ਸਲਾਬਤਪੁਰਾ ‘ਚ ਤੀਜੇ ਦਿਨ ਵੀ ਜ਼ਾਰੀ ਰਿਹਾ ਸਾਧ ਸੰਗਤ ਦਾ ਧਰਨਾ

ਸਲਾਬਤਪੁਰਾ ‘ਚ ਤੀਜੇ ਦਿਨ ਵੀ ਜ਼ਾਰੀ ਰਿਹਾ ਸਾਧ ਸੰਗਤ ਦਾ ਧਰਨਾ

ਸਲਾਬਤਪੁਰਾ, (ਸੁਰਿੰਦਰਪਾਲ) ਭਗਤਾ ਭਾਈ ‘ਚ 20 ਨਵੰਬਰ ਨੂੰ ਅੰਨ੍ਹੇਵਾਹ ਗੋਲੀਆਂ ਮਾਰਕੇ ਕਤਲ ਕੀਤੇ ਗਏ ਡੇਰਾ ਸ਼ਰਧਾਲੂ ਮਨੋਹਰ ਲਾਲ ਇੰਸਾਂ ਦੇ ਕਾਤਲਾਂ ਦਾ ਸੁਰਾਗ ਲਾਉਣ ‘ਚ ਪੁਲਿਸ ਤੀਜੇ ਦਿਨ ਵੀ ਨਾਕਾਮ ਰਹੀ ਕਾਤਲਾਂ ਦੀ ਪੈੜ ਨੱਪਣ ‘ਚ ਹੋ ਰਹੀ ਇਸ ਦੇਰੀ ਕਾਰਨ ਸਾਧ-ਸੰਗਤ ‘ਚ ਰੋਹ ਵਧਦਾ ਜਾ ਰਿਹਾ ਹੈ ਹਾਲਾਂਕਿ ਧਰਨੇ ‘ਚ ਹਾਲੇ ਸਲਾਬਤਪੁਰਾ ਦੇ ਕੁੱਝ ਨੇੜਲੇ ਬਲਾਕਾਂ ਦੀ ਸਾਧ-ਸੰਗਤ ਹੀ ਪੁੱਜ ਰਹੀ ਹੈ ਤੇ ਬਾਕੀ ਸਾਧ ਸੰਗਤ ਨੂੰ ਜਿੰਮੇਵਾਰਾਂ ਨੇ ਰੋਕ ਕੇ ਰੱਖਿਆ ਹੋਇਆ ਹੈ ਪਰ ਸ਼ਰਧਾਲੂ ਦੇ ਕਤਲ ਕਾਰਨ ਗੁੱਸੇ ਨਾਲ ਭਰੀ ਪੀਤੀ ਹਰਿਆਣਾ ਤੇ ਰਾਜਸਥਾਨ ਦੀ ਸਾਧ-ਸੰਗਤ ਵੀ ਧਰਨੇ ‘ਚ ਸ਼ਾਮਿਲ ਹੋਣ ਲਈ ਤਿਆਰ ਬੈਠੀ ਹੈ ਧਰਨੇ ਦੀ ਅਗਵਾਈ ਕਰ ਰਹੇ ਜਿੰਮੇਵਾਰਾਂ ਨੇ ਅੱਜ ਮੁੱਖ ਮੰਚ ਤੋਂ ਫਿਰ ਐਲਾਨ ਕੀਤਾ ਕਿ ਸੰਘਰਸ਼ ਦੇ ਅੰਜਾਮ ਤੱਕ ਪਹੁੰਚਣ ਤੱਕ ਉਹ ਸੜਕ ‘ਤੇ ਬੈਠੇ ਰਹਿਣਗੇ

