ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੇ ਮਾਮਲੇ ਨੂੰ ਦੱਸਿਆ ਪੂਰੀ ਤਰ੍ਹਾਂ ਵੋਟ ਰਾਜਨੀਤੀ ਤੋਂ ਪ੍ਰੇਰਿਤ (Sacrilege Case)
- ਕਿਹਾ, ਪੂਜਨੀਕ ਗੁਰੂ ਜੀ ਨੇ ਸਭ ਧਰਮਾਂ ਦਾ ਸਤਿਕਾਰ ਕਰਨ ਦੀ ਦਿੱਤੀ ਸਿੱਖਿਆ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਅਤੇ ਸਨਮਾਨ ਕਰਦੇ ਹਨ ਅਤੇ ਸਾਧ-ਸੰਗਤ ਨੂੰ ਵੀ ਅਜਿਹਾ ਹੀ ਕਰਨ ਦੀ ਸਿੱਖਿਆ ਦਿੱਤੀ ਹੈ ਇਹ ਗੱਲ ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ’ਚ ਕਹੀ ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ (Sacrilege Case) ’ਚ ਬਹੁਤ ਹੀ ਘਟੀਆ ਦਰਜੇ ਦੀ ਸਿਆਸਤ ਕੀਤੀ ਜਾ ਰਹੀ ਹੈ ਜੋ ਸ਼ਰਮਨਾਕ ਹੈ। ਬੇਅਦਬੀ ਦੇ ਮਾਮਲੇ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਾਂਅ ਸ਼ਾਮਲ ਕਰਦਿਆਂ ਚਾਰਜਸ਼ੀਟ ਪੇਸ਼ ਕਰਨਾ ਬੇਹੱਦ ਨਿੰਦਣਯੋਗ ਹੈ।
ਡੇਰਾ ਪ੍ਰਬੰਧਕੀ ਕਮੇਟੀ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪੰਜਾਬ ਪੁਲਿਸ ਦੀ ਜਾਂਚ ਖਿਲਾਫ ਪਟੀਸ਼ਨ ਦਾਇਰ ਕੀਤੀ ਹੋਈ ਹੈ ਅਤੇ ਹਾਈ ਕੋਰਟ ’ਚ ਇਸ ’ਤੇ ਸੁਣਵਾਈ ਹੋਣੀ ਹੈ ਇਸ ਦੇ ਬਾਵਜ਼ੂਦ ਪੰਜਾਬ ਪੁਲਿਸ ਵੱਲੋਂ ਚਾਰਜਸ਼ੀਟ ਪੇਸ਼ ਕੀਤਾ ਜਾਣਾ ਗਲਤ ਹੈ।
ਉਨ੍ਹਾਂ ਕਿਹਾ ਕਿ ਅਸਲ ’ਚ ਪੰਜਾਬ ਵਿਧਾਨ ਸਭਾ ਚੋਣਾਂ ਹਨ ਤੇ ਸਿਆਸੀ ਲੋਕ ਹਰ ਹਥਕੰਡਾ ਵਰਤ ਕੇ ਵੋਟਾਂ ਖਾਤਰ ਡੇਰੇ ਨੂੰ ਬਦਨਾਮ ਕਰਨ ਲਈ ਝੂਠੇ ਕੇਸਾਂ ਦਾ ਸਹਾਰਾ ਲੈ ਰਹੇ ਹਨ। ਪੰਜਾਬ ਪੁਲਿਸ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਇ ਸਿਆਸਤ ਤੋਂ ਪ੍ਰੇਰਿਤ ਹੋ ਕੇ ਕਾਰਵਾਈ ਕਰ ਰਹੀ ਹੈ, ਜੋ ਕਿ ਬੇਹੱਦ ਨਿੰਦਣਯੋਗ ਹੈ।
ਡੇਰਾ ਪ੍ਰਬੰਧਕੀ ਕਮੇਟੀ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ ’ਚ ਇਨਸਾਫ ਹੋਣਾ ਚਾਹੀਦਾ ਹੈ, ਨਾ ਕਿ ਸਿਆਸੀ ਫਾਇਦੇ ਲਈ ਬੇਗੁਨਾਹਾਂ ਨੂੰ ਝੂਠੇ ਕੇਸਾਂ ’ਚ ਫਸਾਇਆ ਜਾਵੇ। ਸੀਬੀਆਈ ਵੱਲੋਂ ਕੀਤੀ ਗਈ ਵਿਗਿਆਨਕ ਅਤੇ ਡੂੰਘੀ ਜਾਂਚ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਰਾਜਨੀਤਿਕ ਇਸ਼ਾਰੇ ’ਤੇ ਬਿਨਾ ਕਿਸੇ ਤੱਥ ਦੇ ਡੇਰਾ ਸੱਚਾ ਸੌਦਾ ਖਿਲਾਫ ਝੂਠੇ ਦੋਸ਼ ਲਾਏ ਜਾ ਰਹੇ ਹਨ।
