ਅਲੋਪ ਹੋ ਗਈ ਝਾਲਰ ਤੇ ਘੁੰਗਰੂਆਂ ਵਾਲੀ ਪੱਖੀ
ਕੋਈ ਸਮਾਂ ਸੀ ਜਦੋਂ ਘੁੰਗਰੂਆਂ ਵਾਲੀ ਪੱਖੀ ਦਾਜ ਦਾ ਇੱਕ ਮੁੱਖ ਅੰਗ ਮੰਨੀ ਜਾਂਦੀ ਸੀ। ਹੁਣ ਤਾਂ ਪੱਖੀ ਦੀ ਥਾਂ ਕੂਲਰ, ਏ.ਸੀ., ਪੱਖਿਆਂ ਨੇ ਲੈ ਲਈ ਹੈ। ਮੇਰੇ ਦਾਦੀ ਜੀ ਲਗਭਗ ਨੱਬੇ ਸਾਲ ਦੀ ਉਮਰ ਵਿੱਚ ਵੀ ਪੱਖੀ ਬਣਾ ਲੈਂਦੇ ਸਨ ਕੁੱਝ ਕੁ ਸਾਲ ਪਹਿਲਾਂ ਹੀ ਉਹਨਾਂ ਨੇ ਇੱਕ ਪੱਖੀ ਸ਼ੁਰੂ ਕੀਤੀ ਹੋਈ ਸੀ ਜੋ ਕਿਸੇ ਮੁਸ਼ਕਲ ਕਾਰਨ ਉਨ੍ਹਾਂ ਨੇ ਪੱਖੀ ਵਿਚਾਲੇ ਛੱਡ ਦਿੱਤੀ ਸੀ ਉਨ੍ਹਾਂ ਦੀ ਉਮਰ ਸੌ ਸਾਲ ਹੋ ਗਈ ਸੀ ਤੇ ਉਹ ਚਲਾਣਾ ਕਰ ਗਏ। ਜੋ ਪੱਖੀ ਦਾਦੀ ਮਾਂ ਨੇ ਸ਼ੁਰੂ ਕੀਤੀ ਸੀ ਉਹ ਮੇਰੇ ਹੱਥ ਲੱਗ ਗਈ ਤਾਂ ਮੇਰੇ ਮਨ ’ਚ ਖਿਆਲ ਆਇਆ ਕਿ ਪੱਖੀ ਬਾਰੇ ਕੁੱਝ ਲਿਖਾਂ। ਪਹਿਲਾ ਸਮਾਂ ਹੋਰ ਸੀ ਜਦੋਂ ਬੇਬੇ ਦੇ ਸੰਦੂਕ ਵਿੱਚੋਂ ਹੀ ਸ਼ੀਸ਼ਿਆਂ ਨਾਲ ਜੜੀਆਂ ਘੁੰਗਰੂਆਂ ਤੇ ਝਾਲਰ ਵਾਲੀਆਂ ਪੱਖੀਆਂ ਮਿਲਦੀਆਂ ਸਨ।
ਬੇਬੇ ਦਾ ਸੰਦੂਕ ਵੀ ਸ਼ੀਸ਼ਿਆਂ ਨਾਲ ਜੜਿਆ ਹੁੰਦਾ ਸੀ। ਸੰਦੂਕ ’ਤੇ ਸ਼ੀਸ਼ੇ ਤੇ ਪਿੱਤਲ ਦੇ ਸੁਨਹਿਰੀ ਕੋਕੇ ਜੜੇ ਹੁੰਦੇ ਸਨ। ਕਈ ਸੰਦੂਕਾਂ ’ਤੇ ਮੋਰਨੀ ਦਾ ਡਿਜਾਇਨ ਵੀ ਪਾਇਆ ਹੁੰਦਾ ਸੀ ।ਪਹਿਲਾ ਸਮਾਂ ਸੀ ਜਦੋਂ ਪੱਖੀ ਦੀ ਵਰਤੋਂ ਹਵਾ ਝੱਲਣ ਲਈ ਹੁੰਦੀ ਸੀ ਪੱਖੀ ਲੱਕੜ ਦੇ ਢਾਂਚੇ ਤੇ ਬਣਾਈ ਜਾਂਦੀ ਹੈ ਘੁਮਾਉਣ ਲਈ ਇਸ ਦੇ ਹੇਠਾਂ ਹੱਥੀ ਲੱਗੀ ਹੁੰਦੀ ਹੈ
