ਆਖ਼ਰ ਇੱਕ ਰੁੱਖ ਦੀ ਕੀਮਤ ਕਿੰਨੀ ਹੁੰਦੀ ਹੋਵੇਗੀ? ਕਿਸੇ ਰੁੱਖ ਦਾ ਰੇਟ ਤੈਅ ਕਰਨ ਦੇ ਕਿੰਨੇ ਆਧਾਰ ਹੋ ਸਕਦੇ ਹਨ? ਰੁੱਖ ਕਿੰਨੀ ਵੱਖ-ਵੱਖ ਅਹਿਮੀਅਤ ਰੱਖਦੇ ਹਨ? ਅਜਿਹੇ ਹੀ ਸਵਾਲਾਂ ਦਾ ਜਵਾਬ ਜਾਣਨ ਲਈ ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਕਮੇਟੀ ਦਾ ਗਠਨ ਕੀਤਾ ਕਿਉਂਕਿ ਇੱਕ ਪੁਲ ਬਣਾਉਣ ਲਈ ਕਰੀਬ 300 ਰੁੱਖ ਵੱਢੇ ਜਾਣ ਦਾ ਮਾਮਲਾ ਸੁਪਰੀਮ ਕੋਰਟ ’ਚ ਸੀ। ਇਸ ਕਮੇਟੀ ਦੇ ਮੁਲਾਂਕਣ ਮੁਤਾਬਿਕ, ਕਿਸੇ ਵੀ ਇੱਕ ੈਿਜਉਂਦੇ ਰੁੱਖ ਦੀ ਕੀਮਤ 74 ਹਜ਼ਾਰ 500 ਰੁਪਏ ਸਾਲਾਨਾ ਹੋ ਸਕਦੀ ਹੈ ਅਤੇ ਹਰ ਸਾਲ ਬੀਤਣ ਦੇ ਨਾਲ ਹੀ ਉਸ ਦੀ ਕੀਮਤ ’ਚ ਇਹ ਰਾਸ਼ੀ ਜੁੜ ਜਾਂਦੀ ਹੈ। (Value of a Tree)
ਕਮੇਟੀ ਦੀ ਰਿਪੋਰਟ ਮੁਤਾਬਿਕ, ਇਨ੍ਹਾਂ 300 ਰੁੱਖਾਂ ਦੀ ਕੀਮਤ ਕਰੀਬ 2.2 ਅਰਬ ਰੁਪਏ ਬੈਠਦੀ ਹੈ। ਕਮੇਟੀ ਅਨੁਸਾਰ, ਕਿਸੇ ਵੀ ਰੁੱਖ ਦੀ ਕੀਮਤ ਬਜ਼ਾਰ ’ਚ ਲੱਕੜ ਦੀ ਕੀਮਤ ਤੋਂ ਇਲਾਵਾ ਉਸ ਵੱਲੋਂ ਦਿੱਤੀ ਜਾ ਰਹੀ ਅਕਸੀਜ਼ਨ, ਕੰਪੋਸਟ, ਸੁਵਿਧਾ ਅਤੇ ਉਸ ਦੀ ਉਮਰ ਦੇ ਆਧਾਰ ’ਤੇ ਹੀ ਤੈਅ ਕੀਤੀ ਜਾ ਸਕਦੀ ਹੈ। ਅਜਿਹੇ ’ਚ ਇੱਕ ਰੁੱਖ ਦੀ ਕੀਮਤ 74 ਹਜ਼ਾਰ 500 ਰੁਪਏ ਸਾਲਾਨਾ ਬਣਦੀ ਹੈ, ਤਾਂ ਉਸ ’ਚ ਅਕਸੀਜ਼ਨ ਦੀ ਕੀਮਤ 45 ਹਜ਼ਾਰ, ਉਰਵਰਕਾਂ ਦੀ ਕੀਮਤ 20 ਹਜ਼ਾਰ ਤੇ ਬਾਕੀ ਲੱਕੜ ਦੀ ਕੀਮਤ ਹੋਵੇਗੀ। ਜਿਨ੍ਹਾਂ ਰੁੱਖਾਂ ਦੀ ਰਿਪੋਰਟ ਤਿਆਰ ਹੋਈ ਹੈ ਉਨ੍ਹਾਂ ਦੀ ਉਮਰ 100 ਸਾਲ ਤੱਕ ਮੰਨੀ ਗਈ ਹੈ ਅਤੇ ਉਸ ਆਧਾਰ ’ਤੇ ਕੀਮਤ ਤੈਅ ਹੋਈ ਹੈ। (Value of a Tree)
