ਦੀਵਾਲੀ ਦੇ ਤੋਹਫ਼ੇ

Diwali, Gifts

ਬਲਰਾਜ ਸਿੰਘ ਸਿੱਧੂ ਐਸਪੀ

ਦੀਵਾਲੀ ਭਾਰਤ ਦਾ ਸਭ ਤੋਂ ਪ੍ਰਸਿੱਧ ਤਿਉਹਾਰ ਹੈ ਜੋ ਖਾਸ ਤੌਰ ‘ਤੇ ਬੱਚਿਆਂ ਵਿੱਚ ਬਹੁਤ ਮਕਬੂਲ ਹੈ। ਇਸ ਸਾਲ ਦੀਵਾਲੀ 27 ਅਕਤੂਬਰ ਨੂੰ ਆਉਣ ਵਾਲੀ ਹੈ। ਬੱਚਿਆਂ ਤੋਂ ਜ਼ਿਆਦਾ ਬੇਸਬਰੀ ਨਾਲ ਨੇਤਾ ਅਤੇ ਅਫਸਰ ਇਸ ਦਿਨ ਦਾ ਇੰਤਜ਼ਾਰ ਕਰਦੇ ਹਨ। ਉਹਨਾਂ ਨੇ ਕੋਈ ਹਵਾਈਆਂ-ਪਟਾਕੇ ਨਹੀਂ ਚਲਾਉਣੇ ਹੁੰਦੇ, ਬਲਕਿ ਦੀਵਾਲੀ ‘ਤੇ ਮਿਲਣ ਵਾਲੇ ਮੋਟੇ ਤੋਹਫਿਆਂ ਦਾ ਇੰਤਜ਼ਾਰ ਹੁੰਦਾ ਹੈ। ਇਸ ਤਿਉਹਾਰ ਸਮੇਂ ਅਫਸਰਾਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੁੰਦੀ ਹੈ ਕਿ ਕਿਤੇ ਬਦਲੀ ਨਾ ਹੋ ਜਾਵੇ। ਬਹੁਤੇ ਘਾਗ ਅਫਸਰ ਤਾਂ ਮਹੀਨਾ-ਮਹੀਨਾ ਪਹਿਲਾਂ ਹੀ ਦੀਵਾਲੀ ਉਗਰਾਹੁਣੀ ਚਾਲੂ ਕਰ ਦਿੰਦੇ ਹਨ। ਪਰ ਹੁਣ ਲੋਕ ਵੀ ਸਿਆਣੇ ਹੋ ਗਏ ਹਨ, ਬਦਲੀਆਂ ਦੀ ਲਿਸਟ ਵੇਖ ਕੇ ਹੀ ਦੀਵਾਲੀ ਵੰਡਣੀ ਸ਼ੁਰੂ ਕਰਦੇ ਹਨ। ਕੋਈ ਐਮਰਜੈਂਸੀ ਪੈਣ ਕਾਰਨ ਇੱਕ ਅਫਸਰ ਨੂੰ ਦੀਵਾਲੀ ਵੇਲੇ ਘਰ ਜਾਣਾ ਪਿਆ ਤਾਂ ਪਰਜਾ ਦੇ ਪੈਸੇ ਬਚ ਗਏ। ਜਦੋਂ ਉਹ ਵਾਪਸ ਆਇਆ ਤਾਂ ਪੰਚ, ਸਰਪੰਚ ਅਤੇ ਪ੍ਰਧਾਨ ਫਾਰਮੈਲਿਟੀ ਪੂਰੀ ਕਰਨ ਖਾਤਰ ਫੋਨ ਕਰੀ ਜਾਣ ਕਿ ਜਨਾਬ ਅਸੀਂ ਦੀਵਾਲੀ ਦੀ ਵਧਾਈ ਦੇਣ ਆਏ ਸੀ, ਪਰ ਤੁਸੀਂ ਮਿਲੇ ਨਹੀਂ। ਉਸ ਨੇ ਅੱਗੋਂ ਬਥੇਰੀਆਂ ਲਾਲਾਂ ਸੁੱਟੀਆਂ ਕਿ ਕੋਈ ਗੱਲ ਨਹੀਂ ਹੁਣ ਆ ਜਾਉ, ਪਰ ਇੱਕ-ਦੋ ਤੋਂ ਬਿਨਾਂ ਕੋਈ ਨਾ ਬਹੁੜਿਆ। ਜ਼ਿਆਦਾਤਰ ਅਫਸਰ ਦੀਵਾਲੀ ਨੂੰ ਬਿਲਕੁਲ ਵੀ ਛੁੱਟੀ ਨਹੀਂ ਜਾਂਦੇ, ਸਾਰਾ ਦਿਨ ਘਰ ਬੈਠ ਕੇ ‘ਸਾਮੀਆਂ’ ਦਾ ਇੰਤਜ਼ਾਰ ਕਰਦੇ ਹਨ। ਇੱਕ ਅਫਸਰ ਅਜਿਹਾ ਵੀ ਸੂਰਮਾ ਸੀ ਜੋ ਜਬਰਦਸਤ ਡੇਂਗੂ ਬੁਖਾਰ ਹੋਣ ਦੇ ਬਾਵਜੂਦ ਦੀਵਾਲੀ ਉਗਰਾਹੁਣ ਦੀ ਗਰਜ਼ ਕਾਰਨ ਸਰਕਾਰੀ ਕੁਆਟਰ ਵਿੱਚ ਪਿਆ ਰਿਹਾ ਤੇ ਦੀਵਾਲੀ ਤੋਂ ਅਗਲੇ ਦਿਨ ਹੀ ਹਸਪਤਾਲ ਦਾਖਲ ਹੋਇਆ। ਉਸ ਨੇ ਦੀਵਾਲੀ ਨਹੀਂ ਛੱਡੀ, ਸਰੀਰ ਭਾਵੇਂ ਛੱਡ ਜਾਂਦਾ।

ਇੱਕ ਅਫਸਰ ਦੀ ਬਦਲੀ ਦੀਵਾਲੀ ਤੋਂ ਦੋ ਦਿਨ ਪਹਿਲਾਂ ਕਿਸੇ ਅਜਿਹੀ ਜਗ੍ਹਾ ‘ਤੇ ਹੋ ਗਈ ਜਿੱਥੇ ਤੋਹਫੇ ਮਿਲਣ ਦੀ ਜ਼ਿਆਦਾ ਉਮੀਦ ਨਹੀਂ ਸੀ। ਉਸ ਨੇ ਪੂਰੀ ਢੀਠਤਾਈ ਵਿਖਾਉਂਦੇ ਹੋਏ ਦੀਵਾਲੀ ਤੱਕ ਚਾਰਜ ਛੱਡਣ ਤੋਂ ਇਨਕਾਰ ਕਰ ਦਿੱਤਾ। ਉਸ ਦੀ ਜਗ੍ਹਾ ਆਇਆ ਨਵਾਂ ਅਫਸਰ ਦਫਤਰ ਦੇ ਬਾਹਰ ਦਰਵਾਜ਼ਾ ਮੱਲ ਕੇ ਬੈਠ ਗਿਆ ਤੇ ਆਉਣ ਵਾਲੇ ਲੋਕਾਂ ਨੂੰ ਰੌਲਾ ਪਾਉਣ ਲੱਗਾ ਕਿ ਅੰਦਰ ਵਾਲਾ ਕੱਲ੍ਹ ਦਾ ਬਦਲ ਚੁੱਕਾ ਹੈ ਉਸ ਦੀ ਜਗ੍ਹਾ ਮੈਂ ਆਇਆ ਹਾਂ, ਦੀਵਾਲੀ ਮੈਨੂੰ ਦਿਉ। ਵਿਚਾਰੇ ਲੋਕਾਂ ਨੂੰ ਦੋ ਦੋ ਸੈੱਟ ਗਿਫਟਾਂ ਦੇ ਦੇਣੇ ਪਏ। ਦੀਵਾਲੀ ਵੇਲੇ ਐਨਾ ਡਰਾਈ ਫਰੂਟ ਇਕੱਠਾ ਹੋ ਜਾਂਦਾ ਕਿ ਦੋ-ਤਿੰਨ ਮਹੀਨੇ ਅਫਸਰਾਂ ਦੇ ਨੌਕਰ ਵੀ ਕਾਜੂ-ਬਦਾਮ ਖਾਂਦੇ ਹਨ। ਫਰਵਰੀ ਮਾਰਚ ਤੋਂ ਬਾਅਦ ਹੀ ਦੁਬਾਰਾ ਮੁੱਲ ਦੇ ਭੁੱਜੇ ਛੋਲੇ ਖਾਣਾ ਸ਼ੁਰੂ ਹੁੰਦਾ ਹੈ। ਬੌਸ ਦੇ ਘਰ ਦੀਵਾਲੀ ਲੈ ਕੇ ਗਏ ਮਤੈਤਾਂ ਦੀ ਗਿਫ਼ਟ ਦੀ ਕੀਮਤ ਮੁਤਾਬਕ ਸੇਵਾ ਕੀਤੀ ਜਾਂਦੀ ਹੈ। ਕਿਸੇ ਨੂੰ ਡਰਾਈ ਫਰੂਟ-ਮਠਿਆਈ ਨਾਲ ਚਾਹ ਤੇ ਕਿਸੇ ਨੂੰ ਸਿਰਫ ਫੋਕਾ ਪਾਣੀ ਪਿਆ ਕੇ ਚਲਦਾ ਕਰ ਦਿੱਤਾ ਜਾਂਦਾ ਹੈ। ਮਲਾਈਦਾਰ ਪੋਸਟ ‘ਤੇ ਲੱਗੇ ਹਰ ਅਫਸਰ ਨੂੰ ਇਸ ਦਿਨ ਆਪਣੇ ਸੀਨੀਅਰ ਨੂੰ ਗਿਫਟ ਦੇਣਾ ਹੀ ਪੈਂਦਾ ਹੈ। ਨਹੀਂ ਤਾਂ ਬਾਅਦ ਵਿੱਚ ਕੰਮ ਪੈਣ ‘ਤੇ ਅਗਲਾ ਮੂੰਹ ਪਾੜ ਕੇ ਕਹਿ ਦਿੰਦਾ ਹੈ ਕਿ ਤੂੰ ਦੀਵਾਲੀ ‘ਤੇ ਤਾਂ ਮਿਲਣ ਆਇਆ ਨਹੀਂ, ਹੁਣ ਕੀ ਕਰਨ ਆ ਗਿਆ ਹੈਂ? ਕੋਈ ਵਿਰਲਾ ਅਫਸਰ ਹੀ ਦੀਵਾਲੀ ਦੇ ਤੋਹਫਿਆਂ ਨੂੰ ਨਾਂਹ ਕਰਦਾ ਹੈ।

ਇੱਕ ਅਫਸਰ ਨੂੰ ਕੋਈ ਸੇਠ ਦੀਵਾਲੀ ਦੇਣ ਵਾਸਤੇ ਆਇਆ। ਉਸ ਕੋਲ ਕਈ ਅਫਸਰਾਂ ਨੂੰ ਦੇਣ ਵਾਲੇ ਪੈਕਟ ਗੱਡੀ ਵਿੱਚ ਰੱਖੇ ਹੋਏ ਸਨ। ਉਹਨਾਂ ਵਿੱਚੋਂ ਇੱਕ ਪੈਕਟ ਉਸ ਨੇ ਅਫਸਰ ਨੂੰ ਭੇਂਟ ਕਰ ਦਿੱਤਾ। ਅਜੇ ਉਹ ਘਰੋਂ ਬਾਹਰ ਨਿੱਕਲਿਆ ਹੀ ਸੀ ਕਿ ਘਾਤ ਲਾਈ ਬੈਠੇ ਅਫਸਰ ਦੇ ਬੱਚਿਆਂ ਨੇ ਪੈਕਟ ਉੱਪਰ ਹੱਲਾ ਬੋਲ ਦਿੱਤਾ ਤੇ ਮਿੰਟਾਂ ਵਿੱਚ ਹੀ ਪੈਕਟ ਕਮਲੀ ਦੇ ਝਾਟੇ ਵਾਂਗ ਖਿਲਾਰ ਦਿੱਤਾ। ਥੋੜ੍ਹੀ ਹੀ ਦੇਰ ਬਾਅਦ ਸੇਠ ਵਾਪਸ ਮੁੜ ਆਇਆ ਤੇ ਅਫਸਰ ਨੂੰ ਬੋਲਿਆ ਕਿ ਮੈਂ ਗਲਤੀ ਨਾਲ ਕਿਸੇ ਛੋਟੇ ਅਫਸਰ ਦਾ ਪੈਕਟ ਤੁਹਾਨੂੰ ਦੇ ਦਿੱਤਾ ਹੈ, ਤੁਹਾਡਾ ਪੈਕਟ ਤਾਂ ਇਹ ਹੈ। ਤੁਸੀਂ ਉਹ ਪੈਕਟ ਮੈਨੂੰ ਮੋੜ ਦਿਉ ਤੇ ਇਹ ਲੈ ਲਉ। ਜਦੋਂ ਅਫਸਰ ਨੇ ਅੰਦਰ ਜਾ ਕੇ ਪੈਕਟ ਦੀ ਹਾਲਤ ਵੇਖੀ ਤਾਂ ਉਹ ਮੋੜਨ ਯੋਗ ਨਹੀਂ ਸੀ ਰਿਹਾ। ਵਿਚਾਰੇ ਅਫ਼ਸਰ ਨੂੰ ਜੂਨੀਅਰ ਅਫਸਰ ਦੇ ਗਿਫਟ ਨਾਲ ਹੀ ਕੰਮ ਚਲਾਉਣਾ ਪਿਆ। ਸੇਠ ਦੇ ਜਾਣ ਤੋਂ ਬਾਅਦ ਉਸ ਨੇ ਬੱਚਿਆਂ ਦੀ ਚੰਗੀ ਤਰ੍ਹਾਂ ਮੁਰੰਮਤ ਕੀਤੀ ਕਿ ਤੁਹਾਡੀਆਂ ਸ਼ੈਤਾਨੀਆਂ ਕਾਰਨ ਮਹਿੰਗਾ ਗਿਫਟ ਮੇਰੇ ਹੱਥੋਂ ਨਿੱਕਲ ਗਿਆ ਹੈ।

ਇਸੇ ਤਰ੍ਹਾਂ ਦੇ ਕਿਸੇ ਅਫਸਰ ਕੋਲ ਦੀਵਾਲੀ ‘ਤੇ ਚਾਂਦੀ ਦੇ ਵਾਹਵਾ ਭਾਂਡੇ ਇਕੱਠੇ ਹੋ ਗਏ। ਉਸ ਨੇ ਸੋਚਿਆ ਕਿ ਆਪਣੇ ਖਾਸ ਸੁਨਿਆਰੇ ਹੀਰਾ ਲਾਲ ਨੂੰ ਬੁਲਾ ਕੇ ਚਾਂਦੀ ਵੇਚ ਦਿੱਤੀ ਜਾਵੇ ਤੇ ਉਹਨਾਂ ਪੈਸਿਆਂ ਦਾ ਪਤਨੀ ਨੂੰ ਖੁਸ਼ ਕਰਨ ਲਈ ਕੋਈ ਵਧੀਆ ਜਿਹਾ ਸੋਨੇ ਦਾ ਸੈੱਟ ਬਣਾ ਦਿੱਤਾ ਜਾਵੇ। ਉਸ ਨੇ ਬੰਦਾ ਭੇਜ ਕੇ ਸੁਨਿਆਰੇ ਨੂੰ ਬੁਲਾਇਆ ਤੇ ਚਾਂਦੀ ਦੇ ਭਾਂਡਿਆਂ ਦਾ ਢੇਰ ਉਸ ਅੱਗੇ ਲਾ ਦਿੱਤਾ। ਸੁਨਿਆਰਾ 10-15 ਕਿੱਲੋ ਚਾਂਦੀ ਵੇਖ ਕੇ ਭੌਂਚੱਕਾ ਰਹਿ ਗਿਆ। ਦਿਲ ਹੀ ਦਿਲ ਵਿੱਚ ਅਫਸਰ ਨੂੰ ਗਾਲ੍ਹਾਂ ਕੱਢਦਾ ਹੋਇਆ ਸੋਚਣ ਲੱਗਾ ਕਿ ਇਹਨਾਂ ਨੂੰ ਮੌਜ ਹੈ। ਇੱਕ ਹੀ ਦੀਵਾਲੀ ਨੂੰ ਐਨਾ ਮਾਲ ‘ਕੱਠਾ ਹੋ ਗਿਆ, ਬਾਕੀ ਦੀਵਾਲੀਆਂ ਨੂੰ ਪਤਾ ਨਹੀਂ ਕਿੰਨਾ ਕੁਝ ਮਿਲਿਆ ਹੋਵੇਗਾ? ਅਸੀਂ ਐਵੇਂ ਸਾਰਾ ਦਿਨ ਅੱਗ ਵਿੱਚ ਫੂਕਾਂ ਮਾਰ ਕੇ ਸਿਰ ‘ਚ ਸੁਆਹ ਪਵਾਉਂਦੇ ਰਹਿੰਦੇ ਹਾਂ। ਅਫਸਰ ਨੇ ਰੇਟ ਪੁੱਛ ਕੇ ਸੁਨਿਆਰੇ ਨੂੰ ਚਾਂਦੀ ਤੋਲਣ ਲਈ ਕਿਹਾ। ਸੁਨਿਆਰੇ ਨੇ ਚਾਂਦੀ ਤੋਲੀ ਤਾਂ ਕੋਈ 12 ਕਿੱਲੋ ਹੋਈ। ਤੋਲ ਕੇ ਸੁਨਿਆਰਾ ਸਾਮਾਨ ਦੀ ਸ਼ੁੱਧਤਾ ਚੈੱਕ ਕਰਨ ਲੱਗ ਪਿਆ। ਅਫਸਰ ਦੀ ਉਤਸੁਕਤਾ ਵਧਦੀ ਜਾ ਰਹੀ ਸੀ। ਜਦੋਂ ਸੁਨਿਆਰੇ ਨੇ ਸਾਰਾ ਮਾਲ ਚੈੱਕ ਕਰ ਲਿਆ ਤਾਂ ਬੋਲਿਆ, ਹਾਂ ਬਈ ਸੇਠ ਕਿੰਨੇ ਪੈਸੇ ਬਣੇ? ਸੁਨਿਆਰਾ ਸ਼ੈਤਾਨੀ ਜਿਹੇ ਤਰੀਕੇ ਨਾਲ ਹੱਸਦਾ ਹੋਇਆ ਕਹਿਣ ਲੱਗਾ, ਜ਼ਨਾਬ ਤੁਹਾਡੇ ਬਣੇ ਨੇ ਪੂਰੇ 8700 ਰੁਪਏ। ਅਫਸਰ ਤ੍ਰਬਕ ਕੇ ਬੋਲਿਆ, ਕੁਝ ਸ਼ਰਮ ਕਰ ਯਾਰ, ਐਨੀ ਲੁੱਟ। ਸੁਨਿਆਰੇ ਨੇ ਅੱਗੋਂ ਪੂਰੇ ਕਾਰੋਬਾਰੀ ਲਹਿਜ਼ੇ ਵਿੱਚ ਜਵਾਬ ਦਿੱਤਾ ਕਿ ਜ਼ਨਾਬ ਤੁਹਾਡੇ ਸਾਰੇ ਕਬਾੜ ਵਿੱਚ ਸਿਰਫ ਸੱਤ ਚਿਮਚੇ, ਚਾਰ ਗਲਾਸ ਤੇ ਇੱਕ ਆਹ ਕੌਲੀ ਚਾਂਦੀ ਦੀ ਹੈ, ਬਾਕੀ ਸਾਰਾ ਗਿਲਟ ਤੇ ਪਲਾਸਟਿਕ ਹੈ ਜਿਸ ‘ਤੇ ਚਾਂਦੀ ਵਰਗੀ ਪਾਲਿਸ਼ ਕੀਤੀ ਹੋਈ ਹੈ। ਸੁਣ ਕੇ ਅਫਸਰ ਨੂੰ ਦਿਲ ਦਾ ਦੌਰਾ ਪੈਣਾ ਵਾਲਾ ਹੋ ਗਿਆ। ਉਸ ਨੂੰ ਸਮਝ ਨਾ ਆਵੇ ਕਿ ਕਿਹੜਾ-ਕਿਹੜਾ ਨਕਲੀ ਚਾਂਦੀ ਦੇ ਭਾਂਡੇ ਦੇ ਕੇ ਨਾਲੇ ਕੰਮ ਕਰਵਾ ਗਿਆ ਤੇ ਨਾਲੇ ਡਰਾਈ ਫਰੂਟ ਖਾ ਕੇ ਬੇਵਕੂਫ ਬਣਾ ਗਿਆ।

ਪੰਡੋਰੀ ਸਿੱਧਵਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here