ਇਹ ਰੰਗ-ਬਰੰਗੇ ਊਨੀ ਧਾਗੇ ਨਾਲ ਤਿਆਰ ਕੀਤੀ ਜਾਂਦੀ ਹੈ ਹਵਾ ਝੱਲਣ ਲਈ ਪੱਖੀ ਦੇ ਅੱਗੇ ਕੱਪੜੇ ਦੀ ਝਾਲਰ ਲੱਗੀ ਹੁੰਦੀ ਹੈ ਕਈ ਵਾਰ ਪੱਖੀਆਂ ’ਤੇ ਸ਼ੀਸ਼ੇ, ਘੁੰਗਰੂ ਵੀ ਲੱਗੇ ਹੁੰਦੇ ਹਨ। ਪਹਿਲਾਂ ਪੁਰਾਣੇ ਸਮੇਂ ਵਿੱਚ ਕੁੜੀਆਂ ਆਪਣੇ ਦਾਜ ਲਈ ਪੱਖੀਆਂ ਤਿਆਰ ਕਰਦੀਆਂ ਸਨ। ਨਾਨਕੀ ਸ਼ੱਕ ਭਰਨ ਲਈ ਵੀ ਦੋਹਤੀ ਦੇ ਦਾਜ ਲਈ ਪੱਖੀ ਤਿਆਰ ਕੀਤੀ ਜਾਂਦੀ ਸੀ। ਪੰਜਾਬੀ ਲੋਕਧਾਰਾ ਵਿੱਚ ਪੱਖੀ ਦਾ ਵਿਸ਼ੇਸ਼ ਸਥਾਨ ਹੈ। ਪੱਖੀਆਂ ਦੀ ਬਣਤਰ ਅਤੇ ਕਢਾਈ ਘਰੇਲੂ ਹੁਨਰ ਦਾ ਉੱਤਮ ਨਮੂਨਾ ਰਿਹਾ ਹੈ। ਆਪਣੇ ਦਾਜ ਵਿੱਚ ਕੁੜੀਆਂ ਸੋਹਣੀਆਂ ਪੱਖੀਆਂ ਬਣਾ ਕੇ ਲੈ ਜਾਂਦੀਆਂ ਸਨ। ਪੰਜਾਬੀ ਲੋਕ-ਗੀਤਾਂ ਵਿੱਚ ਪੱਖੀ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ।
ਕਲਕੱਤਿਓਂ ਪੱਖੀ ਲਿਆਦੇ
ਝੱਲੂੰਗੀ ਸਾਰੀ ਰਾਤ ਵੇ…
ਆਧੁਨਿਕਤਾ ਦੇ ਦੌਰ ’ਚ ਪੱਖੀ ਗੈਰ-ਪ੍ਰਸੰਗਿਕ ਹੋ ਗਈ ਹੈ ਗਰਮੀ ਤੋਂ ਬਚਣ ਲਈ ਬਨਾਵਟੀ ਹਵਾ ਦੇ ਆਧੁਨਿਕ ਸਾਧਨਾਂ ਜਿਵੇਂ ਕਿ (ਪੱਖੇ, ਕੂਲਰ, ਏ. ਸੀ) ਦੀ ਵਰਤੋਂ ਦੇ ਵਾਧੇ ਕਾਰਨ ਪੱਖੀ ਦੀ ਵਰਤੋਂ ਜਰੂਰੀ ਨਹੀਂ ਰਹੀ। ਅੱਜ ਦੇ ਦੌਰ ਵਿੱਚ ਇਹ ਸਜਾਵਟ ਜਾਂ ਫਿਰ ਅਜਾਇਬਘਰ ਦੀ ਵਸਤੂ ਬਣ ਗਈ ਹੈ ਜਾਂ ਸਿਰਫ ਸਕੂਲ, ਕਾਲਜਾਂ, ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਸਿਰਫ ਦਿਖਾਵੇ ਦਾ ਨਮੂਨਾ ਹੀ ਬਣ ਕੇ ਰਹਿ ਗਈ ਹੈ।
ਪੁਰਾਣੇ ਵੇਲੇ ਲੋਕ ਬੜੀ ਮੁਸ਼ਕਲ ਨਾਲ ਗਰਮੀ ਦੇ ਦਿਨ ਕੱਟਦੇ ਸਨ। ਜਦੋਂ ਉਸ ਵੇਲੇ ਪਿੰਡਾਂ ਵਿਚ ਬਿਜਲੀ ਹੀ ਨਹੀਂ ਸੀ ਹੁੰਦੀ ਤਾਂ ਕਿੱਥੋਂ ਆਉਣੇ ਸਨ ਬਿਜਲੀ ਨਾਲ ਚੱਲਣ ਵਾਲੇ ਪੱਖੇ? ਗਰਮੀ ਦੀ ਰੁੱਤ ਕਈ ਵਾਰ ਬੱਚੇ ਪੱਖੀ ਚੱਲਣ ਦੀ ਵਾਰੀ ਬੰਨ੍ਹ ਲੈਂਦੇ ਸਨ। ਕਈ ਵਾਰ ਜਦੋਂ ਪੱਖੀ ਦੀ ਡੰਡੀ ਫੜ ਕੇ ਘੁੰਮਾਉਂਦੇ ਸੀ ਤਾਂ ਉਸ ਵਿੱਚੋਂ ਚੂੰ-ਚੂੰ ਦੀ ਅਵਾਜ ਸੁਣ ਕੇ ਬੜੇ ਖੁਸ਼ ਹੁੰਦੇ। ਉਨ੍ਹਾਂ ਦਿਨਾਂ ਵਿਚ ਗਰਮੀ ਵੀ ਅੰਤਾਂ ਦੀ ਪੈਂਦੀ ਸੀ। ਖੇਤ ਧੁੱਪ ਨਾਲ ਤਪਦੇ, ਗਰਮ ਲੂਆਂ ਚੱਲਦੀਆਂ ਤੇ ਕਈ-ਕਈ ਮਹੀਨੇ ਚੱਲਣ ਵਾਲੀਆਂ ਗਰਮ ਹਵਾਵਾਂ ਮਨੁੱਖ ਦੇ ਪਿੰਡੇ ਨੂੰ ਝੁਲਸਾ ਕੇ ਰੱਖ ਦਿੰਦੀਆਂ ਸਨ। ਅਜਿਹੀ ਹਾਲਤ ਵਿਚ ਕੱਚੇ ਮਕਾਨ ਗਰਮੀ ਤੋਂ ਕੁੱਝ ਰਾਹਤ ਦਿੰਦੇ ਸਨ ਪਰ ਹਵਾ ਦੀ ਲੋੜ ਪੂਰੀ ਕਰਨ ਲਈ ਹੱਥਾਂ ਨਾਲ ਚਲਾਉਣ ਵਾਲੇ ਪੱਖੇ ਸਨ ਮਨੁੱਖ ਨੇ ਆਪਣੀ ਲੋੜ ਅਨੁਸਾਰ ਪੱਖਿਆਂ ਨੂੰ ਚੰਗੀ ਦਿੱਖ ਦੇਣ ਲਈ ਜਾਂ ਵੱਧ ਹਵਾ ਦੇਣ ਲਈ ਔਰਤਾਂ ਨੇ ਸੱਭਿਆਚਾਰਕ ਝਾਲਰਦਾਰ ਸੁੰਦਰ ਪੱਖੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਇਹ ਪੱਖੀਆਂ ਜਿੱਥੇ ਛੋਟੇ ਬੱਚਿਆਂ ਨੂੰ ਝੱਲਣ ਦੇ ਕੰਮ ਆਉਂਦੀਆਂ, ਉੱਥੇ ਮਹਿਮਾਨ ਨਿਵਾਜ਼ੀ ਲਈ ਵੀ ਜ਼ਰੂਰਤ ਨੂੰ ਪੂਰਾ ਕਰਦੀਆਂ ਗਰਮੀ ਦੇ ਦਿਨਾਂ ’ਚ ਇਹ ਰੰਗਦਾਰ ਸੁੰਦਰ ਪੱਖੀਆਂ ਇੰਨੀਆਂ ਲੋੜੀਂਦੀਆਂ ਹੁੰਦੀਆਂ ਹਨ ਕਿ ਪਿੰਡਾਂ ਵਿਚ ਕੁੜੀਆਂ ਦੇ ਵਿਆਹ ਦੇ ਦਾਜ ਵਿਚ ਖ਼ਾਸ ਤੌਰ ’ਤੇ ਰੱਖੀਆਂ ਜਾਂਦੀਆਂ ਜੋ ਕੁੜੀਆਂ ਨੂੰ ਸਹੁਰੇ ਘਰ ਦੀ ਲੋੜ ਅਤੇ ਕੁੜੀ ਦੀ ਕਲਾਕਿ੍ਰਤੀ ਲਈ ਆਪਣੀ ਲੋੜ ਮਹਿਸੂਸ ਕਰਵਾਉਂਦੀਆਂ। ਪਹਿਲਾਂ ਜਦੋਂ ਕਦੇ ਘਰ ਕੋਈ ਮਹਿਮਾਨ ਜਾਂ ਪ੍ਰਾਹੁਣਾ ਆਉਂਦਾ ਸੀ ਤਾਂ ਉਸਨੂੰ ਝਾਲਰਾਂ ਵਾਲੀ ਪੱਖੀ ਦਿੱਤੀ ਜਾਂਦੀ ਸੀ। ਪੰਜਾਬੀ ਪੇਂਡੂ ਲੋਕ ਮਹਿਮਾਨ ਨਿਵਾਜ਼ੀ ਵਿਚ ਤਾਂ ਸ਼ੁਰੂ ਤੋਂ ਹੀ ਮਾਹਿਰ ਹਨ, ਇਸ ਲਈ ਪਿੰਡ ਵਿਚ ਜਦੋਂ ਵੀ ਗਰਮੀ ਦੇ ਦਿਨਾਂ ਵਿਚ ਕਿਸੇ ਦੇ ਘਰ ਕੋਈ ਮਹਿਮਾਨ ਆਉਂਦਾ ਤਾਂ ਉਸ ਦਾ ਮੰਜਾ ਵਿਹੜੇ ਵਿਚ ਲੱਗੀ ਨਿੰਮ ਹੇਠ ਡਾਹ ਕੇ ਉੱਪਰ ਦਰੀ ਅਤੇ ਫੁੱਲ-ਬੂਟੀਆਂ ਵਾਲੀ ਨਵੀਂ ਚਾਦਰ ਵਿਛਾ ਕੇ ਬਿਠਾਇਆ ਜਾਂਦਾ ਤੇ ਉਸ ਨੂੰ ਕੋਈ ਵੀ ਹੱਥ-ਪੱਖੀ ਦੇਣਾ ਨਾ ਭੁੱਲਦਾ।
ਜੇ ਕੋਈ ਮਹਿਮਾਨ ਖ਼ਾਸ ਹੁੰਦਾ ਤਾਂ ਘਰ ਦੇ ਨਿਆਣਿਆਂ ਨੂੰ ਹੀ ਉਸ ਮਹਿਮਾਨ ਲਈ ਪੱਖੀ ਝੱਲਣ ਲਾ ਦਿੱਤਾ ਜਾਂਦਾ। ਕਈ ਵੱਡੇ ਘਰਾਂ ਵਿਚ ਛੱਤ ਉੁਪਰ ਪੱਖਾ ਲਾ ਦਿੱਤਾ ਜਾਂਦਾ। ਇਹ ਪੱਖੇ ਅੱਜ ਵਾਲੇ ਬਿਜਲੀ ਵਾਲੇ ਪੱਖੇ ਨਹੀਂ ਸਨ, ਸਗੋਂ ਪੱਖੀ ਦੀ ਤਰ੍ਹਾਂ ਦੇ ਝਾਲਰਦਾਰ ਵੱਡੇ-ਵੱਡੇ ਛੱਜ ਵਾਂਗ ਬਣੇ ਪੱਖੇ ਹੁੰਦੇ ਸਨ, ਜੋ ਛੱਤ ਉੁਪਰ ਟੰਗੇ ਹੁੰਦੇ ਸਨ ਅਤੇ ਜਿਨ੍ਹਾਂ ਨੂੰ ਹੇਠਾਂ ਬੈਠ ਕੇ ਰੱਸੀ ਨਾਲ ਖਿੱਚਿਆ ਜਾਂਦਾ ਸੀ। ਇਹ ਪੱਖੇ ਕਾਫ਼ੀ ਵੱਡੇ ਹੁੰਦੇ ਸਨ, ਇਸ ਲਈ ਵੱਧ ਹਵਾ ਦਿੰਦੇ ਸਨ। ਦੂਜਾ ਇਨ੍ਹਾਂ ਨੂੰ ਚਲਾਉਣਾ ਬਹੁਤ ਸੌਖਾ ਸੀ। ਇਨ੍ਹਾਂ ਪੱਖਿਆਂ ਦੀ ਹਵਾ ਕਾਫ਼ੀ ਦੂਰ ਤੱਕ ਜਾਂਦੀ ਸੀ ਜਿਸ ਨਾਲ ਜ਼ਿਆਦਾ ਲੋਕ ਇੱਕ ਪੱਖੇ ਹੇਠ ਬੈਠ ਕੇ ਹੀ ਹਵਾ ਲੈ ਸਕਦੇ ਸਨ