ਤੀਜੇ ਦਿਨ ‘ਚ ਪੁੱਜੇ ਇਸ ਧਰਨੇ ‘ਚ ਅੱਜ ਵੀ ਸਾਧ-ਸੰਗਤ ਨੇ ਅਮਨ ਸ਼ਾਂਤੀ ਨਾਲ ਬੈਠ ਕੇ ਜਿੱਥੇ ਭਜਨ ਬੰਦਗੀ ਕੀਤੀ ਉੱਥੇ ਮਨੋਹਰ ਲਾਲ ਇੰਸਾਂ ਦੇ ਪਰਿਵਾਰ ਨੂੰ ਹੱਥ ਖੜ੍ਹੇ ਕਰਕੇ ਭਰੋਸਾ ਦਿੱਤਾ ਕਿ ਮਨੋਹਰ ਲਾਲ ਇੰਸਾਂ ਇਕੱਲੇ ਪਰਿਵਾਰ ਦਾ ਹੀ ਮੈਂਬਰ ਨਹੀਂ ਸੀ ਸਗੋਂ ਹੁਣ ਸਮੁੱਚੀ ਸਾਧ-ਸੰਗਤ ਦਾ ਪਰਿਵਾਰਕ ਮੈਂਬਰ ਬਣ ਚੁੱਕਾ ਹੈ ਇਸ ਲਈ ਪਰਿਵਾਰ ਆਪਣੇ ਆਪ ਨੂੰ ਇਕੱਲਾ ਨਾ ਸਮਝੇ ਰਾਜਸਥਾਨ ਤੋਂ ਪੁੱਜੇ 45 ਮੈਂਬਰ ਸੇਵਕ ਇੰਸਾਂ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਭਾਵੇਂ ਪੰਜਾਬ ਦੇ ਜਿੰਮੇਵਾਰ ਸੇਵਾਦਾਰਾਂ ਵੱਲੋਂ ਉਨ੍ਹਾਂ ਨੂੰ ਇੱਥੇ ਆਉਣ ਤੋਂ ਰੋਕਿਆ ਜਾ ਰਿਹਾ ਸੀ ਪਰ ਰਾਜਸਥਾਨ ਸੂਬੇ ਦੀ ਸਾਧ-ਸੰਗਤ ਦੇ ਕਹਿਣ ‘ਤੇ ਉਹ ਅੱਜ ਇੱਥੇ ਇਸ ਗੱਲ ਦੀ ਇਜ਼ਾਜਤ ਲੈਣ ਪੁੱਜੇ ਹਨ ਕਿ ਉਹ ਵੀ ਇਸ ਰੋਸ ਪ੍ਰਦਰਸ਼ਨ ‘ਚ ਸ਼ਾਮਲ ਹੋਣਾ ਚਾਹੁੰਦੇ ਹਨ

ਇਸੇ ਤਰ੍ਹਾਂ ਹਰਿਆਣਾ ਸੂਬੇ ਵੱਲੋਂ 45 ਮੈਂਬਰ ਮੀਨੂੰ ਇੰਸਾਂ ਨੇ ਸੰਬੋਧਨ ਕਰਦਿਆਂ ਆਖਿਆ ਕਿ ‘ਇਹ ਕਤਲ ਭਗਤਾ ਭਾਈ ਦੇ ਇੱਕ ਵਿਅਕਤੀ ਦਾ ਨਹੀਂ ਹੋਇਆ ਸਗੋਂ ਮਾਨਵਤਾ ਦੇ ਸੱਚੇ ਸੇਵਕ ਦਾ ਹੋਇਆ ਹੈ ਜਿਸ ਕਾਰਨ ਹਰਿਆਣਾ ਰਾਜ ਦੀ ਸਾਧ-ਸੰਗਤ ਇੱਥੇ ਆਉਣ ਲਈ ਤਿਆਰ ਬੈਠੀ ਹੈ ਹਰਿਆਣਾ ਅਤੇ ਰਾਜਸਥਾਨ ਦੇ ਇਨ੍ਹਾਂ ਦੋਵੇਂ ਜਿੰਮੇਵਾਰ ਸੇਵਾਦਾਰਾਂ ਦੇ ਇਸ ਸੰਬੋਧਨ ਮਗਰੋਂ ਧਰਨੇ ‘ਤੇ ਬੈਠੀ ਸਾਧ-ਸੰਗਤ ਨੇ ਉਨ੍ਹਾਂ ਦਾ ਇੱਥੇ ਪੁੱਜਣ ‘ਤੇ ਧੰਨਵਾਦ ਤਾਂ ਕੀਤਾ ਪਰ ਨਾਲ ਹੀ ਆਖਿਆ ਕਿ ਹਾਲ ਦੀ ਘੜੀ ਸਲਾਬਤਪੁਰਾ ਦੇ ਕੁੱਝ ਨੇੜਲੇ ਹੀ ਬਲਾਕਾਂ ਦੀ ਸਾਧ-ਸੰਗਤ ਇੱਥੇ ਡਟੀ ਹੋਈ ਹੈ ਤੇ ਜੇਕਰ ਇਨਸਾਫ ‘ਚ ਦੇਰੀ ਹੋਈ ਤਾਂ ਸਮੁੱਚੇ ਪੰਜਾਬ ਦੀ ਸਾਧ-ਸੰਗਤ ਇੱਥੇ ਮਿੰਟਾਂ ‘ਚ ਹੀ ਆ ਜਾਵੇਗੀ ਤੇ ਫਿਰ ਵੀ ਲੋੜ ਪਈ ਤਾਂ ਗੁਆਂਢੀ ਰਾਜਾਂ ਦੀ ਸਾਧ-ਸੰਗਤ ਨੂੰ ਬੁਲਾ ਲਿਆ ਜਾਵੇਗਾ