ਰੀਸਾਈਕਲ ਕਰਨ ਅਤੇ ਹਵਾ ਸ਼ੁੱਧ ਕਰਨ ਵਰਗੀਆਂ ਸੇਵਾਵਾਂ | Value of a Tree
ਹਾਲਾਂਕਿ ਇਸ ਤਰ੍ਹਾਂ ਕੀਮਤ ਦਾ ਮੁਲਾਂਕਣ ਕੋਈ ਪਹਿਲੀ ਵਾਰ ਵੀ ਨਹੀਂ ਕੀਤਾ ਗਿਆ ਹੈ। ਰੁੱਖ ਦੀ ਕੀਮਤ ਅਤੇ ਮਹੱਤਵ ਦੱਸਦਿਆਂ ਕਈ ਹੋਰ ਖੋਜਾਂ ਵੀ ਹੋਈਆਂ ਹਨ। ਪਹਿਲੀ ਵਾਰ 1979 ’ਚ ਕਲਕੱਤਾ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਤਾਰਕ ਮੋਹਨ ਦਾਸ ਨੇ ਇੱਕ ਅਧਿਐਨ ਕੀਤਾ ਸੀ, ਜਿਸ ’ਚ ਉਨ੍ਹਾਂ ਨੇ ਇੱਕ ਰੁੱਖ ਦੀ ਕੀਮਤ ਦੱਸੀ ਸੀ। ਡਾ. ਦਾਸ ਨੇ ਦੱਸਿਆ ਸੀ ਕਿ ਇੱਕ ਰੁੱਖ ਆਪਣੇ 50 ਸਾਲ ਦੇ ਜੀਵਨ ’ਚ 2 ਲੱਖ ਡਾਲਰ (ਉਸ ਸਮੇਂ ਦੀ ਦਰ ਦੇ ਹਿਸਾਬ ਨਾਲ ) ਦੀਆਂ ਸੇਵਾਵਾਂ ਦਿੰਦਾ ਹੈ।
ਇਨ੍ਹਾਂ ਸੇਵਾਵਾਂ ’ਚ ਅਕਸੀਜ਼ਨ ਦੀ ਪੈਦਾਇਸ਼, ਭੋਇੰ ਖੋਰ ਰੋਕਣ, ਮਿੱਟੀ ਉਪਜਾਊ ਬਣਾਉਣ, ਪਾਣੀ ਰੀਸਾਈਕਲ ਕਰਨ ਅਤੇ ਹਵਾ ਸ਼ੁੱਧ ਕਰਨ ਵਰਗੀਆਂ ਸੇਵਾਵਾਂ ਸ਼ਾਮਲ ਹਨ। ਜੇਕਰ 1979 ਦੀ ਕੀਮਤ ਦੀ ਮਹਿੰਗਾਈ ਦਰ ਨੂੰ ਧਿਆਨ ’ਚ ਰੱਖਦਿਆਂ ਗਣਨਾ ਕੀਤੀ ਜਾਵੇ ਤਾਂ ਅੱਜ ਇੱਕ ਰੁੱਖ ਦੀਆਂ ਸੇਵਾਵਾਂ ਦੀ ਕੀਮਤ ਕਰੀਬ 5 ਕਰੋੜ ਰੁਪਏ ਹੁੰਦੀ ਹੈ। ਇੱਕ ਹੋਰ ਅਧਿਐਨ ’ਚ ਦਿੱਲੀ ਗ੍ਰੀਨਸ ਨਾਂਅ ਦੀ ਇੱਕ ਐਨਜੀਓ ਨੇ 2013 ’ਚ ਦੱਸਿਆ ਸੀ ਕਿ ਇੱਕ ਤੰਦਰੁਸਤ ਰੁੱਖ ਦੀ ਸਾਲਾਨਾ ਕੀਮਤ ਸਿਰਫ਼ ਉਸ ਤੋਂ ਪ੍ਰਾਪਤ ਅਕਸੀਜ਼ਨ ਦੀ ਕੀਮਤ ਦੇ ਲਿਹਾਜ਼ ਨਾਲ 24 ਲੱਖ ਰੁਪਏ ਹੁੰਦੀ ਹੈ।
