ਅੱਜ ਅਸੀਂ ਇੱਕ ਸਤਿਹੀ ਸਮਾਜ ‘ਚ ਵਿਚਰ ਰਹੇ ਹਾਂ। ਬਾਹਰੀ ਦਿੱਖ ਕਦੇ ਵੀ ਕਿਸੇ ਵਸਤੂ ਜਾਂ ਸਖਸ਼ੀਅਤ ਦਾ ਮਾਪਦੰਡ ਨਹੀਂ ਹੋ ਸਕਦੀ। ਜਿਸ ਤਰ੍ਹਾਂ ਕਿਸੇ ਕਿਤਾਬ ਦੀ ਗੁਣਵੱਤਾ ਦਾ ਅੰਦਾਜ਼ਾ ਉਸਦੀ ਜਿਲਦ ਜਾਂ ਕਾਗਜ਼ ਨੂੰ ਵਾਚ ਕੇ ਨਹੀਂ ਲਗਾਇਆ ਜਾ ਸਕਦਾ ਓਸੇ ਤਰ੍ਹਾਂ ਹੀ ਬਾਹਰੀ ਦਿੱਖ ਤੋਂ ਕਿਸੇ ਸਖਸ਼ੀਅਤ ਦਾ ਅੰਦਾਜ਼ਾ ਲਗਾਉਣਾ ਵੀ ਗਲਤ ਸਾਬਤ ਹੋ ਸਕਦਾ ਹੈ।
ਇਸ ਤੱਥ ਦੀ ਜਾਣਕਾਰੀ ਮੈਨੂੰ ਉਦੋਂ ਮਿਲੀ ਜਦੋਂ ਮਂੈ ਅਜੇ ਛੇਵੀਂ ਜਮਾਤ ਦੀ ਵਿਦਿਆਰਥਣ ਸੀ। ਅੰਗਰੇਜ਼ੀ ਮਾਧਿਅਮ ਦੇ ਸਕੂਲ ਉਸ ਸਮੇਂ ਪ੍ਰਚੱਲਿਤ ਨਹੀਂ ਸਨ, ਅਤੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਭਾਸ਼ਾ ਛੇਵੀਂ ਜਮਾਤ ਤੋਂ ਲਾਗੂ ਹੁੰਦੀ ਸੀ। ਭਾਵੇਂ ਮੇਰੇ ਕੋਲ ਅੰਗਰੇਜ਼ੀ ਦਾ ਸ਼ਬਦ ਭੰਡਾਰ ਅਜੇ ਘੱਟ ਸੀ ਤੇ ਵਿਆਕਰਨ ਦੀ ਵੀ ਬਹੁਤੀ ਮੁਹਾਰਤ ਨਹੀਂ ਸੀ, ਪਰ ਜੋੜ-ਤੋੜ ਕੇ ਅੰਗਰੇਜ਼ੀ ਬੋਲਣਾ ਬਹੁਤ ਚੰਗਾ ਲੱਗਦਾ ਸੀ, ਖਾਸ ਕਰਕੇ ਉਸ ਸਥਿਤੀ ‘ਚ ਜਦੋਂ ਸਾਹਮਣੇ ਵਾਲਾ ਘੱਟ ਪੜ੍ਹਿਆ ਜਾਂ ਅਨਪੜ੍ਹ ਹੁੰਦਾ।
ਤੀਰਥਾ (ਅਖਬਾਰਾਂ ਵਾਲਾ) ਦਿਨ ਚੜ੍ਹਦੇ ਸਾਰ ਹੀ ਬੂਹੇ ‘ਤੇ ਆ ਉੱਚੀ ਆਵਾਜ਼ ਵਿੱਚ ਪੰਜਾਬੀ ਦਾ ਇੱਕ ਅਖਬਾਰ ਚੁੱਕ ਕੇ ਲੈ ਜਾਣ ਲਈ ਆਖਦਾ ਤਾਂ ਅਸੀਂ ਇੱਕ-ਦੂਜੇ ਤੋਂ ਮੂਹਰੇ ਦੌੜ ਲੈਂਦੇ। ਉਸ ਦੀ ਉੱਚੀ ਆਵਾਜ਼ ਗੁਆਂਢ ਵਿੱਚ ਰਹਿੰਦੀ ਪਾਲੋ ਭੂਆ ਨੂੰ ਸੁਣ ਜਾਂਦੀ ਤਾਂ ਉਹ ਸਾਡੇ ਤੋਂ ਵੀ ਪਹਿਲਾਂ ਆ ਕੇ ਅਖਬਾਰ ਪੜ੍ਹਨ ਲਈ ਚੁੱਕ ਕੇ ਲੈ ਜਾਂਦੀ। ਪਾਲੋ ਭੂਆ ਦੀ ਉਮਰ ਉਸ ਸਮਂ 70-75 ਸਾਲ ਦੀ ਹੋਵੇਗੀ ਅਤੇ ਉਹ ਉਨ੍ਹੀਂ ਦਿਨੀਂ ਆਪਣੀ ਬਜ਼ੁਰਗ ਮਾਂ ਨੂੰ ਸਾਂਭਣ ਲਈ ਪਿੰਡ ਆਈ ਹੋਈ ਸੀ।
