ਸਿਵਲ ਹਸਪਤਾਲ ਮਰੀਜਾਂ ਨਾਲ ਪੂਰਾ ਭਰਿਆ
ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਸਥਿਤ ਸਮਰਾਟ, ਮੱਕੜ ਕਾਲੋਨੀ, ਗੁਰੂ ਤੇਗ ਬਹਾਦਰ ਕਲੋਨੀ, ਦੁਰਗਾਪੁਰੀ, ਨਿਊ ਕੁੰਦਨਪੁਰੀ, ਤਾਜਪੁਰ ਰੋਡ ਆਦਿ ਇਲਾਕਿਆਂ ਨੂੰ ਡਾਇਰੀਆ ਨੇ ਆਪਣੇ ਕਹਿਰ ਹੇਠ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਇਕ ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ‘ਚ ਸੀਵਰ ਦਾ ਪਾਣੀ ਮਿਲ ਜਾਣ ਕਾਰਨ ਇਹ ਕਹਿਰ ਟੁੱਟਿਆ ਹੈ ਵਾਰਡ ਨੰ. 74 ‘ਚ ਆਉਂਦੇ ਮੱਕੜ ਤੇ ਸਮਰਾਟ ਕਲੋਨੀ ‘ਚ ਡਾਇਰੀਆ ਨੇ ਗੰਭੀਰ ਰੂਪ ਧਾਰ ਲਿਆ ਹੈ। ਸੁਕਰਵਾਰ ਵਾਲੇ ਦਿਨ ਇਥੇ 110 ਮਰੀਜ ਡਾਇਰੀਆ ਤੋਂ ਪੀੜਤ ਸਾਹਮਣੇ ਆਏ ਸੀ, ਸ਼ਨੀਵਾਰ ਨੂੰ 260 ਹੋਰ ਨਵੇਂ ਮਰੀਜ ਡਾਇਰੀਆ ਤੋਂ ਪੀੜਤਾਂ ਦਾ ਪਤਾ ਲੱਗਿਆ ਖਬਰ ਲਿਖੇ ਜਾਣ ਤੱਕ 400 ਤੋਂ ਉਪੱਰ ਮਰੀਜ ਇਸ ਇਲਾਕੇ ਵਿੱਚ ਡਾਇਰੀਆ ਤੋਂ ਪੀੜਤ ਹੋਣ ਦੀ ਖਬਰ ਹੈ।
ਸਕੂਲਾਂ ‘ਚ ਲਾਏ ਜਾਂਚ ਕੈਂਪ
ਵਿਕਾਸ ਪਬਲਿਕ ਸਕੂਲ ‘ਚ ਸਿਹਤ ਵਿਭਾਗ ਵਲੋਂ ਲਗਾਏ ਗਏ ਜਾਂਚ ਕੈਂਪ ‘ਚ 170 ਮਰੀਜ ਪੁੱਜੇ, ਇਹਨਾਂ ਵਿੱਚੋਂ 20 ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਸਥਾਨਕ ਸਿਵਲ ਹਸਪਤਾਲ ਤੇ ਸਾਹਣੇਵਾਲ ਦੇ ਕਮਿਊਨਟੀ ਹੈਲਥ ਸੈਂਟਰ ‘ਚ ਰੈਫਰ ਕਰ ਦਿੱਤਾ ਗਿਆ ਹੈ। ਇਹਨਾਂ ਤੋਂ ਇਲਾਵਾ 90 ਦੇ ਕਰੀਬ ਮਰੀਜ ਸਥਾਨਕ ਸੁਰੱਕਸ਼ਾ, ਜੀ.