ਨਿਊਯਾਰਕ ਦੇ ਵਾਤਾਵਰਨ ਸੁਰੱਖਿਆ ਵਿਭਾਗ ਨੇ ਵੈਬਸਾਈਟ ’ਤੇ ਅਜਿਹੇ ਅੰਕੜੇ ਦਿੱਤੇ ਹਨ, ਜਿਨ੍ਹਾਂ ਅਨੁਸਾਰ ਪੌਦਾ ਲਾਉਣ ਤੋਂ ਬਾਅਦ ਆਪਣੇ 20 ਸਾਲਾਂ ’ਚ ਇੱਕ ਤੰਦਰੁਸਤ ਜਨਤਕ ਰੁੱਖ ਲਾਭ ’ਚ 96 ਡਾਲਰ ਪ੍ਰਦਾਨ ਕਰਦਾ ਹੈ ਅਤੇ ਜਿਸ ਨਾਲ 60 ਡਾਲਰ ਸਾਲਾਨਾ ਸ਼ੁੱਧ ਲਾਭ ਦਿੰਦਾ ਹੈ ਅਤੇ ਉਸ ’ਤੇ ਖਰਚ ਹੁੰਦੇ ਹਨ 36 ਡਾਲਰ। ਇਸ ਤਰ੍ਹਾਂ 40 ਸਾਲਾਂ ’ਚ ਇੱਕ ਸੌ ਤੰਦਰੁਸਤ ਰੁੱਖ, 364,000 ਡਾਲਰ ਦਾ ਲਾਭ ਪ੍ਰਦਾਨ ਕਰਦੇ ਹਨ ਅਤੇ ਜਿਸ ’ਤੇ ਕੇਵਲ 92000 ਡਾਲਰ ਦਾ ਖਰਚ ਕਰਨਾ ਹੁੰਦਾ ਹੈ, ਭਾਵ 40 ਸਾਲ ’ਚ ਸ਼ੁੱਧ ਲਾਭ ਹੋਇਆ 272,000 ਡਾਲਰ।
ਕਿੰਨੇ ਰੁੱਖ ਸੜੇ | Value of a Tree
ਖੈਰ, ਇਹ ਤਾਂ ਇੱਕ-ਇੱਕ ਰੁੱਖ ਅਨਮੋਲ ਹੈ, ਪਰ ਇਹ ਅੰਕੜੇ ਇਹ ਤਾਂ ਦੱਸਦੇ ਹੀ ਹਨ ਕਿ ਰੁੱਖ ਲਾਉਣ ਦਾ ਸਾਡਾ ਯਤਨ ਕਿੰਨਾ ਮਹੱਤਵਪੂਰਨ ਹੁੰਦਾ ਹੈ। ਹੁਣ ਇੱਥੇ ਰੋਚਕ ਗੱਲ ਇਹ ਹੈ ਕਿ ਜੇਕਰ ਇੱਕ ਰੁੱਖ ਦੀ ਕੀਮਤ ਐਨੀ ਹੈ, ਤਾਂ ਇੱਕ ਸੰਘਣੇ ਜੰਗਲ ਦੀ ਕੀਮਤ ਕਿੰਨੀ ਹੁੰਦੀ ਹੋਵੇਗੀ? ਸ਼ਾਇਦ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਜਿੰਨੀ। ਮਿਸਾਲ ਦੇ ਤੌਰ ’ਤੇ ਅਮੇਜਨ ਦੇ ਜੰਗਲਾਂ ਨੂੰ ਦੇਖਿਆ ਜਾ ਸਕਦਾ ਹੈ। ਸਾਲ 2019 ’ਚ ਇਨ੍ਹਾਂ ਜੰਗਲਾਂ ’ਚ ਭਿਆਨਕ ਅੱਗ ਲੱਗੀ ਅਤੇ ਕਰੀਬ 47 ਹਜ਼ਾਰ ਵਰਗ ਕਿਲੋਮੀਟਰ ਜੰਗਲੀ ਖੇਤਰ ਸੜ ਕੇ ਸੁਆਹ ਹੋ ਗਿਆ।
