ਅਲੋਪ ਹੋ ਗਿਆ ਰੱਸੀਆਂ ਵੱਟਣ ਵਾਲਾ ‘ਢੇਰਨਾ’
ਜੇਕਰ ਅਸੀਂ ਅੱਜ ਦੇ ਪਿੰਡਾਂ ਦੀ ਤੁਲਨਾ ਪੁਰਾਣੇ ਪਿੰਡਾਂ ਨਾਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਬਹੁਤ ਛੋਟੇ–ਛੋਟੇ ਘਰੇਲੂ ਧੰਦੇ, ਜਿਨ੍ਹਾਂ ਵਿਚ ਜੁੱਤੀਆਂ ਬਣਾਉਣਾ, ਕੱਪੜਾ ਬੁਣਨਾ, ਰੱਸੀਆਂ ਵੱਟਣੀਆਂ ਆਦਿ ਧੰਦੇ ਇੱਕ–ਇੱਕ ਕਰਕੇ ਖ਼ਤਮ ਹੁੰਦੇ ਜਾ ਰਹੇ ਹਨ। ਜਿੱਥੇ ਇਹ ਧੰਦੇ ਖਤਮ ਹੋ ਰਹੇ ਹਨ, ਉੱਥੇ ਇਨ੍ਹਾਂ ਧੰਦਿਆਂ ‘ਚ ਇਸਤੇਮਾਲ ਹੋਣ ਵਾਲੇ ਪੁਰਾਤਨ ਸੰਦ ਵੀ ਅਲੋਪ ਹੁੰਦੇ ਜਾ ਰਹੇ ਹਨ।
ਕੋਈ ਸਮਾਂ ਸੀ, ਜਦੋਂ ਮੰਜੇ–ਪੀੜ੍ਹੀਆਂ ਬੁਣਨ ਲਈ, ਪਸ਼ੂਆਂ ਨੂੰ ਬੰਨ੍ਹਣ ਲਈ ਅਤੇ ਹੋਰ ਕੰਮਾਂ ਵਾਸਤੇ ਰੱਸੇ–ਰੱਸੀਆਂ ਢੇਰਨੇ ਨਾਲ ਵੱਟੀਆਂ ਜਾਂਦੀਆਂ ਸਨ। ਢੇਰਨਾ ਰੱਸੀ ਵੱਟਣ ਵਾਲੇ ਲੱਕੜ ਦੇ ਬਣੇ ਜੰਤਰ ਨੂੰ ਕਹਿੰਦੇ ਹਨ। ਢੇਰਨੇ ਨਾਲ ਰੱਸੀ ਬੰਦੇ ਵੱਟਦੇ ਹੁੰਦੇ ਸਨ। ਢੇਰਨੇ ਨਾਲ ਰੱਸੀ ਖੜ੍ਹੇ ਹੋ ਕੇ ਵੱਟੀ ਜਾਂਦੀ ਸੀ। ਰੱਸੀ ਸੂਤ, ਸਣ ਆਦਿ ਦੀ ਵੱਟੀ ਜਾਂਦੀ ਸੀ। ਢੇਰਨਾ ਚਲਾਉਣ ਵਾਲਾ ਬੰਦਾ ਕੁਝ ਸੂਤ ਜਾਂ ਸਣ ਨੂੰ ਦੋਹਰਾ ਕਰਕੇ ਢੇਰਨੇ ਦੇ ਹੇਠਲੇ ਹਿੱਸੇ ਨਾਲ ਜੋੜ ਦਿੰਦਾ ਸੀ ਤੇ ਉਸ ਨੂੰ ਵੱਟ ਚਾੜ੍ਹਦਾ।
ਜਿਉਂ–ਜਿਉਂ ਵੱਟ ਚੜ੍ਹਦਾ ਰੱਸੀ ਲੰਮੀ ਹੁੰਦੀ ਜਾਂਦੀ ਤੇ ਢੇਰਨਾ ਚਲਾਉਣ ਵਾਲਾ ਬੰਦਾ ਆਪਣੇ ਮੋਢੇ ਉੱਤੇ ਰੱਖੀ ਸੂਤ ਜਾਂ ਸਣ ਵਿਚੋਂ ਹੋਰ ਧਾਗੇ, ਢਾਈਆਂ ਲਾਈ ਜਾਂਦਾ। ਜਦੋਂ ਰੱਸੀ ਥੋੜ੍ਹੀ ਕੁ ਲੰਬੀ ਹੋ ਜਾਂਦੀ ਤਾਂ ਇਸ ਨੂੰ ਢੇਰਨੇ ਉੱਪਰ ਲਪੇਟ ਦਿੱਤਾ ਜਾਂਦਾ ਸੀ। ਖੱਬੇ ਹੱਥ ਵਿਚ ਢੇਰਨੇ ਦੀ ਰੱਸੀ ਨੂੰ ਫੜਿਆ ਜਾਂਦਾ ਸੀ ਤੇ ਸੱਜੇ ਹੱਥ ਨਾਲ ਢੇਰਨਾ ਘੁਮਾਇਆ ਜਾਂਦਾ ਸੀ। ਢੇਰਨਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਿਹਾ ਹੈ। ਤਾਹੀਓਂ ਤਾਂ ਢੇਰਨੇ ਦਾ ਜਿਕਰ ਲੋਕ ਗੀਤਾਂ ਤੇ ਛੰਦਾਂ ਵਿਚ ਆਉਂਦਾ ਹੈ–
ਛੰਦ ਪਰਾਗੇ ਆਈਏ–ਜਾਈਏ,
ਛੰਦ ਪਰਾਗੇ ਢੇਰਨਾ।
ਵਿਆਹ ਮੁਕਲਾਵਾ ‘ਕੱਠਾ ਦੇ ਦਿਉ,
ਘੜੀ–ਘੜੀ ਨਾ ਫੇਰਨਾ।
ਹੁਣ ਮੈਂ ਤੁਹਾਨੂੰ ਢੇਰਨੇ ਦੀ ਬਣਤਰ ਬਾਰੇ ਦੱਸਣ ਜਾ ਰਿਹਾ ਹਾਂ। ਢੇਰਨੇ ਦੋ ਤਰ੍ਹਾਂ ਦੇ ਹੁੰਦੇ ਸਨ। ਛੋਟਾ ਢੇਰਨਾ ਅਤੇ ਵੱਡਾ ਢੇਰਨਾ। ਛੋਟਾ ਢੇਰਨਾ 8 ਕੁ ਇੰਚ ਦੀ ਲੱਕੜੀ ਦਾ ਬਣਿਆ ਹੁੰਦਾ ਸੀ, ਜਿਸ ਦੇ ਵਿਚਾਲੇ ਰੱਸੀ ਬੰਨ੍ਹ ਕੇ ਘੁਮਾਇਆ ਜਾਂਦਾ ਸੀ। ਇਹ ਢੇਰਨਾ 4–5 ਇੰਚ ਮੋਟਾ ਅਤੇ 8 ਕੁ ਇੰਚ ਚੌੜਾ ਹੁੰਦਾ ਸੀ। ਜਿਸ ਦੇ ਦੋਵੇਂ ਸਿਰਿਆਂ ਨੂੰ ਥੋੜ੍ਹਾ–ਥੋੜ੍ਹਾ ਘੜਿਆ ਹੁੰਦਾ ਸੀ, ਖੇਡਣ ਵਾਲੀ ਗੁੱਲੀ ਵਾਂਗ। ਵੱਡਾ ਢੇਰਨਾ 8 ਕੁ ਇੰਚ ਲੰਮੀ, ਦੋ ਕੁ ਇੰਚ ਚੌੜੀ ਤੇ ਦੋ ਕੁ ਇੰਚ ਮੋਟੀ ਲੱਕੜ ਦੇ ਦੋ ਟੁਕੜਿਆਂ ਦਾ ਬਣਾਇਆ ਜਾਂਦਾ ਸੀ।
ਢੇਰਨਾ ਬਣਾਉਣ ਲਈ ਦੋਵੇਂ ਟੁਕੜਿਆਂ ਨੂੰ ਮਧਾਣੀ ਜੁੱਟ ਜੋੜਿਆ ਜਾਂਦਾ ਸੀ। ਪਹਿਲੇ ਦੋਵੇਂ ਟੁਕੜਿਆਂ ਨੂੰ ਰੰਦੇ ਨਾਲ ਚੰਗੀ ਤਰ੍ਹਾਂ ਰੰਦ ਕੇ ਗੋਲ ਕੀਤਾ ਜਾਂਦਾ ਸੀ। ਫਿਰ ਮਧਾਣੀ ਜੁੱਟ ਜੋੜੇ ਥਾਂ ‘ਤੇ ਇੱਕ ਹੋਰ ਗੋਲ ਕੀਤੀ ਹੋਈ ਕੋਈ ਡੇਢ ਕੁ ਫੁੱਟ ਦੀ ਲੰਬੀ ਲੱਕੜ ਨੂੰ ਲਾਇਆ ਜਾਂਦਾ ਸੀ। ਇਸ ਗੋਲ ਕੀਤੀ ਲੰਬੀ ਲੱਕੜ ਨੂੰ ਡੰਡਾ ਕਹਿੰਦੇ ਸਨ।