ਪਿੰਡਾਂ ਵਿਚ ਕਈ ਲੋਕ ਘਰ ਬੈਠ ਕੇ ਹੀ ਪੱਕੇ ਤੌਰ ’ਤੇ ਘਰ ਦਾ ਕੰਮ ਕਰਦੇ ਸਨ ਤਾਂ ਉਹ ਵੀ ਆਪਣੇ ਕੰਮ ਵਾਲੀ ਥਾਂ ਉੱਪਰ ਇਹ ਝਾਲਰੀ ਪੱਖਾ ਲਵਾ ਲੈਂਦੇ। ਕਈ ਬਾਣੀਏ ਜੋ ਦੁਕਾਨ ਦਾ ਕੰਮ ਕਰਦੇ ਸਨ ਉਹ ਤਾਂ ਇਸ ਪੱਖੇ ਦਾ ਪੂਰਾ-ਪੂਰਾ ਲਾਹਾ ਲੈਂਦੇ। ਗ੍ਰਾਹਕ ਵੀ ਭੁਗਤਦੇ ਰਹਿੰਦੇ ਅਤੇ ਵਿਹਲੇ ਹੋ ਕੇ ਰੱਸੀ ਵੀ ਖਿੱਚਦੇ ਰਹਿੰਦੇ। ਉਨ੍ਹਾਂ ਦਿਨਾਂ ਵਿਚ ਕੁੱਝ ਹੱਥ ਨਾਲ ਝੱਲਣ ਵਾਲੇ ਵੱਡੇ ਪੱਖੇ ਵੀ ਬਣਾਏ ਜਾਂਦੇ ਸਨ, ਜਿਨ੍ਹਾਂ ਨੂੰ ਫੜਨ ਤੇ ਝੱਲਣ ਲਈ ਵਿਚਕਾਰ ਇੱਕ ਡੰਡਾ ਪਾਇਆ ਜਾਂਦਾ ਸੀ।
ਗਰਮੀ ਦੇ ਦਿਨਾਂ ਵਿਚ ਧਾਰਮਿਕ ਜਾਂ ਸਮਾਜਿਕ ਇਕੱਠ ਸਮੇਂ ਅਜਿਹੇ ਵੱਡੇ ਪੱਖਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਪੱਖੇ ਛੋਟੀਆਂ ਪੱਖੀਆਂ ਦਾ ਵੱਡਾ ਰੂਪ ਹੀ ਹੁੰਦੇ ਸਨ ਪਰ ਜਦ ਤੋਂ ਪਿੰਡਾਂ ਵਿਚ ਬਿਜਲੀ ਆ ਗਈ ਹੈ ਤਾਂ ਹਰ ਘਰ ਵਿਚ ਬਿਜਲੀ ਦੇ ਪੱਖਿਆਂ ਨੇ ਹੀ ਅਪਣੇ ਪੈਰ ਜਮਾ ਲਏ ਹਨ। ਉਨ੍ਹਾਂ ਝਾਲਰੀ ਪੱਖਿਆਂ ਦੀ ਥਾਂ ਤਿੰਨ ਪਰਾਂ ਵਾਲੇ ਬਿਜਲੀ ਦੇ ਪੱਖੇ ਲਟਕਣ ਲੱਗੇ ਤੇ ਬਿਜਲੀ ਦਾ ਬਟਨ ਦਬਾਉਂਦੇ ਹੀ ਹਵਾ ਦੀ ਲੋੜ ਪੂਰੀ ਕਰ ਕੇ ਗਰਮੀ ਨੂੰ ਭਜਾਉਣ ਲੱਗੇ। ਲੋਕਾਂ ਨੂੰ ਵੀ ਬੜਾ ਸੁਖ ਜਿਹਾ ਪ੍ਰਾਪਤ ਹੋਣ ਲੱਗਾ
