DIG Mandeep Singh Sidhu 37 ਸਾਲ ਦੀ ਸ਼ਾਨਦਾਰ ਸੇਵਾ ਨਿਭਾਅ ਕੇ ਸੇਵਾ ਮੁਕਤ

DIG Mandeep Singh Sidhu
ਪਟਿਆਲਾ : ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਦੀ ਸੇਵਾ ਮੁਕਤੀ ਮੌਕੇ ਸਨਮਾਨ ਕਰਦੇ ਹੋਏ ਐਸ.ਐਸ.ਪੀਜ ਡਾ. ਨਾਨਕ ਸਿੰਘ, ਸਰਤਾਜ ਸਿੰਘ ਚਹਿਲ, ਮੁਹੰਮਦ ਸਰਫ਼ਰਾਜ ਆਲਮ ਤੇ ਗਗਨ ਅਜੀਤ ਸਿੰਘ।

ਕਿਹਾ, ਮੈਨੂੰ ਖਾਕੀ ਵਰਦੀ ਤੇ ਆਪਣੇ ਖਾਕੀ ਖ਼ੂਨ ’ਤੇ ਮਾਣ, ਪੰਜਾਬ ਪੁਲਿਸ ਨੇ ਸਦਾ ਲੋਕਾਂ ਦੀ ਖ਼ੈਰ ਮੰਗੀ

DIG Mandeep Singh Sidhu: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਰੇਂਜ ਦੇ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੂੰ 37 ਸਾਲ 23 ਦਿਨ ਦੀ ਸ਼ਾਨਦਾਰ ਸੇਵਾ ਨਿਭਾਅ ਕੇ ਅੱਜ ਸੇਵਾ ਮੁਕਤ ਹੋਣ ਮੌਕੇ ਰੇਂਜ ਦੇ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀਜ ਡਾ. ਨਾਨਕ ਸਿੰਘ, ਸਰਤਾਜ ਸਿੰਘ ਚਹਿਲ, ਮੁਹੰਮਦ ਸਰਫ਼ਰਾਜ ਆਲਮ ਤੇ ਗਗਨ ਅਜੀਤ ਸਿੰਘ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਦੌਰਾਨ ਵੱਡੀ ਗਿਣਤੀ ਸੇਵਾ ਮੁਕਤ ਉਚ ਅਧਿਕਾਰੀਆਂ ਤੋਂ ਇਲਾਵਾ ਪਟਿਆਲਾ ਰੇਂਜ ਦੇ ਮੌਜੂਦਾ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ: Crime News: ਬਜ਼ੁਰਗਾਂ ਸਣੇ ਪਰਿਵਾਰ ਨੂੰ ਜ਼ਬਰੀ ਬਾਹਰ ਕੱਢ ਕੇ ਘਰ ’ਤੇ ਕੀਤਾ ਕਬਜ਼ਾ, ਇੱਕ ਕਾਬੂ

ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਆਪਣੀ ਸੇਵਾ ਦੀ ਸ਼ੁਰੂਆਤ ਤੋਂ ਲੈ ਕੇ ਸੇਵਾ ਮੁਕਤੀ ਤੱਕ ਦੇ ਸ਼ਾਨਦਾਰ ਸਫ਼ਰ ਦਾ ਜਿਕਰ ਕਰਦਿਆਂ ਭਾਵੁਕ ਤਕਰੀਰ ’ਚ ਕਿਹਾ ਕਿ ਉਨ੍ਹਾਂ ਨੂੰ ਆਪਣੀ ਖਾਕੀ ਵਰਦੀ ’ਤੇ ਤਾਂ ਮਾਣ ਹੈ ਹੀ ਬਲਕਿ ਉਨ੍ਹਾਂ ਵਿੱਚ ਦੌੜਦੇ ‘ਖਾਕੀ ਬਲੱਡ’ ’ਤੇ ਵੀ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਸਧਾਰਨ ਪਰਿਵਾਰ ’ਚੋਂ ਉਠਕੇ ਪੁਲਿਸ ਦੇ ਇਸ ਉੱਚ ਅਧਿਕਾਰੀ ਤੱਕ ਦਾ ਸਫ਼ਰ ਕੀਤਾ ਤੇ ਔਖੇ ਵੇਲੇ ਨੌਕਰੀ ਕਰਦਿਆਂ ਗੋਲੀਆਂ ਦਾ ਵੀ ਸਾਹਮਣਾ ਕੀਤਾ ਪਰ ਹਮੇਸ਼ਾ ਬੁਲੰਦ ਹੌਂਸਲੇ ਨਾਲ ਹੀ ਲੋਕਾਂ ਵਿੱਚ ਵਿਚਰਦੇ ਹੋਏ ਟੀਮ ਵਰਕ ਨੂੰ ਪਹਿਲ ਦਿੱਤੀ।

