ਤਾਮਿਲਨਾਡੂ ਤੋਂ ਡੀਐੱਮਕੇ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਨੇ ਅਜ਼ੀਬੋ-ਗਰੀਬ ਬਿਆਨ ਦਿੱਤਾ ਹੈ ਕਿ ਭਾਰਤ ਦੇਸ਼ ਨਹੀਂ ਸਗੋਂ ਉਪਮਹਾਂਦੀਪ ਹੈ। ਉਹਨਾਂ ਦਾ ਤਰਕ ਹੈ ਕਿ ਹਰ ਦੇਸ਼ ਦੀ ਇੱਕ ਭਾਸ਼ਾ ਅਤੇ ਸੱਭਿਆਚਾਰ ਹੁੰਦਾ ਹੈ। ਇਸ ਬਿਆਨ ਪਿੱਛੇ ਰਾਜਾ ਦੀ ਅਸਲ ਮਨਸ਼ਾ ਕੀ ਹੈ ਇਹ ਤਾਂ ਉਹੀ ਜਾਣਦੇ ਹਨ ਪਰ ਇੱਕ ਕੇਂਦਰੀ ਮੰਤਰੀ ਵਰਗੇ ਅਹੁਦੇ ’ਤੇ ਰਹਿ ਚੁੱਕੇ ਆਗੂ ਲਈ ਦੇਸ਼ ਵਰਗੇ ਮੁੱਦੇ ’ਤੇ ਇੰਨੀ ਹਲਕੀ ਬਿਆਨਬਾਜ਼ੀ ਸਮਾਜ ਤੇ ਦੇਸ਼ ਲਈ ਨਿਰਾਸ਼ਾਜਨਕ ਹੀ ਹੁੰਦੀ ਹੈ। (Tamil Nadu)
ਅਜਿਹਾ ਪ੍ਰਚਾਰ ਲੋਕਾਂ ਅੰਦਰ ਭਾਈਚਾਰਕ ਸਾਂਝ ਅਤੇ ਸਦਭਾਵਨਾ ਵੀ ਕਮਜ਼ੋਰ ਕਰਦਾ ਹੈ। ਅਸਲ ’ਚ ਦੁਨੀਆ ਦੇ ਤਾਕਤਵਰ ਮੁਲਕ ਅਜਿਹੇ ਵੀ ਹਨ ਜਿੱਥੇ 300 ਤੋਂ ਜ਼ਿਆਦਾ ਭਾਸ਼ਾਵਾਂ ਤੇ ਉਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਓਧਰ 108 ਦੇਸ਼ ਅਜਿਹੇ ਹਨ ਜਿਨ੍ਹਾਂ ਦੀਆਂ ਸਰਕਾਰੀ ਭਾਸ਼ਾਵਾਂ ਇੱਕ ਤੋਂ ਵੱਧ ਹਨ। ਵਿਸ਼ਵੀਕਰਨ ਦੇ ਦੌਰ ’ਚ ਵੱਖ-ਵੱਖ ਭਾਸ਼ਾਵਾਂ ਦਾ ਮੇਲਜੋਲ ਜ਼ਮੀਨੀ ਹਕੀਕਤ ਹੈ ਅਤੇ ਜਿਹੜੇ ਦੇਸ਼ਾਂ ਨੇ ਭਾਸ਼ਾ ਤੇ ਸੱਭਿਆਚਾਰ ਦੇ ਨਾਂਅ ’ਤੇ ਕੰਧਾਂ ਨਹੀਂ ਖੜ੍ਹੀਆਂ ਕੀਤੀਆਂ, ਉਹ ਤਰੱਕੀ ਦੀਆਂ ਪੌੜੀਆਂ ਚੜ੍ਹੇ ਹੋਏ ਹਨ। ਭਾਸ਼ਾ ਮਨੁੱਖ ਲਈ ਸੰਚਾਰ ਦਾ ਸਾਧਨ ਹੈ। (Tamil Nadu)
ਸੱਭਿਆਚਾਰ ਮਨੁੱਖੀ ਰਿਸ਼ਤਿਆਂ ਨੂੰ ਸੋਚ ਤੇ ਰਹਿਣੀ-ਬਹਿਣੀ ਨੂੰ ਪਰਿਭਾਸ਼ਿਤ ਕਰਦਾ ਹੈ। ਭਾਸ਼ਾ ਦਾ ਦਾਇਰਾ ਰਾਜ ਜਾਂ ਦੇਸ਼ ਤੋਂ ਵੀ ਵਿਸ਼ਾਲ ਹੁੰਦਾ ਹੈ। ਭਾਸ਼ਾ ਕਿਸੇ ਬਾਦਸ਼ਾਹ ਜਾਂ ਸ਼ਾਸਕ ਦੇ ਅਧੀਨ ਨਹੀਂ ਹੁੰਦੀ ਤੇ ਨਾ ਹੀ ਸੱਭਿਆਚਾਰ ਕਿਸੇ ਸਿਆਸੀ ਸ਼ਕਤੀ ਦੇ ਅਧੀਨ ਹੁੰਦਾ ਹੈ। ਜਿਹੜੇ ਮੁਲਕਾਂ ਦੀ ਇੱਕ ਹੀ ਭਾਸ਼ਾ ਜਾਂ ਸੱਭਿਆਚਾਰ ਹੈ ਉਹ ਮੁਲਕ ਵੀ ਇਸ ਗੱਲ ਦੇ ਹਮਾਇਤੀ ਨਹੀਂ ਕਿ ਉਹਨਾਂ ਦੀ ਇੱਕੋ ਭਾਸ਼ਾ ਕਰਕੇ ਹੀ ਮੁਲਕ ਦੀ ਹੋਂਦ ਹੈ। ਦੁਨੀਆ ਦੀ ਕੋਈ ਵੀ ਅਜਿਹੀ ਭਾਸ਼ਾ ਨਹੀਂ ਜਿਸ ਦੀ ਹੋਰ ਭਾਸ਼ਾਵਾਂ ਨਾਲ ਸਾਂਝ ਜਾਂ ਪ੍ਰਭਾਵ ਨਾ ਹੋਏ। ਇਹੀ ਗੱਲ ਧਰਮਾਂ ’ਤੇ ਸਮਾਜਿਕ ਸੰਰਚਨਾਵਾਂ ’ਤੇ ਲਾਗੂ ਹੁੰਦੀ ਹੈ।
Also Read : ਵਿਦੇਸ਼ੀ ਡਾਲਰ ਵੀ ਡੇਰਾ ਸ਼ਰਧਾਲੂ ਦਾ ਨਹੀਂ ਡੁਲਾ ਸਕੇ ਇਮਾਨ