ਪੂਜਨੀਕ ਗੁਰੂ ਜੀ ਦਾ ਇਨ੍ਹਾਂ ਮਾਮਲਿਆਂ ’ਚ ਕਿਤੇ ਵੀ ਨਾਂਅ ਨਹੀਂ ਸੀ, ਪਰ ਸਰਕਾਰ ਬਦਲਦੇ ਹੀ ਮਾਮਲਿਆਂ ਨੂੰ ਸਿਆਸੀ ਰੰਗ ਦੇ ਦਿੱਤਾ ਗਿਆ। ਡੇਰਾ ਸੱਚਾ ਸੌਦਾ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬੇਅਦਬੀ ਜਿਹੇ ਘਿਨੌਣੇ ਕਾਰਨਾਮੇ ਬਾਰੇ ਕਦੇ ਸੋਚ ਵੀ ਨਹੀਂ ਸਕਦੇ, ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।
2017 ’ਚ ਸਰਕਾਰ ਬਦਲਦਿਆਂ ਮਾਮਲੇ ਨੇ ਲਈ ਸਿਆਸੀ ਰੰਗਤ
ਸੰਨ 2015 ’ਚ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੇ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਿਆ ਸੀ ਉਸ ਸਮੇਂ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਸਨ। ਪੁਲਿਸ ਨੇ ਕੁਝ ਆਡੀਓ ਰਿਕਾਰਡਿੰਗ ਵੀ ਸਾਹਮਣੇ ਲਿਆਂਦੀ ਸੀ ਪਰ 2017 ’ਚ ਸਰਕਾਰ ਬਦਲਦਿਆਂ ਹੀ ਪੰਜਾਬ ਪੁਲਿਸ ਨੇ ਡੇਰਾ ਸ਼ਰਧਾਲੂਆਂ ਨੂੰ ਨਿਸ਼ਾਨੇ ’ਤੇ ਲੈ ਲਿਆ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੇ ਕੀਤੀ ਅਤੇ ਆਪਣੀ ਕਲੋਜਰ ਰਿਪੋਰਟ ’ਚ ਅਦਾਲਤ ਨੂੰ ਦੱਸਿਆ ਕਿ ਬੇਅਦਬੀ ਮਾਮਲੇ ’ਚ ਡੇਰਾ ਸ਼ਰਧਾਲੂਆਂ ਦਾ ਕੋਈ ਹੱਥ ਨਹੀਂ ਹੁਣ ਵਿਧਾਨ ਸਭਾ ਚੋਣਾਂ ਫਿਰ ਆ ਗਈਆਂ ਹਨ ਤੇ ਸਿਆਸੀ ਲੋਕ ਇਸ ਮੁੱਦੇ ਨੂੰ ਡੇਰੇ ਖਿਲਾਫ ਵਰਤ ਰਹੇ ਹਨ।
ਗੰਦੇ ਦੌਰ ’ਚੋਂ ਗੁਜਰ ਰਹੀ ਪੰਜਾਬ ਦੀ ਰਾਜਨੀਤੀ
ਪੰਜਾਬ ਦੀ ਰਾਜਨੀਤੀ ਮਾੜੇ ਤਜ਼ਰਬਿਆਂ ਲਈ ਬਹੁਤ ਬਦਨਾਮ ਰਹੀ ਹੈ। ਕੁਰਸੀ ਖਾਤਰ ਇਸ ਸੂਬੇ ’ਚ ਕੀ ਨਹੀਂ ਹੋਇਆ ਇਹ ਹਰ ਕੋਈ ਜਾਣਦਾ ਹੈ ਚੋਣਾਂ ਜਿੱਤਣ ਲਈ ਪਹਿਲਾਂ ਵੀ ਧਰਮਾਂ ਦੇ ਮੁੱਦੇ ਖੜੇ ਕਰਕੇ ਨਫਰਤ ਪੈਦਾ ਕੀਤੀ ਹੈ ਅਤੇ ਧਰਮਾਂ ਦੇ ਨਾਂਅ ’ਤੇ ਲੋਕਾਂ ਨੂੰ ਵੰਡਿਆ ਗਿਆ। ਇਸ ਗੰਦੀ ਰਾਜਨੀਤੀ ਨੇ ਸੂਬੇ ਦੇ ਅਮਨ-ਅਮਾਨ ਨੂੰ ਵੀ ਬੇਹੱਦ ਨੁਕਸਾਨ ਪਹੁੰਚਾਇਆ ਅਤੇ ਸੂਬਾ ਬਹੁਤ ਪੱਛੜ ਗਿਆ।
ਕੁਰਸੀ ਦੀ ਜੰਗ ’ਚ ਹੁਣ ਫਿਰ ਸਿਆਸਤਦਾਨ ਇੰਨੇ ਹੇਠਾਂ ਗਰਕ ਗਏ ਹਨ ਕਿ ਉਨ੍ਹਾਂ ਨੇ ਆਪਣੀ ਜ਼ਮੀਰ ਨੂੰ ਵੀ ਖਤਮ ਕਰਕੇ ਇਨਸਾਨੀਅਤ ਦੀ ਸੇਵਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖਿਲਾਫ ਅਜਿਹੇ ਝੂਠੇ ਦੋਸ਼ ਮੜੇ ਹਨ ਜੋ ਕਿਸੇ ਵੀ ਆਮ ਇਨਸਾਨ ਨੂੰ ਹਜਮ ਨਹੀਂ ਹੁੰਦੇ ਝੂਠਾਂ ਦੀ ਇਹ ਸਿਆਸੀ ਖੇਡ ਕਦੇ ਵੀ ਸੱਚ ਦੇ ਸੂਰਜ ਨੂੰ ਛੁਪਾ ਨਹੀਂ ਸਕਦੀ ਲੋਕ ਸੱਚ ਤੇ ਝੂਠ ਦੀ ਪਰਖ ਰੱਖਦੇ ਹਨ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