ਇਸ ਤੋਂ ਪਹਿਲਾਂ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਛਿੰਦਰਪਾਲ ਇੰਸਾਂ ਤੋਂ ਇਲਾਵਾ ਸਟੇਟ ਕਮੇਟੀ ਮੈਂਬਰ ਗੁਰਚਰਨ ਕੌਰ ਇੰਸਾਂ, ਨਰਿੰਦਰ ਕੌਰ ਇੰਸਾਂ, ਕੁਲਦੀਪ ਕੌਰ ਇੰਸਾਂ ਅਤੇ ਗੁਰਜੀਤ ਕੌਰ ਇੰਸਾਂ ਨੇ ਸੰਬੋਧਨ ਕਰਦਿਆਂ ਸਾਧ-ਸੰਗਤ ਦੇ ਜਜਬੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਐਨੀਂ ਠੰਢ ਦੇ ਬਾਵਜ਼ੂਦ ਇਸ ਧਰਨੇ ‘ਤੇ ਦਿਨ-ਰਾਤ ਡਟੇ ਰਹਿਣ ਦਾ ਕਾਰਨ ਇਹੋ ਹੈ ਕਿ ਸਮੁੱਚੀ ਸੰਗਤ ‘ਚ ਮਨੋਹਰ ਲਾਲ ਇੰਸਾਂ ਦੇ ਕਤਲ ਕਾਰਨ ਭਾਰੀ ਰੋਹ ਹੈ

ਉਨ੍ਹਾਂ ਨਾਲ ਹੀ ਸਾਧ-ਸੰਗਤ ਨੂੰ ਅਪੀਲ ਕੀਤੀ ਕਿ ਇਨਸਾਫ ਮਿਲਣ ਤੱਕ ਇਸੇ ਤਰ੍ਹਾਂ ਹੀ ਅਮਨ ਸ਼ਾਂਤੀ ਨਾਲ ਡਟੇ ਰਹਿਣਾ ਹੈ ਕਿਉਂਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤਾਂ ਸਮੁੱਚੇ ਜਗਤ ‘ਚ ਅਮਨ ਸ਼ਾਂਤੀ ਵਾਲੀ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਕਰਕੇ ਹੀ ਜਾਣੀ ਜਾਂਦੀ ਹੈ      ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਰਾਮ ਸਿੰਘ ਚੇਅਰਮੈਨ, 45 ਮੈਂਬਰ ਜਤਿੰਦਰ ਮਹਾਸ਼ਾ, ਬਲਰਾਜ ਇੰਸਾਂ, ਸ਼ਿੰਦਰਪਾਲ ਇੰਸਾਂ, ਰਵੀ ਇੰਸਾਂ, ਬਲਜਿੰਦਰ ਇੰਸਾਂ,  ਜਸਵੀਰ ਸਿੰਘ ਇੰਸਾਂ, ਜਗਦੀਸ਼  ਚੰਦਰ ਇੰਸਾਂ, ਗੁਰਸੇਵਕ ਇੰਸਾਂ, ਸੇਵਕ ਸਿੰਘ ਗੋਨਿਆਣਾ, ਜਗਦੀਸ਼ ਇੰਸਾਂ ਅਤੇ ਟੇਕ ਇੰਸਾਂ ਹਾਜ਼ਰ ਸਨ

ਪੂਰੀ ਸਾਜਿਸ਼ ਬੇਨਕਾਬ ਕੀਤੀ ਜਾਵੇ : ਹਰਚਰਨ ਇੰਸਾਂ

45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਆਖਿਆ ਕਿ ਅੱਜ ਸਾਧ-ਸੰਗਤ ਦੇ ਇਸ ਧਰਨੇ ਨੂੰ ਤੀਜਾ ਦਿਨ ਹੋ ਗਿਆ ਪਰ ਹਾਲੇ ਤੱਕ ਗੱਲ ਕਿਸੇ ਤਣਪੱਤਣ ਨਹੀਂ ਲੱਗੀ ਉਨ੍ਹਾਂ ਆਖਿਆ ਕਿ ਸਾਧ-ਸੰਗਤ ਦੀ ਜਾਇਜ਼ ਮੰਗ ਹੈ ਕਿ ਜਿੰਨ੍ਹਾਂ ਨੇ ਮਨੋਹਰ ਲਾਲ ਇੰਸਾਂ ਦਾ ਗੋਲੀਆਂ ਮਾਰ ਕੇ ਦਰਿੰਦਗੀ ਨਾਲ ਕਤਲ ਕੀਤਾ ਹੈ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਸਾਜਿਸ਼ ਦੇ ਪਿੱਛੇ ਜਿੰਨ੍ਹਾਂ ਦਾ ਹੱਥ ਹੈ ਉਨ੍ਹਾਂ ਦਾ ਵੀ ਪਰਦਾਫਾਸ਼ ਹੋਵੇ ਉਨ੍ਹਾਂ ਆਖਿਆ ਕਿ ਪਤਾ ਲੱਗਿਆ ਹੈ ਕਿ ਅੱਜ ਡੀਜੀਪੀ ਪੰਜਾਬ ਬਠਿੰਡਾ ਆਏ ਸੀ ਜਿੰਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਨਾਲ ਮੀਟਿੰਗ ਕੀਤੀ ਸੀ ਪਰ ਇਸ ਮਾਮਲੇ ‘ਤੇ ਸਾਡੇ ਨਾਲ ਕਿਸੇ ਵੱਲੋਂ ਅੱਜ ਕੋਈ ਸੰਪਰਕ ਨਹੀਂ ਕੀਤਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.