ਐਸ.ਐਸ.ਪੀਜ ਡਾ. ਨਾਨਕ ਸਿੰਘ, ਸਰਤਾਜ ਸਿੰਘ ਚਹਿਲ, ਮੁਹੰਮਦ ਸਰਫ਼ਰਾਜ ਆਲਮ ਤੇ ਗਗਨ ਅਜੀਤ ਸਿੰਘ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ

ਸੇਵਾ ਮੁਕਤ ਹੋ ਰਹੇ ਡੀ.ਆਈ.ਜੀ ਸਿੱਧੂ ਨੇ ਮੌਜੂਦਾ ਅਧਿਕਾਰੀਆਂ ਨੂੰ ਨਸੀਹਤ ਦਿੱਤੀ ਕਿ ਉਹ ਜੇਕਰ ਆਮ ਲੋਕਾਂ ਦਾ ਦਰਦ ਮਹਿਸੂਸ ਕਰਨਗੇ ਤਾਂ ਸਾਡੀ ਸੇਵਾ ਕੀਤੀ ਸਫ਼ਲ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਸੁੱਤੇ ਹੁੰਦੇ ਹਨ ਤੇ ਪੁਲਿਸ ਜਾਗਦੀ ਹੁੰਦੀ ਹੈ ਤੇ ਲੋਕਾਂ ਦੀ ਸਭ ਤੋਂ ਵੱਧ ਸੁੱਖ ਉਸ ਇਲਾਕੇ ਦੀ ਪੁਲਿਸ ਮੰਗਦੀ ਹੈ।

ਇਸ ਮੌਕੇ ਪਟਿਆਲਾ ਦੇ ਐਸ.ਐਸ.ਪੀ. ਡਾ. ਨਾਨਕ ਸਿੰਘ, ਸੰਗਰੂਰ ਦੇ ਐਸ.ਐਸ.ਪੀ. ਸਰਤਾਜ ਸਿੰਘ ਚਹਿਲ, ਬਰਨਾਲ ਦੇ ਐਸ.ਐਸ.ਪੀ ਮੁਹੰਮਦ ਸਰਫ਼ਰਾਜ ਆਲਮ ਤੇ ਮਾਲੇਰਕੋਟਲਾ ਦੇ ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਡੀ.ਆਈ.ਜੀ. ਸਿੱਧੂ ਨਾਲ ਆਪਣੇ ਕੀਤੇ ਕੰਮਾਂ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੱਲਾਸ਼ੇਰੀ ਦਿੰਦੇ ਹੋਏ ਰਾਹ ਦਸੇਰਾ ਬਣੇ ਰਹੇ। ਇਸ ਮੌਕੇ ਮਨਦੀਪ ਸਿੰਘ ਸਿੱਧੂ ਦੇ ਧਰਮ ਪਤਨੀ ਡਾ. ਸੁਖਮੀਨ ਸਿੱਧੂ, ਭਰਾ ਸਰਬੀਰ ਇੰਦਰ ਸਿੰਘ ਸਿੱਧੂ, ਬੇਟਾ ਅਮਿਤੇਸ਼ਵਰ ਸਿੰਘ ਸਿੱਧੂ ਸਮੇਤ ਐਸ.ਐਸ.ਪੀ ਵਿਜੀਲੈਂਸ ਬਿਉਰੋ ਰਾਜਪਾਲ ਸਿੰਘ, ਏ.ਆਈ.ਜੀ. ਜੋਨਲ ਸੀ.ਆਈ.ਡੀ. ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ ਹੋਰ ਪੁਲਿਸ ਅਧਿਕਾਰੀਆਂ ਨੇ ਸ਼ਿਰਕਤ ਕੀਤੀ।