ਇੱਥੇ ਕਿੰਨੇ ਰੁੱਖ ਸੜੇ ਹੋਣਗੇ ਅਤੇ ਉਨ੍ਹਾਂ ਦੀ ਕੀਮਤ ਕਿੰਨੀ ਰਹੀ ਹੋਵੇਗੀ, ਕਿਉਂਕਿ ਇੱਥੇ ਦੁਨੀਆ ਦੇ ਸਭ ਤੋਂ ਵੱਡੇ ਬਰਸਾਤੀ ਜੰਗਲ ਹਨ। ਦੁਨੀਆ ਦੇ ਇੱਕ ਤਿਹਾਈ ਜੰਗਲ ਇਸ ਅਮੇਜਨ ਖੇਤਰ ’ਚ ਫੈਲੇ ਹਨ। ਇਹ ਦੱਖਣੀ ਅਮਰੀਕਾ ਤੋਂ ਲੈ ਕੇ ਬ੍ਰਾਜੀਲ ਤੱਕ ਕਰੀਬ 2.1 ਮਿਲੀਅਨ ਵਰਗ ਮੀਲ ਤੱਕ ਫੈਲੇ ਹੋਏ ਹਨ। ਇਨ੍ਹਾਂ ਅਮੇਜਨ ਬਰਸਾਤੀ ਜੰਗਲਾਂ ਨੂੰ ‘ਧਰਤੀ ਦੇ ਫੇਫੜੇ’ ਕਿਹਾ ਜਾਂਦਾ ਹੈ। ਇਨ੍ਹਾਂ ਬਰਸਾਤੀ ਜੰਗਲਾਂ ’ਚ ਕਰੀਬ ਤੀਹ ਹਜ਼ਾਰ ਪ੍ਰਜਾਤੀਆਂ ਦੇ ਰੁੱਖ ਹਨ ਅਤੇ ਨਾਲ ਹੀ ਇਨ੍ਹਾਂ ’ਚ ਵੱਸੀਆਂ ਪੰਛੀਆਂ, ਥਣਧਾਰੀਆਂ, ਕੀੜਿਆਂ, ਸੱਪਾਂ ਆਦਿ ਦੀਆਂ ਲੱਖਾਂ ਪ੍ਰਜਾਤੀਆਂ ਹਨ।
ਇਹ ਵੀ ਪੜ੍ਹੋ : ਸਰਦੂਲਗੜ੍ਹ ਪੁਲਿਸ ਨੇ ਕੁਝ ਘੰਟਿਆਂ ’ਚ ਹੀ ਚੋਰ ਨੂੰ ਸਮਾਨ ਸਮੇਤ ਕੀਤਾ ਗ੍ਰਿਫਤਾਰ
ਇਨ੍ਹਾਂ ਜੰਗਲਾਂ ਨਾਲ ਪੂਰੀ ਦੁਨੀਆ ਨੂੰ 20 ਫੀਸਦੀ ਅਕਸੀਜ਼ਨ ਪ੍ਰਾਪਤ ਹੁੰਦੀ ਹੈ ਅਤੇ ਹਰ ਸਾਲ ਕਰੀਬ 140 ਅਰਬ ਟਨ ਕਾਰਬਨ ਸੋਖਦੇ ਹਨ। ਇਹ ਇੱਕ ਤਰ੍ਹਾਂ ਗਲੋਬਲ ਵਾਰਮਿੰਗ ਅਤੇ ਕਾਰਬਨ ਤੋਂ ਬਚਾਅ ਲਈ ‘ਡਾਕਟਰ’ ਦਾ ਕੰਮ ਕਰਦੇ ਹਨ। ਤਾਂ ਜਾਹਿਰ ਹੈ ਕਿ ਇਨ੍ਹਾਂ ਦਾ ਮੁੱਲ ਕਿੰਨਾ ਮਾਪਿਆ ਜਾ ਸਕਦਾ ਹੈ? ਫਿਲਹਾਲ, ਮੱੁਲ ਤੋਂ ਇਲਾਵਾ ਮਹੱਤਵ ਦੱਸਣ ਵਾਲੀ ਖੋਜ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਰੁੱਖਾਂ ਦੇ ਮਹੱਤਵ ਨੂੰ ਕਿਸੇ ਕੀਮਤ ’ਚ ਮਾਪਣਾ ਐਨਾ ਸੌਖਾ ਨਹੀਂ ਹੈ। ਐਨਾ ਹੀ ਸਮਝ ਲਓ ਕਿ ਇੱਕ ਤੰਦਰੁਸਤ ਰੁੱਖ ਰੋਜ਼ਾਨਾ ਲਗਭਗ 230 ਲੀਟਰ ਅਕਸੀਜ਼ਨ ਛੱਡਦਾ ਹੈ, ਜਿਸ ਨਾਲ ਸੱਤ ਜਣਿਆਂ ਨੂੰ ਪ੍ਰਾਣ ਵਾਯੂ ਮਿਲ ਜਾਂਦੀ ਹੈ। ਹੁਣ ਜ਼ਿੰਦਗੀ ਤੋਂ ਕੀਮਤੀ ਭਲਾ ਕੀ ਹੋ ਸਕਦਾ ਹੈ।