ਵੱਡੇ-ਵੱਡੇ ਵਿਹੜਿਆਂ ਵਿਚ ਵੀ ਤੇਜ਼ ਰਫ਼ਤਾਰ ਫ਼ਰਾਟੇ ਪੱਖੇ ਬਿਜਲੀ ਨਾਲ ਚੱਲਦੇ ਹੋਏ ਹਵਾ ਮਾਰਨ ਲੱਗੇ। ਲੋਕ, ਹੱਥ ਪੱਖੇ ਜਾਂ ਛੱਤ ਵਾਲੇ ਵੱਡੇ ਦੇਸੀ ਪੱਖਿਆਂ ਨੂੰ ਭੁੱਲ ਗਏ। ਇੱਥੋਂ ਤੱਕ ਕਿ ਉਨ੍ਹਾਂ ਪੇਂਡੂ ਵਿਆਹਾਂ ਵਿਚ ਦਾਜ ਲਈ ਰੱਖੀਆਂ ਸੋਹਣੀਆਂ ਕਢਾਈ ਵਾਲੀਆਂ ਪੱਖੀਆਂ ਦੀ ਥਾਂ ਵੀ ਟੇਬਲ ਫ਼ੈਨ ਨੇ ਲੈ ਲਈ ਅਤੇ ਹਰ ਗ਼ਰੀਬ-ਅਮੀਰ ਲੋਕ ਦਾਜ ਵਿਚ ਲੜਕੀ ਨੂੰ ਇਹ ਪੱਖੇ ਦੇਣ ਲੱਗ ਪਏ।
ਜਿਉਂ-ਜਿਉਂ ਮਨੁੱਖ ਦੇਸੀ ਛੱਤ ਵਾਲੇ ਪੱਖਿਆਂ ਤੋਂ ਦੂਰ ਜਾਂਦਾ ਗਿਆ ਤਿਉਂ-ਤਿਉਂ ਘਰਾਂ ਵਿਚ ਵੀ ਬਿਜਲੀ ਪੱਖਿਆਂ ਦੀ ਥਾਂ ਕੂਲਰਾਂ ਨੇ ਲੈ ਲਈ ਅਤੇ ਬਹੁਤੇ ਰੱਜੇ-ਪੁੱਜੇ ਘਰਾਂ ਵਿਚ ਤਾਂ ਏ. ਸੀ. ਵੀ ਆ ਗਿਆ। ਹੁਣ ਤਾਂ ਇਹ ਹਾਲਾਤ ਹਨ ਕਿ ਸ਼ਹਿਰਾਂ ਵਿਚ ਤਾਂ ਇੱਕ-ਇੱਕ ਘਰ ਵਿਚ ਕਈ ਕਈ ਏ. ਸੀ. ਲੱਗੇ ਹੋਏ ਹਨ। ਪੰਜਾਬ ਦੇ ਪਿੰਡਾਂ ਵਿਚ ਵੀ ਹੁਣ ਮਹਿਮਾਨ ਨੂੰ ਨਿੰਮ ਹੇਠ ਮੰਜਾ ਡਾਹ ਕੇ ਪੱਖੀ ਦੇਣ ਦੀ ਥਾਂ ਏ.ਸੀ. ਵਾਲੇ ਕਮਰੇ ਵਿਚ ਹੀ ਬਿਠਾਇਆ ਜਾਂਦਾ ਹੈ। ਪਰ ਹੁਣ ਇਹ ਸਭ ਗੱਲਾਂ ਬੀਤੇ ਦੀਆਂ ਯਾਦਾਂ ਤੇ ਬਾਤਾਂ ਹੋ ਕੇ ਰਹਿ ਗਈਆਂ ਹਨ, ਅਜੋਕੇ ਬਦਲੇ ਸਮੀਕਰਨਾਂ ਮੁਤਾਬਕ ਹੁਣ ਇਨ੍ਹਾਂ ਗੱਲਾਂ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਗਈ ਕਿਉਂਕਿ ਅਸੀਂ ਬਹੁਤ ਅਗਾਂਹਵਧੂ ਤੇ ਅਮੀਰੀ ਦੀ ਝਲਕ ਵਾਲੇ ਹੋ ਗਏ ਹਾਂ, ਪਰ ਸਾਡਾ ਅਸਲੀ ਵਿਰਸਾ ਤਾਂ ਇਹੀ ਸੀ!
