ਡਿਜ਼ੀਟਲ ਪੜ੍ਹਾਈ ਬਨਾਮ ਬੱਚਿਆਂ ਦਾ ਸਰਬਪੱਖੀ ਵਿਕਾਸ
ਅੱਜ ਸਾਡੇ ਚਾਰੇ ਪਾਸੇ ਤਕਨੀਕ ਦਾ ਬੋਲਬਾਲਾ ਹੈ। ਦੁਨੀਆਂ ਨਾਲ ਤਰੰਗੀ ਸੰਚਾਰ ਲਈ ਤੇਜ਼-ਤਰਾਰ ਸਾਧਨ ਆ ਰਹੇ ਹਨ। ਨਵੀਆਂ ਕਾਢਾਂ ਨੇ ਜੀਵਨ ਨੂੰ ਨਵੇਂ ਰਾਹ ਦਿੱਤੇ ਹਨ। ਬੱਚੇ ਕਾਪੀਆਂ-ਕਿਤਾਬਾਂ ਰਾਹੀਂ ਪੜ੍ਹਨ ਦੀ ਬਜਾਇ ਮੋਬਾਈਲ ਫੋਨਾਂ ਰਾਹੀਂ ਪੜ੍ਹਾਈ ਕਰ ਰਹੇ ਹਨ। ਪੇਪਰ ਲਿਖ ਕੇ ਨਹੀਂ ਗੂਗਲ ਕੁਇਜ਼ ਰਾਹੀਂ ਦਿੱਤੇ ਜਾਂਦੇ ਹਨ। ਭਾਵੇਂ ਇਹ ਸਭ ਕੁਝ ਸਮੇਂ ਦੀ ਲੋੜ ਹੈ, ਪਰ ਬੱਚਿਆਂ ਨੂੰ ਸਾਰਾ ਦਿਨ ਮੋਬਾਈਲ ਨਾਲ ਚਿਪਕੇ ਹੋਏ ਵੇਖ ਕੇ ਮਾਪੇ ਪ੍ਰੇਸ਼ਾਨ ਜ਼ਰੂਰ ਹਨ।
ਉਨ੍ਹਾਂ ਅੰਦਰ ਡਰ ਹਨ। ਬੱਚੇ ਪੜ੍ਹ ਰਹੇ ਹਨ ਜਾਂ ਕੁਝ ਹੋਰ ਹੀ ਕਰ ਰਹੇ ਹਨ। ਤਕਨੀਕ ਨੂੰ ਸਹੀ ਵਰਤਿਆ ਜਾਵੇ ਤਾਂ ਅੰਮ੍ਰਿਤ, ਨਹੀਂ ਤਾਂ ਮਾਰੂ ਜ਼ਹਿਰ ਹੈ। ਸਟੱਡੀ ਟੇਬਲ ‘ਤੇ ਸੰਗਠਿਤ ਹੋ ਕੇ ਪੜ੍ਹਨ ਨਾਲ ਕੇਵਲ ਗਿਆਨ ਨਹੀਂ ਸਗੋਂ ਜੀਵਨ ਜਾਂਚ ਵੀ ਆਉਂਦੀ ਹੈ। ਇਸ ਤਰ੍ਹਾਂ ਦੀ ਬੈਠਕ ਨਾਲ ਉਡੀਕ, ਸਹਿਣਸ਼ੀਲਤਾ ਅਤੇ ਮਾਨਸਿਕ ਪ੍ਰਪੱਕਤਾ ਆਉਂਦੀ ਹੈ ਜੋ ਜ਼ਿੰਦਗੀ ‘ਚ ਕਾਮਯਾਬੀ ਦੀ ਬੁਨਿਆਦ ਬਣਦੀ ਹੈ।
ਮੋਬਾਈਲ, ਲੈਪਟਾਪ ਜਾਂ ਕੰਪਿਊਟਰ ਰਾਹੀਂ ਵਿੱਦਿਆ ਹਾਸਲ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਲੋੜ ਸਹੀ ਵਰਤੋਂ ਦੀ ਹੈ। ਸੂਚਨਾ ਤਕਨੀਕ ਨੇ ਸਾਨੂੰ ਐਨਾ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ ਕਿ ਅਸੀਂ ਚਾਹੁੰਦੇ ਹੋਏ ਵੀ ਪਿੱਛੇ ਨਹੀਂ ਹਟ ਸਕਦੇ। ਬੱਚੇ ਡਿਜੀਟਲ ਚੀਜ਼ਾਂ ਦੀ ਸੰਗਤ ਮਾਣਦੇ ਵੱਡੇ ਹੋ ਰਹੇ ਹਨ। ਮੁਕਾਬਲੇ ਦੇ ਯੁੱਗ ਵਿੱਚ ਪੜ੍ਹਾਈ ਦਿਨ ਔਖੀ ਹੁੰਦੀ ਜਾ ਰਹੀ ਹੈ। ਕਾਮਯਾਬ ਹੋਣ ਲਈ ਬੱਚਿਆਂ ਸਾਹਮਣੇ ਵੱਡੇ ਪ੍ਰਸ਼ਨ ਹਨ, ਪਰ ਗੂਗਲ ਬਾਬਾ ਦੇ ਹੁੰਦਿਆਂ ਇਨ੍ਹਾਂ ਦੇ ਉੱਤਰ ਲੱਭਣਾ ਸਕਿੰਟਾਂ ਦੀ ਖੇਡ ਹੈ।
ਗੂਗਲ ਸਰਚ ਇੰਜਣ ਅਜਿਹੇ ਸ਼ਾਪਿੰਗ ਮਾਲ ਦੀ ਤਰ੍ਹਾਂ ਹੈ ਜਿੱਥੋਂ ਅਸੀਂ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲੀ ਹਰ ਚੀਜ਼ ਪ੍ਰਾਪਤ ਕਰ ਸਕਦੇ ਹਾਂ ਭਾਵ ਹਰ ਦੁਬਿਧਾ ਦਾ ਹੱਲ ਇੰਟਰਨੈੱਟ ਤੋਂ ਮਿਲ ਜਾਂਦਾ ਹੈ। ਤਕਨੀਕ ਨਾਲ ਬੱਚੇ ਆਜ਼ਾਦਾਨਾ ਤੌਰ ‘ਤੇ ਪੜ੍ਹ ਰਹੇ ਹਨ ਤੇ ਉਨ੍ਹਾਂ ਦੀ ਸਿੱਖਣ ਸਮਰੱਥਾ ਵਿੱਚ ਅਥਾਹ ਵਾਧਾ ਹੋਇਆ ਹੈ।
ਅੱਜ-ਕੱਲ੍ਹ ਬੱਚੇ ਸਿੱਖਣ ਤੇ ਆਲੇ-ਦੁਆਲੇ ਨਾਲ ਜੁੜਨ ਲਈ ਤਕਨੀਕ ਦੇ ਵੱਖ-ਵੱਖ ਯੰਤਰਾਂ ਦੀ ਵਰਤੋਂ ਕਰ ਰਹੇ ਹਨ। ਜ਼ੂਮ, ਗੂਗਲ ਕਾਨਫਰੰਸ, ਗੂਗਲ ਮੀਟ ਆਦਿ ਐਪਸ ਰਾਹੀਂ ਵਰਚੁਅਲ ਕਲਾਸਾਂ ਲੱਗ ਰਹੀਆਂ ਹਨ। ਯੂ-ਟਿਊਬ ਚੈਨਲਾਂ ਤੇ ਆਨਲਾਈਨ ਲਾਇਬ੍ਰੇਰੀਆਂ ਰਾਹੀਂ ਬੱਚੇ ਬੰਦ ਕਮਰੇ ਵਿੱਚ ਬੈਠ ਕੇ ਵੀ ਸਿੱਖ ਰਹੇ ਹਨ।
ਕੋਵਿਡ ਪ੍ਰਕੋਪ ਚੱਲਦਿਆਂ ਡਾਕਟਰੀ ਤੇ ਇੰਜੀਨੀਅਰਿੰਗ ਦੀ ਕੋਚਿੰਗ ਦੇਣ ਵਾਲੀਆਂ ਸੰਸਥਾਵਾਂ ਨੇ ਆਨਲਾਈਨ ਸਟੱਡੀ ਪੈਕ ਮੁਹੱਈਆ ਕਰਵਾਏ ਹਨ। ਬੱਚੇ ਮਹਿੰਗੀਆਂ ਫੀਸਾਂ ਤਾਰ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ। ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿੱਚ ਬੱਚੇ ਦਾ ਆਪਣੇ-ਆਪ ਨੂੰ ਅਪਡੇਟ ਰੱਖਣਾ ਬਹੁਤ ਜ਼ਰੂਰੀ ਹੈ। ਇਹ ਵੀ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹੈ ਕਿ ਜੇਕਰ ਬੱਚਾ ਤਕਨੀਕ ਦਾ ਸਦਉਪਯੋਗ ਕਰਦਾ ਹੈ ਤਾਂ ਜ਼ਿਆਦਾ ਸਿੱਖਦਾ ਹੈ।
ਇੱਕ ਸਰਵੇ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕੇ ਵੀਡੀਓ ਗੇਮਾਂ ਖੇਡਣ ਵਾਲੇ ਵੇਖਣ ਵਾਲੇ ਬੱਚਿਆਂ ਦੀ ਯਾਦ ਸ਼ਕਤੀ ਵੱਧ ਹੁੰਦੀ ਹੈ। ਇਨ੍ਹਾਂ ਕਿਰਿਆਵਾਂ ਰਾਹੀਂ ਬੱਚਿਆਂ ਦੇ ਦਿਮਾਗੀ ਤੰਤੂਆਂ ਦੀ ਕਸਰਤ ਹੋਣ ਕਰਕੇ ਉਨ੍ਹਾਂ ਦੀ ਸਿੱਖਣ ਸਮਰੱਥਾ ਵਧ ਜਾਂਦੀ ਹੈ। ਡਿਜ਼ੀਟਲ ਸਾਧਨਾਂ ਦਾ ਲਾਗਤ ਖਰਚਾ ਜ਼ਿਆਦਾ ਹੋਣ ਕਰਕੇ ਆਮ ਪਰਿਵਾਰਾਂ ਦੇ ਬੱਚਿਆਂ ਦੇ ਵਿੱਤੋਂ ਬਾਹਰ ਦੀ ਗੱਲ ਹੈ।
ਤਕਨੀਕ ਨਾਲ ਜੋੜਨ ਲਈ ਸਰਕਾਰ ਨੂੰ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਹਰ ਬੱਚਾ ਸਮੇਂ ਦੇ ਹਾਣ ਦਾ ਹੋ ਸਕੇ। ਬਹੁਤੇ ਬੱਚੇ ਸਾਰਾ ਦਿਨ ਮੋਬਾਈਲ ਫੋਨ ‘ਚ ਹੀ ਗੁਆਚੇ ਰਹਿੰਦੇ ਹਨ। ਬਾਹਰਲੇ ਸੰਸਾਰ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ। ਆਸੇ-ਪਾਸੇ ਕੀ ਹੋ ਰਿਹਾ ਹੈ ਉਹ ਬੇਖ਼ਬਰ ਹਨ। ਆਨਲਾਈਨ ਦੁਨੀਆਂ ਹੀ ਉਨ੍ਹਾਂ ਦਾ ਸੰਸਾਰ ਹੈ। ਪ੍ਰੰਤੂ ਬੱਚਿਆਂ ਅੰਦਰ ਸਮਾਜਿਕ ਸੰਸਕਾਰ ਪੈਦਾ ਕਰਨ ਲਈ ਉਨ੍ਹਾਂ ਦਾ ਆਲੇ-ਦੁਆਲੇ ਨਾਲ ਅਦਾਨ-ਪ੍ਰਦਾਨ ਹੋਣਾ ਬਹੁਤ ਜ਼ਰੂਰੀ ਹੈ। ਬੋਲ-ਚਾਲ , ਗੱਲਬਾਤ ਕਰਨ ਦੀ ਕਲਾ, ਘੁਲ ਮਿਲ ਜਾਣਾ, ਸੰਵਾਦ ਕਰਨਾ ਆਦਿ ਸਮਾਜਿਕ ਹੁਨਰ ਬੱਚੇ ਦੀ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ।