ਸ਼ਾਇਦ ਉਸ ਕੋਲ ਐਨਕ ਨਹੀਂ ਸੀ ਤੇ ਅਖਬਾਰ ਪੜ੍ਹਨ ਲਈ ਉਸ ਨੇ ਇੱਕ ਵੱਡਾ ਲੈਂਜ਼ ਰੱਖਿਆ ਹੋਇਆ ਸੀ। ਉਹ ਅਖਬਾਰ ਦਾ ਅੱਖਰ-ਅੱਖਰ ਪੜ੍ਹ ਕੇ ਘੰਟੇ ਡੇਢ ਕੁ ਘੰਟੇ ਬਾਅਦ ਵਾਪਸ ਕਰ ਜਾਂਦੀ। ਉਸ ਦਾ ਹਰ ਰੋਜ਼ ਦਾ ਇਹ ਵਰਤਾਰਾ ਮੇਰੇ ਲਈ ਤਣਾਅ ਦਾ ਕਾਰਨ ਸੀ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਅਸੀਂ ਤੀਰਥੇ ਨੂੰ ਇਹ ਕਹਿ ਦਿੱਤਾ ਕਿ ਓਹ ਕੱਲ੍ਹ ਤੋਂ ਉੱਚੀ ਆਵਾਜ਼ ਵਿੱਚ ਅਖਬਾਰ ਚੁੱਕਣ ਲਈ ਨਾ ਕਹੇ, ਸਗੋਂ ਇਸ਼ਾਰੇ ਦੀ ਵਰਤੋਂ ਕਰੇ। ਤੀਰਥੇ ਨੇ ਇਸੇ ਤਰ੍ਹਾਂ ਹੀ ਕੀਤਾ, ਪਰ ਪਾਲੋ ਭੂਆ ਨੂੰ ਫਿਰ ਵੀ ਭਿਣਕ ਪੈ ਗਈ। ਓਹ ਦੱਬੀ ਪੈੜ ਆ ਰਹੀ ਸੀ ਤਾਂ ਮੈ ਵੱਡੀ ਭੈਣ ਨੂੰ ਸ਼ੀ ਇਜ ਕਮਿੰਗ ਕਹਿ ਕੇ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹ ਅਖਬਾਰ ਇੱਧਰ ਉੱਧਰ ਕਰ ਸਕੇ ਪਰ ਸਾਡੀ ਇਹ ਕੋਸ਼ਿਸ਼ ਵੀ ਅਸਫਲ ਰਹੀ। ਉਹ ਚੁੱਪ ਚਪੀਤੇ ਅਖਬਾਰ ਚੁੱਕ ਕੇ ਤੁਰਦੀ ਬਣੀ। ਮੇਰਾ ਅੰਦਾਜ਼ਾ ਸੀ ਕਿ ਸਿੱਧੀ ਸਾਦੀ ਦਿੱਖ ਵਾਲੀ ਪੇਂਡੂ ਔਰਤ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਹੋਵੇਗੀ।
ਅਗਲੇ ਦਿਨ ਜਦੋਂ ਮੈ ਸਕੂਲੋਂ ਵਾਪਿਸ ਆ ਰਹੀ ਸੀ ਤਾਂ ਭੂਆ ਨੇ ਮੈਨੂੰ ਆਪਣੇ ਕੋਲ ਬੁਲਾਇਆ। ਉਸ ਨੇ ਅੰਗਰੇਜ਼ੀ ਦਾ ਇੱਕ ਵਾਕ ਬੋਲਿਆ ਤੇ ਮੈਨੂੰ ਉਸਦਾ ਪੰਜਾਬੀ ਉਲੱਥਾ ਕਰਨ ਲਈ ਕਿਹਾ, ਜੋ ਕਿ ਮੈਂ ਨਹੀਂ ਕਰ ਸਕੀ। ਮੈਂ ਪਾਲੋ ਭੂਆ ਦਾ ਉਚਾਰਿਆ ਵਾਕ ਨੈਵਰ ਜੱਜ ਏ ਬੁੱਕ ਬਾਏ ਇਟਸ ਕਵਰਵਾਰ ਦੁਰਹਾਉਂਦੀ ਹੋਈ ਘਰ ਪਹੁੰਚ ਗਈ ਤੇ ਵੀਰ ਜੀ ਕੋਲੋਂ ਇਸਦੀ ਪੰਜਾਬੀ ਜਾਨਣੀ ਚਾਹੀ। ਸਹੀ ਪੰਜਾਬੀ ਅਨੁਵਾਦ ਪਤਾ ਚੱਲਣ ‘ਤੇ ਮੈਨੂੰ ਆਪਣੇ ਆਪ ‘ਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ।
ਭੂਆ ਵੱਲੋਂ ਪਹਿਲੇ ਦਿਨ ਵਾਲੇ ਮੇਰੇ ਦੁਆਰਾ ਬੋਲੇ ਅੰਗਰੇਜ਼ੀ ਦੇ ਵਾਕ ਦਾ ਇਹ ਜਵਾਬੀ ਪ੍ਰਤੀਕਰਮ ਸੀ, ਅਤੇ ਭਵਿੱਖ ਲਈ ਮੇਰੇ ਲਈ ਬਹੁਤ ਵੱਡੀ ਨਸੀਹਤ ਵੀ। ਬਾਅਦ ‘ਚ ਪਤਾ ਲੱਗਿਆ ਕਿ ਭੂਆ ਦਾ ਬਚਪਨ ਵਿਦੇਸ਼ ਵਿੱਚ ਬੀਤਿਆ ਸੀ ਤੇ ਉਸਨੇ ਅੰਗਰੇਜ਼ੀ ਮਾਧਿਅਮ ‘ਚ ਪੜ੍ਹਾਈ ਕੀਤੀ ਸੀ। ਮੈਨੂੰ ਨਹੀਂ ਸੀ ਪਤਾ ਕਿ ਕਾਲਰਾਂ ਵਾਲੀ ਕੁੜਤੀ ਪਾਉਣ ਵਾਲੀ ਇਹ ਸਾਦੀ ਜਿਹੀ ਔਰਤ ਕੋਲ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਵੀ ਹੋਵੇਗੀ। ਅੱਜ ਸਭ ਕੁੱਝ ਬਨਾਵਟੀ ਹੋ ਕੇ ਰਹਿ ਗਿਆ ਹੈ, ਭਾਵੇਂ ਕੋਈ ਵਸਤੂ ਹੋਵੇ ਜਾਂ ਸਖਸ਼ੀਅਤ। ਬਾਹਰੀ ਦਿੱਖ ਦੀ ਚਕਾਚੌਂਧ ਵਿੱਚੋਂ ਅਕਸਰ ਜਦੋਂ ਵੀ ਭੁਲੇਖਾ ਉਪਜਦਾ ਹੈ ਤੇ ਮਨ ਦੁਚਿੱਤੀ ਵਿੱਚ ਫਸ ਜਾਂਦਾ ਹੈ ਤਾਂ ਪਾਲੋ ਭੂਆ ਦਾ ਸ਼ੈਤਾਨੀ ਨਾਲ ਮੁਸਕਰਾਉਂਦਾ ਚਿਹਰਾ ਯਾਦ ਆਉਂਦਾ ਹੈ ਜਿਵੇਂ ਉਹ ਇਹੀ ਕਹਿ ਰਹੀ ਹੋਵੇ, ਦੇਖੀਂ! ਕਿਤਾਬ ਬਾਰੇ ਫੈਸਲਾ ਜਿਲਦ ਦੇਖ ਕੇ ਨਾ ਕਰੀਂ।