ਕੇ., ਸੋਲੰਕੀ ਤੇ ਸ੍ਰੀ ਰਾਮ ਚੈਰੀਟੇਬਲ ਹਸਪਤਾਲਾਂ ਤੋਂ ਇਲਾਵਾ ਮੱਕੜ ਤੇ ਸਮਰਾਟ ਕਲੋਨੀ ‘ਚ ਛੋਟੇ-ਮੋਟੇ ਗਲੀਆਂ ਮੁੱਹਲਿਆਂ ‘ਚ ਖੁੱਲੇ ਕਲੀਨਕਾਂ ਤੋਂ ਇਲਾਜ ਕਰਵਾ ਰਹੇ ਹਨ। ਇਸ ਦੇ ਨਾਲ ਹੀ ਸਿਵਲ ਹਸਪਤਾਲ ਡਾਇਰੀਆ ਦੇ ਮਰੀਜਾਂ ਨਾਲ ਭਰ ਚੁੱਕਾ ਹੈ ਤੇ ਸਿਵਲ ਹਸਪਤਾਲ ‘ਚ ਇੱਕ ਬੈੱਡ ‘ਤੇ ਦੋ-ਦੋ ਮਰੀਜ ਪਏ ਹਨ। ਛੋਟੋ ਕਲੀਨਕਾਂ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਹਰ ਰੋਜ ਡਾਇਰੀਆ ਤੋਂ ਪੀੜਤ 10-15 ਮਰੀਜ ਆ ਰਹੇ ਹਨ। ਸਰਕਾਰ ਅਜੇ ਤੱਕ ਵੀ ਮਰੀਜਾਂ ਜਾ ਪ੍ਰਭਾਵਿਤਾਂ ਦੀ ਗਿਣਤੀ 100 ਤੋਂ ਥੱਲੇ ਦੱਸ ਰਹੀ ਹੈ।
ਡਾਇਰੀਆ ਪੀੜਤਾਂ ਦੀ ਗਿਣਤੀ 400 ਦੇ ਨੇੜੇ
ਸਿਵਲ ਹਸਪਤਾਲ ਵਿਚ ਬੈਠੇ ਇਕ ਮਰੀਜ਼ ਗਰੀਸ਼ ਕੁਮਾਰ ਨੇ ਦੱਸਿਆ ਕਿ ਉਹ ਗਿਆਸਪੁਰਾ ਇਲਾਕੇ ਦਾ ਰਹਿਣ ਵਾਲਾ ਹੈ, ਜਿੱਥੇ ਕਿ ਲਗਭਗ ਹਰੇਕ ਘਰ ਵਿਚ ਉਲਟੀਆਂ ਅਤੇ ਦਸਤ ਤੋਂ ਪ੍ਰਭਾਵਿਤ ਪਰਿਵਾਰਕ ਮੈਂਬਰ ਹਨ। ਉਸ ਨੇ ਦੱਸਿਆ ਕਿ ਇਲਾਕੇ ਦੇ ਪੀਣ ਵਾਲੇ ਪਾਣੀ ਵਿਚ ਪਿਛਲੇ ਕੁਝ ਦਿਨਾਂ ਤੋਂ ਰਹਿ ਰਹਿ ਕੇ ਗੰਦਗੀ ਤੇ ਬਦਬੂ ਆ ਰਹੀ ਹੈ, ਜਿਸ ਕਾਰਨ ਪਾਣੀ ਗੰਧਲਾ ਹੋਣ ਦੀ ਵਜਾਂ ਨਾਲ ਪੀਣਯੋਗ ਨਹੀਂ ਹੈ।
ਕਈਆਂ ਦੀ ਹਾਲਤ ਗੰਭੀਰ
ਇਸੇ ਤਰਾਂ ਤਾਜਪੁਰ ਰੋਡ ਤੋਂ ਆਈ ਇਕ ਔਰਤ ਕੁਲਦੀਪ ਕੌਰ ਜੋ ਕਿ ਡਾਇਰੀਆ ਤੋਂ ਪ੍ਰਭਾਵਿਤ ਹੈ, ਨੇ ਦੱਸਿਆ ਕਿ ਉਸਨੂੰ ਕੱਲ ਤੋਂ ਉਲਟੀਆਂ ਅਤੇ ਦਸਤ ਲੱਗੇ ਹੋਏ ਹਨ, ਜਿਸ ਕਾਰਨ ਉਹ ਹਸਪਤਾਲ ਵਿਚ ਦਾਖ਼ਲ ਹੋਈ ਹੈ। ਸਿਵਲ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਵਿਚੋਂ ਦੋ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਉਕਤ ਇਲਾਕੇ ਦੇ ਲੋਕਾਂ ਦੇ ਕਹਿਣਾ ਹੈ ਕਿ ਪਿਛਲੇ ਇਕ ਹਫ਼ਤੇ ਤੋਂ ਟੂਟੀਆਂ ਵਿੱਚ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਸੀ ਜਿਸ ਕਾਰਨ ਡਾਇਰੀਆ ਫੈਲਿਆ ਹੈ। ਲੋਕਾਂ ਨੇ ਦੱਸਿਆ ਕਿ ਉਨਾਂ ਨੇ ਇਸ ਸਬੰਧੀ ਕਈ ਵਾਰੀ ਨਗਰ ਨਿਗਮ ਦਫ਼ਤਰਾਂ ਵਿਚ ਜਾ ਕੇ ਸ਼ਿਕਾਇਤ ਕੀਤੀ ਪਰ ਕਿਸੇ ਨੇ ਉਨਾਂ ਦੀ ਗੱਲ ਨਹੀਂ ਸੁਣੀ।
ਓਧਰ ਇਸ ਸਬੰਧੀ ਬੀਤੇ ਦਿਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆ ਨੇ ਕਿਹਾ ਸੀ ਕਿ ਉਹਨਾਂ ਵਲੋਂ ਵਿਕਾਸ ਪਬਲਿਕ ਸਕੂਲ ‘ਚ ਸਵੇਰੇ 8 ਵਜੇ ਤੋਂ ਸਾਮ ਛੇ ਵਜੇ ਤੱਕ ਜਾਂਚ ਕੈਂਪ ਲਗਾਇਆ ਗਿਆ ਹੈ। ਜਦੋਂ ਉਸ ਸਕੂਲ ‘ਚ ਜਾ ਕੇ ਦੇਖਿਆ ਤਾਂ 4 ਵਜੇ ਤੱਕ ਉਥੇ ਨਾ ਕੋਈ ਡਾਕਟਰ, ਫਾਰਮਸਿਸਟ ਜਾ ਨਰਸ ਹਾਜਰ ਸੀ। ਸਾਹਮਣੇ ਦੁਕਾਨਦਾਰ ਨੇ ਦੱਸਿਆ ਕਿ ਇਹ ਕੈਂਪ ਵਾਲੇ ਤਿੰਨ ਵਜੇ ਹੀ ਚਲੇ ਗਏ।
ਕੈਂਪ ਜਲਦੀ ਬੰਦ ਕਰ ਦਿੱਤੇ ਜਾਣ ਸਬੰਧੀ ਜਦੋਂ ਹੈਲਥ ਡਾਇਰੈਕਟਰ ਡਾ. ਰਾਜੀਵ ਭੱਲਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਤੇ ਇਸ ਸਬੰਧੀ ਸਬੰਧਤ ਡਾਕਟਰਾਂ ਤੋਂ ਜੁਆਬ ਮੰਗਿਆ ਜਾਵੇਗਾ।
ਨਗਰ ਨਿਗਮ ਦੇ ਮੇਅਰ ਹਰਚਰਨ ਸਿੰਘ ਗੋਲਵਾੜੀਆ, ਮਕੱੜ ਕਲੋਨੀ ਤੇ ਗੁਰੂ ਤੇਗ ਬਹਾਦਰ ਕਾਲੋਨੀ ਪੀੜਤ ਮਰੀਜਾਂ ਦਾ ਜਾਇਜਾ ਲੈਣ ਲਈ ਪੁੱਜੇ, ਉਹਨਾਂ ਕਿਹਾ ਕਿ ਸ਼ਹਿਰ ਨੂੰ ਸਾਫ਼- ਸੁਥਰਾ ਰੱਖਣਾ ਅਤੇ ਬਿਮਾਰੀ ਰਹਿਤ ਰੱਖਣਾ ਨਿਗਮ ਦਾ ਮੁੱਢਲਾ ਫਰਜ਼ ਹੈ ਤੇ ਇਸ ਨੂੰ ਲੈ ਕੇ ਕੋਈ ਟਾਲ- ਮਟੋਲ ਨਹੀ ਕੀਤੀ ਜਾ ਸਕਦੀ ਉਨਾਂ ਕਿਹਾ ਕਿ ਉਹਨਾਂ ਵਲੋਂ ਸਬੰਧਤ ਅਧਿਕਾਰੀਆਂ ਦੀ ਡਿਉੂਟੀ ਲਗਾ ਦਿੱਤੀ ਗਈ ਹੈ ਪੂਰੇ ਮਾਮਲੇ ਦੀ ਜਾਂਚ- ਪੜਤਾਲ ਕੀਤੀ ਜਾ ਰਹੀ ਹੈ। ਉਹ ਐਕਸੀਅਨ ਨੂੰ ਕਹਿਕੇ ਸਕੂਲ ‘ਚ ਲਗਾਏ ਗਏ ਕੈਂਪ ‘ਚ ਹੋਰ ਬੈੱਡਾਂ ਦਾ ਪ੍ਰਬੰਧ ਕਰਵਾਉਣਗੇ।
ਕਿਉਂ ਫੈਲਿਆ ਡਾਇਰੀਆ
ਇਸ ਸਬੰਧੀ ਨਗਰ ਨਿਗਮ ਦੇ ਐਕਸੀਅਨ ਰਾਜਿੰਦਰ ਸਿੰਘ ਨੇ ਮਕੱੜ ਕਲੋਨੀ ਅਤੇ ਸਮਰਾਟ ਕਲੋਨੀ ਵਿੱਚ ਡਾਇਰੀਆ ਫੈਲਣ ਦਾ ਜਿੰਮੇਵਾਰ ਇਕ ਨਿੱਜੀ ਟੈਲੀਫੋਨ ਕੰਪਨੀ ਨੂੰ ਦੱਸਿਆ ਹੈ। ਉਹਨਾਂ ਕਿਹਾ ਕਿ ਕੰਪਨੀ ਵਿਰੁੱਧ ਐਕਸ਼ਨ ਲੈਣ ਲਈ ਉਹ ਬੀ.ਐਂਡ.ਆਰ ਅਤੇ ਆਪਣੇ ਉੱਚ ਅਧਿਕਾਰੀਆਂ ਨੂੰ ਲਿਖਤ ਰਿਪੋਰਟ ਕਰਨਗੇ ਅਤੇ ਹਦਾਇਤਾਂ ਅਨੂਸਾਰ ਕੰਪਨੀ ਵਿਰੁੱਧ ਕਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕੇਬਲ ਪਾਉਣ ਲਈ ਮਸ਼ੀਨਾਂ ਵਲੋਂ ਡ੍ਰਿਲ ਕਰਨ ‘ਤੇ ਪਾਣੀ ਦੀਆਂ ਸਪਲਾਈ ਪਾਇਪਾ ਦੋ ਜਗਾ ਤੋਂ ਟੁੱਟ ਗਈਆਂ ਸਨ।
ਉਹਨਾਂ ਕਿਹਾ ਕਿ ਕੰਪਨੀ ਨੇ ਪਾਇਪਾਂ ਨੂੰ ਜੋੜ ਲਗਾਉਣ ਜਾ ਬਦਲਣ ਦੀ ਥਾਂ ਉੱਥੇ ਟਿਊਬ ਬੰਨ ਦਿੱਤੀ ਜਿਸ ਨਾਲ ਉਹਨਾਂ ‘ਚ ਸੀਵਰ ਦਾ ਪਾਣੀ ਰਲ ਗਿਆ। ੁਹਨਾਂ ਕਿਹਾ ਕਿ ਕਈ ਘਰਾਂ ‘ਚ ਸਾਫ ਪਾਣੀ ਆ ਰਿਹਾ ਹੈ ਪੰ੍ਰਤੂ ੁਹਨਾਂ ਨੇ ਲੋਕਾਂ ਨੂੰ ਇਹ ਪਾਣੀ ਨਾ ਪੀਣ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਸਾਮ ਤੱਕ ਪਾਣੀ ਦੀ ਰਿਪੋਰਟ ਆ ਜਾਵੇਗੀ। ਉਹਨਾਂ ਕਿਹਾ ਬੀਤੇ ਦਿਨ ਉਹਨਾਂ ਵਲੋਂ ਪ੍ਰਭਾਵਿਤ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੇ 18 ਟੈਂਕਰ ਭੇਜੇ ਗਏ ਹਨ ਤੇ ਹੋਰ ਵੀ ਭੇਜੇ ਜਾ ਰਹੇ ਹਨ।