ਐਵੇਂ ਨਾ ਦੁੱਖਾਂ ਦਾ ਰੋਣਾ ਰੋਂਦੇ ਰਿਹਾ ਕਰੋ!
ਹਰੇਕ ਇਨਸਾਨ ਦੀ ਦਿਲੀ ਖਾਹਿਸ਼ ਹੁੰਦੀ ਹੈ ਕਿ ਜ਼ਿੰਦਗੀ ਵਿਚ ਹਰ ਕਦਮ ‘ਤੇ ਕਾਮਯਾਬੀ ਉਸ ਦੇ ਪੈਰ ਚੁੰਮੇ ਤੇ ਖੁਸ਼ੀਆਂ ਉਸ ਦੇ ਵਿਹੜੇ ਚਹਿਕਦੀਆਂ ਰਹਿਣ। ਇੱਛਾ ਸ਼ਕਤੀ ਦੇ ਨਾਲ, ਮਿਹਨਤ ਕਰਨ ਦੇ ਬਾਵਜੂਦ ਵੀ ਬਹੁਤਿਆਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਅਜਿਹੇ ਵਿਅਕਤੀਆਂ ਦੀ ਜੀਵਨਸ਼ੈਲੀ ਬਹੁਤ ਸਾਰੀਆਂ ਫਜ਼ੂਲ ਖਰਚੀਆਂ ਅਤੇ ਮਾੜੀਆਂ ਆਦਤਾਂ ‘ਤੇ ਟਿਕੀ ਹੁੰਦੀ ਹੈ ਜੋ ਸਾਡੇ ਦੁੱਖਾਂ ਦਾ ਕਾਰਨ ਬਣਦੀ ਹੈ। ਮਾੜੀਆਂ ਤੇ ਮੰਦੀਆਂ ਆਦਤਾਂ ਨਾਲ ਮਨ ਮਾੜਾ ਤੇ ਮੰਦਾ ਬਣਿਆ ਰਹਿੰਦਾ ਹੈ
ਜਿਸ ਦੇ ਸਿੱਟੇ ਵਜੋਂ ਨਾਂਹ-ਪੱਖੀ ਵਿਚਾਰ ਜੀਵਨ ਦਾ ਹਿੱਸਾ ਬਣਦੇ ਰਹਿੰਦੇ ਹਨ। ਵਿਅਕਤੀ ਦੀ ਸੋਚ ਨਕਾਰਾਤਮਕ ਹੋਣੀ ਸ਼ੁਰੂ ਹੋ ਜਾਂਦੀ ਹੈ। ਵਿਅਕਤੀ ਦੀ ਸੋਚ ਬਦਲਣ ਨਾਲ ਉਸ ਦੇ ਕਰਮ ਵੀ ਬਦਲ ਜਾਂਦੇ ਹਨ ਜੋ ਉਸ ਦੀ ਰਹਿਣੀ-ਬਹਿਣੀ ਨੂੰ ਵੀ ਪ੍ਰਭਾਵਿਤ ਕਰਦੇ ਹਨ ਤੇ ਹੌਲੀ-ਹੌਲੀ ਦੁੱਖ ਵਿਅਕਤੀ ਨੂੰ ਆਪਣੀ ਜਕੜ ਵਿਚ ਲੈ ਲੈਂਦੇ ਹਨ।
ਜੋ ਵਿਅਕਤੀ ਇਨ੍ਹਾਂ ਦੁੱਖਾਂ ਨੂੰ ਜੀਵਨ ਦਾ ਹਿੱਸਾ ਮੰਨ ਕੇ ਇਨ੍ਹਾਂ ਅੱਗੇ ਗੋਡੇ ਨਹੀਂ ਟੇਕਦੇ ਸਗੋਂ ਇਨ੍ਹਾਂ ਨੂੰ ਤਰੱਕੀ ਦੀ ਪੌੜੀ ਬਣਾ ਲੈਂਦੇ ਹਨ ਉਨ੍ਹਾਂ ਦਾ ਇਹ ਦੁੱਖ ਕੁਝ ਨਹੀਂ ਵਿਗਾੜ ਸਕਦੇ ਪਰ ਕਮਜ਼ੋਰ ਬਿਰਤੀ ਵਾਲੇ ਲੋਕ ਇਨ੍ਹਾਂ ਨੂੰ ਆਪਣੇ ਮਨ ‘ਤੇ ਲਾ ਲੈਂਦੇ ਹਨ। ਅਜਿਹੇ ਲੋਕਾਂ ਨੂੰ ਤਣਾਅ, ਪਰੇਸ਼ਾਨੀ ਤੇ ਮਾਨਸਿਕ ਪੀੜਾ ਨਾਸੂਰ ਜ਼ਖਮ ਵਾਂਗ ਤੜਫਾਉਣਾ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਦੇ ਘਰ ਦਾ ਮਾਹੌਲ ਵੀ ਤਣਾਅ ਤੇ ਖਿੱਚ-ਧੂਹ ਭਰਿਆ ਹੋ ਜਾਂਦਾ ਹੈ ਜੋ ਵਿਅਕਤੀ ਦੇ ਸਵੈ-ਭਰੋਸੇ ਨੂੰ ਹਿਲਾ ਦਿੰਦਾ ਹੈ।
ਵਿਅਕਤੀ ਜੀਵਨ ਦੇ ਕਈ ਮਹੱਤਵਪੂਰਨ ਕੰਮ ਨਹੀਂ ਕਰ ਪਾਉਂਦਾ। ਜੀਵਨ ‘ਚੋਂ ਖੁਸ਼ੀਆਂ ਦੇ ਪਲ ਕਿਰਨੇ ਸ਼ੁਰੂ ਹੋ ਜਾਂਦੇ ਹਨ ਤੇ ਇੱਕੋ ਤੋਰੇ ਤੁਰਦੀ ਜ਼ਿੰਦਗੀ ਬੇਸੁਆਦੀ ਹੋ ਜਾਂਦੀ ਹੈ। ਹੱਸਦੇ-ਵੱਸਦੇ ਘਰ ਤਬਾਹ ਹੋ ਜਾਂਦੇ ਹਨ ਤੇ ਅਜਿਹੇ ਵਿਅਕਤੀ ਆਪਣੀ ਮੰਜ਼ਿਲ ਵੱਲ ਵਧਣ ਦੀ ਥਾਂ ਡਗਮਗਾਉਣ ਲੱਗਦੇ ਹਨ।
ਦੁੱਖ ਹਰ ਵਿਅਕਤੀ ਦੇ ਜੀਵਨ ਵਿਚ ਹੁੰਦੇ ਹਨ ਪਰ ਸਾਨੂੰ ਇੰਝ ਲੱਗਣ ਲੱਗ ਪੈਂਦਾ ਹੈ ਕਿ ਇਹ ਸਿਰਫ਼ ਸਾਡੇ ਹਿੱਸੇ ਹੀ ਆਏ ਹਨ। ਅਜਿਹੇ ਵਿਚਾਰਾਂ ਨਾਲ ਉਦਾਸੀ ਉਨ੍ਹਾਂ ਦੇ ਚਿਹਰਿਆਂ ‘ਤੇ ਪੱਕਾ ਡੇਰਾ ਲਾ ਲੈਂਦੀ ਹੈ। ਉਨ੍ਹਾਂ ਨੂੰ ਕਿਸੇ ਪਾਸੇ ਤੋਂ ਵੀ ਚਾਨਣ ਦੀ ਕਿਰਨ ਦਿਖਾਈ ਨਹੀਂ ਦਿੰਦੀ। ਅਜਿਹੇ ਵਿਅਕਤੀ ਹਰ ਵੇਲੇ, ਹਰ ਕਿਸੇ ਕੋਲ ਆਪਣੇ ਦੁੱਖਾਂ ਦਾ ਹੀ ਰੋਣਾ ਰੋਂਦੇ ਰਹਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਦੁੱਖ ਦੂਰ ਨਹੀਂ ਹੁੰਦੇ ਬਲਕਿ ਲੋਕਾਂ ਲਈ ਮਜ਼ਾਕ ਦਾ ਪਾਤਰ ਹੀ ਬਣਦੇ ਹਨ।
ਸਿਆਣੇ ਕਹਿੰਦੇ ਹਨ, ਜੋ ਵਿਅਕਤੀ ਹਰ ਵੇਲੇ ਦੁੱਖਾਂ ਦਾ ਰੋਣਾ ਰੋਂਦੇ ਰਹਿੰਦੇ ਹਨ, ਉਨ੍ਹਾਂ ਦੇ ਦਰਵਾਜ਼ੇ ‘ਤੇ ਖੜ੍ਹੇ ਸੁਖ ਵੀ ਬਾਹਰੋਂ ਹੀ ਮੁੜ ਜਾਂਦੇ ਹਨ। ਇਸ ਲਈ ਹਰ ਕਿਸੇ ਨਾਲ ਆਪਣਾ ਦੁੱਖ ਸਾਂਝਾ ਨਾ ਕਰਿਆ ਕਰੋ ਕਿਉਂਕਿ ਜ਼ਰੂਰੀ ਨਹੀਂ ਕਿ ਤੁਹਾਡੇ ਦੁੱਖ ਸੁਣਨ ਵਾਲਾ ਤੁਹਾਡਾ ਵਿਸ਼ਵਾਸਪਾਤਰ ਹੀ ਹੋਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦੁਖਦਾਈ ਵਿਚਾਰਾਂ ਨਾਲ ਕੇਵਲ ਦੁੱਖ ਹੀ ਮਿਲੇਗਾ।
ਇਸ ਲਈ ਆਪਣੇ ਦੁੱਖਾਂ ਦਾ ਚਿੰਤਨ ਕਰਦੇ ਹੋਏ, ਆਪਣੇ ਵਿਚਾਰਾਂ ਵਿਚ ਤਬਦੀਲੀ ਕਰ ਲੈਣ ਨਾਲ ਜੀਵਨ ਵਿਚਲੇ ਟੇਢੇ-ਮੇਢੇ ਰਾਹਾਂ ‘ਤੇ ਚੱਲਣਾ ਅਸਾਨ ਹੋ ਜਾਂਦਾ ਹੈ। ਦੁੱਖ ਸਾਡੀ ਜ਼ਿੰਦਗੀ ਦੀ ਅਹਿਮ ਸੱਚਾਈ ਹਨ। ਜੋ ਵਿਅਕਤੀ ਇਸ ਗੱਲ ਨੂੰ ਸਮਝ ਲੈਂਦੇ ਹਨ ਉਹ ਇਨ੍ਹਾਂ ਤੋਂ ਛੁਟਕਾਰਾ ਪਾ ਲੈਂਦੇ ਹਨ ਤੇ ਜੋ ਨਹੀਂ ਸਮਝਦੇ ਉਹ ਸਾਰੀ ਉਮਰ ਇਨ੍ਹਾਂ ਨਾਲ ਜੁੜੇ ਦਰਦਾਂ ਦੀ ਚੱਕੀ ਵਿਚ ਪਿਸਦੇ ਰਹਿੰਦੇ ਹਨ।
ਦੁੱਖ ਜ਼ਿੰਦਗੀ ਦਾ ਕਦੇ ਨਾ ਬਦਲਣ ਵਾਲਾ ਸੱਚ ਹਨ। ਇੱਛਾ ਮੁਤਾਬਕ ਨਾ ਹੋਣਾ ਤੇ ਅਣਚਾਹਿਆ ਹੋ ਜਾਣਾ ਹੀ ਦੁੱਖਾਂ ਦੀ ਅਸਲੀ ਜੜ੍ਹ ਹੈ। ਜੇਕਰ ਅਸੀਂ ਆਪਣੇ ਦੁੱਖਾਂ ਬਾਰੇ ਖੁਦ ਹੀ ਗਹੁ ਨਾਲ ਵਿਚਾਰੀਏ ਤਾਂ ਮਹਿਸੂਸ ਕਰਾਂਗੇ ਕਿ ਬਹੁਤ ਸਾਰੇ ਦੁੱਖਾਂ ਦੇ ਤਾਂ ਅਸੀਂ ਖੁਦ ਹੀ ਜ਼ਿੰਮੇਵਾਰ ਹਾਂ। ਸਾਡਾ ਸਾਰਾ ਧਿਆਨ ਕੇਵਲ ਜਿੱਤ ਵੱਲ ਹੀ ਲੱਗਾ ਹੁੰਦਾ ਹੈ ਕਿਉਂਕਿ ਬਚਪਨ ਤੋਂ ਇੱਕੋ ਗੱਲ ਹੀ ਸਾਡੇ ਮਨ ਵਿਚ ਬਿਠਾ ਦਿੱਤੀ ਜਾਂਦੀ ਹੈ ਕਿ ਜ਼ਿੰਦਗੀ ਵਿਚ ਜਿੱਤਣਾ ਲਾਜ਼ਮੀ ਹੈ ਜਿਸ ਕਾਰਨ ਹਾਰ ਹੋ ਜਾਣ ‘ਤੇ ਅਸੀਂ ਦੁਖੀ ਹੋ ਜਾਂਦੇ ਹਾਂ।
