂ ਦਾ ਨਾਅ ਲੈ ਕੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਦੀ ਫਿਰਾਕ ਵਿੱਚ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪੰਜਾਬ ਵਿੱਚ ਕਾਲਾ ਦੌਰ ਲੈ ਕੇ ਆਉਣ ਵਾਲਾ ਹੀ ਸ਼ੋ੍ਰਮਣੀ ਅਕਾਲੀ ਦਲ ਹੈ ਅਤੇ ਹੁਣ ਮੁੜ ਤੋਂ ਉਸ ਭੜਕਾਹਟ ਦਾ ਇਸਤੇਮਾਲ ਕਰਦੇ ਹੋਏ ਪੰਜਾਬ ਦਾ ਮਾਹੌਲ ਖਰਾਬ ਕਰਨ ਤਿਆਰੀ ਸ਼ੋ੍ਰਮਣੀ ਅਕਾਲੀ ਦਲ ਕਰ ਰਿਹਾ ਹੈ। ਇਹ ਤਿੱਖਾ ਹਮਲਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਾਰਡਰ ਸੁਰੱਖਿਆ ਫੋਰਸ ਦਾ ਦਾਇਰਾ 15 ਤੋਂ 50 ਕਿਲੋਮੀਟਰ ਤੱਕ ਵਧਾਉਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਲਗਾਤਾਰ ਕੇਂਦਰ ਸਰਕਾਰ ਕੋਲ ਇਤਰਾਜ਼ ਜ਼ਾਹਰ ਕਰ ਰਹੀ ਹੈ ਅਤੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਫੈਸਲੇ ਨੂੰ ਵਾਪਸ ਜਾਵੇ। ਇਸ ਕੇਂਦਰ ਸਰਕਾਰ ਦੇ ਫੈਸਲੇ ਦੇ ਖ਼ਿਲਾਫ਼ ਜਲਦ ਹੀ ਕੈਬਨਿਟ ਦੀ ਮੀਟਿੰਗ ਸੱਦ ਕੇ ਚਰਚਾ ਕੀਤੀ ਜਾਏਗੀ, ਜਿਸ ਵਿੱਚ ਇਸ ਮਾਮਲੇ ਦਾ ਜਲਦ ਹੀ ਹਲ਼ ਕੱਢਿਆ ਜਾਏਗਾ।

ਬੀਐਸਐਫ਼ ਦੇ ਮਾਮਲੇ ਵਿੱਚ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਸ ਸਬੰਧੀ ਫੈਸਲਾ ਕੀਤਾ ਜਾਏਗਾ

ਮੁੱਖ ਮੰਤਰੀ ਨੇ ਕਿਹਾ ਕਿ ਬੀਐਸਐਫ਼ ਦੇ ਮਾਮਲੇ ਵਿੱਚ ਆਲ ਪਾਰਟੀ ਮੀਟਿੰਗ ਵੀ ਸੱਦਣ ਬਾਰੇ ਵਿਚਾਰਾਂ ਕੀਤੀ ਜਾ ਰਹੀਆਂ ਹਨ ਅਤੇ ਜਰੂਰਤ ਪਈ ਤਾਂ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਸ ਸਬੰਧੀ ਫੈਸਲਾ ਕੀਤਾ ਜਾਏਗਾ। ਇਹ ਮਾਮਲਾ ਕਾਫ਼ੀ ਜਿਆਦਾ ਗੰਭੀਰ ਹੈ, ਇਸ ਲਈ ਇਨਾਂ ਮਾਮਲੇ ਵਿੱਚ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ ਹੈ ਪਰ ਸੁਖਬੀਰ ਬਾਦਲ ਲਗਾਤਾਰ ਭੜਕਾਹਟ ਵਾਲੇ ਬਿਆਨ ਦੇ ਰਹੇ ਹਨ। ਜਿਹੜਾ ਕਿ ਕਾਫ਼ੀ ਜਿਆਦਾ ਗਲਤ ਹੈ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੀਤੇ ਦਿਨਾਂ ਤੋਂ ਉਹ ਸੁਖਬੀਰ ਬਾਦਲ ਦੇ ਪ੍ਰੈਸ ਵਿੱਚ ਬਿਆਨ ਦੇਖ ਰਹੇ ਹਨ ਕਿ ਬਾਰਡਰ ਸੁਰੱਖਿਆ ਫੋਰਸ ਧਾਰਮਿਕ ਥਾਂਵਾਂ ਵਿੱਚ ਆ ਸਕਦੀ ਹੈ, ਇਸ ਤਰਾਂ ਦੇ ਬਿਆਨਾਂ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਦੇ ਨਾਲ ਹੀ ਭੜਕਾਹਟ ਪੈਦਾ ਹੋ ਸਕਦੀ ਹੈ। ਇਸ ਲਈ ਉਹ ਸੁਖਬੀਰ ਬਾਦਲ ਨੂੰ ਸਲਾਹ ਦਿੰਦੇ ਹਨ ਕਿ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਦੀ ਉਹ ਕੋਸ਼ਸ਼ ਨਾ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