ਨਿਊਯਾਰਕ ਵਾਤਾਵਰਨ ਸੁਰੱਖਿਆ ਵਿਭਾਗ ਮੁਤਾਬਿਕ ਇੱਕ ਸੌ ਰੁੱਖ ਪ੍ਰਤੀ ਸਾਲ 53 ਟਨ ਕਾਰਬਨ ਡਾਇਆਕਸਾਈਡ ਅਤੇ 430 ਪੌਂਡ ਹੋਰ ਹਵਾ ਪ੍ਰਦੂਸ਼ਕਾਂ ਨੂੰ ਹਟਾਉਂਦੇ ਹਨ। ਉੱਥੇ ਇੱਕ ਸੌ ਪਰਿਪੱਕ ਰੁੱਖ ਹਰ ਸਾਲ 139,000 ਗੈਲਨ ਬਰਸਾਤੀ ਪਾਣੀ ਨੂੰ ਭੰਡਾਰ ਕਰਦੇ ਹਨ। ਮਿਥੇ ਤਰੀਕੇ ਨਾਲ ਲਾਏ ਗਏ ਰੁੱਖ ਏਅਰ ਕੰਡੀਸ਼ਨਿੰਗ ਲਾਗਤ ’ਚ 56 ਫੀਸਦੀ ਤੱਕ ਬੱਚਤ ਕਰਦੇ ਹਨ। ਇਹ ਸਰਦੀ ਦੀਆਂ ਠੰਢੀਆਂ ਹਵਾਵਾਂ ਨੂੰ ਰੋਕਦੇ ਹਨ ਜਿਸ ਨਾਲ ਕਮਰੇ ’ਚ ਨਿੱਘ ਰੱਖਣ ਦੇ ਖਰਚ ’ਚ 3 ਫੀਸਦੀ ਤੱਕ ਬੱਚਤ ਹੋ ਸਕਦੀ ਹੈ। ਉੱਥੇ ਹਰੇਕ ਸਾਹਮਣੇ ਰੁੱਖ ਵਾਲੇ ਘਰ ਦੀ ਕੀਮਤ ’ਚ ਇੱਕ ਫੀਸਦੀ ਵਾਧਾ ਹੁੰਦਾ ਹੈ ਅਤੇ ਵੱਡੇ ਰੁੱਖ ਸੰਪੱਤੀ ਦੇ ਮੁੱਲ ’ਚ ਦਸ ਫੀਸਦੀ ਜੋੜ ਸਕਦੇ ਹਨ। ਸਭ ਤੋਂ ਵੱਡਾ ਲਾਭ ਊਰਜਾ ਬੱਚਤ ਅਤੇ ਉੱਚ ਜਾਇਦਾਦ ਮੁੱਲ ਹੈ। ਉੱਥੇ ਰੁੱਖਾਂ ਦਾ ਸਬੰਧ ਤਾਂ ਸਿਹਤ ਨਾਲ ਵੀ ਹੈ।
ਈਂਧਨ ਦੀ ਲਾਗਤ ਘੱਟ
ਕੁਝ ਸਮਾਂ ਪਹਿਲਾਂ ਜਾਰੀ ਇੱਕ ਰਿਪੋਰਟ ’ਚ ਯੂਕੇ ਦੀ ਡੀ ਮੋਂਟਫੋਰਟ ਯੂਨੀਵਰਸਿਟੀ ਦੀ ਵਾਤਾਵਰਨ ਮਨੋਵਿਗਿਆਨਕ ਮੇਲੀਸਾ ਮਸੇਰਲੇ ਦਾ ਕਹਿਣਾ ਹੈ ਕਿ ਸਾਡੀ ਪੜਤਾਲ ਦੱਸਦੀ ਹੈ ਕਿ ਸ਼ਹਿਰ ਦੀਆਂ ਗਲੀਆਂ ਦੇ ਰੁੱਖ, ਜੋ ਲੋਕਾਂ ਦੀ ਪਹੁੰਚ ਦੇ ਦਾਇਰੇ ’ਚ ਹੋਣ, ਆਰਥਿਕ ਤੌਰ ’ਤੇ ਵੱਖ-ਵੱਖ ਸਮਾਜਿਕ ਸਮੂਹਾਂ ’ਚ ਸਿਹਤ ਨਾਬਰਾਬਰੀ ਦੇ ਫ਼ਰਕ ਨੂੰ ਘੱਟ ਕਰਨ ’ਚ ਮੱਦਦ ਕਰ ਸਕਦੇ ਹਨ। ਅਸਟਰੇਲੀਆ ਦੀ ਨੈਨਸੀ ਬੇਕਹਮ ਆਪਣੇ ਖੋਜ ਪੱਤਰ ‘ਰੁੱਖਾਂ ਦਾ ਵਾਸਤਵਿਕ ਮੱੁਲ’ ’ਚ ਕਹਿੰਦੀ ਹੈ ਰੁੱਖ ਸਾਲ-ਦਰ-ਸਾਲ ਆਪਣਾ ਰੋਜ਼ਾਨਾ ਕੰਮ ਕਰਦੇ ਰਹਿੰਦੇ ਹਨ।
