ਜੁਆਇੰਟ ਨਰਸਿੰਗ ਐਕਸਨ ਕਮੇਟੀ ਵੱਲੋਂ ਰਜਿੰਦਰਾ ਹਸਪਤਾਲ ਅੱਗੇ ਮੁੱਖ ਮਾਰਗ ਤੇ ਧਰਨਾ
ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ਼ ਪ੍ਰਦਰਸ਼ਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜੁਆਇੰਟ ਨਰਸਿੰਗ ਐਕਸਨ ਕਮੇਟੀ ਵੱਲੋਂ ਅੱਜ ਇੱਥੇ ਰਜਿੰਦਰਾ ਹਸਪਤਾਲ ਦੇ ਸਾਹਮਣੇ ਮੁੱਖ ਮਾਰਗ ਜਾਮ ਕਰਕੇ ਆਪਣਾ ਰੋਸ਼ ਪ੍ਰਰਦਸ਼ਨ ਕੀਤਾ ਗਿਆ। ਇਸ ਦੌਰਾਨ ਆਵਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਪੁਲਿਸ ਪ੍ਰਸ਼ਾਸਨ ਨੂੰ ਆਵਾਜਾਈ ਦੇ ਬਦਲਵੇ ਪ੍ਰਬੰਧ ਕਰਨ ਲਈ ਮਜ਼ਬੂਰ ਹੋਣਾ ਪਿਆ। ਇਸ ਦੌਰਾਨ ਨਰਸਾਂ ਵੱਲੋਂ ਚੰਨੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਨਰਸਿੰਗ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਪੇ ਪੈਰਟੀ 4600 ਤੋਂ ਘਟਾ ਕੇ 2300 ਤੋਂ ਕਰ ਦਿੱਤੀ ਗਈ ਹੈ,ਜੋਂ ਕਿ ਸਰੇਆਮ ਸਰਕਾਰ ਵੱਲੋਂ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋਂ ਉਨ੍ਹਾਂ ਤੋਂ ਲੋਅਰ ਕੇਡਰ ਹੈ, ਉਨਾਂ ਦਾ 4600 ਹੀ ਹੈ। ਉਨ੍ਹਾਂ ਕਿਹਾ ਕਿ ਡਾਇਟ ਅਤੇ ਯੂਨੀਫਾਰਮ ਭੱਤਾ ਵੀ ਕੱਟ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਬਾਕੀ ਸਟੇਟਾਂ ਵਿੱਚ ਨਰਸਿੰਗ ਰਿਸਕ ਅਲਾਊਸ ਦਿੱਤਾ ਜਾ ਰਿਹਾ ਹੈ ਜਦਕਿ ਪੰਜਾਬ ਅੰਦਰ ਸਰਕਾਰ ਵੱਲੋਂ ਕੁਝ ਵੀ ਅਲਾਊਸ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਾਡੀਆਂ ਸਿਰਫ਼ ਚਾਰ ਹੀ ਮੰਗਾਂ ਹਨ, ਪਰ ਸਰਕਾਰ ਵੱਲੋਂ ਇਨ੍ਹਾ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰਾਂ ਹਸਪਤਾਲਾਂ ਅੰਦਰ ਸਹੂਲਤਾਂ ਦੇ ਲੱਖ ਦਾਅਵੇ ਕਰੀ ਜਾਣ, ਪਰ ਇਹ ਸਿਰਫ਼ ਝੂਠੇ ਵਾਅਦੇ ਹੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਕੇਅਰ ਲਈ ਗਲੱਬਜ਼ ਵੀ ਮੁਹੱਈਆਂ ਨਹੀਂ ਕਰਵਾਏ ਜਾ ਰਹੇ ਅਤੇ ਉਹ ਰਿਸਕ ਤਹਿਤ ਕੰਮ ਕਰ ਰਹੇ ਹਨ। ਇਸ ਦੌਰਾਨ ਰਜਿੰਦਰਾ ਹਸਪਤਾਲ ਅਤੇ ਮਾਤਾ ਕੁਸੱਲਿਆ ਹਸਪਤਾਲ ਦੀਆਂ ਨਰਸਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾ ਉਹ ਸੰਘਰਸ ਹੋਰ ਤੇਜ ਕਰਨਗੇ। ਧਰਨੇ ਕਾਰਨ ਆਮ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ ਅਤੇ ਪੁਲਿਸ ਵੱਲੋਂ ਬਦਲਵੇਂ ਪ੍ਰਬੰਧਾਂ ਰਾਹੀਂ ਆਵਜਾਈ ਬਹਾਲ ਕਰਨੀ ਪਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