ਸਮਾਜਿਕ ਗੁਣਾਂ ਤੋਂ ਕੋਰੇ ਬੱਚੇ ਦੋਸਤੀਆਂ ਪ੍ਰਵਾਨ ਚੜ੍ਹਾਉਣ ਤੇ ਸਮਾਜਿਕ ਸਬੰਧ ਬਣਾਉਣ ਵਿੱਚ ਫੇਲ੍ਹ ਹੋ ਜਾਂਦੇ ਹਨ। ਅਜਿਹੇ ਬੱਚਿਆਂ ਕੋਲ ਗਿਆਨ ਹੁੰਦੇ ਹੋਏ ਵੀ ਉਨ੍ਹਾਂ ਦੀ ਜ਼ਿੰਦਗੀ ਰਸਹੀਣ ਬਣ ਜਾਂਦੀ ਹੈ।
ਡਿਜੀਟਲ ਸੰਸਾਰ ਦਾ ਇੱਕ ਹੋਰ ਮਾੜਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਕਿ ਇੰਟਰਨੈੱਟ ਜਾਂ ਟੈਲੀਵੀਜ਼ਨ ਦੇ ਹਿੰਸਕ ਹੀਰੋ ਬਹੁਤੇ ਬੱਚਿਆਂ ਦੇ ਰੋਲ ਮਾਡਲ ਹਨ। ਅਜੋਕੇ ਸਮੇਂ ਵਿੱਚ ਵੇਖਿਆ ਗਿਆ ਹੈ ਕਿ ਗੋਲੀ-ਸਿੱਕੇ ਤੇ ਗੰਨ ਕਲਚਰ ਵਾਲੇ ਕਲਾਕਾਰ ਬੱਚਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਨਜਾਇਜ਼ ਅਸਲੇ ਤੇ ਥਾਣੇ-ਕਚਹਿਰੀਆਂ ਦੀ ਗੱਲ ਕਰਨ ਵਾਲੇ ਕਲਾਕਾਰਾਂ ਦੇ ਗੀਤ ਬੱਚਿਆਂ ਦੀਆਂ ਜੁਬਾਨਾਂ ‘ਤੇ ਹਨ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਮਾਰ-ਧਾੜ ਨੂੰ ਪਸੰਦ ਕਰਨਾ ਬੱਚਿਆਂ ਦੀ ਨਿੱਜੀ ਜ਼ਿੰਦਗੀ ‘ਤੇ ਵੀ ਮਾੜਾ ਅਸਰ ਪਾਉਂਦਾ ਹੈ। ਅਜਿਹੇ ਕਲਾਕਾਰਾਂ ਦੁਆਰਾ ਸਿਰਜੀ ਦੁਨੀਆਂ ਦੇ ਕਾਲਪਨਿਕ ਦ੍ਰਿਸ਼ਾਂ ਨੂੰ ਬੱਚਾ ਆਪਣੀ ਨਿੱਜੀ ਜ਼ਿੰਦਗੀ ‘ਚ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਜਿਹੇ ਰੰਗਾਂ ‘ਚ ਰੰਗੇ ਬੱਚੇ ਆਪਣੇ ਦੋਸਤਾਂ ਨਾਲ ਹੱਥੋਪਾਈ ਹੋ ਛੋਟੀ ਉਮਰੇ ਹੀ ਥਾਣੇ ਕਚਹਿਰੀਆਂ ਪਹੁੰਚ ਜਾਂਦੇ ਹਨ।