ਕਈ ਵਾਰ ਅਸੀਂ ਬੇਲੋੜੀਆਂ ਬਹਿਸਾਂ, ਖਾਹ-ਮਖਾਹ ਦੀਆਂ ਗੱਪਾਂ ਵਿਚ ਹੀ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਰਹਿੰਦੇ ਹਾਂ ਜਿਸ ਕਾਰਨ ਆਪਣੇ ਕਈ ਮਹੱਤਵਪੂਰਨ ਕੰਮ ਕਰ ਨਹੀਂ ਪਾਉਂਦੇ ਜਿਨ੍ਹਾਂ ਦਾ ਬਾਅਦ ਵਿਚ ਪਛਤਾਵਾ ਹੀ ਲੱਗਾ ਰਹਿੰਦਾ ਹੈ।
ਭਵਿੱਖ ਪ੍ਰਤੀ ਲੋੜ ਤੋਂ ਵੱਧ ਚਿੰਤਾ ਤੇ ਬੀਤੇ ਸਮੇਂ ਨਾਲ ਲੋੜ ਤੋਂ ਵੱਧ ਆਕਰਸ਼ਣ, ਇਨ੍ਹਾਂ ਦੋਵਾਂ ਸਥਿਤੀਆਂ ਵਿਚ ਅਸੀਂ ਇੰਨਾ ਜ਼ਿਆਦਾ ਅਸੰਤੁਲਿਤ ਰਹਿੰਦੇ ਹਾਂ ਕਿ ਵਰਤਮਾਨ ਵਿਚ ਅਸਹਿਜ਼ਤਾ ਮਹਿਸੂਸ ਕਰਨ ਲੱਗਦੇ ਹਾਂ ਤੇ ਖੁਦ ਨੂੰ ਹੀਣ ਸਮਝਣ ਲੱਗ ਪੈਂਦੇ ਹਾਂ। ਸਾਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਜੀਵਨ ਇੱਕ ਵਹਾਅ ਵਾਂਗ ਉੱਪਰ-ਹੇਠਾਂ ਚੱਲਦਾ ਰਹਿੰਦਾ ਹੈ ਅਰਥਾਤ ਸੁੱਖ-ਦੁੱਖ, ਹਾਰ-ਜਿੱਤ।
ਬਦਕਿਸਮਤੀ ਇਹ ਹੈ ਕਿ ਅਸੀਂ ਜੀਵਨ ਦੇ ਵਹਾਅ ਵਿਚ ਵਹਿਣ ਤੋਂ ਖੁਦ ਨੂੰ ਮਨ੍ਹਾ ਕਰ ਦਿੱਤਾ ਹੈ। ਇਹੋ ਹੀ ਸਾਡੇ ਦੁੱਖਾਂ ਦਾ ਮੁੱਖ ਕਾਰਨ ਹੈ। ਭਾਉਂਦੇ ਫਿਰਨਾ ਭੌਰੇ ਦੀ ਜ਼ਿੰਦਗੀ ਹੈ। ਉਹ ਫੁੱਲ ਕੋਲ ਜਾਂਦਾ ਹੈ, ਰਸ ਮਿਲਿਆ ਤਾਂ ਪੀ ਲਿਆ ਜੇ ਨਹੀਂ ਮਿਲਿਆ ਤਾਂ ਕੋਈ ਗਿਲਾ-ਸ਼ਿਕਵਾ ਨਹੀਂ। ਨਾ ਮਿਲਣ ‘ਤੇ ਉਹ ਦੁੱਖ ਨਹੀਂ ਪ੍ਰਗਟਾਉਂਦਾ। ਇਸੇ ਤਰ੍ਹਾਂ ਜੇਕਰ ਮਨੁੱਖ ਵੀ ਜੀਵਨ ਰੂਪੀ ਬਾਗ ਵਿਚ ਭੋਰੇ ਵਰਗੀ ਜੀਵਨਸ਼ੈਲੀ ਅਪਣਾ ਲਵੇ ਤਾਂ ਬਹੁਤੇ ਦੁੱਖਾਂ ਦਾ ਹੱਲ ਹੋਣ ਲੱਗ ਪਵੇਗਾ।
ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਸੁਮੇਲ ਹੈ ਜਿਸ ਵਿਚ ਕਦੇ ਖੁਸ਼ੀ ਤੇ ਕਦੇ ਗਮੀ ਪਰਤਣਾ ਜੀਵਨ ਦੇ ਰੰਗ ਹਨ। ਜੋ ਵਿਅਕਤੀ ਇਸ ਗੱਲ ਨੂੰ ਸਮਝ ਲੈਂਦੇ ਹਨ ਤੇ ਹੱਸਦੇ-ਗਾਉਂਦੇ ਹੋਏ ਆਪਣੇ ਕੰਮਾਂ ਵਿਚ ਮਗਨ ਰਹਿੰਦੇ ਹਨ ਦੁੱਖ ਉਨ੍ਹਾਂ ਵੱਲ ਵਧਣ ਦਾ ਜੇਰਾ ਵੀ ਨਹੀਂ ਕਰਦੇ। ਇਸ ਲਈ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ।
ਸਿਆਣੇ ਕਹਿੰਦੇ ਹਨ, ਦੁੱਖ ਤਾਂ ਸਾਨੂੰ ਚੜ੍ਹਦੀ ਕਲਾ ਤੇ ਜਿੱਤ ਬਾਰੇ ਸੋਚਣ ਦੀ ਹਿੰਮਤ ਬਖਸ਼ਦੇ ਹਨ। ਇਨ੍ਹਾਂ ਦੀ ਭੱਠੀ ਵਿਚ ਤਪ ਕੇ ਹੀ ਸੁਖ ਵੱਧ ਪ੍ਰਭਾਵਸ਼ਾਲੀ, ਅਨੰਦਦਾਇਕ ਤੇ ਦਿਲਚਸਪ ਮਹਿਸੂਸ ਹੋਣ ਲੱਗਦੇ ਹਨ। ਇਹ ਤਾਂ ਸੁੱਖਾਂ ਦੇ ਕਿਲ੍ਹੇ ਦੇ ਜ਼ਿੰਦਰੇ ਦੀ ਚਾਬੀ ਤੇ ਜੀਵਨ ਰੂਪੀ ਬਾਗ ਵਿਚ ਖਿੜੇ ਹੋਏ ਸੁਖ ਰੂਪੀ ਫੁੱਲਾਂ ਦੀ ਢਾਲ ਹਨ। ਇਸ ਲਈ ਇਨ੍ਹਾਂ ਤੋਂ ਕਾਹਦਾ ਘਬਰਾਉਣਾ। ਜੇਕਰ ਇਨਸਾਨ ਦੁੱਖਾਂ ਤੇ ਸੁਖਾਂ ਦੋਵਾਂ ਨੂੰ ਜੀਵਨ ਦਾ ਹਿੱਸਾ ਮੰਨਦੇ ਹੋਏ ਇਨ੍ਹਾਂ ਵਿਚ ਸੰਤੁਲਿਤ ਹੋ ਕੇ ਚੱਲੇ ਤਾਂ ਹੀ ਉਹ ਜੀਵਨ ਦਾ ਅਸਲੀ ਆਨੰਦ ਲੈ ਸਕਦਾ ਹੈ।
ਇਸ ਲਈ ਦੋਸਤੋ, ਐਵੇਂ ਨਾ ਹਰ ਕਿਸੇ ਅੱਗੇ ਆਪਣੇ ਦੁੱਖਾਂ ਦਾ ਰੋਣਾ ਰੋਂਦੇ ਰਿਹਾ ਕਰੋ ਬਲਕਿ ਉਸਾਰੂ ਤੇ ਸੁਚਾਰੂ ਤਰੀਕੇ ਨਾਲ ਆਪਣੀ ਸੋਚ ਦੀ ਕਾਇਆ-ਕਲਪ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਵੇਂ-ਨਰੋਏ ਵਿਚਾਰਾਂ ਨੂੰ ਆਪਣੇ ਮਨਾਂ ਵਿਚ ਵਸਾਈਏ ਤੇ ਇਤਰਾਜ਼ਾਂ ਤੇ ਔਕੜਾਂ ਤੋਂ ਨਾ ਘਰਾਉਂਦੇ ਹੋਏ ਹੱਸਦੇ ਹੋਏ ਜੀਵੀਏ
ਰਣਜੀਤ ਐਵੇਨਿਊ, ਅੰਮ੍ਰਿਤਸਰ
ਕੈਲਾਸ਼ ਚੰਦਰ ਸ਼ਰਮਾ
ਮੋ. 98774-66607
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