ਅੱਜ ਵਿਗਿਆਨਕ ਸਹੂਲਤ ਦਾ ਹਰ ਕੋਈ ਫ਼ਾਇਦਾ ਲੈਣਾ ਚਾਹੁੰਦਾ ਹੈ ਅਤੇ ਜ਼ਮਾਨੇ ਦੀ ਗਤੀ ਵੀ ਬੜੀ ਤੇਜ਼ੀ ਨਾਲ ਬਦਲਦੀ ਵੇਖੀ ਗਈ ਹੈ। ਪਰ ਜੋ ਸੁਖ ਤੇ ਚੈਨ ਕੁਦਰਤੀ ਵਾਤਾਵਰਨ ਵਿਚ ਰਹਿ ਕੇ ਉਨ੍ਹਾਂ ਛੱਤ ਵਾਲੇ ਝਾਲਰੀ ਪੱਖਿਆਂ ਹੇਠ ਮਿਲਦਾ ਸੀ ਉਹ ਅੱਜ ਏ. ਸੀ. ਲੱਗੇ ਹੋਏ ਬੰਦ ਕਮਰਿਆਂ ਵਿਚ ਨਹੀਂ ਲੱਭਦਾ। ਬਹੁਤ ਸਾਰੇ ਲੋਕ ਤਾਂ ਏ. ਸੀ. ਦੀ ਹਵਾ ਨਾਲ ਬਿਮਾਰ ਹੋ ਜਾਂਦੇ ਹਨ ਅਤੇ ਕੁਦਰਤ ਅਤੇ ਕੁਦਰਤੀ ਹਵਾ ਤੋਂ ਦੂਰ ਰਹਿ ਕੇ ਬਿਮਾਰੀਆਂ ਸਹੇੜ ਬੈਠਦੇ ਹਨ।
ਸਾਡੇ ਪੁਰਾਣੇ ਪੱਖੇ, ਪੱਖੀਆਂ ਅਤੇ ਉਹ ਝਾਲਰੀ ਪੱਖੇ ਸਾਡੇ ਸੱਭਿਆਚਾਰ ਦਾ ਅੰਗ ਵੀ ਬਣੇ ਰਹੇ ਹਨ। ਅੱਜ-ਕੱਲ੍ਹ ਦੇ ਬੱਚਿਆਂ ਨੇ ਤਾਂ ਉਹ ਪੱਖੇ ਵੇਖੇ ਹੀ ਨਹੀਂ ਹਨ। ਕੁੱਝ ਵੀ ਹੋਵੇ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਬਾਰੇ ਜ਼ਰੂਰ ਦੱਸਦੇ ਰਹੀਏ ਤਾਂ ਜੋ ਪੁਰਾਣੇ ਵਿਰਸੇ ਸੱਭਿਆਚਾਰ ਨੂੰ ਮੁੜ ਤੋਂ ਬਹਾਲ ਕੀਤਾ ਜਾ ਸਕੇ ।
ਗਗਨਦੀਪ ਧਾਲੀਵਾਲ, ਝਲੂਰ, ਬਰਨਾਲਾ।
ਜਨਰਲ ਸਕੱਤਰ, ਮਹਿਲਾ ਕਾਵਿ ਮੰਚ, ਪੰਜਾਬ।
ਮੋ. 99889-33161
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.