ਇਸ ਤੋਂ ਅਗਲਾ ਰਸਤਾ ਨਸ਼ਿਆਂ ਦੀ ਦੁਨੀਆਂ ਹੈ ਜਿੱਥੇ ਕੇਵਲ ਅੱਗੇ ਜਾਣ ਦਾ ਹੀ ਮਾਰਗ ਹੈ ਵਾਪਸੀ ਦਾ ਨਹੀਂ। ਅਜਿਹਾ ਮਾੜਾ ਮਸਾਲਾ ਮੀਡੀਆ ਰਾਹੀਂ ਬੱਚੇ ਨੂੰ ਪਰੋਸ ਕੇ ਦਿੱਤਾ ਜਾ ਰਿਹਾ ਹੈ, ਜੋ ਕਿ ਕੱਚੀ ਉਮਰੇ ਉਸ ਦੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ। ਇਸ ਸਾਰੇ ਵਰਤਾਰੇ ਵਿੱਚ ਬੱਚੇ ਦੀ ਮਾਨਸਿਕ ਸਿਹਤ ਗੜਬੜਾ ਜਾਂਦੀ ਹੈ ਤੇ ਉਸ ਦੇ ਮੂਲ ਜਜ਼ਬਾਤੀ ਗੁਣ ਹੋ ਜਾਂਦੇ ਹਨ। ਸਹੀ ਮਾਰਗ ਤੋਂ ਭਟਕੇ ਅਜਿਹੇ ਬੱਚੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਦੂਰ ਚਲੇ ਜਾਂਦੇ ਹਨ ਜਿਨ੍ਹਾਂ ਨੂੰ ਜੀਵਨ ਦੀ ਮੁੱਖ ਧਾਰਾ ਨਾਲ ਜੋੜਨਾ ਔਖਾ ਹੀ ਨਹੀਂ ਅਸੰਭਵ ਹੋ ਜਾਂਦਾ ਹੈ। ਇਸ ਨਾਲ ਉਸ ਦੇ ਅਕਾਦਮਿਕ ਵਿਕਾਸ ‘ਤੇ ਵੀ ਬੁਰਾ ਅਸਰ ਪੈਂਦਾ ਹੈ। ਅਜਿਹੇ ਬੇਤਾਲ ਬੱਚੇ ਮੰਜ਼ਿਲ ‘ਤੇ ਪਹੁੰਚਣ ਦੀ ਥਾਂ ਰਸਤੇ ਵਿੱਚ ਹੀ ਗੁੰਮਨਾਮ ਰਾਹਾਂ ਵਿੱਚ ਗੁਆਚ ਜਾਂਦੇ ਹਨ।
ਲਗਾਤਾਰ ਕੰਪਿਊਟਰ ਜਾਂ ਫੋਨ ‘ਤੇ ਨਜ਼ਰਾਂ ਗੱਡੀ ਰੱਖਣ ਨਾਲ ਬੱਚਿਆਂ ਦੀ ਨਿਗ੍ਹਾ ਵੀ ਘਟ ਜਾਂਦੀ ਹੈ, ਉਨ੍ਹਾਂ ਦੇ ਆਮ ਵਿਵਹਾਰ ਵਿੱਚ ਨਕਾਰਾਤਮਕ ਪੱਖ ਭਾਰੂ ਹੋ ਜਾਂਦੇ ਹਨ। ਬੱਚਾ ਡਿਜ਼ੀਟਲ ਅਤੇ ਆਨਲਾਈਨ ਸੰਸਾਰ ਵਿੱਚ ਇੰਨਾ ਗੁਆਚ ਜਾਂਦਾ ਹੈ ਕਿ ਉਹ ਕਿਸੇ ਵੀ ਕੰਮ ‘ਤੇ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਸਕਦਾ। ਜਿਸ ਨਾਲ ਉਸ ਦੇ ਯਤਨ ਬੇਜਾਨ ਹੋ ਜਾਂਦੇ ਹਨ ਤੇ ਅੰਤ ਨੂੰ ਹਰ ਪਾਸਿਓਂ ਫੇਲ੍ਹ ਹੋ ਜਾਂਦਾ ਹੈ। ਇਸ ਸਾਰੇ ਪ੍ਰਸੰਗ ਵਿੱਚ ਬੱਚੇ ਲਈ ਮਾਪੇ ਤੇ ਅਧਿਆਪਕ ਰਾਹ ਦਸੇਰਾ ਬਣ ਸਕਦੇ ਹਨ।