ਇਹ ਮਿੱਟੀ ਨੂੰ ਰੋਕੀ ਰੱਖਦੇ ਹਨ, ਪੋਸ਼ਕ ਤੱਤਾਂ ਦਾ ਨਵੀਂਕਰਨ ਕਰਦੇ ਹਨ, ਹਵਾ ਨੂੰ ਠੰਢਾ ਕਰਦੇ ਹਨ, ਹਵਾ ਦੇ ਵਹਾਅ ’ਚ ਬਦਲਾਅ ਕਰਦੇ ਹਨ, ਬਰਸਾਤ ਕਰਾਉਂਦੇ ਹਨ, ਜ਼ਹਿਰੀਲੇ ਪਦਾਰਥਾਂ ਨੂੰ ਸੋਖ਼ਦੇ ਹਨ, ਈਂਧਨ ਦੀ ਲਾਗਤ ਘੱਟ ਕਰਦੇ ਹਨ, ਸੀਵੇਜ ਨੂੰ ਬੇਅਸਰ ਕਰਦੇ ਹਨ, ਜਾਇਦਾਦ ਦੀ ਕੀਮਤ ਵਧਾਉਂਦੇ ਹਨ, ਸੈਰ-ਸਪਾਟਾ ਵਧਾਉਂਦੇ ਹਨ, ਮਨੋਰੰਜਨ ਨੂੰ ਹੱਲਾਸ਼ੇਰੀ ਦਿੰਦੇ ਹਨ, ਤਣਾਅ ਘੱਟ ਕਰਦੇ ਹਨ, ਸਿਹਤ ਬਿਹਤਰ ਕਰਦੇ ਹਨ, ਖੁਰਾਕ ਸਮੱਗਰੀ ਮੁਹੱਈਆ ਕਰਾਉਂਦੇ ਹਨ, ਔਸ਼ਧੀ ਅਤੇ ਹੋਰ ਜੀਵਾਂ ਲਈ ਰਿਹਾਇਸ਼ ਦਿੰਦੇ ਹਨ।
ਇਨ੍ਹਾਂ ਸਾਰੀਆਂ ਗੱਲਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਰੁੱਖਾਂ ਦਾ ਕੋਈ ਹਿੱਸਾ ਬੇਲੋੜਾ ਨਹੀਂ ਹੁੰਦਾ। ਚਾਹੇ ਪੱਤੇ ਹੋਣ, ਤਣਾ, ਬੀਜ, ਫਲ, ਫੁੱਲ ਸਪ ਕੁਝ ਇਨਸਾਨਾਂ ਅਤੇ ਕੁਦਰਤ ਲਈ ਬਹੁਤ ਸਾਰੇ ਫਾਇਦਿਆਂ ਨਾਲ ਭਰਿਆ ਹੁੰਦਾ ਹੈ। ਇਹ ਇੱਕ ਅਨਮੋਲ ਖ਼ਜ਼ਾਨਾ ਹੈ। ਜਿਸ ਨੂੰ ਸਾਂਭ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਹੋਵੇ ਵੀ ਕਿਉਂ ਨਾ, ਇਹ ਸਾਡੇ ਸਾਹਾਂ ਨੂੰ ਚਲਾ ਰਹੇ ਹਨ। ਅਜਿਹੇ ’ਚ ਹਰ ਇੱਕ ਨੂੰ ਅਜਿਹੇ ਕੀਮਤੀ ਰੁੱਖਾਂ ਨੂੰ ਬਚਾਈ ਰੱਖਣਾ ਚਾਹੀਦਾ ਹੈ।
ਨਰਪਤਦਾਨ ਬਾਰਹਠ
(ਇਹ ਲੇਖਕ ਦੇ ਆਪਣੇ ਵਿਚਾਰ ਹਨ)