ਡੰਡੇ ਦੇ ਦੂਜੇ ਸਿਰੇ ਤੋਂ ਥੋੜ੍ਹਾ ਕੁ ਥੱਲੇ ਇੱਕ ਛੋਟੀ ਜਿਹੀ ਕਿੱਲੀ ਲਾਈ ਜਾਂਦੀ ਸੀ। ਇਸ ਕਿੱਲੀ ਦਾ ਸਾਈਜ 4 ਕੁ ਇੰਚ ਦਾ ਹੁੰਦਾ ਸੀ। ਬੱਸ, ਇਹੀ ਢੇਰਨੇ ਦੀ ਬਣਤਰ ਹੁੰਦੀ ਸੀ। ਢੇਰਨੇ ਨੂੰ ਚਲਾਉਣਾ ਹਰੇਕ ਦੇ ਵੱਸ ਦਾ ਕੰਮ ਨਹੀਂ ਸੀ। ਇਸ ਨੂੰ ਹੁਨਰਮੰਦ ਬੰਦੇ ਹੀ ਚਲਾਉਂਦੇ ਹੁੰਦੇ ਸਨ। ਢੇਰਨੇ ਨੂੰ ਚਲਾਉਣ ਦਾ ਵੀ ਢੰਗ ਹੁੰਦਾ ਸੀ।
ਹੁਣ ਤਾਂ ਲੋਕਾਂ ਨੂੰ ਇਸ ਜੰਤਰ ਦੀ ਵਰਤੋਂ ਅਤੇ ਪਹਿਚਾਣ ਕਰਨੀ ਵੀ ਔਖੀ ਹੋ ਗਈ ਹੈ। ਅੱਜ-ਕੱਲ੍ਹ ਨਾ ਢੇਰਨਾ ਰਿਹਾ ਨਾ ਢੇਰਨੇ ਚਲਾਉਣ ਵਾਲੇ। ਅੱਜ ਦੀ ਬਹੁਤੀ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਢੇਰਨਾ ਕੀ ਹੁੰਦਾ ਹੈ।
ਅੱਜ ਦੇ ਆਧੁਨਿਕ ਯੁੱਗ ਵਿਚ ਆਈ ਕ੍ਰਾਂਤੀ ਨੇ ਪੁਰਾਤਨ ਵਿਰਸੇ ਨੂੰ ਭੁਲਾ ਕੇ ਰੱਖ ਦਿੱਤਾ ਹੈ। ਮਸ਼ੀਨੀਕਰਨ ਆਉਣ ਕਰਕੇ ਹੁਣ ਲੋਕੀਂ ਰੱਸੀਆਂ ਵੱਟਣ ਵਾਲੇ ਆਹਰ ਤੋਂ ਮੁਕਤ ਹੋ ਗਏ ਹਨ। ਹੁਣ ਰੱਸੀਆਂ ਮਸ਼ੀਨਾਂ ਨਾਲ ਵੱਟੀਆਂ ਜਾਂਦੀਆਂ ਹਨ। ਅਜੌਕੇ ਸਮੇਂ ਵਿਚ ਮਸ਼ੀਨੀਕਰਨ ਦੀ ਐਸੀ ਹਨ੍ਹੇਰੀ ਵਗ ਪਈ ਹੈ ਕਿ ਢੇਰਨੇ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ ਬੰਦੇ ਵੀ ਸਮੇਂ ਦੀ ਧੂੜ ਵਿਚ ਪਤਾ ਨਹੀਂ ਕਿੱਧਰ ਗਵਾਚ ਗਏ ਹਨ।
ਤਸਵਿੰਦਰ ਸਿੰਘ ਬੜੈਚ
ਦੀਵਾਲਾ, ਤਹਿਸੀਲ ਸਮਰਾਲਾ, ਲੁਧਿਆਣਾ।
ਮੋ. 98763–22677
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।