ਬੱਚੇ ਨੂੰ ਮੋਬਾਈਲ ਤੋਂ ਪਾਸੇ ਕਰਨ ਲਈ ਉਸ ਨਾਲ ਗੱਲਬਾਤ ਕਰੋ, ਸੰਗਤ ਦੇਵੋ, ਉਸ ਨੂੰ ਨਾਲ ਦੇ ਸਾਥੀਆਂ ਤੋਂ ਪ੍ਰਸ਼ਨ ਪੁੱਛਣ ਲਈ ਉਤਸ਼ਾਹਿਤ ਕਰੋ। ਬੱਚਿਆਂ ਨੂੰ ਸਮਝਾਓ ਕਿ ਕੇਵਲ ਜ਼ਰੂਰੀ ਗਿਆਨ ਅਤੇ ਅੰਕੜੇ ਹਾਸਲ ਕਰਨ ਲਈ ਹੀ ਮੋਬਾਈਲ ਦੀ ਵਰਤੋਂ ਕੀਤੀ ਜਾਵੇ। ਬੱਚੇ ਨੂੰ ਕਿਤਾਬਾਂ ਪੜ੍ਹਨ ਅਤੇ ਰਚਨਾਤਮਕ ਲਿਖਤਾਂ ਲਈ ਪ੍ਰੇਰਿਤ ਕੀਤਾ ਜਾਵੇ।
ਬੱਚਿਆਂ ਲਈ ਸਮਾਂ ਕੱਢੋ। ਘਰ ਵਿੱਚ ਕੋਈ ਰਚਨਾਤਮਕ ਕੋਨਾ ਹੋਵੇ ਜਿੱਥੇ ਰੰਗ ਤੇ ਬੁਰਸ਼ ਪਏ ਹੋਣ। ਕਿਚਨ ਗਾਰਡਨ ਹੋਵੇ ਜਿੱਥੇ ਬੱਚੇ ਪੌਦਿਆਂ ਨੂੰ ਵਧਦੇ-ਫੁੱਲਦੇ ਵੇਖ ਸਕਣ। ਘਰ ਦੇ ਬਜ਼ੁਰਗਾਂ ਲਈ ਸਮਾਂ ਰਾਖਵਾਂ ਰੱਖੋ। ਇਹ ਸਭ ਕੁਝ ਵੇਖ ਕੇ ਬੱਚੇ ਜ਼ਿੰਦਗੀ ਦੀਆਂ ਜੜ੍ਹਾਂ ਨਾਲ ਜੁੜਦੇ ਹਨ।
ਸਕਰੀਨੀ ਸੰਸਾਰ ਤੋਂ ਬਾਹਰਲੀ ਦੁਨੀਆਂ ਨਾਲ ਬੱਚੇ ਦੀ ਸਾਂਝ ਕਰਵਾਓ। ਅੱਜ ਤੋਂ ਹੀ ਯਤਨ ਕਰੋ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਤੇ ਵੇਲਾ ਸੰਭਾਲਣਾ ਔਖਾ ਹੋ ਜਾਵੇਗਾ। ਬੱਚਿਆਂ ਨੂੰ ਬਚਾਓ। ਇਹ ਸਾਡਾ ਭਵਿੱਖ ਹਨ ਤਕਨੀਕ ਦੀ ਵਰਤੋਂ ਦੇ ਮਾਮਲੇ ਵਿੱਚ ਮਾਪਿਆਂ ਨੂੰ ਬੱਚਿਆਂ ਦੇ ਰੋਲ ਮਾਡਲ ਬਣਨਾ ਚਾਹੀਦਾ ਹੈ। ਸਾਨੂੰ ਇੰਟਰਨੈੱਟ ਦੇ ਚੰਗੇ ਤੇ ਮਾੜੇ ਪੱਖਾਂ ‘ਤੇ ਵਿਚਾਰ ਕਰਦੇ ਹੋਏ ਬੱਚਿਆਂ ਲਈ ਇਸ ਦੀ ਸੰਤੁਲਿਤ ਵਰਤੋਂ ਯਕੀਨੀ ਬਣਾਉਣੀ ਚਾਹੀਦੀ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਰੀਰਕ ਕਸਰਤ ਵੀ ਜ਼ਰੂਰੀ ਹੈ। ਬੱਚਿਆਂ ਲਈ ਸੌਣ ਦੇ ਘੰਟੇ ਨਿਰਧਾਰਤ ਕਰੋ।
ਬਾਲਾਂ ਨੂੰ ਰੇਡੀਏਸ਼ਨ ਤੋਂ ਬਚਾਉਣ ਲਈ ਸੌਣ ਵਾਲਾ ਕਮਰਾ ਟੈਬਲੇਟ, ਲੈਪਟਾਪ, ਮੋਬਾਈਲ ਫੋਨਾਂ ਤੋਂ ਮੁਕਤ ਹੋਣਾ ਜ਼ਰੂਰੀ ਹੈ। ਤਕਨੀਕ ਨੇ ਬਹੁਤ ਸਾਰੇ ਪੱਖਾਂ ਤੋਂ ਸਾਡੀ ਜ਼ਿੰਦਗੀ ਵਿੱਚ ਸੁਧਾਰ ਕੀਤਾ ਹੈ। ਸਾਲਾਂ ਦੇ ਕੰਮ ਮਿੰਟਾਂ-ਸਕਿੰਟਾਂ ਵਿੱਚ ਕਰ ਦਿੱਤੇ ਹਨ। ਪ੍ਰੰਤੂ ਫਿਰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤਕਨੀਕ ਦਾ ਹੱਦੋਂ ਵੱਧ ਦਾਖਲਾ ਸਾਡੇ ਬੱਚੇ ਦੇ ਮੁੱਢਲੇ ਵਿਕਾਸ ਵਿੱਚ ਰੁਕਾਵਟ ਨਾ ਬਣੇ। ਬੱਚੇ ਦੀ ਨੀਂਦ, ਆਪਸੀ ਸਬੰਧ, ਖੁਰਾਕ, ਖੇਡਣਾ-ਕੁੱਦਣਾ ਆਦਿ ਅਜਿਹੇ ਜ਼ਰੂਰੀ ਮੁੱਦੇ ਹਨ ਜਿਨ੍ਹਾਂ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਬੱਚੇ ਦੇ ਸਰਬਪੱਖੀ ਵਿਕਾਸ ਨਾਲ ਜੁੜੇ ਇਨ੍ਹਾਂ ਅਹਿਮ ਪੱਖਾਂ ਦਾ ਕਦੇ ਵੀ ਕੋਈ ਬਦਲ ਨਹੀਂ ਹੋ ਸਕਦਾ। ਅੱਗੇ ਵਧਣ ਲਈ ਤਕਨੀਕ ਦੀ ਬੇਹੱਦ ਅਹਿਮੀਅਤ ਹੈ, ਬੱਚਿਆਂ ਨੂੰ ਇੱਕ ਹੱਦ ਤੱਕ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਬੱਚਿਆਂ ਲਈ ਸਕਰੀਨ ਦੇ ਸਮਾਂ ਸੀਮਾ ਨੂੰ ਨਿਯਮਬੱਧ ਕਰਨਾ ਅਤੀ ਜ਼ਰੂਰੀ ਹੈ। ਸਿੱਖਿਆ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਆਨਲਾਈਨ ਸਿੱਖਿਆ ਲਈ ਮਟੀਰੀਅਲ ਤਿਆਰ ਕਰਦੇ ਸਮੇਂ ਬੱਚਿਆਂ ਦੇ ਸਰੀਰਕ ਤੇ ਭਾਵਨਾਤਮਕ ਵਿਕਾਸ ਦਾ ਪੂਰਾ ਖਿਆਲ ਰੱਖਿਆ ਜਾਵੇ। ਤਕਨੀਕ ਦੇ ਦੌਰ ‘ਚ ਬੱਚਿਆਂ ਦੇ ਮਾਨਸਿਕ, ਸਰੀਰਕ, ਸਮਾਜਿਕ ਤੇ ਬੌਧਿਕ ਵਿਕਾਸ ਦਾ ਸੰਤੁਲਨ ਬਰਕਰਾਰ ਰੱਖਣ ਲਈ ਮਾਪਿਆਂ ਦੇ ਚੇਤੰਨ ਯਤਨ ਸਮੇਂ ਦੀ ਵੱਡੀ ਲੋੜ ਹਨ।
ਬਲਜਿੰਦਰ ਜੌੜਕੀਆਂ,
ਤਲਵੰਡੀ ਸਾਬੋ, ਬਠਿੰਡਾ
ਮੋ. 94630-24575
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